
* ਕੈਂਬਰਿਜ ‘ਚ ਵਿਦਿਆਰਥੀ ਰਿਹਾਇਸ਼ ਨੇੜੇ ਚਾਕੂ ਮਾਰ ਕੇ ਕੀਤੀ ਸੀ ਹੱਤਿਆ
ਲੈਸਟਰ (ਇੰਗਲੈਂਡ) (ਸਮਾਜ ਵੀਕਲੀ) (ਸੁਖਜਿੰਦਰ ਸਿੰਘ ਢੱਡੇ)– ਕੈਂਬਰਿਜ ਵਿਚ ਸਾਊਦੀ ਅਰਬ ਤੋਂ ਪੜ੍ਹਾਈ ਲਈ ਆਏ 20 ਸਾਲਾ ਵਿਦਿਆਰਥੀ ਮੁਹੰਮਦ ਅਲਗਾਸਿਮ ਦੀ ਬੇਵਜ੍ਹਾ ਹੱਤਿਆ ਕਰਨ ਵਾਲੇ ਚਾਸ ਕੋਰੀਗਨ ਨੂੰ ਅਦਾਲਤ ਨੇ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਕੈਂਬਰਿਜ ਕਰਾਊਨ ਅਦਾਲਤ ਨੇ 22 ਸਾਲਾ ਕੋਰੀਗਨ ਨੂੰ ਘੱਟੋ-ਘੱਟ 22 ਸਾਲ ਅਤੇ 6 ਮਹੀਨੇ ਦੀ ਕੈਦ ਭੁਗਤਣ ਦੇ ਹੁਕਮ ਦਿੱਤੇ ਹਨ। ਅਦਾਲਤ ਵਿਚ ਸੁਣਵਾਈ ਦੌਰਾਨ ਦੱਸਿਆ ਗਿਆ ਕਿ 1 ਅਗਸਤ 2025 ਦੀ ਰਾਤ ਮੁਹੰਮਦ ਅਲਗਾਸਿਮ ਆਪਣੇ ਦੋਸਤਾਂ ਨਾਲ ਵਿਦਿਆਰਥੀ ਰਿਹਾਇਸ਼ ਦੇ ਬਾਹਰ ਬੈਠਾ ਹੋਇਆ ਸੀ, ਜਦੋਂ ਚਾਸ ਕੋਰੀਗਨ ਉਥੇ ਆਇਆ। ਸੀਸੀਟੀਵੀ ਫੁਟੇਜ ਵਿਚ ਕੋਰੀਗਨ ਨੂੰ ਪਹਿਲਾਂ ਅਲਗਾਸਿਮ ਨਾਲ ਗੱਲ ਕਰਦੇ ਅਤੇ ਫਿਰ ਉਥੋਂ ਜਾਂਦੇ ਹੋਏ ਦੇਖਿਆ ਗਿਆ। ਕੁਝ ਸਮੇਂ ਬਾਅਦ ਉਹ ਮੁੜ ਵਾਪਸ ਆਇਆ ਅਤੇ ਚਾਕੂ ਕੱਢ ਲਿਆ। ਆਪਣੀ ਜਾਨ ਬਚਾਉਣ ਲਈ ਅਲਗਾਸਿਮ ਦੌੜਿਆ ਪਰ ਕੋਰੀਗਨ ਨੇ ਉਸ ਦਾ ਪਿੱਛਾ ਕਰਕੇ ਗਲੇ ਵਿਚ ਚਾਕੂ ਮਾਰ ਦਿੱਤਾ। ਸਰਕਾਰੀ ਵਕੀਲ ਨਿਕੋਲਸ ਹਰਨ ਨੇ ਅਦਾਲਤ ਨੂੰ ਦੱਸਿਆ ਕਿ ਮੁਹੰਮਦ ਅਲਗਾਸਿਮ ਕਿਸੇ ਲਈ ਵੀ ਖ਼ਤਰਾ ਨਹੀਂ ਸੀ ਅਤੇ ਉਹ ਸਿਰਫ਼ ਆਪਣੀ ਪੜ੍ਹਾਈ ਲਈ ਸਾਊਦੀ ਅਰਬ ਤੋਂ ਕੈਂਬਰਿਜ ਆਇਆ ਸੀ। ਪੋਸਟਮਾਰਟਮ ਰਿਪੋਰਟ ਅਨੁਸਾਰ ਗਲੇ ਵਿਚ ਲੱਗੇ ਇਕੋ ਚਾਕੂ ਦੇ ਵਾਰ ਨਾਲ ਉਸ ਦੀ ਮੁੱਖ ਖ਼ੂਨ ਦੀ ਨਾੜੀ ਕੱਟ ਗਈ, ਜਿਸ ਕਾਰਨ ਬਹੁਤ ਜ਼ਿਆਦਾ ਖ਼ੂਨ ਵਹਿਣ ਨਾਲ ਉਸ ਦੀ ਮੌਤ ਹੋ ਗਈ। ਮੁਕੱਦਮੇ ਦੌਰਾਨ ਕੋਰੀਗਨ ਨੇ ਦਾਅਵਾ ਕੀਤਾ ਕਿ ਉਸ ਨੂੰ ਲੱਗਿਆ ਸੀ ਕਿ ਅਲਗਾਸਿਮ ਹਮਲਾਵਰ ਰਵੱਈਆ ਅਪਣਾ ਰਿਹਾ ਹੈ ਅਤੇ ਉਹ ਆਪਣੇ ਕੋਲ ਰੱਖਿਆ ਚਾਕੂ ਸਿਰਫ਼ ਡਰਾਉਣ ਲਈ ਵਰਤਣਾ ਚਾਹੁੰਦਾ ਸੀ। ਪਰ ਜਿਊਰੀ ਨੇ ਦੋ ਘੰਟਿਆਂ ਤੋਂ ਵੀ ਘੱਟ ਸਮੇਂ ਵਿਚ ਉਸ ਨੂੰ ਕਤਲ ਦਾ ਦੋਸ਼ੀ ਕਰਾਰ ਦੇ ਦਿੱਤਾ। ਅਦਾਲਤ ਵਿਚ ਪੇਸ਼ ਕੀਤੇ ਗਏ ਸਬੂਤਾਂ ਅਨੁਸਾਰ ਕੋਰੀਗਨ ਘਟਨਾ ਵਾਲੀ ਰਾਤ ਸ਼ਰਾਬ ਅਤੇ ਨਸ਼ੀਲੇ ਪਦਾਰਥਾਂ ਦੇ ਪ੍ਰਭਾਵ ਹੇਠ ਸੀ ਅਤੇ ਇਕ ਸਥਾਨਕ ਪੱਬ ਵਿਚ ਉਸ ਦਾ ਵਿਵਹਾਰ ਵੀ ਅਸਧਾਰਨ ਦੱਸਿਆ ਗਿਆ ਸੀ। ਮ੍ਰਿਤਕ ਵਿਦਿਆਰਥੀ ਦੇ ਪਰਿਵਾਰ ਨੇ ਇਕ ਬਿਆਨ ਵਿਚ ਕਿਹਾ ਕਿ ਮੁਹੰਮਦ ਅਲਗਾਸਿਮ ਬਹੁਤ ਹੀ ਖੁਸ਼ਮਿਜਾਜ਼, ਹਿੰਮਤੀ ਅਤੇ ਮਦਦਗਾਰ ਨੌਜਵਾਨ ਸੀ। ਉਹ ਆਪਣੇ ਮਾਪਿਆਂ ਦਾ ਸਹਾਰਾ, ਭੈਣਾਂ ਦਾ ਪਿਆਰਾ ਭਰਾ ਅਤੇ ਪਰਿਵਾਰ ਦੀ ਸ਼ਾਨ ਸੀ। ਪਰਿਵਾਰ ਨੇ ਕਿਹਾ ਕਿ ਉਸ ਦੀ ਮੌਤ ਨਾਲ ਉਨ੍ਹਾਂ ਦੀ ਜ਼ਿੰਦਗੀ ਵਿਚ ਕਦੇ ਨਾ ਪੂਰਾ ਹੋਣ ਵਾਲਾ ਖਾਲੀਪਣ ਪੈਦਾ ਹੋ ਗਿਆ ਹੈ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly


