ਸ਼ੁੱਧ ਪੰਜਾਬੀ ਕਿਵੇਂ ਲਿਖੀਏ?

(ਸਮਾਜ ਵੀਕਲੀ)

ਗੁਰਮੁਖੀ ਲਿਪੀ ਦੇ ਅੱਖਰ ‘ਲ’ ਪੈਰ-ਬਿੰਦੀ (ਲ਼) ਕਦੋਂ ਪਾਈਏ?
ਪੰਜਾਬੀ ਬੋਲੀ ਦੀ ‘ਲ’ ਪੈਰ-ਬਿੰਦੀ (ਲ਼) ਦੀ ਧੁਨੀ ਇੱਕ ਨਵੇਕਲ਼ੀ ਧੁਨੀ ਹੈ। ਸਮੁੱਚੇ ਭਾਰਤ ਅਤੇ ਪੂਰੇ ਸੰਸਾਰ ਵਿੱਚ ਅਜਿਹੀਆਂ ਬੋਲੀਆਂ ਬਹੁਤ ਹੀ ਘੱਟ ਹਨ ਜਿਨ੍ਹਾਂ ਵਿੱਚ ਦੰਤੀ (ਪਠਾਰੀ) ਧੁਨੀ ‘ਲ’ ਤੋਂ ਬਣੀ ‘ਲ਼’ ਅਰਥਾਤ ਉਲਟ-ਜੀਭੀ ਧੁਨੀ (ਲ ਪੈਰ-ਬਿੰਦੀ) ਦਾ ਉਚਾਰਨ ਮੌਜੂਦ ਹੈ। ਇਹ ਨਾਂ ਇਸ ਧੁਨੀ ਨੂੰ ਇਸ ਕਰਕੇ ਮਿਲ਼ਿਆ ਹੈ ਕਿਉਂਕਿ ਇਸ ਦਾ ਉਚਾਰਨ ਕਰਨ ਸਮੇਂ ਜੀਭ ਉਲਟ ਕੇ ਤਾਲ਼ੂ ਨਾਲ਼ ਜਾ ਲੱਗਦੀ ਹੈ। ਇਸ ਤੋਂ ਬਿਨਾਂ ਇਹ ਦੋਵੇਂ ਧੁਨੀਆਂ (ਲ ਅਤੇ ਲ਼) ਪਾਸੇਦਾਰ ਧੁਨੀਆਂ ਵੀ ਹਨ ਕਿਉਂਕਿ ਇਹਨਾਂ ਦਾ ਉਚਾਰਨ ਕਰਨ ਸਮੇਂ ਹਵਾ ਜੀਭ ਦੇ ਦੋਂਹਾਂ ਪਾਸਿਆਂ ਤੋਂ ਹੋ ਕੇ ਬਾਹਰ ਨਿਕਲ਼ਦੀ ਹੈ।
ਜਿੱਥੋਂ ਤੱਕ ਇਸ ਧੁਨੀ ਵੀ ਪੁਰਾਤਨਤਾ ਦਾ ਸੰਬੰਧ ਹੈ, ਪ੍ਰਸਿੱਧ ਸੰਸਕ੍ਰਿਤ-ਵਿਦਵਾਨ ਡਾ. ਸ਼ਿਆਮ ਦੇਵ ਪਾਰਾਸ਼ਰ (ਸੰਸਕ੍ਰਿਤ ਤਥਾ ਪੰਜਾਬੀ ਕੇ ਸੰਬੰਧ) ਅਨੁਸਾਰ ਬੋਲ-ਚਾਲ ਦੀ ਬੋਲੀ ਵਿੱਚ ਲ਼ ਧੁਨੀ ਦੀ ਵਰਤੋਂ ਵੇਦਾਂ ਦੇ ਸਮੇਂ ਤੋਂ ਹੀ ਕੀਤੀ ਜਾ ਰਹੀ ਹੈ। ਇਸ ਪ੍ਰਕਾਰ ਪੰਜਾਬੀ ਵਿੱਚ ਇਹ ਧੁਨੀ ਸਿੱਧੀ  ਵੇਦਾਂ ਤੋਂ ਹੀ ਆਈ ਹੈ। ਉਹਨਾਂ ਅਨੁਸਾਰ ਇਸ ਦਾ ਪ੍ਰਯੋਗ ਸੰਸਕ੍ਰਿਤ ਭਾਸ਼ਾ ਵਿੱਚ ਵੀ ਕਿਧਰੇ ਦਿਖਾਈ ਨਹੀਂ ਦਿੰਦਾ। ਵੇਦਾਂ ਤੋਂ ਬਿਨਾਂ ਇਸ ਧੁਨੀ ਦੀ ਵਰਤੋਂ ਪ੍ਰਾਕ੍ਰਿਤਾਂ ਅਤੇ ਪਾਲੀ ਭਾਸ਼ਾ ਵਿੱਚ ਵੀ ਕੀਤੀ ਗਈ ਹੈ। ਭਾਰਤੀ ਬੋਲੀਆਂ ਵਿੱਚੋਂ ਪੰਜਾਬੀ ਤੋਂ ਬਿਨਾਂ ਇਸ ਧੁਨੀ ਦੀ ਵਰਤੋਂ ਮਰਾਠੀ ਅਤੇ ਦ੍ਰਾਵਿੜ ਭਾਸ਼ਾਵਾਂ ਵਿੱਚ ਵੀ ਕੀਤੀ ਜਾਂਦੀ ਹੈ।
ਲਗਾਤਾਰ ਸਵਾ ਕੁ ਸਾਲ ਤੱਕ ਚੱਲੇ ਕਿਰਸਾਣੀ ਅੰਦੋਲਨ ਦੌਰਾਨ ਉੱਤਰ ਪ੍ਰਦੇਸ਼ ਦੇ ਪ੍ਰਸਿੱਧ ਕਿਰਸਾਣ-ਨੇਤਾ ਰਾਕੇਸ਼ ਟਿਕੈਤ ਨੂੰ ਵੀ ਆਪਣੀ ਬੋਲ-ਚਾਲ ਵਿੱਚ ਇਸ ਧੁਨੀ ਦੀ ਵਰਤੋਂ ਕਰਦਿਆਂ ਅਕਸਰ ਹੀ ਸੁਣਿਆ ਜਾਂਦਾ ਰਿਹਾ ਹੈ। ਉਹ ਮਿੱਟੀ ਦੇ ਢੇਲੇ ਨੂੰ ਵੀ ਪੰਜਾਬੀਆਂ ਵਾਂਗ ‘ਡਲ਼ਾ’ ਅਤੇ ਹਲ਼ ਨੂੰ ਵੀ ‘ਹਲ਼’ ਕਹਿੰਦੇ ਹੀ ਸੁਣਾਈ ਦਿੰਦੇ ਸਨ। ਪੁਰਾਣੇ ਪੰਜਾਬ ਦੀਆਂ ਹੱਦਾਂ ਕਿਉਂਕਿ ਦਿੱਲੀ ਨਾਲ਼ ਜਾ ਲੱਗਦੀਆਂ ਸਨ ਇਸ ਲਈ ਕੁਦਰਤੀ ਹੈ ਕਿ ਇਸ ਦੇ ਨਾਲ਼ ਲੱਗਦੇ ਕੁਝ ਕਿਲੋਮੀਟਰਾਂ ਦੇ ਇਲਾਕੇ ਵਿੱਚ ਵੀ ਪੁਰਾਤਨ ਸਮੇਂ ਤੋਂ ਹੀ ਪੰਜਾਬੀ ਬੋਲੀ ਦੇ ਪ੍ਰਭਾਵ ਕਾਰਨ ਇਹ ਧੁਨੀ ਬੋਲੀ ਜਾਂਦੀ ਹੋਵੇ। ਉਂਞ ਵੀ ਦਿੱਲੀ ਅਤੇ ਹਰਿਆਣਾ ਵਿੱਚ ਤਾਂ ਹੁਣ ਵੀ ਪੰਜਾਬੀ ਬੋਲੀ ਬੋਲਣ ਵਾਲ਼ੇ ਕਾਫ਼ੀ ਲੋਕ ਰਹਿੰਦੇ ਹਨ। ਇਸ ਤੋਂ ਬਿਨਾਂ ਹਰਿਆਣਵੀ ਭਾਸ਼ਾ ਵਿੱਚ ਵੀ ਇਸ ਧੁਨੀ ਦੀ ਹੋਂਦ ਸਹਿਜੇ ਹੀ ਮਹਿਸੂਸ ਕੀਤੀ ਜਾ ਸਕਦੀ ਹੈ। ਇਹੋ ਹੀ ਕਾਰਨ ਹੈ ਕਿ ਦਿੱਲੀ, ਹਰਿਆਣਾ ਤੇ ਪੱਛਮੀ ਉੱਤਰ ਪ੍ਰਦੇਸ਼ ਦੇ ਕੁਝ ਹਿੱਸਿਆਂ ਵਿੱਚ ਅੱਜ ਵੀ ਪੰਜਾਬੀ ਬੋਲੀ ਦੀ ਇਸ ਨਵੇਕਲ਼ੀ ਧੁਨੀ ਨੇ ਬੋਲ-ਚਾਲ ਦੀ ਭਾਸ਼ਾ ਵਿੱਚ ਆਪਣਾ ਸਥਾਨ ਕਿਸੇ ਨਾ ਕਿਸੇ ਹੱਦ ਤੱਕ ਬਹਾਲ ਰੱਖਿਆ ਹੈ। ਭਾਸ਼ਾ-ਵਿਗਿਆਨੀਆਂ ਅਨੁਸਾਰ ਭਾਰਤ ਤੋਂ ਬਾਹਰਲੇ ਦੇਸਾਂ ਵਿੱਚੋਂ ਇਹ ਧੁਨੀ ਜਪਾਨੀ ਭਾਸ਼ਾ ਵਿੱਚ ਹੀ ਮੌਜੂਦ ਹੈ।
ਇਸ ਪ੍ਰਕਾਰ ਅਸੀਂ ਦੇਖਦੇ ਹਾਂ ਕਿ ਬੋਲ-ਚਾਲ ਦੇ ਰੂਪ ਵਿੱਚ ਤਾਂ ਭਾਵੇਂ ਇਹ ਧੁਨੀ ਪੰਜਾਬੀ ਵਿੱਚ ਪਿਛਲੇ ਹਜ਼ਾਰਾਂ ਵਰ੍ਹਿਆਂ ਤੋਂ ਹੀ ਮੌਜੂਦ ਰਹੀ ਹੈ ਪਰ ਗੁਰਮੁਖੀ ਲਿਪੀ ਜਾਂ ਲਿਖਤੀ ਰੂਪ ਵਿੱਚ ਇਸ ਦੀ ਆਮਦ ਅਰਬੀ/ਫ਼ਾਰਸੀ ਭਾਸ਼ਾਵਾਂ ਦੇ ਸ਼ਬਦਾਂ ਨੂੰ ਲਿਖਣ ਲਈ ਵਰਤੀਆਂ ਜਾਣ ਵਾਲ਼ੀਆਂ ਧੁਨੀਆਂ ਸ਼ ਖ਼ ਗ਼ ਜ਼ ਫ਼ ਦੀ ਸ਼ਮੂਲੀਅਤ ਹੋਣ ਉਪਰੰਤ ਪਿਛਲੀ ਸਦੀ ਦੇ ਅੱਧ ਤੋਂ ਬਾਅਦ ‘ਪੰਜਾਬੀ ਸ਼ਬਦ-ਰੂਪ ਅਤੇ ਸ਼ਬਦ-ਜੋੜ ਕੋਸ਼’ (ਪੰ.ਯੂ.ਪ.) ਦੇ ਹੋਂਦ ਵਿੱਚ ਆਉਣ ‘ਤੇ ਹੀ ਸੰਭਵ ਹੋ ਸਕੀ ਹੈ। ਇਸ ਉਪਰੰਤ ਹੀ ਇਸ ਅੱਖਰ ਨੂੰ ਗੁਰਮੁਖੀ ਲਿਪੀ ਦੇ ਅੰਤਿਮ ਅਰਥਾਤ ਇਕਤਾਲ਼੍ਹੀਵੇਂ ਅੱਖਰ ਹੋਣ ਦਾ ਦਰਜਾ ਪ੍ਰਾਪਤ ਹੋ ਸਕਿਆ ਹੈ। ਡਾ. ਪ੍ਰੀਤਮ ਸਿੰਘ (ਪੰਜਾਬੀ ਭਾਸ਼ਾ ਦਾ ਆਲੋਚਨਾਤਮਿਕ ਅਧਿਐਨ) ਅਨੁਸਾਰ ਅਰਬੀ/ਫ਼ਾਰਸੀ ਭਾਸ਼ਾਵਾਂ ਦੇ ਸ਼ਬਦਾਂ ਨੂੰ ਲਿਖਣ ਲਈ ਪੈਰ-ਬਿੰਦੀ ਵਾਲ਼ੇ ਪਹਿਲੇ ਪੰਜ ਅੱਖਰਾਂ ਦੀ ਵਰਤੋਂ ਦੇ ਨਾਲ਼ ਹੀ ਅੰਗਰੇਜ਼ ਪਾਦਰੀਆਂ ਨੇ ਛੇਵੇਂ ਅੱਖਰ ਲ ਪੈਰ-ਬਿੰਦੀ (ਲ਼) ਦੀ ਵਰਤੋਂ ਕਰਨੀ ਵੀ ਸ਼ੁਰੂ ਕਰ ਦਿੱਤੀ ਸੀ ਪਰ ਗੁਰਮੁਖੀ ਲਿਪੀ ਵਿੱਚ ਇਸ ਅੱਖਰ ਦੀ ਬਾਕਾਇਦਾ ਆਮਦ, ਜਿਵੇਂਕਿ ਉੁਪਰ ਦੱਸਿਆ ਗਿਆ ਹੈ, ਉਪਰੋਕਤ ਕੋਸ਼ ਛਪਣ ਉਪਰੰਤ, ਵੀਹਵੀਂ ਸਦੀ ਦੇ ਦੂਜੇ ਅੱਧ ਵਿੱਚ ਹੀ ਸੰਭਵ ਹੋ ਸਕੀ ਸੀ।
ਇਸ ਸਮੇਂ ਗੁਰਮੁਖੀ ਲਿਪੀ ਵਿੱਚ ‘ਲ਼’ ਧੁਨੀ ਨੂੰ ਇੱਕ ਅਹਿਮ ਸਥਾਨ ਪ੍ਰਾਪਤ ਹੈ। ਇਸ ਦਾ ਪਹਿਲਾ ਕਾਰਨ ਤਾਂ ਇਹ ਹੈ ਕਿ ਇਸ ਧੁਨੀ ਨਾਲ਼ ਪੰਜਾਬੀ ਦੇ ਅਨੇਕਾਂ ਸ਼ਬਦਾਂ ਦੀ ਰਚਨਾ ਹੋਈ ਹੈ। ਦੂਜੇ, ਕਈ ਸ਼ਬਦ ਅਜਿਹੇ ਵੀ ਹਨ ਜਿਨ੍ਹਾਂ ਵਿੱਚ ਜੇਕਰ ਭੁਲੇਖੇਵੱਸ ‘ਲ਼’ ਧੁਨੀ ਦੀ ਥਾਂ ‘ਲ’ ਧੁਨੀ ਜਾਂ ‘ਲ’ ਦੀ ਥਾਂ ‘ਲ਼’ ਧੁਨੀ ਦੀ ਵਰਤੋਂ ਕਰ ਲਈ ਜਾਵੇ ਤਾਂ ਅਜਿਹਾ ਕਰਨ ਨਾਲ਼ ਸ਼ਬਦਾਂ ਦੇ ਅਰਥਾਂ ਵਿੱਚ ਵੀ ਅੰਤਰ ਆ ਜਾਂਦਾ ਹੈ। ਸਾਨੂੰ ਇਸ ਪੱਖੋਂ ਵੀ ਕਾਫ਼ੀ ਹੱਦ ਤਕ ਸੁਚੇਤ ਰਹਿਣ ਦੀ ਲੋਡ਼ ਹੈ। ਇਸ ਸੰਬੰਧੀ ਕੁਝ ਸ਼ਬਦਾਂ ਦੀਆਂ ਉਦਾਹਰਨਾਂ ਇਸ ਪ੍ਰਕਾਰ ਹਨ:
ਗੋਲੀ (ਨੌਕਰਾਣੀ)/ਗੋਲ਼ੀ (ਦਵਾ ਦੀ ਗੋਲ਼ੀ); ਬੋਲੀ (ਭਾਸ਼ਾ)/ ਬੋਲ਼ੀ (ਸੁਣਨ ਤੋਂ ਅਸਮਰਥ); ਜਲ (ਪਾਣੀ)/ ਜਲ਼ (ਸੜਨਾ); ਬਲ (ਤਾਕਤ)/ਬਲ਼ (ਅੱਗ ਦਾ ਬਲ਼ਨਾ); ਤਲ (ਪੱਧਰ)/ ਤਲ਼ (ਤਲ਼ਨਾ); ਬਾਲ (ਬੱਚਾ)/ ਬਾਲ਼ (ਅੱਗ ਬਾਲ਼ਨਾ); ਖੱਲ (ਚਮੜੀ)/ ਖਲ਼ (ਸਰ੍ਹੋਂ ਆਦਿ ਦੀ ਖਲ਼); ਗੋਲਾ (ਨੌਕਰ)/ ਗੋਲ਼ਾ (ਗੋਲ਼ਾਕਾਰ ਉੱਨ ਜਾਂ ਲੋਹੇ ਆਦਿ ਦਾ ਗੋਲ਼ਾ); ਕਾਲ (ਸਮੇਂ ਦੀ ਇਕਾਈ)/ ਕਾਲ਼ (ਖਾਣ-ਪੀਣ ਵਾਲ਼ੀਆਂ ਵਸਤਾਂ ਦੀ ਥੁਡ਼ ਹੋਣਾ); ਖੇਲ (ਖੇਡ)/ਖੇਲ਼ (ਪਾਣੀ ਦੀ ਖੇਲ਼); ਖ਼ਾਲੀ/ਖਾਲ਼ੀ; ਛੱਲ (ਪਾਣੀ ਦੀ ਲਹਿਰ)/ਛਲ਼ (ਕਪਟ, ਧੋਖਾ); ਵੱਲ (ਤਰਫ਼)/ਵਲ਼ (ਸਿਲਵਟ); ਪਲ (ਘੜੀ-ਪਲ)/ਪਲ਼ (ਪਲ਼ਨਾ); ਟੋਲੀ (ਕੁਝ ਲੋਕਾਂ ਦਾ ਇਕੱਠ); ਟੋਲ਼ੀ (ਲੱਭੀ); ਡੋਲੀ (ਘਬਰਾਈ, ਥਿੜਕੀ) ਡੋਲ਼ੀ (ਪਾਲਕੀ); ਦਲ (ਟੋਲਾ) ਦਲ਼ (ਦਾਲ਼ ਆਦਿ ਦਲ਼ਨਾ); ਹਾਲੋਂ (ਹਾਲੋਂ-ਬੇਹਾਲ ਹੋਣਾ)/ਹਾਲ਼ੋਂ (ਇੱਕ ਫ਼ਸਲ);  ਕੌਲਾ (ਇੱਕ ਵੱਡੀ ਕੌਲੀ)/ ਕੌਲ਼ਾ (ਥਮ੍ਹਲ਼ਾ); ਤੋਲਾ (ਤੋਲਣ ਵਾਲ਼ਾ) ਤੋਲ਼ਾ (ਭਾਰ ਤੋਲਣ ਦੀ ਇੱਕ ਇਕਾਈ) ਆਦਿ।
ਉਪਰੋਕਤ ਉਦਾਹਰਨਾਂ ਤੋਂ ਇਹ ਗੱਲ ਭਲੀ-ਭਾਂਤ ਸਿੱਧ ਹੋ ਜਾਂਦੀ ਹੈ ਕਿ ‘ਲ਼’ ਦੀ ਇਹ ‘ਲ’ ਧੁਨੀ ਤੋਂ ਬਿਲਕੁਲ ਹੀ ਵੱਖਰੀ ਹੈ ਤੇ ਇਸ ਦੀ ਵਰਤੋਂ ਨਾਲ਼ ਅਨੇਕਾਂ ਸ਼ਬਦਾਂ ਦੀ ਸਿਰਜਣਾ ਵੀ ਹੋਈ ਹੈ ਜਿਨ੍ਹਾਂ ਦਾ ਸ਼ੁੱਧ ਉਚਾਰਨ ਇਸ ਧੁਨੀ ਦੀ ਵਰਤੋਂ ਬਿਨਾਂ ਕੀਤਾ ਹੀ ਨਹੀਂ ਜਾ ਸਕਦਾ ਇਸੇ ਕਾਰਨ ਬੇਸ਼ੱਕ ਇਹ ਧੁਨੀ ਬੋਲ-ਚਾਲ ਦੀ ਬੋਲੀ ਵਿੱਚ ਪਿਛਲੇ ਹਜ਼ਾਰਾਂ ਸਾਲਾਂ ਤੋਂ ਪੰਜਾਬੀਆਂ ਦੇ ਅੰਗ-ਸੰਗ ਵਿਚਰਦੀ ਰਹੀ ਹੈ ਪਰ ਇਸ ਧੁਨੀ ਨੇ ਗੁਰਮੁਖੀ ਲਿਪੀ ਵਿੱਚ ਸ਼ਾਮਲ ਹੋ ਕੇ ਬੋਲ-ਚਾਲ ਦੀ ਬੋਲੀ ਦੇ ਨਾਲ਼-ਨਾਲ਼ ਲਿਖਤੀ ਬੋਲੀ ਵਿੱਚ ਵੀ ਅੱਜ ਆਪਣਾ ਵੱਖਰਾ ਅਤੇ ਚਿਰਾਂ ਤੋਂ ਗੁਆਚਿਆ ਹੋਇਆ ਸਥਾਨ ਫਿਰ ਤੋਂ ਪ੍ਰਾਪਤ ਕਰ ਲਿਆ ਹੈ।
ਆਓ, ਕੁਝ ਅਜਿਹੇ ਸ਼ਬਦਾਂ ਵੱਲ ਝਾਤੀ ਮਾਰੀਏ ਜਿਨ੍ਹਾਂ ਦੇ ਸ਼ਬਦ-ਜੋੜ ਅਸੀਂ ਕਿਸੇ ਭੁਲੇਖੇ ਕਾਰਨ ਗ਼ਲਤ ਲਿਖ ਦਿੰਦੇ ਹਾਂ। ਅਜਿਹੇ ਸ਼ਬਦਾਂ ਵਿੱਚੋਂ ਤਿੰਨ ਪ੍ਰਮੁੱਖ ਸ਼ਬਦ ਹਨ: ਨਾਲ਼, ਕੋਲ਼ ਅਤੇ ਵਾਲ਼ਾ। ਇਹ ਤਿੰਨ ਸ਼ਬਦ ਸਾਡੀ ਬੋਲ-ਚਾਲ ਦੀ ਬੋਲੀ ਦੇ ਨਾਲ਼-ਨਾਲ਼ ਲਿਖਤੀ ਭਾਸ਼ਾ ਵਿੱਚ ਵੀ ਸਭ ਤੋਂ ਵੱਧ ਵਰਤੇ ਜਾਂਦੇ ਹਨ ਪਰ ਤ੍ਰਾਸਦੀ ਇਹ ਹੈ ਕਿ ਬਹੁਤ ਹੀ ਘੱਟ ਲੋਕ ਇਹਨਾਂ ਵਿੱਚ ‘ਲ਼’ ਅੱਖਰ ਦੀ ਵਰਤੋਂ ਕਰਦੇ ਹਨ। ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਗੁਰਮੁਖੀ ਲਿਪੀ ਵਿੱਚ ਇਸ ਅੱਖਰ ਦੀ ਆਪਣੀ ਇੱਕ ਵੱਖਰੀ ਹੋਂਦ ਹੈ। ਜਿਵੇਂ ਗੁਰਮੁਖੀ ਲਿਪੀ ਦੇ ਕਿਸੇ ਇੱਕ ਅੱਖਰ ਨੂੰ ਅਸੀਂ ਕਿਸੇ ਹੋਰ ਅੱਖਰ ਦੀ ਥਾਂ ਨਹੀਂ ਵਰਤ ਸਕਦੇ ਇਸੇ ਤਰ੍ਹਾਂ ‘ਲ਼’ ਅੱਖਰ ਦੀ ਥਾਂ ਵੀ ਅਸੀਂ  ‘ਲ’ ਅੱਖਰ ਨੂੰ  ਨਹੀਂ ਵਰਤ ਸਕਦੇ। ਸਾਨੂੰ ਅਜਿਹੀਆਂ ਕੁਤਾਹੀਆਂ ਤੋਂ ਬਚਣ ਦੀ ਕੋਸ਼ਸ਼ ਕਰਨੀ ਚਾਹੀਦੀ ਹੈ।
ਇਕ ਗੱਲ ਹੋਰ ਵੀ ਯਾਦ ਰੱਖਣ ਵਾਲ਼ੀ ਹੈ ਕਿ ਉਪਰੋਕਤ ਸ਼ਬਦ; ‘ਨਾਲ਼’ ਵਿਚਲੀਆਂ ਧੁਨੀਆਂ ‘ਨ’ ਅਤੇ ‘ਲ਼’ ਨਾਲ਼ ਸੰਬੰਧਿਤ ਜਿੰਨੇ ਵੀ ਹੋਰ ਸ਼ਬਦ ਹਨ, ਲਗ-ਪਗ ਉਹ ਸਾਰੇ ‘ਲ਼’ ਅੱਖਰ ਨਾਲ ਹੀ ਲਿਖੇ ਜਾਣੇ ਹਨ, ਜਿਵੇਂ: ਨਾਲ਼, ਨਾਲ਼ੋਂ, ਨਾਲ਼ਾ, ਨਾਲ਼ੇ, ਨਾਲ਼ੀ, ਨਲ਼ਕੀ, ਨਾਲ਼ੀਆਂ, ਨਲ਼ਕਾ ਅਾਦਿ। ਇਸ ਪ੍ਰਕਾਰ ਇਹਨਾਂ ਧੁਨੀਆਂ ਵਾਲ਼ੇ ਸ਼ਬਦ ਲਿਖਣ ਲੱਗਿਆਂ ਵਧੇਰੇ ਸੋਚਣ ਦੀ ਵੀ ਲੋੜ ਨਹੀਂ ਹੈ ਕਿ ਇੱਥੇ ‘ਲ’ ਪੈਰ ਬਿੰਦੀ ਪੈਣੀ ਹੈ ਕਿ ਨਹੀਂ। ਅਸੀਂ ਨਿਰਸੰਕੋਚ ਹੋ ਕੇ ਤੁਰੰਤ ਅਜਿਹੇ ਸ਼ਬਦਾਂ ਦੇ ਲ ਪੈਰ ਬਿੰਦੀ ਪਾ ਸਕਦੇ ਹਾਂ। ‘ਲ਼’ ਧੁਨੀ ਦੀ ਸ਼ਮੂਲੀਅਤ ਵਾਲ਼ੇ ਅਜਿਹੇ ਹੀ ਕੁਝ ਹੋਰ ਸ਼ਬਦ ਹਨ:
ਗਲ਼, ਗਾਲ਼, ਗਲ਼ੀ, ਦਾਲ਼, ਦਲ਼ੀਆ, ਦਲ਼ਨਾ, ਔਲ਼ਾ, ਤਾਲ਼ੂ, ਤਾਲ਼ੂਆ, ਉਲ਼ਝਣ, ਨਿਓਲ਼ਾ, ਵਲ਼, ਵਾਲ਼ਾ, ਵੇਲ਼ਾ, ਤ੍ਰੇਲ਼, ਕਾਲ਼ਾ, ਪੀਲ਼ਾ, ਸਾਲ਼ਾ, ਸਾਉਲ਼ਾ (ਕਣਕਵੰਨਾ), ਖਾਲ਼ਾ, ਖਾਲ਼ੀ, ਘੋਲ਼, ਘੌਲ਼,  ਤਾਲ਼ੀ (ਤਾੜੀ), ਧੌਲ਼ (ਧੌਲ਼-ਧੱਫਾ), ਧੌਲ਼ੇ, ਚੌਲ਼, ਹੋਲ਼ਾਂ, ਹੌਲ਼ੀ, ਹੌਲ਼ਾ, ਫਲ਼, ਫਲ਼ਦਾਰ, ਡਲ਼੍ਹਕ, ਢਾਲ਼, ਢਾਲ਼ਵਾਂ, ਛਾਲ਼, ਜਾਲ਼, ਝੌਲ਼ਾ, ਟਾਲ਼, ਪਾਲ਼/ਪਾਲ਼ਨਾ, ਪ੍ਰਨਾਲ਼ੀ (ਰਵਾਇਤ), ਪਰਨਾਲ਼ਾ, ਪਾਲ਼ੇ (ਕਬੱਡੀ ਦੇ), ਪਾਲ਼ਾ (ਠੰਢ), ਟਾਲ਼ਨਾ, ਮੇਲ਼, ਨਾਨਕਾ-ਮੇਲ਼, ਮਿਲ਼, ਮਿਲ਼ਨੀ, ਹਥੇਲ਼ੀ, ਅਲ਼ਸੀ, ਕਲ਼ੇਜਾ, ਕਲ਼ਪਣਾ/ਕਲ਼ਪਾਉਣਾ, ਨਵੇਕਲ਼ੀ (ਨਿਵੇਕਲ਼ੀ/ਨਿਵੇਕਲ਼ਾ ਲਿਖਣਾ ਗ਼ਲਤ ਹੈ); ਕਲ਼ੇਸ (ਕਲੇਸ਼ ਲਿਖਣਾ ਗ਼ਲਤ ਹੈ), ਸਲ਼ੰਘ, ਪਰਾਲ਼ੀ, ਉਲ਼ਾਮ੍ਹਾ (ਉਲ਼ਾਂਭਾ ਲਿਖਣਾ ਗ਼ਲਤ ਹੈ) ਆਦਿ।
ਉਪਰੋਕਤ ਸ਼ਬਦਾਂ ਵਿੱਚੋਂ ਮੇਲ਼, ਮਿਲ਼ ਆਦਿ ਸ਼ਬਦਾਂ ਨਾਲ਼ ਸੰਬੰਧਿਤ ਕੁਝ ਸ਼ਬਦ ਭੁਲੇਖਾਪਾਊ ਜਿਹੇ ਵੀ ਹਨ, ਜਿਵੇਂ: ਮੇਲ਼, ਮਿਲ਼, ਮਿਲ਼ਨੀ ਆਦਿ ਸ਼ਬਦ ਤਾਂ ‘ਲ਼’ ਅੱਖਰ ਨਾਲ਼ ਹੀ ਲਿਖਣੇ ਹਨ ਪਰ ਮਿਲਣਸਾਰ, ਮਿਲਾਪ, ਮੇਲ਼-ਮਿਲਾਪ, ਮਿਲਾਪਡ਼ਾ, ਮਿਲਾਣ ਆਦਿ ਸ਼ਬਦ ‘ਲ’ ਮੁਕਤਾ ਅੱਖਰ ਨਾਲ਼ ਹੀ ਲਿਖੇ ਜਾਣੇ ਹਨ। ਇਸੇ ਤਰ੍ਹਾਂ ਮੂਲ ਸ਼ਬਦ ‘ਪਾਲ਼’ ਤੋਂ ਬਣੇ ਪਾਲ਼ਿਆ, ਪਾਲ਼ਦਾ, ਪਾਲ਼ਨਾ ਅਦਿ ਕੁਝ ਸ਼ਬਦ ਤਾਂ ਲ਼ ਅੱਖਰ ਨਾਲ਼ ਲਿਖਣੇ ਹਨ ਪਰ ਪਾਲਣ-ਪੋਸਣ (ਪੋਸ਼ਣ ਲਿਖਣਾ ਗ਼ਲਤ ਹੈ), ਪਾਲਣਹਾਰ ਆਦਿ ਸ਼ਬਦ ਲ ਅੱਖਰ ਨਾਲ਼ ਹੀ ਲਿਖਣੇ ਹਨ। ਇਸੇ ਭੁਲੇਖੇ ਕਾਰਨ ਅਸੀਂ ਕਈ ਵਾਰ ‘ਲ’ ਅੱਖਰ ਦੀ ਸ਼ਮੂਲੀਅਤ ਵਾਲ਼ੇ ਸ਼ਬਦਾਂ ਨੂੰ ਵੀ ‘ਲ਼’ ਅੱਖਰ ਨਾਲ਼ ਹੀ ਲਿਖਣ ਦੀ ਗ਼ਲਤੀ ਵੀ ਕਰ ਬੈਠਦੇ ਹਾਂ, ਜਿਵੇਂ:
ਉਪਰਾਲਾ, ਉਲੰਘਣਾ, ਢਾਲ (ਢਾਲ-ਤਲਵਾਰ), ਝੋਲ, ਘਾਲ, ਘਾਲਣਾ, ਘਾਲ-ਕਮਾਈ, ਢਲਾਣ, ਪਾਲਣਾ (ਪੰਘੂੜਾ), ਪੁਲਿਸ, ਪਾਲਿਸ਼, ਉਲੱਦਣਾ, ਅਲਸੇਟ, ਸਲੇਟੀ, ਕਲਪਨਾ, ਥਮ੍ਹਲਾ, ਤਾਲਾ, ਤਿਹਾਉਲਾ ਆਦਿ।
ਸੋ, ਜੇਕਰ ਅਸੀਂ ਚਾਹੁੰਦੇ ਹਾਂ ਕਿ ਮਾਂ-ਬੋਲੀ ਪੰਜਾਬੀ ਦੇ ਸ਼ਬਦ-ਜੋੜਾਂ ਵਿੱਚ ਇਕਸਾਰਤਾ ਬਰਕਰਾਰ ਰੱਖੀ ਜਾਵੇ ਤਾਂ ਸਾਨੂੰ ਅਜਿਹੇ ਵਿਆਕਰਨਿਕ ਅਤੇ ਭਾਸ਼ਾਈ ਨੁਕਤਿਆਂ ਵੱਲ ਵਿਸ਼ੇਸ਼ ਤੌਰ ‘ਤੇ ਧਿਆਨ ਦੇਣਾ ਚਾਹੀਦਾ ਹੈ।
ਜਸਵੀਰ ਸਿੰਘ ਪਾਬਲਾ,
ਲੰਗੜੋਆ, ਨਵਾਂਸ਼ਹਿਰ।
ਫ਼ੋਨ ਨੰ. 98884-03052.

ਸਮਾਜ ਵੀਕਲੀਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਹੋਲੀ ਕੀਨੀ ਸੰਤ ਸੇਵ, ਰੰਗ ਲਾਗਾ ਅਤੀ ਲਾਲ ਦੇਵ
Next articleਜੁਗਨੂੰ ਹਾਜ਼ਰ ਹੈ ….