HOME ਚਿੜੀ ਦਾ ਆਲ੍ਹਣਾ

ਚਿੜੀ ਦਾ ਆਲ੍ਹਣਾ

2
ਜੈਅੰਤ ਕੁਮਾਰ ਨਾਥ
ਮੂਲ ਕਹਾਣੀ: ਜੈਅੰਤ ਕੁਮਾਰ ਨਾਥ
ਪੰਜਾਬੀ ਅਨੁਵਾਦ: ਰਵਿੰਦਰ ਸਿੰਘ ਸੋਢੀ
ਰਵਿੰਦਰ ਸਿੰਘ ਸੋਢੀ

  (ਸਮਾਜ ਵੀਕਲੀ)   ਰੂਪਾ ਉਥੇ ਇਕੱਲੀ ਹੀ ਬੈਠੀ ਸੀ, ਸਿੱਧੂ ਉਸ ਤੋਂ ਥੋਹੜੀ ਦੂਰ ਗੰਗਾ ਦਰਿਆ ਵੱਲ ਮੂੰਹ ਕਰੀ ਸਿਗਰਟ ਪੀ ਰਿਹਾ ਸੀ। ਸ਼ਾਮ ਦਾ ਸਮਾਂ ਹੋਣ ਕਰਕੇ ਅਸਮਾਨ ਦੇ ਹੀ ਰੰਗ ਵਿਚ ਦਰਿਆ ਦਾ ਪਾਣੀ ਵੀ ਸੰਤਰੇ ਰੰਗੀ ਭਾ ਮਾਰ ਰਿਹਾ ਸੀ। ਸਿੱਧੂ ਨੇ ਦਿਲ ਦੀ ਗੱਲ ਕਹਿਣ ਲਈ ਆਪਣੇ ਵੱਲੋਂ ਅਸਫਲ ਜਿਹੀ ਕੋਸ਼ਿਸ਼ ਕੀਤੀ, ਪਰ ਉਸ ਨੂੰ ਰੂਪਾਂ ਵੱਲੋਂ ਕੋਈ ਹੁੰਗਾਰਾ ਨਾ ਮਿਲਿਆ। ਉਸ ਨੇ ਰੂਪਾ ਲਈ ਭੁੰਨੇ ਚੌਲਾਂ ਦਾ ਮਸਾਲੇਦਾਰ ਪੈਕਟ ਲਿਆਂਦਾ ਅਤੇ ਉਥੋਂ ਚਲਾ ਗਿਆ.

ਉਸ ਨੇ ਰੂਪਾ ਨਾਲ ਵਧੀਆ ਢੰਗ ਨਾਲ ਕੁਝ ਗੱਲਬਾਤ ਕੀਤੀ ਸੀ ਜੋ ਰੂਪਾ ਨੂੰ ਚੰਗੀ ਲੱਗੀ। ਉਸ ਨੇ ਆਪਣੇ ਵੱਲੋਂ ਸਾਰੀਆਂ ਗੱਲਾਂ ਦੱਸਣ ਦੀ ਕੋਸ਼ਿਸ਼ ਕੀਤੀ ਅਤੇ ਗੱਲਬਾਤ ਨੂੰ ਅਸਰਦਾਰ ਬਣਾਉਣ ਲਈ ਕੁਝ ਹਾਸੇ-ਮਜ਼ਾਕ ਦਾ ਸਹਾਰਾ ਵੀ ਲਿਆ। ਰੂਪਾ ਨੇ ਵੀ ਉਸ ਨੂੰ ਧਿਆਨ ਨਾਲ ਸੁਣਿਆ। ਉਹ ਕੁਝ ਆਪਣੇ ਆਪ ਵਿਚ ਹੀ ਰਹਿਣ ਵਾਲੀ ਸੀ। ਇਸ ਲਈ ਉਹ ਆਪਣੇ ਪਤੀ ਨੂੰ ਪਸੰਦ ਕਰਦੀ ਸੀ। ਪਰ ਇਹ ਤਾਂ ਦੋ ਦਹਾਕੇ ਪਹਿਲਾਂ ਦੀ ਗੱਲ ਸੀ। ਦੀਪ ਉਸ ਵੇਲੇ ਛੋਟਾ ਹੀ ਸੀ। ਉਹ ਜਿਆਦਾ ਆਪਣੀਆਂ ਖੇਡਾਂ ਵਿਚ ਹੀ ਮਸਤ ਰਹਿੰਦਾ ਜਾਂ ਆਪਣੇ ਪਿਆਰੇ-ਪਿਆਰੇ ਵੱਖਰੇ ਅੰਦਾਜ਼ਾਂ ਨਾਲ ਹੋਰ ਘੁੰਮਣ ਵਾਲਿਆਂ ਦਾ ਦਿਲ ਵੀ ਲਾਈ ਰੱਖਦਾ। ਇਹ ਉਹਨਾਂ ਦੇ ਹਫ਼ਤੇ ਦੇ ਆਖਰੀ ਦਿਨਾਂ ਦੌਰਾਨ ਘਰੋਂ ਬਾਹਰ ਘੁੰਮਣ-ਫਿਰਨ ਦੌਰਾਨ ਹੁੰਦਾ। ਉਹਨਾਂ ਦੀਆਂ ਦੋ ਹੀ ਪਸੰਦ ਦੀਆਂ ਥਾਂਵਾਂ ਸੀ, ਇਕ ਵਿਕਟੋਰੀਆ ਮੇਮੋਰਿਅਲ ਦੇ ਸਾਹਮਣੇ ਵਾਲਾ ਮੈਦਾਨ ਅਤੇ ਦੂਜਾ ਗੰਗਾ ਦਾ ਘਾਟ, ਜੋ ਕਿ ਮੈਦਾਨ ਤੋਂ ਥੋਹੜੀ ਹੀ ਦੂਰ ਸੀ। ਰੂਪਾ ਦੇ ਦਿਲ ਵਿਚ ਉਹਨਾਂ ਦਿਨਾਂ ਦੀਆਂ ਕਈ ਯਾਦਾਂ ਵਸੀਆਂ ਹੋਈਆਂ ਸੀ।
ਲੰਘ ਚੁੱਕੇ ਸਮੇਂ ਸੰਬੰਧੀ ਸੋਚ ਕੇ ਉਹ ਉਦਾਸ ਹੋ ਗਈ। ਕੀ ਸਿੱਧੂ ਨੂੰ ਹੀ ਸਭ ਕੁਝ ਲਈ ਜਿੰਮੇਵਾਰ ਠਹਿਰਾਇਆ ਜਾ ਸਕਦਾ ਹੈ? ਉਹਨਾਂ ਵਿਚ ਕੁਝ ਵੀ ਤਾਂ ਸਾਂਝਾ ਨਹੀਂ ਸੀ। ਕਾਲਜ ਛੱਡਣ ਤੋਂ ਦੋ ਸਾਲ ਬਾਅਦ, ਰੂਪਾ ਆਪਣੇ ਹੀ ਕਾਲਜ ਵਿਚ ਜੂਨੀਅਰ ਲੈਕਚਰਾਰ ਲੱਗ ਗਈ। ਲੰਬੇ ਕੱਦ ਵਾਲੀ ਪਤਲੀ ਅਤੇ ਗੋਰੇ ਰੰਗ ਦੀ ਬ੍ਰਾਹਮਣਾਂ ਦੀ ਕੁੜੀ ਨੂੰ ਚੰਗੇ ਮੁੰਡਿਆਂ ਦੀ ਕੋਈ ਘਾਟ ਨਹੀਂ ਸੀ, ਪਰ ਉਸਦਾ ਮਨਪਸੰਦ ਮੁੰਡਾ ਪੱਕੇ ਰੰਗ ਦਾ, ਮਧਰਾ ਕੱਦ, ਸਰੀਰ ਵੱਲੋਂ ਕੁਝ ਭਾਰੀ ਅਤੇ ਘੁੰਗਰਾਲੇ ਵਾਲਾਂ ਵਾਲਾ ਸੀ। ਉਹ ਆਪਣਾ ਕਾਰੋਬਾਰ ਕਰਦਾ ਹੋਇਆ ਡੂੰਘੇ ਸਮੁੰਦਰ ਨੂੰ ਮੱਛੀਆਂ ਫੜਨ ਵਾਲੀ ਕਿਸ਼ਤੀ ਨਾਲ ਹੀ ਜਿੱਤਣ ਦੀ ਕੋਸ਼ਿਸ਼ ਵਿਚ ਸੀ। ਇਸੇ ਦੌਰਾਨ ਉਹਨਾਂ ਦੋਹਾਂ ਨੇ ਜ਼ਿੰਦਗੀ ਦੇ ਹਮਸਫ਼ਰ ਬਣਨ ਦਾ ਫੈਸਲਾ ਕਰ ਲਿਆ। ਦੋਹਾਂ ਦੇ ਪਰਿਵਾਰਾਂ ਨੇ ਇਸ ਰਿਸ਼ਤੇ ਨੂੰ ਮਨਜ਼ੂਰ ਨਾ ਕੀਤਾ।
ਉਹਨਾਂ ਦਾ ਬੇਟਾ ਦੋ ਸਾਲ ਦਾ ਹੀ ਸੀ ਕਿ ਸਿੱਧੂ ਦੇ ਘਰ ਦਿਆਂ ਨੇ ਉਸਦੇ ਪਰਿਵਾਰ ਨੂੰ ਸਵੀਕਾਰ ਕਰ ਲਿਆ। ਹੋਰ ਦੋ ਕੁ ਸਾਲ ਬਾਅਦ ਰੂਪਾ ਦਾ ਪਰਿਵਾਰ ਵੀ ਉਹਨਾਂ ਨਾਲ ਮਿਲਣ-ਜੁਲਣ ਲੱਗ ਪਿਆ। ਪਰ ਸ਼ਾਇਦ ਕਿਸਮਤ ਨੂੰ ਉਹਨਾਂ ਲਈ ਕੁਝ ਹੋਰ ਹੀ ਮਨਜ਼ੂਰ ਸੀ। ਜਦੋਂ ਦੀਪ ਪੰਜ ਸਾਲਾਂ ਦਾ ਹੋਇਆ ਤਾਂ ਉਹ ਕਿਸੇ ਵੀ ਕੰਮ ਵੱਲ ਧਿਆਨ ਨਾ ਦੇਣ ਦੀ ਭੈੜੀ ਬਿਮਾਰੀ ਦਾ ਸ਼ਿਕਾਰ ਹੋ ਗਿਆ। ਇਸ ਬਦਲਦੇ ਹਾਲਾਤ ਵਿਚ ਰੂਪਾ ਨੇ ਆਪਣੇ-ਆਪ ਨੂੰ ਘਰ ਦੀ ਸੰਭਾਲ ਤੱਕ ਹੀ ਮਹਿਦੂਦ ਕਰ ਲਿਆ ਅਤੇ ਸਿੱਧੂ ਆਪਣੇ ਕਾਰੋਬਾਰ ਨੂੰ ਹੋਰ ਵਧਾਉਣ ਵਿਚ ਲੱਗਿਆ ਰਿਹਾ। ਇਸ ਨਵੇਂ ਹਾਲਾਤ ਕਾਰਨ ਉਹ ਦੋਵੇਂ ਇਕ ਦੂਜੇ ਤੋਂ ਦੂਰ ਹੋਣ ਲੱਗੇ, ਜਿਵੇਂ ਦੋ ਗੱਡੀਆਂ ਇਕੋ ਸਟੇਸ਼ਨ ਤੋਂ ਚਲਣ ਦੇ ਬਾਵਜੂਦ ਵੀ ਅਲੱਗ-ਅਲੱਗ ਰਸਤੇ ‘ਤੇ ਜਾ ਰਹੀਆਂ ਹੋਣ। ਉਹ ਇਸ ਗੱਲ ਤੋਂ ਅਣਜਾਣ ਹੀ ਰਹੇ ਕਿ ਉਹਨਾਂ ਦੀ ਆਪਸੀ ਖਿਚੋਤਾਣ ਦਾ ਅਸਲੀ ਕਾਰਨ ਵਿਚਾਰਾਂ ਵਿਚ ਮੱਤ ਭੇਦ ਹੋਣਾ ਨਹੀਂ ਸਗੋਂ ਜਿਸਮਾਨੀ ਤੌਰ ‘ਤੇ ਇਕ ਦੂਜੇ ਤੋਂ ਦੂਰ ਹੋਣ ਸੀ।
ਦੱਸ ਕੁ ਸਾਲ ਬਾਅਦ ਦੀਪ ਦੀ ਬਿਮਾਰੀ ਠੀਕ ਹੋ ਗਈ ਅਤੇ ਉਹ ਆਪਣੇ ਬੋਰਡ ਪੇਪਰਾਂ ਦੀ ਤਿਆਰੀ ਵੀ ਕਰ ਰਿਹਾ ਸੀ। ਉਸ ਸਮੇਂ ਸਿੱਧੂ ਦੀ ਮਾਂ ਨੂੰ ਦਿਮਾਗੀ ਸਟਰੋਕ ਹੋ ਗਿਆ। ਮਹੀਨੇ ਕੁ ਵਿਚ ਹੀ ਉਹ ਭਾਵੇਂ ਠੀਕ ਹੋ ਗਈ, ਪਰ ਉਸਦੇ ਸਰੀਰ ਦਾ ਇਕ ਪਾਸਾ ਮਾਰਿਆ ਗਿਆ। ਇਸ ਤੋਂ ਪਹਿਲਾਂ ਉਹ ਹਮੇਸ਼ਾ ਹੀ ਰੂਪਾ ਨੂੰ ਇਹ ਅਹਿਸਾਸ ਕਰਵਾਉਂਦੀ ਰਹਿੰਦੀ ਸੀ ਕਿ ਘਰ ਵਿਚ ਉਸਦੀ ਹੀ ਸਰਦਾਰੀ ਹੈ, ਪਰ ਹੁਣ ਉਹ ਆਪਣੀ ਨੂੰਹ ਰੂਪਾ ‘ਤੇ ਹੀ ਨਿਰਭਰ ਹੋ ਕੇ ਰਹਿ ਗਈ ਸੀ। ਜਦੋਂ ਸਿੱਧੂ ਨੇ ਇਹ ਸਲਾਹ ਦਿੱਤੀ ਕਿ ਉਸ ਦੀ ਬਿਮਾਰ ਮਾਂ ਨੂੰ ਉਸਦੀ ਕਿਸੇ ਭੈਣ ਦੇ ਘਰ ਭੇਜ ਦਿੱਤਾ ਜਾਵੇ ਤਾਂ ਰੂਪਾਂ ਨੇ ਇਸ ਗੱਲ ਦਾ ਜ਼ੋਰਦਾਰ ਢੰਗ ਨਾਲ ਵਿਰੋਧ ਕੀਤਾ। ਉਹਨਾਂ ਦੋਹਾਂ ਨੇ ਵਿਅਕਤੀਗਤ ਤੌਰ ‘ਤੇ ਹਾਲਾਤ ਦਾ ਸਾਹਮਣਾ ਕਰਨ ਦਾ ਯਤਨ ਕੀਤਾ, ਪਰ ਉਹ ਇਕ-ਦੂਜੇ ਤੋਂ ਹੋਰ ਦੂਰ ਹੋ ਗਏ। ਉਹਨਾਂ ਦੀ ਹਾਲਤ ਉੱਚੀਆਂ ਉੱਡ ਰਹੀਆਂ ਦੋ ਪਤੰਗਾ ਵਰਗੀ ਸੀ ਜੋ ਇਕ ਦੂਜੇ ਤੋਂ ਬਹੁਤ ਦੂਰ ਹੋਣ।
ਉਹਨਾਂ ਦਾ ਬੇਟਾ ਦੀਪ ਆਪਣੀ ਅਗਲੇਰੀ ਪੜਾਈ ਲਈ ਵਿਦੇਸ਼ ਚਲਿਆ ਗਿਆ। ਛੇ ਸਾਲ ਦਾ ਲੰਬਾ ਅਰਸਾ ਬੀਤ ਗਿਆ, ਪਰ ਰੂਪਾ ਦੀ ਸੱਸ ਮੰਜੇ ਜੋਗੀ ਹੀ ਰਹਿ ਗਈ ਸੀ। ਰੂਪਾ ਬਦਲੇ ਹਾਲਾਤ ਨੂੰ ਆਪਣੇ ਅਨੁਸਾਰ ਸੁਲਝਾਉਣ ਦੀ ਕੋਸ਼ਿਸ਼ ਕਰ ਰਹੀ ਸੀ, ਪਰ ਉਸ ਨੂੰ ਇਹ ਮਹਿਸੂਸ ਕਰਦੇ ਬਹੁਤਾ ਸਮਾਂ ਨਾ ਲੱਗਿਆ ਕਿ ਸਿੱਧੂ ਹੁਣ ਹੋਰ ਖੰਭਾ ‘ਤੇ ਉੱਡਣ ਲੱਗ ਪਿਆ ਸੀ। ਇਹ ਇਕ ਅਜਿਹੀ ਕੀਮਤੀ ਚੀਜ਼ ਦਾ ਨੁਕਸਾਨ ਸੀ ਜਿਸ ਨੂੰ ਰੂਪਾ ਬਰਦਾਸ਼ਤ ਨਹੀਂ ਸੀ ਕਰ ਸਕਦੀ।
ਸੁਨੀਤਾ ਦੋ ਕੁ ਸਾਲ ਪਹਿਲਾਂ ਹੀ ਸਿੱਧੂ ਦੇ ਦਫ਼ਤਰ ਵਿਚ ਕੰਮ ਕਰਨ ਲੱਗੀ ਸੀ। ਉਸ ਸਮੇਂ ਉਸਦੀ ਤੁਸ਼ਾਰ ਨਾਲ ਮੰਗਣੀ ਹੋ ਚੁੱਕੀ ਸੀ। ਰੂਪਾ ਉਹਨਾਂ ਦੋਹਾਂ ਨੂੰ ਪਾਰਟੀਆਂ ਜਾਂ ਗ਼ੈਰ ਦਫ਼ਤਰੀ ਇਕੱਠਾਂ ਵਿਚ ਹਮੇਸ਼ਾ ਇਕ ਦੂਜੇ ਨਾਲ ਹੀ ਦੇਖਦੀ। ਉਸ ਨੂੰ ਦੋਹਾਂ ਦੀ ਜੋੜੀ ਬਹੁਤ ਪਸੰਦ ਸੀ ਅਤੇ ਦੋਹਾਂ ਨੂੰ ਆਪਣੇ ਘਰ ਆਉਣ ਦਾ ਸੱਦਾ ਵੀ ਦਿੱਤਾ ਸੀ। ਦੀਪ ਦੇ ਜਾਣ ਤੋਂ ਪੰਦਰਾਂ ਦਿਨ ਪਹਿਲਾਂ ਸੁਨੀਤਾ ਅਤੇ ਤੁਸ਼ਾਰ ਦਾ ਵਿਆਹ ਹੋ ਗਿਆ। ਰੂਪਾ ਅਤੇ ਸਿੱਧੂ ਨੇ ਉਹਨਾਂ ਦੇ ਵਿਆਹ ਦੀ ਪਾਰਟੀ ਦੀ ਮੇਜ਼ਬਾਨੀ ਕੀਤੀ।
ਜਲਦੀ ਹੀ ਰੂਪਾ ਨੇ ਭਾਂਪ ਲਿਆ ਕਿ ਸੁਨੀਤਾ ਆਪਣੀ ਨੌਕਰੀ ਵਿਚ ਅਗੇ ਵੱਧਨ ਲਈ ਸਿੱਧੂ ਨਾਲ ਕੁਝ ਜ਼ਿਆਦਾ ਹੀ ਖੁੱਲ੍ਹਾ ਲੈ ਰਹੀ ਹੈ। ਇਸ ਨਾਲ ਰੂਪਾਂ ਦੇ ਦਿਲ ਵਿਚੋਂ ਮਨੁੱਖਤਾ ਵਿਚ ਵਿਸ਼ਵਾਸ ਹੀ ਖਤਮ ਹੋ ਗਿਆ।
ਅਚਾਨਕ ਰੂਪਾ ਨੂੰ ਮਹਿਸੂਸ ਹੋਇਆ ਕਿ ਅਖੀਰ ਵਿਚ ਉਹ ਕੁੜੀ ਉਸ ਕੋਲ ਆ ਹੀ ਗਈ? ਉਹ, ਉਸ ਕੁੜੀ ਨੂੰ ਕਿੰਨੀ ਦੇਰ ਤੋਂ ਨਿਹਾਰ ਰਹੀ ਸੀ। ਉਹ ਦੇਵੀ ਦੀਆਂ ਖਿਲਰੀਆਂ ਮੂਰਤੀਆਂ ਦੇ ਪਿੱਛੋਂ ਬਾਹਰ ਆਈ, ਜਿਹੜੀਆਂ ਘਾਟ ਦੇ ਪਰਲੇ ਪਾਸੇ ਪਈਆਂ ਸਨ ਅਤੇ ਗੰਗਾ ਦਰਿਆ ਵਿਚ ਰੋੜ੍ਹਨ ਤੋਂ ਬਾਅਦ ਕੱਢੀਆਂ ਗਈਆਂ ਸੀ। ਉਹ ਕੁੜੀ ਚਾਰ ਕੁ ਸਾਲ ਦੀ ਬੱਚੀ ਸੀ। ਇਹ ਉਸ ਲਈ ਅਸਾਨ ਜਿਹਾ ਹੀ ਕੰਮ ਸੀ। ਉਹ ਘਾਟ ਤੇ ਬੈਠੇ ਕਿਸੇ ਵੀ ਯਾਤਰੀ ਨੂੰ ਜਾ ਕੇ ਉਹ ਮੂਰਤੀਆਂ ਦਿੰਦੀ ਅਤੇ ਬਦਲੇ ਵਿਚ ਖਾਣ ਦੀਆਂ ਚੀਜ਼ਾਂ, ਟੌਫੀਆਂ, ਆਈਸ ਕਰੀਮ ਆਦਿ ਲੈਂਦੀ। ਉਸ ਚਾਰ ਕੁ ਸਾਲ ਦੀ ਬੱਚੀ ਨੇ ਅਜਿਹਾ ਕਈ ਬਾਰ ਕੀਤਾ ਅਤੇ ਰੂਪਾ ਬੇਸਬਰੀ ਨਾਲ ਆਪਣੀ ਬਾਰੀ ਦਾ ਇੰਤਜ਼ਾਰ ਕਰ ਰਹੀ ਸੀ।
ਹੁਣ ਜਦੋਂ ਉਹ ਕੁੜੀ ਰੂਪਾ ਕੋਲ ਆਈ ਤਾਂ ਰੂਪਾ ਨੇ ਉਸ ਨੂੰ ਚੰਗੀ ਤਰਾਂ ਦੇਖਿਆ। ਆਂਡੇ ਦੀ ਗੁਲਾਈ ਵਰਗਾ ਭੂਰਾ ਚਿਹਰਾ, ਗੋਲ ਅੱਖਾਂ, ਛੋਟਾ ਜਿਹਾ ਤਿੱਖਾ ਨੱਕ ਅਤੇ ਪਤਲੇ ਬੁੱਲ੍ਹ। ਰੂਪਾ ਨੂੰ ਉਹ ਚਿੜੀ ਵਰਗੀ ਲੱਗੀ। ਧਿਆਨ ਨਾਲ ਦੇਖਣ ‘ਤੇ ਉਸਦੇ ਚਿਹਰੇ ‘ਤੇ ਇਕ ਨਿਸ਼ਾਨ ਦਿੱਖਿਆ। ਇਹ ਅਸਲ ਵਿਚ ਉਸਦੇ ਨੱਕ ਵਿਚੋਂ ਨਿਕਲਿਆ ਚਿਪਚਿਪਾ ਜਿਹਾ ਪਦਾਰਥ ਸੀ ਜੋ ਉਸ ਨੇ ਸਾਫ ਕਰਨ ਦਾ ਯਤਨ ਤਾਂ ਕੀਤਾ, ਪਰ ਫੇਰ ਵੀ ਉਸਦਾ ਨਿਸ਼ਾਨ ਚਿਹਰੇ ‘ਤੇ ਪੈ ਗਿਆ। ਉਸਦੇ ਘੁੰਗਰਾਲੇ ਵਾਲਾਂ ਵਿਚ ਮਟਮੈਲੇ ਜਿਹੇ ਰੰਗ ਦੀ ਇਕ ਲਿਟ ਸੀ। ਅਸਲ ਵਿਚ ਦੇਵੀ ਦੀ ਮੂਰਤੀ ਦੀ ਪੈਰਾਂ ‘ਤੇ ਲੱਗੀ ਹੋਈ ਸੁੱਕੀ ਮਿੱਟੀ ਉਸਦੇ ਵਾਲਾਂ ਵਿਚ ਲੱਗੀ ਹੋਈ ਸੀ। ਉਹ ਆਪਣੀਆਂ ਮੁੱਠੀਆਂ ਬੰਦ ਕਰੀ ਉਸਦੇ ਕੋਲ ਖੜੀ ਸੀ। ਜਦੋਂ ਉਸ ਨੇ ਰੂਪਾ ਕੋਲ ਆ ਕੇ ਉਸ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸਦੇ ਸ਼ਰਮਾਕਲ ਜਿਹੇ ਬੁੱਲ੍ਹ ਕੰਬ ਰਹੇ ਸੀ।
ਰੂਪਾਂ ਨੂੰ ਉਸ ਬੱਚੀ ਦੀ ਕੋਈ ਗੱਲ ਸਮਝ ਨਾ ਆਈ। ਰੂਪਾ ਨੇ ਉਸ ਨੂੰ ਆਪਣੇ ਕੋਲ ਆਉਣ ਲਈ ਕਿਹਾ ਅਤੇ ਉਸਦੀ ਬਾਂਹ ਪਕੜ ਕੇ ਆਪਣੇ ਕੋਲ ਹੀ ਬਿਠਾ ਲਿਆ। ਜਦੋਂ ਉਹ ਕੁਝ ਸਹਿਜ ਹੋਈ ਤਾਂ ਰੂਪਾ ਨੇ ਉਸ ਨੂੰ ਕਿਹਾ, “ਮੈਨੂੰ ਤੇਰੀ ਕਿਸੇ ਗੱਲ ਦੀ ਸਮਝ ਨਹੀਂ ਪਈ, ਹੌਲੀ-ਹੌਲੀ ਬੋਲ।“
ਬੱਚੀ ਨੇ ਹਾਂ ਵਿਚ ਸਿਰ ਹਿਲਾਇਆ। ਰੂਪਾਂ ਨੇ ਪੁੱਛਿਆ, “ਤੇਰਾ ਨਾਂ ਕੀ ਹੈ?”
‘ਮਿੱਠੀ” ,ਬੱਚੀ ਨੇ ਜੁਆਬ ਦਿੱਤਾ। “ਮੈਂ ਬਹੁਤ ਮਿੱਠੀ ਹਾਂ।“
“ਹਾਂ, ਬਿਨਾਂ ਸਕ ਤੂੰ ਬਹੁਤ ਹੀ ‘ਮਿੱਠੀ ’ ਹੈਂ। ਤੇਰੇ ਹੱਥਾਂ ਵਿਚ ਕੀ ਹੈ? ਕੀ ਇਹ ਮੇਰੇ ਲਈ ਹੈ?”
ਮਿੱਠੀ ਨੇ ਸਿਰਫ ਹਾਂ ਵਿਚ ਸਿਰ ਹਿਲਾਇਆ ਅਤੇ ਸਾਰੀਆਂ ਚੀਜ਼ਾਂ ਰੂਪਾ ਦੀ ਝੋਲੀ ਵਿਚ ਪਾ ਦਿੱਤੀਆਂ। ਇਕ ਸੁਨਹਿਰੀ ਰੰਗ ਦਾ ਕਿਸੇ ਧਾਤੂ ਦਾ ਟੁਕੜਾ ਸੀ, ਸ਼ਾਇਦ ਦੇਵੀ ਦਾ ਕੋਈ ਗਹਿਣਾ ਅਤੇ ਦੂਜਾ ਸੀ ਚਾਂਦੀ ਰੰਗ ਦਾ ਸੰਖ।
ਰੂਪਾ ਨੇ ਸਿੱਧੂ ਨੂੰ ਆਵਾਜ਼ ਮਾਰ ਕੇ ਆਪਣੇ ਕੋਲ ਬੁਲਾਇਆ ਅਤੇ ਕਿਹਾ, “ਮੇਰੀ ਨਵੀਂ ਦੋਸਤ ਨੂੰ ਮਿਲੋ।“ ਸਿੱਧੂ ਹੱਸ ਪਿਆ ਅਤੇ ਉਹ ਕੁਝ ਕਹਿਣਾ ਹੀ ਚਾਹੁੰਦਾ ਸੀ ਕਿ ਰੂਪਾ ਨੇ ਫੇਰ ਹੱਸਦੇ ਹੋਏ ਕਿਹਾ, “ਅਸੀਂ ਜਨਾਨੀਆਂ ਵਾਲੀਆਂ ਕੁਝ ਖਾਸ ਗੱਲਾਂ ਕਰ ਰਹੀਆਂ ਹਾਂ, ਸੋ ਚੰਗਾ ਹੈ ਕਿ ਸਾਡੇ ਤੋਂ ਕੁਝ ਦੂਰ ਚਲੇ ਜਾਓ, ਪਰ ਇਸ ਬੱਚੀ ਲਈ ਕੁਝ ਖਾਣ ਲਈ ਅਤੇ ਇਸ ਨੂੰ ਦੇਣ ਲਈ ਵਧੀਆ ਜਿਹੀਆਂ ਚੀਜ਼ਾਂ ਲੈ ਕੇ ਆਓ।“
ਉਹ ਮਿੱਠੀ ਨੂੰ ਕਹਿਣ ਲੱਗੀ, “ਜਿਹੜੀਆਂ ਚੀਜ਼ਾਂ ਤੂੰ ਮੇਰੇ ਲਈ ਲੈ ਕੇ ਆਈ ਹੈਂ, ਉਹਨਾਂ ਬਾਰੇ ਕੁਝ ਦੱਸ। ਕੀ ਉਹ ਤੇਰੀ ਮਾਂ ਨੇ ਦਿੱਤੀਆਂ ਹਨ?” ਰੂਪਾ ਨੇ ਦੇਵੀ ਦੁਰਗਾ ਦੀ ਮੂਰਤੀ ਵੱਲ ਇਸ਼ਾਰਾ ਕਰਕੇ ਪੁੱਛਿਆ। ਮਿੱਠੀ ਨੇ ਹਾਂ ਵਿਚ ਸਿਰ ਹਿਲਾਇਆ। “ਪਰ ਉਹ ਮੇਰੀ ਦੁਰਗਾ ਮਾਂ ਹੈ, ਮੇਰੀ ਮਾਂ ਤਾਂ ਉਸ ਤੋਂ ਪਿੱਛੇ ਰਹਿੰਦੀ ਹੈ।“ ਸਿੱਧੂ ਉਹਨਾਂ ਦੀ ਗੱਲਬਾਤ ਵਿਚ ਸ਼ਾਮਿਲ ਹੋਣਾ ਚਾਹੁੰਦਾ ਸੀ, ਪਰ ਉਸ ਨੂੰ ਪਤਾ ਸੀ ਕਿ ਰੂਪਾ ਦਾ ਕਹਿਣਾ ਮੰਨਣਾ ਹੀ ਪੈਣਾ ਹੈ। ਉਹ ਨਾ ਚਾਹੁੰਦੇ ਹੋਏ ਵੀ ਉਥੋਂ ਚਲਾ ਗਿਆ।
ਰੂਪਾ ਨੇ ਕਿਹਾ, “ਤੇਰਾ ਘਰ ਮੂਰਤੀ ਦੇ ਪਿੱਛੇ ਹੈ?” ਉਸ ਨੇ ਹਾਂ ਵਿਚ ਸਿਰ ਹਿਲਾਇਆ। ਜਿਵੇਂ-ਜਿਵੇਂ ਉਹਨਾਂ ਦੀ ਗੱਲ ਅਗੇ ਵਧੀ, ਰੂਪਾ ਨੇ ਅੰਦਾਜ਼ਾ ਲਾਇਆ ਕਿ ਇਹ ਬੱਚੀ ਸਿਆਣੀ ਵੀ ਬਹੁਤ ਹੈ ਅਤੇ ਭੋਲੀ ਵੀ। ਉਸ ਨੂੰ ਜੋ ਵੀ ਪੁੱਛੋ, ਉਹ ਬਹੁਤ ਵਧੀਆ ਢੰਗ ਨਾਲ ਉਸ ਸੰਬੰਧੀ ਦੱਸਦੀ ਅਤੇ ਸਮਝਾਉਂਦੀ ਹੈ। ਇਕ ਛੋਟੀ ਜਿਹੀ ਬੱਚੀ, ਜੋ ਅਜਿਹੇ ਹਾਲਾਤ ਵਿਚ ਰਹਿੰਦੀ ਹੋਵੇ, ਉਸ ਤੋਂ ਅਜਿਹੀ ਆਸ ਨਹੀਂ ਕੀਤੀ ਜਾ ਸਕਦੀ।
ਜਦੋਂ ਰੂਪਾ ਨੇ ਉਸ ਤੋਂ ਪੁੱਛਿਆ ਕਿ ਉਸ ਦੀ ਮਾਂ ਕੀ ਕਰਦੀ ਹੈ ਤਾਂ ਮਿਸਟੀ ਨੇ ਇਕ ਲੰਬੀ ਕਹਾਣੀ ਸੁਣਾਈ, ਜਿਸ ਦਾ ਸਾਰ ਇਹ ਸੀ ਕਿ ਉਸਦੀ ਮਾਂ, ਮੀਨਾ, ਰਾਤ ਨੂੰ ਸੌਣ ਵੇਲੇ ਬਹੁਤ ਵਧੀਆ ਕਹਾਣੀਆਂ ਸੁਣਾਉਂਦੀ ਹੈ। ਉਹ ਇਹ ਕਹਾਣੀਆਂ ਉਹਨਾਂ ਨੂੰ ਸੁਣਾਉਂਦੀ ਹੈ ਜਿੰਨਾਂ ਨੂੰ ਨੀਂਦ ਨਾ ਆਉਣ ਦੀ ਮੁਸ਼ਕਲ ਹੋਵੇ। ਉਸ ਦਾ ਇਕ ਲੰਗੜਾ ਮਾਮਾ ਹੈ, ਰਘੂ। ਉਸਦੇ ਦੋ ਹੀ ਕੰਮ ਹਨ। ਉਹ ਉਹਨਾਂ ਲੋਕਾਂ ਨੂੰ ਲੱਭਦਾ ਹੈ ਜਿੰਨਾਂ ਨੂੰ ਨੀਂਦ ਨਹੀਂ ਆਉਂਦੀ ਅਤੇ ਜਦੋਂ ਇਹ ਲੋਕ ਮਾਂ ਦੀਆਂ ਕਹਾਣੀਆਂ ਸੁਣਦੇ ਹਨ ਤਾਂ ਰਘੂ ਘਰ ਦੇ ਬੂਹੇ ਕੋਲ ਬੈਠ ਕੇ ਉਸ ਕਮਰੇ ਦੀ ਚੌਕੀਦਾਰੀ ਕਰਦਾ ਹੈ।
ਉਹ ਇਹਨਾਂ ਸਾਰੇ ਭੈੜੇ ਅੰਕਲਾਂ ਨੂੰ ਨਫ਼ਰਤ ਕਰਦੀ ਸੀ ਜਿੰਨਾਂ ਨੂੰ ਨੀਂਦ ਨਾ ਆਉਣ ਦੀ ਬਿਮਾਰੀ ਸੀ। ਉਹਨਾਂ ਕਰਕੇ ਉਸਦੀ ਮਾਂ ਦਿਨ ਦਾ ਬਹੁਤਾ ਸਮਾਂ ਉਸ ਤੋਂ ਦੂਰ ਹੀ ਰਹਿੰਦੀ। ਚੰਗਾ ਇਹ ਸੀ ਕਿ ਮਿੱਠੀ ਇਹ ਸਮਾਂ ਆਪਣੀ ਮਰਜ਼ੀ ਨਾਲ ਬਿਤਾਉਂਦੀ। ਇਸ ਸਮੇਂ ਉਹ ਚੰਗੇ ਲੋਕਾਂ ਨੂੰ ਮਿਲਦੀ ਅਤੇ ਕਈ ਬਾਰ ਯਾਤਰੀਆਂ ਨੂੰ ਦਰਿਆ ਪਾਰ ਕਰਵਾਉਣ ਵਾਲੀਆਂ ਕਿਸ਼ਤੀਆਂ ਵਿਚ ਬੈਠ ਕੇ ਦਰਿਆ ਦੇ ਪਾਣੀ ਨੂੰ ਨਿਹਾਰਦੀ।
ਉਹ ਕਿਤਾਬਾਂ ਦੀ ਦੁਨੀਆਂ ਤੋਂ ਬਹੁਤ ਦੂਰ ਸੀ, ਪਰ ਉਸ ਨੂੰ ਉਹ ਸਾਰੀਆਂ ਕਹਾਣੀਆਂ ਆਉਂਦੀਆਂ ਸੀ ਜੋ ਉਸ ਦੀ ਮਾਂ ਉਸ ਨੂੰ ਸੁਣਾਉਂਦੀ। ਉਸ ਦੀ ਸਭ ਤੋਂ ਵੱਧ ਪਸੰਦ ਵਾਲੀ ਕਹਾਣੀ ਸੀ ਸੁਹਣੇ-ਸੁਣੱਖੇ ਰਾਜ ਕੁਮਾਰ ਦੀ। ਰੂਪਾ ਨੇ ਪੁੱਛਿਆ ਕਿ ਕੀ ਉਹ ਰਾਜ ਕੁਮਾਰ ਨੂੰ ਮਿਲੀ ਹੈ, ਤਾਂ ਮਿੱਠੀ ਨੇ ਜਵਾਬ ਦਿੱਤਾ ਕਿ ਉਸ ਨੇ ਆਪਣੇ ਸੁਪਨਿਆਂ ਵਿਚ ਰਾਜਕੁਮਾਰ ਨੂੰ ਦੇਖਿਆ ਹੈ। ਰੂਪਾ ਨੇ ਫੇਰ ਪੁੱਛਿਆ ਕਿ ਕੀ ਉਸਦਾ ਸੁਪਨਿਆਂ ਵਾਲਾ ਰਾਜਕੁਮਾਰ ਕਾਰ ਵਿਚ ਆਵੇ ਜਾਂ ਮੋਟਰ ਸਾਇਕਲ ‘ਤੇ? ਉਸ ਨੇ ਕਿਹਾ, “ਨਹੀਂ, ਉਹ ਰੇਲ ਗੱਡੀ ਵਿਚ ਆਵੇਗਾ। ਉਹ ਰੇਲ ਗੱਡੀ ਦੇ ਇੰਜਣ ਵਾਲੇ ਡੱਬੇ ਵਿਚ ਹੋਵੇਗਾ।“ ਰੂਪਾ ਨੇ ਮਜ਼ਾਕ ਵਿਚ ਕਿਹਾ, “ਤਾਂ ਉਹ ਰੇਲ ਗੱਡੀ ਚਲਾ ਰਿਹਾ ਹੋਵੇਗਾ?”
ਮਿੱਠੀ ਨੇ ਸੰਜੀਦਾ ਹੁੰਦੇ ਜਵਾਬ ਦਿੱਤਾ, “ਨਹੀਂ, ਉਹ ਤਾਂ ਡਰਾਇਵਰ ਦੇ ਨਾਲ ਹੋਵੇਗਾ। ਜਦੋਂ ਰੇਲ ਇਥੋਂ ਨਿਕਲੇਗੀ ਤਾਂ ਉਹ ਮੈਨੂੰ ਹੱਥ ਹਿਲਾਏ ਗਾ।“ ਉਸ ਨੇ ਫੇਰ ਰੇਲ ਲਾਈਨਾਂ ਵੱਲ ਇਸ਼ਾਰਾ ਕੀਤਾ ਜੋ ਘਾਟ ਦੇ ਪਿਛਲੇ ਪਾਸੇ ਸੀ। ਉਹ ਅਜੇ ਆਪਣੀਆਂ ਗੱਲਾਂ ਵਿਚ ਹੀ ਮਸਤ ਸੀ ਜਦੋਂ ਸਿੱਧੂ ਵਾਪਿਸ ਆ ਗਿਆ। ਉਹ ਇਕ ਵੱਡੀ ‘ਕੌਟਨ ਕੈਂਡੀ’ ਅਤੇ ਇਕ ਗੁਡੀ ਲਿਆਇਆ, ਜਿਸ ਦੇ ਲਾੜੀ ਵਾਲੇ ਦੇਸੀ ਢੰਗ ਦੇ ਗਹਿਣੇ ਪਾਏ ਹੋਏ ਸੀ। ਬੱਚੀ ਇਹਨਾਂ ਚੀਜ਼ਾਂ ਨੂੰ ਦੇਖਣ ਵਿਚ ਮਸਤ ਹੋ ਗਈ। ਸਿੱਧੂ ਨੇ ਰੂਪਾ ਨੂੰ ਦੱਸਿਆ ਕਿ ਉੱਤਰ ਵਾਲੇ ਪਾਸੇ ਦਾ ਅਸਮਾਨ ਕਾਲੇ ਬੱਦਲਾਂ ਨਾਲ ਭਰਿਆ ਪਿਆ ਹੈ, ਇਸ ਲਈ ਹੋ ਸਕਦਾ ਹੈ ਕਿ ਤੇਜ ਮੀਂਹ ਸ਼ੁਰੂ ਹੋ ਜਾਵੇ। ਜੇ ਉਹ ਉਸੇ ਸਮੇਂ ਵਾਪਿਸ ਨਹੀਂ ਜਾਂਦੇ ਤਾਂ ਮੁਸ਼ਕਿਲ ਹੋ ਸਕਦੀ ਹੈ।
ਉਹਨਾਂ ਨੇ ਅਜੇ ਰੇਲਵੇ ਫਾਟਕ ਪਾਰ ਕੀਤਾ ਹੀ ਸੀ ਕਿ ਪੁਲਿਸ ਦੀ ਇਕ ਗੱਡੀ ਉਹਨਾਂ ਦੀ ਕਾਰ ਤੋਂ ਪੰਜਾਹ ਕੁ ਮੀਟਰ ਦੂਰ ਆ ਕੇ ਰੁਕੀ। ਸਿੱਧੂ ਡਰਾਇਵਰ ਵਾਲੀ ਸੀਟ ‘ਤੇ ਬੈਠਿਆ ਸੀ ਅਤੇ ਰੂਪਾ ਅਜੇ ਕਾਰ ਵਿਚ ਨਹੀਂ ਸੀ ਬੈਠੀ ਤਾਂ ਹਾਲਾਤ ਇਕੋ ਦਮ ਬਦਲ ਗਏ ਜਿਵੇਂ ਕਿਸੇ ਫਿਲਮ ਦੀ ਸ਼ੂਟਿੰਗ ਦੌਰਾਨ ਹੁੰਦਾ ਹੈ। ਵੱਡੀ ਕੁਰਸੀ ‘ਤੇ ਬੈਠਾ ਨਿਰਦੇਸ਼ਕ ਬੋਲਿਆ, “ਸ਼ੁਰੂ ਕਰੋ, ਕੈਮਰਾ, ਐਕਸ਼ਨ।“ ਪਹਿਲਾਂ ਤਾਂ ਗਰਜ਼ਦਾਰ ਅਵਾਜ਼ ਵਿਚ ਬਿਜਲੀ ਲਿਸ਼ਕੀ ਅਤੇ ਫੇਰ ਕੁਝ ਕਣੀਆਂ ਪੈਣ ਲੱਗੀਆਂ। ਫੇਰ ਲੋਕਾਂ ਦੀਆਂ ਅਵਾਜ਼ਾਂ ਆਉਣ ਲੱਗੀਆਂ, ਰੌਲਾ-ਗੌਲਾ ਅਤੇ ਕੋਈ ਟਿਕਾਣਾ ਲੱਭਣ ਲਈ ਭੱਜ-ਨੱਠ। ਰੂਪਾ ਨੇ ਅੰਦਾਜ਼ਾ ਲਾਇਆ ਕਿ ਇਹ ਸਾਰਾ ਰੌਲਾ ਉਸ ਪਾਸੇ ਤੋਂ ਆ ਰਿਹਾ ਹੈ ਜਿਸ ਪਾਸੇ ਮਿੱਠੀ ਨੇ ਇਸ਼ਾਰਾ ਕੀਤਾ ਸੀ ਕਿ ਉਸਦਾ ਘਰ ਹੈ, ਦੇਵੀ ਦੀ ਮੂਰਤੀ ਦੇ ਪਿੱਛੇ। ਅਜੇ ਅਵਾਜ਼ਾਂ ਘੱਟ ਨਹੀਂ ਸੀ ਹੋਈਆਂ ਕਿ ਰੇਲ ਆ ਗਈ ਅਤੇ ਸਾਰਿਆਂ ਦਾ ਧਿਆਨ ਉਸ ਪਾਸੇ ਹੋ ਗਿਆ। ਫੇਰ ਇਕੋ ਦਮ ਰੌਲਾ ਪੈ ਗਿਆ। ਉਹਨਾਂ ਨੇ ਇਹ ਸੁਣਿਆ, “ਮਰ ਗਈ, ਮਰ ਗਈ। ਉਹ ਰੇਲ ਦੇ ਹੇਠਾਂ ਆ ਗਈ।“
ਰੂਪਾ ਅਤੇ ਸਿੱਧੂ ਨੂੰ ਇਹ ਗੱਲਾਂ ਨੂੰ ਸਮਝਣ ਵਿਚ ਕੁਝ ਸਮਾਂ ਲੱਗਿਆ। ਉਹ ਭੱਜ ਕੇ ਦੁਰਘਟਨਾ ਵਾਲੀ ਥਾਂ ‘ਤੇ ਪਹੁੰਚੇ। ਬੇਕਾਬੂ ਹੋਈ ਭੀੜ ਨੇ ਦੁਰਘਟਨਾ ਵਾਲੀ ਥਾਂ ਨੂੰ ਘੇਰਾ ਪਾਇਆ ਹੋਇਆ ਸੀ। ਲੋਕਾਂ ਨੂੰ ਧੱਕਦੇ ਹੋਏ ਰੂਪਾ ਅਤੇ ਸਿੱਧੂ ਉਸ ਜਗਾ ‘ਤੇ ਪਹੁੰਚ ਗਏ। ਉਥੇ ਇਕ ਅੱਧ-ਨੰਗੀ ਔਰਤ ਦੀ ਲਾਸ਼ ਮੁੱਧੀ ਪਈ ਸੀ। ਰੇਲ ਗੱਡੀ ਦੇ ਹੇਠਾਂ ਆਉਣ ਕਰਕੇ ਉਸ ਦੇ ਕਮਰ ਤੋਂ ਦੋ ਹਿੱਸੇ ਹੋ ਗਏ ਸੀ। ਮਿੱਠੀ ਉੱਪਰ ਵਾਲੇ ਹਿੱਸੇ ਨੂੰ ਚਿੰਬੜ ਗਈ। ਰੂਪਾ ਅਤੇ ਸਿੱਧੂ ਨੇ ਮਿੱਠੀ ਦੀ ਮਾਂ ਨੂੰ ਇਸ ਹਾਲਤ ਵਿਚ ਮਿਲਣ ਦਾ ਸੋਚਿਆ ਵੀ ਨਹੀਂ ਸੀ। ਮੀਂਹ ਬਹੁਤ ਤੇਜ ਪੈ ਰਿਹਾ ਸੀ।
ਰੂਪਾ ਦੇ ਕਹਿਣ ‘ਤੇ ਸਿੱਧੂ ਨੇ ਆਪਣੀ ਕਾਰ ਪੁਲਿਸ ਦੀ ਗੱਡੀ ਪਿੱਛੇ ਲਾ ਲਈ। ਲਾਸ਼ ਨੂੰ ਸਰਕਾਰੀ ਹਸਪਤਾਲ ਦੇ ਮੁਰਦਾ ਘਰ ਵਿਚ ਭੇਜ ਦਿੱਤਾ। ਪੁਲਿਸ, ਮਿੱਠੀ, ਉਸਦੇ ਮਾਮੇ ਅਤੇ ਇਲਾਕੇ ਦੇ ਕੁਝ ਹੋਰ ਲੋਕਾਂ ਨੂੰ ਆਪਣੇ ਨਾਲ ਲੈ ਗਈ। ਰੂਪਾ ਨੂੰ ਸਿੱਧੂ ਦੀ ਇਹ ਗੱਲ ਸਮਝ ਨਹੀਂ ਸੀ ਆ ਰਹੀ ਕਿ ਇਕੋ ਦਮ ਕਿਸੇ ਬੱਚੇ ਨੂੰ ਗੋਦ ਲੈਣਾ ਐਨਾ ਅਸਾਨ ਨਹੀਂ ਹੁੰਦਾ। ਗੁੱਸੇ ਵਿਚ ਆਈ ਰੂਪਾ ਨੇ ਸਿੱਧੂ ਨੂੰ ਕਿਹਾ, “ਮੈਨੂੰ ਇਹ ਦੱਸੋ ਕੀ ਤੁਸੀਂ ਇਹ ਕੰਮ ਨਹੀਂ ਕਰ ਸਕਦੇ ਹੋ ਜਾਂ ਨਹੀਂ?” ਆਪਣੇ ਪਤੀ ਦਾ ਜੁਆਬ ਸੁਣੇ ਬਗੈਰ ਹੀ ਉਹ ਬੋਲੀ, “ਹੁਣ ਦੇਖੋ, ਮੈਂ ਇਹ ਕਿਵੇਂ ਕਰਦੀ ਹਾਂ।“
ਰੂਪਾ ਨੇ ਮਰਿਨਲ ਨੂੰ ਫੋਨ ਕੀਤਾ। ਉਹ ਸਿੱਧੂ ਦਾ ਛੋਟਾ ਚਚੇਰਾ ਭਰਾ ਸੀ, ਜੋ ਹਾਈ ਕੋਰਟ ਦਾ ਸੀਨੀਅਰ ਵਕੀਲ ਵੀ ਸੀ। ਇਸ ਤੋਂ ਇਲਾਵਾ ਮਿਰਨਲ, ਸਿੱਧੂ ਅਤੇ ਰੂਪਾ ਦਾ ਲਕਸ਼ਮਨ ਵਰਗਾ ਭਰਾ ਸੀ, ਜਿਸ ਦਾ ਭੱਥਾ ਆਪਣੇ ਵੱਡੇ ਭਰਾ ਅਤੇ ਭਾਬੀ ਲਈ ਹਮੇਸ਼ਾ ਤੀਰਾਂ ਨਾਲ ਭਰਿਆ ਹੀ ਰਹਿੰਦਾ।
ਦੂਜੇ ਪਾਸੇ ਤੋਂ ਮਿਰਨਲ ਦੀ ਅਵਾਜ਼ ਆਈ, “ਹੈਲੋ ਰੁਪੜੀ, ਕੀ ਗੱਲ?”
ਰੂਪਾ ਨੇ ਕਿਹਾ, “ਹੈਰੀ ਸਟ੍ਰੀਟ ਪੁਲਿਸ ਸਟੇਸ਼ਨ ਜਲਦੀ ਪਹੁੰਚ।“
“ਕੀ, ਤੂੰ ਮੇਰੇ ਭਰਾ ਨੂੰ ਤਾਂ ਨਹੀਂ ਮਾਰ ਦਿੱਤਾ?” ਮਿਰਨਲ ਨੇ ਕਿਹਾ।
“ਕਦੇ ਤਾਂ ਸੰਜੀਦਾ ਹੋ ਕੇ ਗੱਲ ਕਰਿਆ ਕਰ।“ ਰੂਪਾ ਬੋਲੀ। “ਇਕ ਦੁਰਘਟਨਾ ਹੋ ਗਈ ਹੈ, ਅਸੀਂ ਇਸ ਵਿਚ ਸਿੱਧੇ ਤੌਰ ‘ਤੇ ਸ਼ਾਮਿਲ ਨਹੀਂ। ਪਰ ਸਾਨੂੰ ਇਸ ਮਾਮਲੇ ਵਿਚ ਕਿਸੇ ਜਾਣ-ਪਹਿਚਾਣ ਵਾਲੇ ਦੀ ਸਹਾਇਤਾ ਕਰਨ ਲਈ ਤੇਰੀ ਕਾਨੂੰਨੀ ਮਦਦ ਚਾਹੀਦੀ ਹੈ।“
“ਠੀਕ ਹੈ, ਠੀਕ ਹੈ। ਮੈਂ ਸਮਾਜ ਸੇਵਾ ਲਈ ਹਰ ਵੇਲੇ ਹੀ ਤਿਆਰ ਰਹਿੰਦਾ ਹਾਂ। ਮੈਂ ਤੁਹਾਡੇ ਕੋਲ ਪਹੁੰਚ ਰਿਹਾ ਹਾਂ।“ ਮਿਰਨਲ ਨੇ ਜੁਆਬ ਦਿੱਤਾ।
ਮਿੱਠੀ ਨੂੰ ਪੁਲਿਸ ਸਟੇਸ਼ਨ ਤੋਂ ਲਿਆਉਣ ਲਈ ਮਿਰਨਲ ਨੂੰ ਅੱਧਾ ਕੁ ਘੰਟਾ ਹੀ ਲੱਗਿਆ। ਘਰ ਪਹੁੰਚ ਕੇ ਰੂਪਾ, ਮਿੱਠੀ ਨੂੰ ਆਪਣੇ ਸੌਣ ਕਮਰੇ ਵਿਚ ਲੈ ਗਈ। ਸਿੱਧੂ ਅਤੇ ਮਿਰਨਲ ਬੈਠਕ ਵਿਚ ਬੈਠੇ ਬੱਚੀ ਨੂੰ ਗੋਦ ਲੈਣ ਲਈ ਕਾਨੂੰਨੀ ਕਾਰਵਾਈ ਬਾਰੇ ਗੱਲਬਾਤ ਕਰਦੇ ਰਹੇ।
ਮਿਰਨਲ ਦੇ ਜਾਣ ਬਾਅਦ ਸਿੱਧੂ ਕਮਰੇ ਵਿਚ ਆ ਗਿਆ। ਮਿੱਠੀ ਘੂਕ ਸੁੱਤੀ ਪਈ ਸੀ। ਰੂਪਾ ਅਜੇ ਵੀ ਉਸ ਦੀਆਂ ਛੋਟੀਆਂ-ਛੋਟੀਆਂ ਹਥੇਲੀਆਂ ਨੂੰ ਪਕੜੀ ਬੈਠੀ ਸੀ। ਬੱਚੀ ਬਹੁਤ ਰੋਈ ਸੀ ਅਤੇ ਉਹ ਰੂਪਾ ਨੂੰ ਕਮਰੇ ਤੋਂ ਬਾਹਰ ਨਹੀਂ ਸੀ ਜਾਣ ਦੇ ਰਹੀ। ਸਿੱਧੂ ਹੌਲੀ ਜਿਹੀ ਬੋਲਿਆ, “ਫਿਕਰ ਨਾ ਕਰ, ਮੈਂ ਵਾਅਦਾ ਕਰਦਾ ਹਾਂ ਕਿ ਮਿੱਠੀ ਨੂੰ ਹੁਣ ਕਿਸੇ ਚੀਜ਼ ਦੀ ਘਾਟ ਨਹੀਂ ਰਹੇਗੀ। ਆਸ ਹੈ ਕਿ ਤੂੰ ਹਰ ਵੇਲੇ ਮੇਰੇ ਨਾਲ ਰਹੇਂਗੀ। ਜਾ ਕੇ ਖਾਣਾ ਖਾ ਲੈ, ਮੈਂ ਇਸ ਕੋਲ ਹੀ ਹਾਂ।“
ਮੀਂਹ ਰੁਕ ਚੁੱਕਿਆ ਸੀ। ਦਰਵਾਜ਼ੇ ਕੋਲ ਜਾ ਕੇ ਰੂਪਾ ਨੇ ਮੁੜ ਕੇ ਦੇਖਿਆ। ਮਿੱਠੀ ਨੇ ਸਿੱਧੂ ਦੀ ਛਾਤੀ ਵੱਲ ਪਾਸਾ ਲਿਆ। ਸਿੱਧੂ ਉਸਦੇ ਉਲਝੇ ਹੋਏ ਰੁੱਖੇ ਵਾਲਾਂ ਵਿਚ ਉਂਗਲੀਆਂ ਫੇਰ ਰਿਹਾ ਸੀ। ਰੂਪਾ ਦੇ ਚਿਹਰੇ ‘ਤੇ ਹਲਕੀ ਜਿਹੀ ਮੁਸਕਰਾਹਟ ਫੈਲ ਗਈ ਅਤੇ ਉਹ ਕਮਰੇ ‘ਚੋਂ ਬਾਹਰ ਚਲੀ ਗਈ।
ਰਵਿੰਦਰ ਸਿੰਘ ਸੋਢੀ
ਕੈਲਗਰੀ, ਕੈਨੇਡਾ
Previous articleਕਿਸਾਨਾਂ ਨੂੰ ਜ਼ਲੀਲ ਕਰਨਾ ਭਗਵੰਤ ਮਾਨ ਦੀ ਸੌੜੀ ਮਾਨਸਿਕਤਾ ਦੀ ਨਿਸ਼ਾਨੀ- ਅੰਮ੍ਰਿਤਪਾਲ ਭੌਂਸਲੇ 
Next article ਗੁਰਦੁਆਰਾ ਭਾਈ ਕਨੱਈਆ ਧਾਮ ਵਿਖੇ ਸ਼੍ਰੀ ਗੁਰੂ ਅਮਰਦਾਸ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ