ਪੱਛਮੀ ਮਿਦਨਾਪੁਰ ਵਿੱਚ ਕੇਂਦਰੀ ਰਾਜ ਮੰਤਰੀ ਦੇ ਕਾਫਲੇ ’ਤੇ ਹਮਲਾ

  • ਮੰਤਰੀ ਨੇ ਟੀਐੱਮਸੀ ਦੇ ਵਰਕਰਾਂ ’ਤੇ ਲਾਇਆ ਹਮਲਾ ਕਰਨ ਦਾ ਦੋਸ਼
  • ਬੰਗਾਲ ਚੋਣ ਹਿੰਸਾ ਦੀ ਜਾਂਚ ਲਈ ਕੇਂਦਰੀ ਟੀਮ ਕੋਲਕਾਤਾ ਪੁੱਜੀ

ਕੋਲਕਾਤਾ (ਸਮਾਜ ਵੀਕਲੀ): ਕੇਂਦਰੀ ਵਿਦੇਸ਼ ਰਾਜ ਮੰਤਰੀ ਵੀ ਮੁਰਲੀਧਰਨ ਦੀ ਕਾਰ ’ਤੇ ਪੱਛਮੀ ਮਿਦਨਾਪੁਰ ਜ਼ਿਲ੍ਹੇ ਦੇ ਪੰਚਕੁਰੀ ਪਿੰਡ ’ਚ ਅੱਜ ਹਮਲਾ ਕੀਤਾ ਗਿਆ ਹੈ। ਉਹ ਭਗਵਾਂ ਪਾਰਟੀ ਦੇ ਕਾਰਕੁਨਾਂ ਖ਼ਿਲਾਫ਼ ਚੋਣਾਂ ਤੋਂ ਬਾਅਦ ਕਥਿਤ ਤੌਰ ’ਤੇ ਹਿੰਸਾ ਦੇ ਸਿਲਸਿਲੇ ’ਚ ਇਲਾਕੇ ਦਾ ਦੌਰਾ ਕਰ ਰਹੇ ਸਨ। ਇਸੇ ਦੌਰਾਨ ਸੂਬੇ ’ਚ ਚੋਣਾਂ ਦੌਰਾਨ ਹਿੰਸਾ ਦੀ ਜਾਂਚ ਲਈ ਅੱਜ ਚਾਰ ਮੈਂਬਰੀ ਕੇਂਦਰੀ ਟੀਮ ਕੋਲਕਾਤਾ ਪਹੁੰਚ ਗਈ ਹੈ। ਉੱਧਰ ਕੇਂਦਰੀ ਗ੍ਰਹਿ ਮੰਤਰਾਲੇ ਨੇ ਵੀ ਹਿੰਸਕ ਘਟਨਾਵਾਂ ਲਈ ਰਾਜਪਾਲ ਜਗਦੀਪ ਧਨਖੜ ਤੋਂ ਰਿਪੋਰਟ ਮੰਗੀ ਹੈ। ਪੱਛਮੀ ਮਿਦਨਾਪੁਰ ’ਚ ਹਮਲੇ ਦੀ ਘਟਨਾ ਤੋਂ ਬਾਅਦ ਭਾਜਪਾ ਆਗੂ ਮੁਰਲੀਧਰਨ ਨੇ ਟਵੀਟ ਕਰਕੇ ਦੋਸ਼ ਲਾਇਆ ਕਿ ਉਨ੍ਹਾਂ ਦੇ ਕਾਫਲੇ ’ਤੇ ਹਮਲੇ ’ਚ ਕਥਿਤ ਤੌਰ ’ਤੇ ਟੀਐੱਮਸੀ ਵਰਕਰਾਂ ਦਾ ਹੱਥ ਹੈ।

ਮੁਰਲੀਧਰਨ ਨੇ ਕਿਹਾ, ‘ਮੈਂ ਪੱਛਮੀ ਮਿਦਨਾਪੁਰ ’ਚ ਪਾਰਟੀ ਦੇ ਉਨ੍ਹਾਂ ਕਾਰਕੁਨਾਂ ਨੂੰ ਮਿਲਣ ਗਿਆ ਸੀ ਜਿਨ੍ਹਾਂ ’ਤੇ ਹਮਲਾ ਕੀਤਾ ਗਿਆ ਹੈ ਅਤੇ ਜਿਨ੍ਹਾਂ ਦੇ ਘਰਾਂ ’ਚ ਭੰਨਤੋੜ ਕੀਤੀ ਗਈ ਹੈ। ਮੈਂ ਆਪਣੇ ਕਾਫਲੇ ਨਾਲ ਇੱਕ ਘਰ ਤੋਂ ਦੂਜੇ ਘਰ ਜਾ ਰਿਹਾ ਸੀ ਅਤੇ ਲੋਕਾਂ ਦਾ ਇੱਕ ਗਰੁੱਪ ਅਚਾਨਕ ਸਾਡੇ ਵੱਲ ਵਧਣ ਲੱਗਾ ਤੇ ਹਮਲਾ ਕਰ ਦਿੱਤਾ।’ ਮੰਤਰੀ ਨਾਲ ਮੌਜੂਦ ਭਾਜਪਾ ਦੇ ਕੌਮੀ ਸਕੱਤਰ ਰਾਹੁਲ ਸਿਨਹਾ ਨੇ ਦਾਅਵਾ ਕੀਤਾ ਕਿ ਪੁਲੀਸ ਮੁਲਾਜ਼ਮਾਂ ਦੀ ਮੌਜੂਦਗੀ ਦੇ ਬਾਵਜੂਦ ਹਮਲਾ ਹੋਇਆ ਹੈ। ਪੁਲੀਸ ਨੇ ਕਿਹਾ ਕਿ ਉਹ ਘਟਨਾ ਦੀ ਜਾਂਚ ਕਰ ਰਹੇ ਹਨ।

ਇਸੇ ਦੌਰਾਨ ਸੂਬੇ ’ਚ ਚੋਣਾਂ ਦੌਰਾਨ ਵਾਪਰੀਆਂ ਹਿੰਸਕ ਘਟਨਾਵਾਂ ਦੀ ਜਾਂਚ ਲਈ ਕੇਂਦਰੀ ਗ੍ਰਹਿ ਮੰਤਰਾਲੇ ਦੀ ਚਾਰ ਮੈਂਬਰੀ ਜਾਂਚ ਟੀਮ ਅੱਜ ਇੱਥੇ ਪਹੁੰਚ ਗਈ ਹੈ। ਸੂਤਰਾਂ ਨੇ ਦੱਸਿਆ ਕਿ ਮੰਤਰਾਲੇ ਦੇ ਵਧੀਕ ਸਕੱਤਰ ਦੀ ਅਗਵਾਈ ਹੇਠ ਟੀਮ ਨੇ ਰਾਜ ਸਕੱਤਰੇਤ ਦਾ ਦੌਰਾ ਕੀਤਾ ਅਤੇ ਗ੍ਰਹਿ ਸਕੱਤਰ ਤੇ ਡੀਜੀਪੀ ਨਾਲ ਮੁਲਾਕਾਤ ਕੀਤੀ।

ਉਨ੍ਹਾਂ ਦੱਸਿਆ ਕਿ ਟੀਮ ਜ਼ਮੀਨੀ ਹਾਲਾਤ ਦਾ ਮੁਆਇਨਾ ਕਰੇਗੀ ਅਤੇ ਸ਼ਹਿਰ ਦੇ ਕਈ ਇਲਾਕਿਆਂ ਦੇ ਨਾਲ ਨਾਲ ਦੱਖਣੀ 24 ਪਰਗਨਾ, ਗਦਖਾਲੀ, ਸੁੰਦਰਬਨ ਅਤੇ ਜਗਦਲ ਦਾ ਦੌਰਾ ਕਰ ਸਕਦੀ ਹੈ। ਟੀਮ ਨੇ ਪੱਛਮੀ ਬੰਗਾਲ ਦੇ ਰਾਜਪਾਲ ਜਗਦੀਪ ਧਨਖੜ ਨੂੰ ਵੀ ਰਾਜ ’ਚ ਅਮਨ ਤੇ ਕਾਨੂੰਨ ਦੀ ਸਥਿਤੀ ’ਤੇ ਇੱਕ ਰਿਪੋਰਟ ਦੇਣ ਲਈ ਕਿਹਾ ਹੈ। ਇਸੇ ਵਿਚਾਲੇ ਤ੍ਰਿਣਮੂਲ ਕਾਂਗਰਸ ਦੇ ਵਿਧਾਇਕ ਫਰਹਾਦ ਹਕੀਮ ਨੇ ਕੋਵਿਡ-19 ਦਾ ਟੀਕਾ ਭੇਜਣ ਦੀ ਥਾਂ ਜਾਂਚ ਟੀਮ ਭੇਜਣ ਲਈ ਕੇਂਦਰ ਸਰਕਾਰ ਦੀ ਆਲੋਚਨਾ ਕੀਤੀ ਹੈ।

ਉਨ੍ਹਾਂ ਕਿਹਾ, ‘ਉਨ੍ਹਾਂ ਨੂੰ ਪਹਿਲਾਂ ਟੀਕਾ ਭੇਜਣਾ ਚਾਹੀਦਾ। ਇਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਜ਼ਿੰਮੇਵਾਰੀ ਹੈ। ਸਾਨੂੰ ਦੁੱਖ ਹੈ ਕਿ ਕੁਝ ਲੋਕਾਂ ਦੀ ਮੌਤ ਹੋ ਗਈ ਹੈ ਅਤੇ ਦੋਸ਼ੀਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।’ ਇਸੇ ਦੌਰਾਨ ਕੇਂਦਰੀ ਗ੍ਰਹਿ ਮੰਤਰਾਲੇ ਨੇ ਵੀ ਪੱਛਮੀ ਬੰਗਾਲ ’ਚ ਅਮਨ ਤੇ ਕਾਨੂੰਨ ਦੀ ਸਥਿਤੀ ਤੇ ਖਾਸ ਕਰ ਰੇ ਚੋਣ ਨਤੀਜਿਆਂ ਤੋਂ ਬਾਅਦ ਹੋਈਆਂ ਹਿੰਸਕ ਘਟਨਾਵਾਂ ਸਬੰਧੀ ਰਾਜਪਾਲ ਜਗਦੀਪ ਧਨਖੜ ਤੋਂ ਰਿਪੋਰਟ ਮੰਗੀ ਹੈ। ਰਾਜਪਾਲ ਨੂੰ ਸਥਿਤੀ ਦਾ ਮੁਲਾਂਕਣ ਕਰਨ ਤੋਂ ਬਾਅਦ ਜਲਦੀ ਹੀ ਮੰਤਰਾਲੇ ਨੂੰ ਰਿਪੋਰਟ ਸੌਂਪਣ ਨੂੰ ਕਿਹਾ ਗਿਆ ਹੈ।

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਤੀਜੀ ਲਹਿਰ ਦੇ ਟਾਕਰੇ ਲਈ ਹੁਣ ਤੋਂ ਤਿਆਰੀ ਦੀ ਲੋੜ: ਸੁਪਰੀਮ ਕੋਰਟ
Next articleਹੁਣ ਤੱਕ 16 ਮੌਤਾਂ ਹੋਈਆਂ: ਮਮਤਾ