HOME ਗੁਰੂ ਸਾਹਿਬ ਨੇ “ਧਰਮ ਦੀ ਆਜ਼ਾਦੀ” ਨੂੰ ਬਚਾਉਣ ਲਈ ਆਪਣਾ ਸੀਸ ਭੇਟ...

ਗੁਰੂ ਸਾਹਿਬ ਨੇ “ਧਰਮ ਦੀ ਆਜ਼ਾਦੀ” ਨੂੰ ਬਚਾਉਣ ਲਈ ਆਪਣਾ ਸੀਸ ਭੇਟ ਕੀਤਾ, ਪੜਚੋਲ ਕਰੀਏ ਕਿ “ਧਰਮ” “ਰਾਜਨੀਤੀ” ਦੇ ਕੁੰਡੇ ਹੇਠ ਤਾਂ ਨਹੀਂ ਫਸ ਗਿਆ ?- ਸੰਤ ਅਮੀਰ ਸਿੰਘ

2
ਫੋਟੋ ਕੈਪਸ਼ਨ : ਭਾਈ ਬਲਦੀਪ ਸਿੰਘ ਜੀ ਦਾ ਸਨਮਾਨ ਕਰਦੇ ਹੋਏ ਸੰਤ ਅਮੀਰ ਸਿੰਘ, ਬਾਬਾ ਸਰਬਜੋਤ ਸਿੰਘ ਬੇਦੀ, ਗਿ. ਬਲਜੀਤ ਸਿੰਘ, ਗਿ. ਪਿੰਦਰਪਾਲ ਸਿੰਘ, ਸੰਤ ਬਾਬਾ ਸੇਵਾ ਸਿੰਘ ਜੀ ਖਡੂਰ ਸਾਹਿਬ, ਬਾਬਾ ਗੁਰਮਤਿ ਸਿੰਘ ਖੋਸਾ ਕੋਟਲਾ ਅਤੇ ਆਦਿ।

ਲੁਧਿਆਣਾ   (ਸਮਾਜ ਵੀਕਲੀ)   (ਕਰਨੈਲ ਸਿੰਘ ਐੱਮ.ਏ.) ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ, ਭਾਈ ਸਤੀ ਦਾਸ, ਭਾਈ ਮਤੀ ਦਾਸ ਅਤੇ ਭਾਈ ਦਿਆਲਾ ਜੀ ਦੇ 350 ਸਾਲਾ ਸ਼ਹੀਦੀ ਸ਼ਤਾਬਦੀ ਅਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾ ਗੁਰਤਾਗੱਦੀ ਦਿਵਸ ਨੂੰ ਸਮਰਪਿਤ ਜਵੱਦੀ ਟਕਸਾਲ ਵੱਲੋਂ ਕਰਵਾਈ ਕਾਨਫਰੰਸ ਦੇ ਅੰਤਲੇ ਦਿਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਅੰਸ਼ ਵੰਸ਼ ਵਿੱਚੋਂ ਬਾਬਾ ਸਰਬਜੋਤ ਸਿੰਘ ਬੇਦੀ, ਵਾਤਾਵਰਨ ਪ੍ਰੇਮੀ ਅਤੇ ਵਕਤ ਦੀਆਂ ਚਣੌਤੀਆਂ ਨੂੰ ਸਮਝ ਕੌਮ ਦੀ ਨੌਜਵਾਨ ਪੀੜ੍ਹੀ ਨੂੰ ਵਕਤ ਨੂੰ ਘੇਰਨ ਵਾਲੇ ਸੰਤ ਬਾਬਾ ਸੇਵਾ ਸਿੰਘ ਜੀ ਖਡੂਰ ਸਾਹਿਬ, ਵਿਦਵਾਨ ਸੰਤ ਪ੍ਰਚਾਰਕ ਬਾਬਾ ਗੁਰਮੀਤ ਸਿੰਘ ਖੋਸਾ ਕੋਟਲਾ, ਪੰਥਕ ਕਥਾਵਾਚਕ ਗਿਆਨੀ ਪਿੰਦਰਪਾਲ ਸਿੰਘ ਆਦਿ ਨੇ ਜਵੱਦੀ ਟਕਸਾਲ ਵੱਲੋਂ ਉਲੀਕੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਅਜੋਕੇ ਹਾਲਾਤਾਂ ਦੀ ਫ਼ਿਕਰਮੰਦੀ ਨੂੰ ਸਾਂਝਾ ਕਰਦਿਆਂ ਕਿਹਾ ਕਿ ਨਵੀਂ ਪੀੜੀ ਵਿੱਚ ਮੂਲ ਗ੍ਰੰਥਾਂ ਨੂੰ ਪੜ੍ਹਨ ਦੀ ਘਟਦੀ ਜਾ ਰਹੀ ਰੁਚੀ ਚਿੰਤਾ ਦਾ ਵਿਸ਼ਾ ਹੈ। ਜਿਸ ਨਾਲ ਕਈ ਸਮੱਸਿਆਵਾਂ ਪੈਦਾ ਹੋ ਰਹੀਆਂ ਨੇ।  ਇੰਟਰਨੈਟ ਤੇ ਬਹੁਤਾ ਸਮਾਂ ਕੰਮ ਕਰਨ ਵਾਲੇ ਆਪਣੇ ਧਰਮ ਅਤੇ ਵਿਰਾਸਤ ਨਾਲ ਸੰਬੰਧਿਤ ਪ੍ਰਸ਼ਨਾਂ ਦੇ ਉੱਤਰ ਇਲੈਕਟਰੋਨਿਕਸ ਮੀਡੀਆ ਰਾਹੀਂ ਲੱਭਣ ਲਈ ਯਤਨਸ਼ੀਲ ਰਹਿੰਦੇ ਹਨ। ਜਦਕਿ ਸ਼ੋਸ਼ਲ ਮੀਡੀਏ ਰਾਹੀਂ ਉਹੀ ਜਾਣਕਾਰੀ ਸਾਹਮਣੇ ਆਉਂਦੀ ਹੈ, ਜਿਹੜੀ ਕਿਸੇ ਨੇ ਇਸ ਵਿੱਚ ਦਰਜ ਕੀਤੀ ਹੋਵੇ। ਜੇਕਰ ਕੋਈ ਜਾਣਕਾਰੀ ਧਰਮ ਦੇ ਮਾਪ ਦੰਡਾਂ ਜਾਂ ਗੁਰਮਤਿ ਸਿਧਾਂਤਾਂ ਦੇ ਅਨੁਸਾਰ ਨਹੀਂ ਤਾਂ ਉਹ ਗਲਤ ਰੂਪ ਵਿੱਚ ਲੋਕ ਮਨਾਂ ਵਿੱਚ ਪੱਕੀ ਹੋ ਜਾਂਦੀ ਹੈ ਅਤੇ ਮਨ ਵਿੱਚ ਪੱਕ ਗਏ ਵਿਚਾਰਾਂ ਨੂੰ ਦਰੁਸਤ ਕਰਨ ਲਈ ਕਈ ਵਾਰੀ ਅਸੰਭਵ ਵੀ ਹੋ ਜਾਂਦਾ ਹੈ। ਇਸ ਲਈ ਸਾਡੀਆਂ ਧਾਰਮਿਕ ਸੰਸਥਾਵਾਂ ਨੂੰ ਜਵੱਦੀ ਟਕਸਾਲ ਵਾਂਗੂੰ ਵਕਤ ਦੀਆਂ ਚਣੌਤੀਆਂ ਦੇ ਮੱਦੇਨਜ਼ਰ ਕਾਰਜ਼ਸ਼ੀਲ ਰਹਿਣ ਅਤੇ ਮੀਡੀਏ ਅਤੇ ਸੋਸ਼ਲ ਮੀਡੀਏ ਤੇ ਅਜਿਹੀ ਜਾਣਕਾਰੀ ਪਾਉਣ ਲਈ ਵਧੇਰੇ ਲੋੜ ਹੈ। ਜਿਹੜੀ ਗੁਰਮਤਿ ਸਿਧਾਂਤਾਂ ਦੇ ਅਨੁਸਾਰ ਅਨੁਕੂਲ ਹੋਵੇ। ਸਿੱਖ ਸੰਸਥਾਵਾਂ ਨੂੰ ਇਸ ਪਾਸੇ ਵਿਸ਼ੇਸ਼ ਧਿਆਨ ਦੇ ਕੇ ਗੁਰਬਾਣੀ ਗੁਰ ਇਤਿਹਾਸ ਅਤੇ ਸਿੱਖ ਇਤਿਹਾਸ ਵਿਚਲੇ ਪ੍ਰਮਾਣਕ ਤੱਥਾਂ ਨੂੰ ਆਮ ਲੋਕਾਂ ਤੱਕ ਪਹੁੰਚਾਉਣ ਲਈ ਯਤਨਸ਼ੀਲ ਹੋਣਾ ਚਾਹੀਦਾ ਹੈ।
ਭਾਈ ਮਤੀ ਦਾਸ ਜੀ ਤੇ ਭਾਈ ਸਤੀ ਦਾਸ ਜੀ ਦੇ ਪ੍ਰਵਾਰ ਵਿੱਚੋਂ ਭਾਈ ਚਰਨਜੀਤ ਸਿੰਘ ਬਿਲਾਸਪੁਰ ਅਤੇ ਡਾ: ਜਗਮੋਹਣ ਸਿੰਘ ਗਿੱਲ ਕੋਲਕਾਤਾ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ 1975 ‘ਚ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਤੀਜੀ ਸ਼ਤਾਬਦੀ ਪੂਰਬੀ ਭਾਰਤ ‘ਚ ਬਹੁਤ ਵੱਡੇ ਪੱਧਰ ਤੇ ਮਨਾਈ ਗਈ। ਹਰ ਸੂਬੇ ‘ਚ ਪੈਂਦੇ ਗੁਰਧਾਮਾਂ ਵਿੱਚ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਦਾ ਪ੍ਰਚਾਰ ਕਰਨ ਲਈ ਵਿਸ਼ੇਸ਼ ਰਾਗੀ, ਢਾਡੀ ਤੇ ਪ੍ਰਚਾਰਕ ਪੁੱਜੇ। ਉਥੇ ਵੀ ਵਿਸ਼ੇਸ਼ ਸਮਾਗਮਾਂ ਦਾ ਆਯੋਜਨ ਹੋਇਆ, ਜਿੱਥੇ ਬਹੁਤੀ ਸਿੱਖ ਸੰਗਤ ਮੌਜੂਦ ਨਹੀਂ। ਪਰ,  ਸਥਾਨਕ ਲੋਕਾਂ ਦੇ ਮਨਾਂ ਵਿੱਚ ਗੁਰੂ ਤੇਗ ਬਹਾਦਰ ਜੀ ਦੀਆਂ ਸਿੱਖਿਆਵਾਂ ਪ੍ਰਤੀ ਚੇਤਨਾ ਪੈਦਾ ਕੀਤੀ ਗਈ। ਮੌਜੂਦਾ ਸਮੇਂ ਬਹੁਤ ਸਾਰੇ ਬੱਚੇ ਪੜ੍ਹ-ਲਿਖ ਗਏ ਹਨ, ਪਰ ਉਹ ਗੁਰਮੁਖੀ ਨਹੀਂ ਜਾਣਦੇ। ਉਹਨਾਂ ਲਈ ਸਥਾਨਕ ਭਾਸ਼ਾਵਾਂ ਵਿੱਚ ਅਜਿਹਾ ਸਾਹਿਤ ਪੈਦਾ ਕਰਨ ਦੀ ਲੋੜ ਹੈ ਜਿਸ ਵਿੱਚੋਂ ਗੁਰੂ ਸਾਹਿਬ ਦੇ ਜੀਵਨ ਅਤੇ ਬਾਣੀ ਸੰਬੰਧੀ ਜਾਣਕਾਰੀ ਪੈਦਾ ਹੋ ਸਕੇ।
ਉੱਘੇ ਸਿੱਖ ਚਿੰਤਕ ਸ੍ਰ: ਰਣਜੋਧ ਸਿੰਘ ਨੇ ਕਿਹਾ ਕਿ ਧਰਮ ਦੇ ਪ੍ਰਚਾਰ ਪਸਾਰ ਲਈ ਪਰਮ ਸੰਤ ਬਾਬਾ ਸੁੱਚਾ ਸਿੰਘ ਜੀ ਨੇ ਜਵੱਦੀ ਟਕਸਾਲ ਦੀ ਸਿਰਜਣਾ ਕਰਕੇ ਸੰਪਰਦਾਇ ਅਤੇ ਵਿਦਵਾਨਾਂ ਵਿਚਲੇ ਪੁੱਲ ਦਾ ਸਬੱਬ ਬਣਾਇਆ। ਡਾ: ਸ਼੍ਰੀ ਕੁਲਦੀਪ ਅਗਨੀਹੋਤਰੀ ਸੈਂਟਰ ਯੂਨੀਵਰਸਿਟੀ ਧਰਮਸ਼ਾਲਾ, ਡਾ: ਅਨੁਰਾਗ ਸਿੰਘ, ਡਾ: ਸਹਿਜਪਾਲ ਸਿੰਘ, ਡਾ: ਗੁਰਪਾਲ ਸਿੰਘ ਸੰਧੂ ਪੰਜਾਬ ਯੂਨੀਵਰਸਿਟੀ, ਡਾ: ਸ਼ਤੀਸ਼ ਕੁਮਾਰ ਸ਼ਰਮਾ ਡੀ ਏ ਵੀ ਕਾਲਜ, ਡਾ: ਅੰਜੂ ਸੂਰੀ ਪੰਜਾਬ ਯੂਨਵਰਸਿਟੀ, ਪ੍ਰਿੰ: ਡਾ: ਬਲਜੀਤ ਸਿੰਘ ਗਿੱਲ, ਡਾ: ਰਾਜਿੰਦਰ ਕੌਰ, ਡਾ: ਭਗਵਾਨ ਸਿੰਘ, ਡਾ: ਜਗਦੀਪ ਕੌਰ, ਡਾ: ਗੁਰਤੇਜ ਸਿੰਘ ਠੀਕਰੀਵਾਲਾ, ਡਾ: ਰਵੇਲ ਸਿੰਘ ਦਿੱਲੀ ਯੂਨੀਵਰਸਿਟੀ, ਡਾ: ਬਹਾਦਰ ਸਿੰਘ ਪੰਜਾਬ ਯੂਨੀਵਰਸਿਟੀ, ਸਕਾਲਰ ਡਾ: ਅਮਰਜੀਤ ਕੌਰ, ਡਾ: ਗੁਰਦੀਪ ਕੌਰ, ਪ੍ਰੋ: ਆਸਾ ਸਿੰਘ ਘੁੰਮਣ, ਖੋਜੀ ਭਗਵਾਨ ਸਿੰਘ ਢਿੱਲੋਂ, ਡਾ: ਮਨਦੀਪ, ਡਾ: ਬਾਲ ਬਹਾਦਰ ਸਿੰਘ, ਡਾ: ਇੰਦਰਜੀਤ ਕੌਰ, ਡਾ: ਵਰਿੰਦਰ ਸਿੰਘ, ਪ੍ਰੋ: ਸਰਬਜੀਤ ਕੌਰ ਸੰਧਾਵਾਲੀਆ ਆਦਿ ਵਿਦਵਾਨਾਂ ਨੇ ਅਜੋਕੇ ਦੌਰ ‘ਚ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਆਦਰਸ਼ਾਂ ਦਾ ਧਿਆਨ ਰੱਖਣ ਦੀ ਲੋੜ ਤੇ ਜ਼ੋਰ ਦਿੱਤਾ, ਜਿਨ੍ਹਾਂ ਦੀ ਸਥਾਪਤੀ ਲਈ ਉਨ੍ਹਾਂ ਲੰਮੀਆਂ ਯਾਤਰਾਵਾਂ ਕੀਤੀਆਂ ਅਤੇ ਅਖੀਰ ਆਪਣੀ ਸ਼ਹਾਦਤ ਦਿੱਤੀ। ਉਨ੍ਹਾਂ ਹਰ ਹੀਲਾ ਵਰਤਣ ਤੇ ਜ਼ੋਰ ਦਿੱਤਾ ਜਿਹੜਾ ਸਮਾਜ ਵਿੱਚ ਸ਼ਾਂਤੀ ਦੀ ਸਥਾਪਨਾ ਕਰਨ ਲਈ ਲਾਹੇਵੰਦ ਹੋਵੇ।
ਕਾਨਫਰੰਸ ਦੇ ਮੁੱਖ ਪ੍ਰਬੰਧਕ ਜਵੱਦੀ ਟਕਸਾਲ ਦੇ ਮੁਖੀ ਸੰਤ ਗਿਆਨੀ ਅਮੀਰ ਸਿੰਘ ਜੀ ਨੇ ਸੰਕੋਚਵੇਂ ਸ਼ਬਦਾਂ ‘ਚ ਹਲੂਣਾ ਦਿੰਦੇ ਬੋਲਾਂ ਨਾਲ ਸਪੱਸ਼ਟਤਾ ਨਾਲ ਕਿਹਾ ਕਿ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੂੰ “ਹਿੰਦ ਦੀ ਚਾਦਰ”, “ਸ੍ਰਿਸ਼ਟੀ ਦੀ ਚਾਦਰ” ਅਤੇ “ਧਰਮ ਦੀ ਚਾਦਰ” ਆਦਿ ਨਾਵਾਂ ਨਾਲ ਯਾਦ ਕੀਤਾ ਜਾਂਦਾ ਹੈ। ਦਰ-ਅਸਲ ਗੁਰੂ ਸਾਹਿਬ ਜੀ ਨੇ “ਧਰਮ ਦੀ ਆਜ਼ਾਦੀ” ਨੂੰ ਬਚਾਉਣ ਲਈ ਆਪਣਾ ਸੀਸ ਭੇਟ ਕੀਤਾ। ਜਿਸ ਦਾ ਸਪੱਸ਼ਟ ਭਾਵ ਹੈ ਕਿ ਹਰ ਮਨੁੱਖ ਆਪਣੇ ਧਰਮ ਦੀਆਂ ਕਦਰਾਂ ਕੀਮਤਾਂ ਅਨੁਸਾਰ ਆਪਣਾ ਜੀਵਨ ਬਸਰ ਕਰੇ। ਹੁਣ, ਅਸੀਂ ਵੀ ਦ੍ਰਿੜਤਾ ਨਾਲ ਆਪਣੇ ਧਰਮ ਵੱਲ ਨਿਗ੍ਹਾ ਮਾਰੀਏ, ਪੜਚੋਲ ਕਰੀਏ ਕਿ ਸਾਡੇ ‘ਚੋਂ ਕੋਈ ਸਿੱਖੀ ਤੋਂ ਦੂਰ ਤਾਂ ਨਹੀਂ ਜਾ ਰਿਹਾ ? ਨਸ਼ਿਆਂ ਦੀ ਦਲਦਲ ‘ਚ ਤਾਂ ਨਹੀਂ ਫਸ ਰਹੇ ? ਮਾਦਾ ਭਰੂਣ ਹੱਤਿਆ ਦੀ ਭਾਵਨਾ ਤਾਂ ਪੈਦਾ ਨਹੀਂ ਹੋ ਰਹੀ ? “ਧਰਮ” “ਰਾਜਨੀਤੀ” ਦੇ ਕੁੰਡੇ ਹੇਠ ਤਾਂ ਨਹੀਂ ਫਸ ਗਿਆ ? ਅਸੀਂ ਸਿੱਖੀ ਨੂੰ ਕਿਸੇ ਰਾਜਸੀ ਧੜ੍ਹੇ ਦੇ ਅਹੁਦਿਆਂ/ਰੁਤਬਿਆਂ ਤੱਕ ਹੀ ਤਾਂ ਨਹੀਂ ਸਿਮਟਦੇ ਜਾ ਰਹੇ ? ਸਿੱਖੀ ਦੀ ਜੜ੍ਹ “ਨਿਮਰਤਾ ਅਤੇ ਸੇਵਾ” ਦੇ ਆਧਾਰ ਤੇ ਕਾਰਜ ਕਰਨ ਵਿੱਚ ਅਸੀਂ ਕਿੰਨੇ ‘ਕੁ ਸਫਲ ਹੋਏ ਹਾਂ ? ਆਪਣੇ ਆਪ ‘ਚ ਕੀਤਾ ਗਿਆ ਵਿਸ਼ਲੇਸ਼ਣ ਹੀ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ  350 ਸਾਲਾ ਸ਼ਹੀਦੀ ਸ਼ਤਾਬਦੀ ਮਨਾਉਣ ਦੇ ਸਫਲ ਯਤਨ ਹੋਣਗੇ। ਡਾ: ਸੁਖਪਾਲ ਕੌਰ ਨੇ ਸਮੁੱਚੀ ਕਾਨਫਰੰਸ ਦੀ ਰਿਪੋਰਟ ਪੜ੍ਹੀ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਭਾਈ ਘਨੱਈਆ ਜੀ ਮਿਸ਼ਨ ਸੇਵਾ ਸੁਸਾਇਟੀ ਵੱਲੋਂ ਐਮਰਜੈਂਸੀ ਹਾਲਾਤਾਂ ਵਿੱਚ ਖੂਨਦਾਨ ਕੈਂਪ ਲਾਇਆ 
Next articleਕਿਸਾਨਾਂ ਨੂੰ ਜ਼ਲੀਲ ਕਰਨਾ ਭਗਵੰਤ ਮਾਨ ਦੀ ਸੌੜੀ ਮਾਨਸਿਕਤਾ ਦੀ ਨਿਸ਼ਾਨੀ- ਅੰਮ੍ਰਿਤਪਾਲ ਭੌਂਸਲੇ