ਜੁਗਨੂੰ ਹਾਜ਼ਰ ਹੈ ….

ਬਾਠ ਬਲਵੀਰ

(ਸਮਾਜ ਵੀਕਲੀ)

ਅੱਜ ਦਾ ਦਿਨ ਪੰਜਾਬ ਦੀ ਸਿਆਸਤ ਵਿੱਚ ਇਤਿਹਾਸਕ ਬਦਲਾਅ ਵੱਜੋਂ ਵੇਖਿਆ ਜਾ ਰਿਹਾ ਹੈ ਜਦੋਂ ਕਿ ਪੰਜਾਬ ਵਿੱਚ ਦੋ ਰਵਾਇਤੀ ਪਾਰਟੀਆਂ ਨੂੰ ਲਾਂਭੇ ਕਰਦੀ ਹੋਈ ਇੱਕ ਤੀਜੀ ਧਿਰ ਦੀ ਸਰਕਾਰ ਹੋਂਦ ਵਿੱਚ ਆ ਰਹੀ ਹੈ ਜਿਸਦੀ ਵਾਗ-ਡੋਰ ਪਹਿਲੀ ਹੀ ਬਾਰ ਵਿਧਾਇਕ ਬਣੇ ਭਗਵੰਤ ਮਾਨ ਦੇ ਹੱਥਾਂ ਵਿੱਚ ਹੋਵੇਗੀ। ਇਸ ਵਿੱਚ ਕੋਈ ਦੋ ਰਾਵਾਂ ਨਹੀਂ ਕਿ ਭਗਵੰਤ ਮਾਨ ਅੱਜ ਬਹੁਤੇ ਪੰਜਾਬੀਆਂ ਦੇ ਹਰਮਨ ਪਿਆਰੇ ਨੇਤਾ ਵੱਜੋਂ ਜਾਣਿਆ ਜਾਂਦਾ ਹੈ ਅਤੇ ਸਿਸਟਮ ਤੋਂ ਤੰਗ ਹੋਏ ਲੋਕਾਂ ਨੇ ਕਹਿੰਦੇ ਕਹਾਉੰਦੇ ਲੀਡਰਾਂ ਦੀ ਪਿੱਠ ਲੁਆਕੇ ਭਗਵੰਤ ਮਾਨ ਅਤੇ ਉਸਦੀ ਪਾਰਟੀ ਨੂੰ ਭਰ-ਭਰ ਕੇ ਵੋਟਾਂ ਦਿੱਤੀਆਂ ਅਤੇ ਆਸ ਤੇ ਉਮੀਦਾਂ ਵਿੱਚ ਲਪੇਟਕੇ ਇੱਕ ਸ਼ਪਸਟ ਬਹੁਮਤ ਉਹਦੀ ਝੋਲੀ ਪਾਇਆ। ਸਿਆਸਤ ਦੀ ਇਸ ਖੇਡ ਵਿੱਚ ਵਾਅਦਿਆਂ, ਗਰੰਟੀਆਂ ਅਤੇ ਤਸੱਲੀਆਂ ਨਾਲ ਗੁੰਦੀ ਹੋਈ ਗੇਂਦ ਜਨਤਾ ਦੇ ਪਾਲੇ ਤੋਂ ਹੁੰਦੀ ਹੋਈ ਹੁਣ ਸਰਕਾਰ ਦੇ ਵਿਹੜੇ ਦਾਖਿਲ ਹੋ ਚੁੱਕੀ ਏ ਅਤੇ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਆਉਣ ਵਾਲੇ ਦਿਨਾਂ ਵਿੱਚ ਇਹ ਖੇਡ ਕਿੰਨੀ ਕੁ ਇਮਾਨਦਾਰੀ ਨਾਲ ਖੇਡੀ ਜਾਵੇਗੀ। ਨਿਰਸੰਦੇਹ ਭਗਵੰਤ ਮਾਨ ਅੱਜ ਦੇ ਦੌਰ ਵਿੱਚ ਇੱਕ ਇਮਾਨਦਾਰ, ਮਿਹਨਤੀ ਅਤੇ ਸੁਲਝਿਆ ਹੋਇਆ ਨੇਤਾ ਹੈ ਜੋ ਕਿ ਛੋਟੀ ਉਮਰ ਤੋਂ ਹੀ ਸਟੇਜਾਂ, ਕੈਸਟਾਂ ਅਤੇ ਟੀ ਵੀ ਸ਼ੋਆਂ ਦੇ ਜ਼ਰੀਏ ਵਿਅੰਗਆਤਮਕ ਕਮੇਡੀ ਕਰਦਿਆਂ ਸੰਸਦ ਦੀਆਂ ਪੌੜੀਆਂ ਚੜਿਆ ਜਿੱਥੇ ਉਸਨੇ ਭਰਪੂਰ ਹਾਜ਼ਰੀ ਦੇਕੇ ਪੰਜਾਬ ਦੇ ਲੱਗਭਗ ਹਰੇਕ ਮਸਲੇ ਨੂੰ ਦਿਲੋਂ ਉਠਾਇਆ। ਮਸਲੇ ਉਠਾਉਣੇ ਤੇ ਮਸਲੇ ਸੁਲਝਾਉਣੇ ਦੋ ਵੱਖ-ਵੱਖ ਪਹਿਲੂ ਹਨ ਪਰ ਜੇਕਰ ਨੀਅਤ ਚੰਗੀ ਹੋਵੇ ਤਾਂ ਅਸੰਭਵ ਕੁੱਝ ਨਹੀਂ। ਸਹੁੰ ਚੁੱਕ ਸਮਾਗਮ ਤੋਂ ਪਹਿਲਾਂ ਹੀ ਵਿਵਾਦਾਂ ਵਿੱਚ ਘਿਰੀ ਸਰਕਾਰ ਨੂੰ ਹਰ ਕਦਮ ਬਹੁਤ ਹੀ ਸੰਜੀਦਗੀ ਨਾਲ ਧਰਨਾਂ ਪਵੇਗਾ ਕਿਉੰਕਿ ਭਗਵੰਤ ਮਾਨ ਦੇ ਖ਼ੁਦ ਦੇ ਸ਼ਬਦਾਂ ਅਨੁਸਾਰ ਹੀ ਲੋਕਾਂ ਨੂੰ ਇਸ ਸਰਕਾਰ ਪਾਸੋਂ ਉਮੀਦ ਤੋਂ ਵੱਧ ਉਮੀਦਾਂ ਨੇ ਅਤੇ ਹਰ ਉਮੀਦ ਤੇ ਇਮਾਨਦਾਰੀ ਨਾਲ ਖ਼ਰੇ ਉਤਰਨ ਦੀ ਉਮੀਦ ਬਹੁਤ ਘੱਟ ਦੇਖਣ ਚ’ ਆਉੰਦੀ ਏ। ਪੂਰਨ ਬਹੁਮਤ ਦੇ ਹੁੰਦਿਆਂ ਭਾਵੇਂ ਵਿਰੋਧੀਆਂ ਵੱਲੋਂ ਤਾਂ ਰੁਕਾਵਟਾਂ ਨਾਂ ਪੈਣ ਪਰ ਬਾਰਡਰ ਸਟੇਟ ਦੇ ਹੁੰਦਿਆਂ ਸੈਂਟਰ ਦੀ ਬਹੁਮਤ ਸਰਕਾਰ ਦੇ ਅੱਗੇ ਲੈਣ ਵਾਲੇ ਕੂਟਨੀਤਕ ਫੈਸਲੇ, ਖੁਦ ਦੀ ਪਾਰਟੀ ਦੇ ਨੈਸ਼ਨਲ ਕਨਵੀਨਰ ਦੀ ਪੰਜਾਬ ਦੇ ਪਾਣੀਆਂ ਅਤੇ ਹੋਰ ਮਸਲਿਆਂ ਤੇ ਵਿਰੋਧੀ ਸੋਚ ਅੱਗੇ ਤੁਰਨਾਂ ਭਵਿੱਖ ਚ’ ਆਉਣ ਵਾਲੀਆਂ ਚੁਣੌਤੀਆਂ ਨੇ, ਜਿਸ ਨਾਲ ਆਮ ਬੰਦੇ ਨੂੰ ਤਾਂ ਸ਼ਾਇਦ ਬਹੁਤਾ ਸਾਰੋਕਾਰ ਨਾਂ ਹੋਵੇ ਪਰ ਸਰਕਾਰਾਂ  ਦੇ ਭਵਿੱਖ ਇਹਨਾਂ ਗੱਲਾਂ ਤੇ ਕਾਫ਼ੀ ਨਿਰਭਰ ਹੁੰਦੇ ਨੇ। ਦੋਸਤੋ ਮੈਂ ਕਿਸੇ ਵੀ ਰਾਜਨੀਤਕ ਪਾਰਟੀ ਦਾ ਹਮਾਇਤੀ ਜਾਂ ਵਿਰੋਧੀ ਨਹੀਂ ਅਤੇ ਮੇਰੇ ਵਿਚਾਰ ਅਨੁਸਾਰ ਜਲਦਬਾਜੀ ਅਤੇ ਅਹੁਦਿਆਂ ਦੀ ਦੁਰਵਰਤੋਂ ਨਾਂ ਕਰਦਿਆਂ ਕਾਹਲ਼ੀ ਅੱਗੇ ਟੋਏ ਵਾਲੀ ਕਹਾਵਤ ਚੇਤਿਆਂ ਚ’ ਰੱਖਦੇ ਹਰ ਕਦਮ ਦ੍ਰਿੜ੍ਹਤਾ, ਜ਼ਜ਼ਬੇ ਅਤੇ ਹੌਸਲੇ ਨਾਲ ਰੱਖਕੇ ਮੰਜਿਲਾਂ ਨੂੰ ਸੰਭਵ ਕੀਤਾ ਜਾ ਸਕਦਾ ਹੈ। ਭਾਵੇਂ ਕਿ ਉਪਰੋਕਤ ਦਿੱਕਤਾਂ ਭਵਿੱਖ ਦੇ ਗਰਭ ਵਿੱਚ ਹੋ ਸਕਦੀਆਂ ਨੇ ਪਰ ਪਹੁ-ਫੁਟਾਲੇ ਤੋਂ ਪਰੇ ਸੂਰਜ ਦੀ ਰੋਸ਼ਨੀ ਦੇ ਇੰਤਜ਼ਾਰ ਵਿੱਚ ਸਿਸਟਮ ਦਾ ਹਨੇਰਾ ਢੋਂਦੇ ਲੋਕਾਂ ਲਈ ਚਾਨਣ ਦੀ ਚਿਣਗ ਲ਼ੈਕੇ ਅੱਜ…. ਜੁਗਨੂੰ ਹਾਜ਼ਰ ਹੈ !
 “ਬਾਠ ਬਲਵੀਰ”

ਸਮਾਜ ਵੀਕਲੀਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸ਼ੁੱਧ ਪੰਜਾਬੀ ਕਿਵੇਂ ਲਿਖੀਏ?
Next articleSecurity Council extends mandate of UN mission in Afghanistan