ਨਵੀਂ ਦਿੱਲੀ (ਸਮਾਜ ਵੀਕਲੀ): ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੇਂਦਰੀ ਬਜਟ ਨੂੰ ‘ਇਤਿਹਾਸਕ’ ਕਰਾਰ ਦਿੰਦਿਆਂ ਕਿਹਾ ਕਿ ‘ਅਮ੍ਰਿਤ ਕਾਲ’ ਵਿੱਚ ਪੇਸ਼ ਪਲੇਠੇ ਬਜਟ ਨੇ ਵਿਕਸਤ ਭਾਰਤ ਦੇ ਦਿੜ੍ਹ ਸੰਕਲਪ ਅਤੇ ਗਰੀਬ ਤੇ ਮੱਧ ਵਰਗ ਸਣੇ ਆਸਵੰਦ ਸਮਾਜ ਦੇ ਸੁਪਨਿਆਂ ਨੂੰ ਪੂਰਾ ਕਰਨ ਵਾਲਾ ਮਜ਼ਬੂਤ ਅਧਾਰ ਸਥਾਪਿਤ ਕੀਤਾ ਹੈ। ਸ੍ਰੀ ਮੋਦੀ ਨੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਤੇ ਉਨ੍ਹਾਂ ਦੀ ਪੂਰੀ ਟੀਮ ਨੂੰ ਵਧਾਈ ਦਿੱਤੀ। ਸ੍ਰੀ ਮੋਦੀ ਨੇ ਕੇਂਦਰੀ ਬਜਟ 2023-24 ਬਾਰੇ ਆਪਣੇ ਪਹਿਲੇ ਪ੍ਰਤੀਕਰਮ ਵਿੱਚ ਕਿਹਾ ਕਿ ਮੱਧ ਵਰਗ ਨੂੰ ਸਸ਼ੱਕਤ ਬਣਾਉਣ ਲਈ ਸਰਕਾਰ ਨੇ ਪਿਛਲੇ ਸਾਲਾਂ ਵਿੱਚ ਕਈ ਅਹਿਮ ਫੈਸਲੇ ਲਏ ਹਨ, ਜਿਨ੍ਹਾਂ ਰਹਿਣ ਦੀ ਸੌਖ ਨੂੰ ਯਕੀਨੀ ਬਣਾਇਆ ਹੈ। ਪ੍ਰਧਾਨ ਮੰਤਰੀ ਨੇ 2047 ਦੇ ਸੁਫ਼ਨਿਆਂ ਨੂੰ ਹਕੀਕੀ ਰੂਪ ਦੇਣ ਵਿੱਚ ਮੱਧ ਵਰਗ ਦੀ ਸਮਰੱਥਾ ’ਤੇ ਜ਼ੋਰ ਦਿੱਤਾ। ਉਨ੍ਹਾਂ ਟੈਕਸ ਦਰਾਂ ਵਿੱਚ ਕਟੌਤੀ, ਇਸ ਪੂਰੇ ਪ੍ਰਬੰਧ ਨੂੰ ਸੁਖਾਲਾ, ਪਾਰਦਰਸ਼ੀ ਤੇ ਰਫ਼ਤਾਰ ਦੇਣ ਜਿਹੇ ਪੱਖਾਂ ਨੂੰ ਵੀ ਉਭਾਰਿਆ। ਸ੍ਰੀ ਮੋਦੀ ਨੇ ਕਿਹਾ, ‘‘ਸਾਡੀ ਸਰਕਾਰ, ਜੋ ਮੱਧ ਵਰਗ ਨਾਲ ਹਮੇਸ਼ਾ ਖੜ੍ਹੀ ਹੈ, ਨੇ ਉਨ੍ਹਾਂ ਨੂੰ ਵੱਡੀ ਟੈਕਸ ਰਾਹਤ ਦਿੱਤੀ ਹੈ।’’
ਉਨ੍ਹਾਂ ਕਿਹਾ ਕਿ ਇਸ ਬਜਟ ਵਿੱਚ ਦਬੇ ਕੁਚਲੇ ਤੇ ਕਮਜ਼ੋਰ ਵਰਗਾਂ ਨੂੰ ਤਰਜੀਹ ਦੇਣ ਦੇ ਨਾਲ ਆਸਵੰਦ ਸਮਾਜ-ਗਰੀਬਾਂ, ਪਿੰਡਾਂ ਤੇ ਮੱਧ ਵਰਗ- ਦੇ ਸੁਫ਼ਨਿਆਂ ਨੂੰ ਪੂਰਾ ਕਰਨ ਦੇ ਯਤਨ ਕੀਤੇ ਗੲੇ ਹਨ। ਸ੍ਰੀ ਮੋਦੀ ਨੇ ਰਵਾਇਤੀ ਸ਼ਿਲਪਕਾਰਾਂ- ਤਰਖਾਣ, ਲੁਹਾਰ, ਸੁਨਿਆਰ, ਘੁਮਿਆਰ, ਬੁੱਤਸਾਜ਼ਾਂ ਤੇ ਹੋਰਨਾਂ ਨੂੰ ਰਾਸ਼ਟਰ ਦੇ ਸਿਰਜਣਹਾਰ ਦੱਸਿਆ। ਉਨ੍ਹਾਂ ਕਿਹਾ, ‘‘ਪਹਿਲੀ ਵਾਰ ਦੇਸ਼ ਨੇ ਇਨ੍ਹਾਂ ਲੋਕਾਂ ਵੱਲੋਂ ਕੀਤੀ ਸਿਰਜਣਾ ਤੇ ਸਖ਼ਤ ਮਿਹਨਤ ਨੂੰ ਸ਼ਰਧਾਂਜਲੀ ਦੇਣ ਲਈ ਕਈ ਸਕੀਮਾਂ ਲਿਆਂਦੀਆਂ ਹਨ। ਇਨ੍ਹਾਂ ਨੂੰ ਸਿਖਲਾਈ, ਕਰਜ਼ਾ ਤੇ ਮਾਰਕੀਟ ਦੇ ਰੂਪ ਵਿੱਚ ਹਮਾਇਤ ਦੇਣ ਲਈ ਪ੍ਰਬੰਧ ਕੀਤੇ ਗੲੇ ਹਨ। ਪੀਐੱਮ ਵਿਸ਼ਵਕਰਮਾ ਕੌਸ਼ਲ ਸੰਮਾਨ, ਜਿਸ ਨੂੰ ਪੀਐੱਮ ਵਿਕਾਸ ਵੀ ਕਿਹਾ ਜਾਂਦਾ ਹੈ, ਕਰੋੜਾਂ ‘ਵਿਸ਼ਵਕਰਮਾ’ ਦੀਆਂ ਜ਼ਿੰਦਗੀਆਂ ਵਿੱਚ ਵੱਡਾ ਬਦਲਾਅ ਲਿਆਵੇਗਾ।’’ ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਨੇ ਜਲ ਜੀਵਨ ਮਿਸ਼ਨ, ਉੱਜਵਲਾ ਯੋਜਨਾ ਤੇ ਪੀਐੱਮ ਅਵਾਸ ਯੋਜਨਾ ਆਦਿ ਜਿਹੇ ਕਈ ਅਹਿਮ ਕਦਮ ਚੁੱਕੇ ਹਨ, ਜੋ ਮਹਿਲਾਵਾਂ ਦੀ ਭਲਾਈ ਨੂੰ ਹੋਰ ਤਾਕਤ ਦੇਣਗੇ। ਉਨ੍ਹਾਂ ਜ਼ੋਰ ਦੇ ਕੇ ਆਖਿਆ ਕਿ ਜੇਕਰ ਮਹਿਲਾ ਸੈਲਫ਼-ਹੈੱਲਪ ਸਮੂਹਾਂ ਨੂੰ ਹੋਰ ਮਜ਼ਬੂਤ ਕੀਤਾ ਜਾਵੇ ਤਾਂ ਇਹ ਚਮਤਕਾਰ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਸਹਿਕਾਰੀ ਖੇਤਰ ’ਚ ਵਿਸ਼ਵ ਦੀ ਸਭ ਤੋਂ ਵੱਡੀ ਖੁਰਾਕ ਭੰਡਾਰਨ ਸਕੀਮ ਲੈ ਕੇ ਆਈ ਹੈ। ਸ੍ਰੀ ਮੋਦੀ ਨੇ ਕਿਹਾ ਕਿ ਬੁਨਿਆਦੀ ਢਾਂਚਾ ਸੈਕਟਰ ਵਿੱਚ 10 ਲੱਖ ਕਰੋੜ ਰੁਪਏ ਦਾ ਅਸਧਾਰਨ ਨਿਵੇਸ਼ ਭਾਰਤ ਦੇ ਵਿਕਾਸ ਨੂੰ ਨਵੀਂ ਊਰਜਾ ਤੇ ਰਫ਼ਤਾਰ ਦੇਵੇਗਾ। ਉਨ੍ਹਾਂ ਕਿਹਾ ਕਿ ਇਸ ਨਿਵੇਸ਼ ਨਾਲ ਨੌਜਵਾਨਾਂ ਲਈ ਰੁਜ਼ਗਾਰ ਦੇ ਨਵੇਂ ਮੌਕੇ ਬਣਨਗੇ।