HOME **ਵੈਰਾਗ ਦਾ ਚਾਅ***

**ਵੈਰਾਗ ਦਾ ਚਾਅ***

1
ਰਿਤੂ ਵਾਸੂਦੇਵ
(ਸਮਾਜ ਵੀਕਲੀ)
ਇਹ ਅੰਬਾਂ, ਜਾਮਣਾਂ ਦੇ ਬੁੱਤ ਸੱਜਣ,
ਹੈ, ਧਨੀਏ ਦੇ ਖਿੜਨ ਦੀ ਰੁੱਤ ਸੱਜਣ।
ਕਸੀਰਾਂ ਪਿੰਡਿਆਂ ਵਿੱਚ ਲੜਦੀਆਂ ਨੇ,
ਕਸੀਦੇ ਮੁੜ੍ਹਕਿਆਂ ਦੇ ਪੜ੍ਹਦੀਆਂ ਨੇ।
ਗੁਟਾਰਾਂ ਗੁਟਕਣਾ ਤੇ ਗੀਤ ਹੋਣਾ,
ਬੰਬੀਹੇ ਦੀ ‘ਸਦਾ’ ਸੰਗੀਤ ਹੋਣਾ।
ਬਕਾਇਣਾਂ ਰਸਤਿਆਂ ਨੂੰ ਇਸ਼ਕ ਲਾਉਣਾ,
ਸਫ਼ੈਦੇ ਚਟਕਣੇ ਤੇ ਬੂਰ ਆਉਣਾ।
ਹਮੇਲਾਂ ਲਰਜ਼ਣਾ ਤੇ ਡੰਗ ਲਾਉਣੇ,
ਸ਼ਰੀਹਾਂ ਦੇ ਗਲ਼ਾਂ ਵਿੱਚ ਹਾਰ ਪਾਉਣੇ।
ਕਿ ਲੋਟਣ ਪਹਿਨਣੇ, ਦਾਉਣੀ ਸਜਾਉਣੀ,
ਹਵਾ ਨੇ ਵਿਹਰ ਕੇ ਝਾਂਜਰ ਬਣਾਉਣੀ।
ਇਹ ਕਿੱਕਰਾਂ,ਟਾਹਲੀਆਂ,ਅੰਬੀਆਂ, ਕਰੀਰਾਂ,
ਇਹ ਸੱਭੇ ਰਾਣੀਆਂ, ਮੀਰਾਂ ਤੇ ਹੀਰਾਂ।
ਉਹ ਲਿਖਿਆ ਬੇਰੀਆਂ ਦੇ ਪੱਤ ਉੱਤੇ,
ਜੋ ਪਰਦਾ ਪਾ ਕੇ ਬੈਠਾ ਮੱਤ ਉੱਤੇ।
ਇਹ ਮੇਰਾ ਦਿਲ ਜੋ ਐਨਾ ਡੋਲਦਾ ਏ,
ਕੋਈ ਤਾਂ ਇਸ ਦੇ ਅੰਦਰ ਬੋਲਦਾ ਏ।
ਮੇਰੀ ਸ਼ੋਖ਼ੀ ਨੂੰ ਨਰਗਿਸ ਜਾਣਦੀ ਏ,
ਮੇਰਾ ਅਗਲਾ ਕਦਮ ਪਹਿਚਾਣਦੀ ਏ।
ਮੈਂ ਨੀਂਦਾਂ ਦੀ ਖ਼ੁਮਾਰੀ ਪੀ ਲਈ ਏ,
ਤੇ ਜਿੰਨੀ ਜੀਵਣੀ ਸੀ, ਜੀ ਲਈ ਏ
ਤੇ ਆਖ਼ਰ ਧਾਰ ਲਈ ਏ ਚੁੱਪ ਸੱਜਣ।
ਇਹ ਅੰਬਾਂ, ਜਾਮਣਾਂ ਦੇ ਬੁੱਤ ਸੱਜਣ,
ਹੈ ਧਨੀਏ ਦੇ ਖਿੜਨ ਦੀ ਰੁੱਤ ਸੱਜਣ!
~ ਰਿਤੂ ਵਾਸੂਦੇਵ
Previous articleਸਰਹੱਦਾਂ ਨੇ                                                         
Next articleਜਵੱਦੀ ਟਕਸਲ ਵੱਲੋਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਤਾਬਦੀ ਦੇ ਸੰਬੰਧ ‘ਚ ਤਿੰਨ ਰੋਜ਼ਾ ਵਿਸ਼ਵ ਕਾਨਫਰੰਸ 10,11 ਅਤੇ 12 ਮਈ ਨੂੰ — ਸੰਤ ਅਮੀਰ ਸਿੰਘ ਜੀ