(ਸਮਾਜ ਵੀਕਲੀ) ਬਲਬੀਰ ਸਿੰਘ ਬੱਬੀ :- ਸਾਡੇ ਦੇਸ਼ ਦੇ ਅਨੇਕਾਂ ਰਾਜਾਂ ਦੇ ਵਿੱਚ ਲੰਮੇ ਸਮੇਂ ਤੋਂ ਕੇਂਦਰ ਸਰਕਾਰਾਂ ਦੇ ਨਾਲ ਆਪਣੇ ਰਾਜ ਦੇ ਹੱਕੀ ਮੰਗਾਂ ਦੇ ਸਬੰਧ ਵਿੱਚ ਖੜਕਾ ਦੜਕਾ ਚੱਲਦਾ ਆ ਰਿਹਾ ਹੈ। ਦੇਸ਼ ਦੇ ਅਨੇਕਾਂ ਹਿੱਸਿਆਂ ਦੇ ਵਿੱਚੋਂ ਅੱਤਵਾਦ ਦੀ ਮਾਰ ਪੰਜਾਬ ਦੇ ਉੱਪਰ ਲੰਮਾ ਸਮਾਂ ਪਈ ਤੇ ਜੰਮੂ ਕਸ਼ਮੀਰ ਵਿੱਚ ਵੀ ਕਾਫ਼ੀ ਲੰਮੇ ਸਮੇਂ ਤੋਂ ਇਹ ਅੱਗ ਲੱਗੀ ਹੋਈ ਹੈ। ਸਮੇਂ ਸਮੇਂ ਉੱਤੇ ਧੁਖਦੀ ਇਹ ਅੱਗ ਵੱਡੇ ਵੱਡੇ ਨੁਕਸਾਨ ਕਰਦੀ ਆ ਰਹੀ ਹੈ। ਚੰਗੇ ਭਲੇ ਹੱਸਦੇ ਵੱਸਦੇ ਲੋਕਾਂ ਨੂੰ ਅੰਨ੍ਹੇਵਾਹ ਗੋਲੀਆਂ ਬੰਬ ਧਮਾਕੇ ਕਰਕੇ ਮੌਤ ਦੇ ਮੂੰਹ ਵਿੱਚ ਪਾਇਆ ਜਾ ਰਿਹਾ ਹੈ ਇਸ ਸਾਰੇ ਮਾਮਲੇ ਦੇ ਵਿੱਚ ਸਿੱਧੇ ਤੌਰ ਉੱਤੇ ਧਾਰਮਿਕ ਤੌਰ ਤੇ ਫਿਰਕੂ ਰੰਗਤ ਜਿਹੀ ਦੇਣ ਵਾਲੇ ਲੋਕ ਦੋਵਾਂ ਪਾਸਿਆਂ ਤੋਂ ਹੀ ਆਪਣੀ ਡਿਊਟੀ ਬਾਖੂਬੀ ਨਿਭਾ ਰਹੇ ਹਨ। ਉੰਝ ਤਾਂ ਜੰਮੂ ਕਸ਼ਮੀਰ ਦੇ ਵਿੱਚ ਅਨੇਕਾਂ ਤਰ੍ਹਾਂ ਦੇ ਕਾਂਡ ਵਾਪਰਦੇ ਹਨ ਤੇ ਫਿਰ ਉਸ ਦੀ ਚਰਚਾ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਹੁੰਦੀ ਹੈ ਬੀਤੇ ਦਿਨੀ ਪਹਿਲਗਾਮ ਦੇ ਵਿੱਚ ਸੈਲਾਨੀਆਂ ਦੇ ਉੱਪਰ ਫਾਇਰਿੰਗ ਹੋਈ ਜਿਸ ਵਿੱਚ 27 -28 ਵਿਅਕਤੀ ਮੌਤ ਦੇ ਘਾਟ ਉਤਾਰ ਦਿੱਤੇ ਗਏ ਇਸ ਤੋਂ ਬਾਅਦ ਸਮੁੱਚੇ ਦੇਸ਼ ਦੇ ਵਿੱਚ ਰੋਸ ਪ੍ਰਦਰਸ਼ਨ ਧਰਨੇ ਚੱਲ ਰਹੇ ਹਨ। ਵਿਦੇਸ਼ੀ ਦੂਤ ਘਰਾਂ ਦੇ ਅੱਗੇ ਵੀ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਅਜਿਹੇ ਮਾਮਲੇ ਵਿੱਚ ਜਿਹੜੀ ਗੱਲ ਦਾ ਡਰ ਹੁੰਦਾ ਹੈ ਉਹੀ ਅਕਸਰ ਹੋਣ ਲੱਗ ਜਾਂਦੀ ਹੈ ਜੰਮੂ ਕਸ਼ਮੀਰ ਦੇ ਵਿੱਚ ਜੋ ਅੱਤਵਾਦ ਚੱਲ ਰਿਹਾ ਹੈ ਉਸ ਦਾ ਸਮਰਥਨ ਪਾਕਿਸਤਾਨ ਕਰਦਾ ਆ ਰਿਹਾ ਹੈ। ਪਾਕਿਸਤਾਨ ਦੇ ਵਿੱਚ ਜਿਆਦਾਤਰ ਮੁਸਲਮ ਲੋਕ ਰਹਿੰਦੇ ਹਨ ਉੱਥੇ ਵੀ ਸਾਰੇ ਲੋਕ ਅੱਤਵਾਦ ਦਾ ਸਮਰਥਨ ਨਹੀਂ ਕਰਦੇ ਪਰ ਕੁਝ ਲੋਕਾਂ ਦੀ ਅਜਿਹੀ ਸੋਚ ਕਾਰਨ ਦੋਵੇਂ ਪਾਸਿਓਂ ਜਨਤਾ ਦਾ ਨੁਕਸਾਨ ਹੁੰਦਾ ਹੈ ਹੁਣ ਹਮਲਾ ਤਾਂ ਪਹਿਲਗਾਮ ਦੇ ਵਿੱਚ ਹੋਇਆ ਹੈ ਉਸ ਤੋਂ ਬਿਨਾਂ ਦੇਸ਼ ਦੇ ਅਨੇਕਾਂ ਹਿੱਸਿਆਂ ਦੇ ਵਿੱਚ ਹਿੰਦੂ ਧਰਮ ਨਾਲ ਸੰਬੰਧਿਤ ਕੁਝ ਲੋਕ ਇਸ ਸਾਰੇ ਮਾਮਲੇ ਦੇ ਵਿੱਚ ਸਮੁੱਚੇ ਮੁਸਲਮਾਨਾਂ ਨੂੰ ਦੋਸ਼ੀ ਬਣਾ ਰਹੇ ਹਨ ਉਹਨਾਂ ਨੂੰ ਬੁਰਾ ਭਲਾ ਕਿਹਾ ਜਾ ਰਿਹਾ। ਇਥੋਂ ਤੱਕ ਇਹ ਅੰਬਾਲਾ ਦੇ ਇਲਾਕੇ ਦੇ ਵਿੱਚ ਰੋਸ ਪ੍ਰਦਰਸ਼ਨ ਦੌਰਾਨ ਉੱਥੇ ਵਸੇ ਮੁਸਲਮਾਨਾਂ ਦੀਆਂ ਦੁਕਾਨਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਤਸਵੀਰਾਂ ਵਿੱਚ ਵੀ ਦੇਖ ਰਹੇ ਹੋ ਸੋਸ਼ਲ ਮੀਡੀਆ ਉੱਪਰ ਵੀ ਸਭ ਕੁਝ ਘੁੰਮ ਰਿਹਾ ਹੈ ਕਿਸ ਤਰ੍ਹਾਂ ਜੈ ਸ਼੍ਰੀ ਰਾਮ ਦੇ ਨਾਅਰੇ ਲਗਾ ਕੇ ਮੁਸਲਮਾਨਾਂ ਦੀਆਂ ਦੁਕਾਨਾਂ ਦੀ ਤੋੜ ਭੰਨ ਕੀਤੀ ਜਾ ਰਹੀ ਹੈ। ਹੁਣ ਜਿਹੜੇ ਅੰਬਾਲੇ ਜਾਂ ਦੇਸ਼ ਦੇ ਹੋਰ ਹਿੱਸਿਆਂ ਵਿੱਚ ਬੈਠੇ ਮੁਸਲਿਮ ਭਾਈਚਾਰੇ ਦੇ ਲੋਕ ਹਨ ਉਹਨਾਂ ਨੇ ਕਿਹੜਾ ਪਹਿਲਗਾਮ ਵਿੱਚ ਜਾ ਕੇ ਹਮਲਾ ਕੀਤਾ ਹੈ ਜੋ ਉਹਨਾਂ ਨੂੰ ਸਜ਼ਾ ਦਿੱਤੀ ਜਾ ਰਹੀ ਹੈ। ਸ਼ਾਇਦ ਇਹੀ ਧਾਰਮਿਕ ਫਿਰਕੂ ਰੰਗਤ ਹੈ ਜੋ ਸਾਡੇ ਦੇਸ਼ ਦੇ ਵਿੱਚ ਦਿਨ ਆਪਣਾ ਰੰਗ ਦਿਖਾ ਰਹੀ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



