ਮੋਦੀ ਸਰਕਾਰ ਵਲੋਂ ਆਦਿਵਾਸੀਆਂ ਅਤੇ ਘੱਟ ਗਿਣਤੀਆਂ ‘ਤੇ ਕੀਤੇ ਜਾ ਰਹੇ ਫਾਸ਼ੀ ਹਮਲਿਆਂ ਦੀ ਵਿਰੋਧਤਾ ਦਾ ਸੱਦਾ
ਕਪੂਰਥਲਾ, (ਸਮਾਜ ਵੀਕਲੀ) ( ਕੌੜਾ )- ਫਾਸ਼ੀਵਾਦੀ ਹਮਲਿਆਂ ਵਿਰੋਧੀ ਫਰੰਟ, ਜਿਸ ਵਿੱਚ ਸ਼ਾਮਲ ਭਾਰਤੀ ਕਮਿਊਨਿਸਟ ਪਾਰਟੀ, ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ ਲੈਨਿਨਵਾਦੀ) ਨਿਊ ਡੈਮੋਕਰੇਸੀ, ਭਾਰਤੀ ਕਮਿਊਨਿਸਟ ਪਾਰਟੀ (ਮ-ਲ) ਲਿਬਰੇਸ਼ਨ, ਇਨਕਲਾਬੀ ਮਾਰਕਸਵਾਦੀ ਪਾਰਟੀ( ਭਾਰਤ) ਵਲੋਂ 10 ਅਗਸਤ ਨੂੰ ਦੇਸ਼ ਅੰਦਰ ਵੱਧ ਰਹੇ ਫਾਸ਼ੀ ਹਮਲਿਆਂ ਅਤੇ ਪੰਜਾਬ ਅੰਦਰ ਵੱਧ ਰਹੇ ਪੁਲਿਸ ਜ਼ਬਰ ਖਿਲਾਫ਼, ਉੱਘੇ ਸੁਤੰਤਰਤਾ ਸੰਗਰਾਮੀ ਮਾਸਟਰ ਹਰੀ ਸਿੰਘ ਧੂਤ ਭਵਨ ਕਪੂਰਥਲਾ ਵਿਖੇ ਜ਼ਿਲ੍ਹਾ ਪੱਧਰੀ ਕਨਵੈਨਸ਼ਨ ਕੀਤੀ ਗਈ। ਕਨਵੈਨਸ਼ਨ ਦੀ ਪ੍ਰਧਾਨਗੀ ਸਾਥੀ ਤਰਸੇਮ ਸਿੰਘ ਬੰਨੇਮੰਲ, ਕਾਮਰੇਡ ਜੈਪਾਲ ਸਿੰਘ, ਮਹਿੰਦਰ ਸਿੰਘ ਅਲੌਦੀਪੁਰ ਅਤੇ ਸਰਵਨ ਸਿੰਘ ਨੇ ਕੀਤੀ। ਇਸ ਮੌਕੇ ਸੰਬੋਧਨ ਕਰਦਿਆਂ ਪਾਰਟੀ ਆਗੂਆਂ ਨੇ ਕਿਹਾ ਕਿ ਮੋਦੀ ਹਕੂਮਤ ਵਲੋਂ ਆਪਣੇ ਪਹਿਲੇ ਕਾਰਜ਼ਕਾਲ ਦੌਰਾਨ ਉੱਚ ਸੰਸਥਾਵਾਂ ਉੱਤੇ ਆਪਣੀ ਹਿੰਦੂਤਵ ਵਿਚਾਰਧਾਰਾ ਵਾਲੇ ਮੁੱਖੀਆਂ ਨੂੰ ਲਗਾਇਆ ਗਿਆ। ਇਤਿਹਾਸ ਨੂੰ ਵਿਗਾੜ ਕੇ ਮਿਥਿਹਾਸ ਲਿਖਣ ਵਾਲਿਆਂ ਨੂੰ ਲਗਾਇਆ ਗਿਆ। ਘੱਟ ਗਿਣਤੀਆਂ ਖਾਸਕਰ ਮੁਸਲਮਾਨ ਭਾਈਚਾਰੇ ਉੱਪਰ ਬੀਜੇਪੀ ਦੇ ਆਗੂਆਂ ਵਲੋਂ ਨਫਰਤੀ ਭਾਸ਼ਣਬਾਜ਼ੀ ਕੀਤੀ ਜਾਂਦੀ ਹੈ,ਗਊ ਰੱਖਿਆ ਦੇ ਨਾਮ ਤੇ ਭੀੜ ਵਲੋਂ ਉਨ੍ਹਾਂ ਨੂੰ ਮੌਤ ਦੇ ਘਾਟ ਉਤਾਰਨਾ ਆਦਿ ਘਟਨਾਵਾਂ ਸ਼ਾਮਲ ਹਨ। ਨਾਗਰਿਕਤਾ ਸੋਧ ਕਾਨੂੰਨ ਨੂੰ ਲੈ ਕੇ ਆਉਣ ਦੇ ਪਿੱਛੇ ਵੀ ਮੁਸਲਮਾਨ ਭਾਈਚਾਰੇ ਨੂੰ ਟਾਰਗੇਟ ਕੀਤਾ ਗਿਆ ਹੈ। ਬਿਹਾਰ ਵਿੱਚ ਚੋਣਾਂ ਵਿੱਚ ਵੋਟਾਂ ਦਾ ਨਿਰੀਖਣ ਕਰਨ ਦੇ ਨਾਮ ਹੇਠ ਵੱਡੇ ਪੱਧਰ ਤੇ ਵੋਟਾਂ ਨੂੰ ਕੱਟਣਾ ਵੀ ਇਕ ਫਾਸ਼ੀ ਹਮਲਾ ਹੈ। ਜੰਮੂ ਕਸ਼ਮੀਰ ਵਿੱਚ ਧਾਰਾ 370 ਤੋੜਨਾ, ਸੂਬੇ ਦਾ ਦਰਜਾ ਖਤਮ ਕਰਨਾ, ਆਪਣੇ ਹਿੱਤਾਂ ਅਨੁਸਾਰ ਸੁਪਰੀਮ ਕੋਰਟ ਤੋਂ ਫੈਸਲੇ ਕਰਵਾਉਣਾ, ਅਦਾਲਤਾਂ ਅੰਦਰ ਜੱਜਾਂ ਦੀਆਂ ਨਿਯੁਕਤੀਆਂ ਨੂੰ ਪ੍ਰਭਾਵਿਤ ਕਰਨਾ ਆਦਿ ਫਾਸ਼ੀ ਹਮਲੇ ਹਨ। ਗ੍ਰਹਿ ਮੰਤਰੀ ਅਮਿਤ ਸ਼ਾਹ ਵਲੋਂ ਮਾਓਵਾਦੀਆਂ ਨੂੰ 2026 ਤੱਕ ਮਾਰ ਮੁਕਾਉਣ ਦੀ ਨੀਤੀ ਆਪਣੇ ਦੇਸ਼ ਦੇ ਹੀ ਲੋਕਾਂ ਨੂੰ ਜਲ, ਜੰਗਲ ਅਤੇ ਜ਼ਮੀਨ ਖੋਹ ਕੇ ਕਾਰਪੋਰੇਟ ਘਰਾਣਿਆਂ ਹਵਾਲੇ ਕਰਨ ਲਈ ਖਤਮ ਕਰਨ ਦੀ ਨੀਤੀ ਹੈ। ਮਤਲਬ ਸਾਫ਼ ਹੈ ਕਿ ਹਰ ਵਿਰੋਧ ਦੀ ਆਵਾਜ਼ ਨੂੰ ਡੰਡੇ ਤੇ ਗੋਲੀ ਨਾਲ ਦਬਾਉਣ ਦਾ ਢੰਗ ਵਰਤਿਆ ਜਾਵੇਗਾ। ਆਦਿਵਾਸੀਆਂ ਦੇ ਹੱਕ ਵਿੱਚ ਅਤੇ ਜਮਹੂਰੀ ਹੱਕਾਂ ਦੀ ਗੱਲ ਕਰਨ ਵਾਲੇ ਬੁੱਧੀਜੀਵੀ, ਪੱਤਰਕਾਰ, ਲੇਖਕਾਂ ਨੂੰ ਝੂਠੇ ਕੇਸਾਂ ਵਿੱਚ ਫਸਾ ਕੇ ਨਜਾਇਜ਼ ਜੇਲਾਂ ਵਿੱਚ ਡੱਕਿਆ ਹੋਇਆ। ਪੰਜਾਬ ਅੰਦਰ ਕਾਰਪੋਰੇਟ ਘਰਾਣਿਆਂ ਦੀ ਸੇਵਾ ਕਰਨ ਖਾਤਰ ਕਿਸਾਨਾਂ ਮਜ਼ਦੂਰਾਂ ਨੂੰ ਉਜਾੜਨ ਲਈ ਲੈਂਡ ਪੂਲਿੰਗ ਸਕੀਮ ਲਾਗੂ ਕੀਤੀ ਜਾ ਰਹੀ ਹੈ ਅਤੇ ਪੰਜਾਬ ਨੂੰ ਪੁਲਿਸ ਰਾਜ ਵਿੱਚ ਤਬਦੀਲ ਕੀਤਾ ਜਾ ਰਿਹਾ ਹੈ।ਇਸ ਮੌਕੇ ਕਨਵੈਨਸ਼ਨ ਨੂੰ ਭਾਰਤੀ ਕਮਿਊਨਿਸਟ ਪਾਰਟੀ ਦੇ ਨੈਸ਼ਨਲ ਕੌਂਸਲ ਮੈਂਬਰ ਕਾਮਰੇਡ ਗੁਲਜ਼ਾਰ ਸਿੰਘ ਗੋਰੀਆਂ, ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ-ਲੈਨਿਨਵਾਦੀ)ਨਿਊ ਡੈਮੋਕਰੇਸੀ ਦੇ ਆਗੂ ਕਾਮਰੇਡ ਬਲਵਿੰਦਰ ਸਿੰਘ ਭੁੱਲਰ, ਭਾਰਤੀ ਕਮਿਊਨਿਸਟ ਪਾਰਟੀ( ਮ – ਲ) ਲਿਬਰੇਸ਼ਨ ਦੇ ਆਗੂ ਨਿਰਮਲ ਸਿੰਘ ਛੱਜਲਵੱਡੀ, ਇਨਕਲਾਬੀ ਮਾਰਕਸਵਾਦੀ ਪਾਰਟੀ (ਭਾਰਤ) ਦੇ ਆਗੂ ਹਰਬੰਸ ਮੱਟੂ, ਸੀ ਪੀ ਆਈ ਦੇ ਆਗੂ ਕਾਮਰੇਡ ਮੁਕੰਦ ਸਿੰਘ, ਨਿਊ ਡੈਮੋਕ੍ਰੇਸੀ ਦੇ ਨਿਰਮਲ ਸਿੰਘ ਸ਼ੇਰਪੁਰ ਸੱਧਾ ਨੇ ਸੰਬੋਧਨ ਕੀਤਾ। ਇਸ ਤੋਂ ਇਲਾਵਾ ਮਾਸਟਰ ਚਰਨ ਸਿੰਘ, ਐਡਵੋਕੇਟ ਰਜਿੰਦਰ ਸਿੰਘ ਰਾਣਾ, ਹੰਸਾ ਸਿੰਘ ਮੂੰਡੀ, ਪੂਰਨ ਸਿੰਘ ਅਲੋਦੀਪੁਰ, ਬਲਵਿੰਦਰ ਸਿੰਘ ਵਿਲਾ ਕੋਠੀ, ਕੇ ਐਲ ਕੌਸ਼ਲ ਆਦਿ ਆਗੂ ਹਾਜਰ ਸਨ।ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



