ਲੁਧਿਆਣਾ (ਸਮਾਜ ਵੀਕਲੀ) (ਕਰਨੈਲ ਸਿੰਘ ਐੱਮ.ਏ.) ਕਿੱਡੀ ਸੰਗਤ ਵੱਲੋਂ ਮੌਜੂਦਾ ਸਮੇਂ ਦੀ ਸਿੱਖ ਫੁੱਲਵਾੜੀ ਨੂੰ ਆਪਣੇ ਧਰਮ, ਵਿਰਸੇ ਤੇ ਇਤਿਹਾਸ ਨਾਲ ਜੋੜਨ ਖਾਸ ਕਰਕੇ ਉਨ੍ਹਾਂ ਨੂੰ ਗੁਰੂ ਸਾਹਿਬਾਨ ਵੱਲੋਂ ਬਖ਼ਸ਼ੀ ਗੁਰਬਾਣੀ ਕੀਰਤਨ ਦੀ ਵਿਰਾਸਤੀ ਕਲਾ ਨੂੰ ਸਿਖਾਉਣ ਤੇ ਗਾਇਨ ਕਰਵਾਉਣ ਅਤੇ ਮਾਡਰਨ ਢੰਗ ਨਾਲ ਉਨ੍ਹਾਂ ਅੰਦਰ ਗੁਰਮਤਿ ਤੇ ਅਧਾਰਿਤ ਗੁਣਨਾਤਮਕ ਤੇ ਕਲਾਨਾਤਮਕ ਰੁਚੀਆਂ ਨੂੰ ਉਭਾਰਨ ਲਈ ਸਮਰ ਕੈਂਪ ਰਾਹੀਂ ਕੀਤੇ ਜਾ ਰਹੇ ਉਪਰਾਲੇ ਸਮੁੱਚੀ ਕੌਮ ਲਈ ਪ੍ਰੇਰਨਾ ਦਾ ਸਰੋਤ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ੍ਰ: ਇੰਦਰਜੀਤ ਸਿੰਘ ਮੱਕੜ ਨੇ ਅੱਜ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਐਕਸਟੈਨਸ਼ਨ ਲੁਧਿਆਣਾ ਵਿਖੇ ਕਿੱਡੀ ਸੰਗਤ ਵੱਲੋਂ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਨਿੱਘੇ ਸਹਿਯੋਗ ਨਾਲ ਆਯੋਜਿਤ ਕੀਤੇ ਗਏ ਕਿੱਡੀ ਸੰਗਤ ਸਮਰ ਕੈਂਪ ਮੌਕੇ ਇਕੱਤਰ ਹੋਈਆਂ ਸੰਗਤਾਂ, ਪ੍ਰਮੁੱਖ ਧਾਰਮਿਕ ਸ਼ਖ਼ਸ਼ੀਅਤਾਂ ਤੇ ਸਮਰ ਕੈਂਪ ਵਿੱਚ ਭਾਗ ਲੈਣ ਵਾਲੇ ਬੱਚਿਆਂ ਦੇ ਮਾਪਿਆਂ ਨੂੰ ਸੰਬੋਧਨ ਕਰਦਿਆਂ ਹੋਇਆਂ ਕੀਤਾ। ਉਨ੍ਹਾਂ ਨੇ ਆਪਣੇ ਪ੍ਰਭਾਵਸ਼ਾਲੀ ਸੰਬੋਧਨ ਵਿੱਚ ਕਿਹਾ ਕਿ ਕਿੱਡੀ ਸੰਗਤ ਦੀ ਪ੍ਰਮੁੱਖ ਜੈਸਮੀਨ ਕੌਰ ਤੇ ਦਵਿੰਦਰਪਾਲ ਸਿੰਘ ਵੱਲੋਂ ਨਵੇਕਲੀ ਪਹਿਲ ਕਦਮੀ ਕਰਦਿਆਂ ਹੋਇਆਂ ਬੱਚਿਆਂ ਲਈ ਲਗਾਇਆ ਗਿਆ “ਕਿੱਡੀ ਸੰਗਤ ਸਮਰ ਕੈਂਪ” ਇੱਕ ਵੱਡਾ ਇਤਿਹਾਸਕ ਕਾਰਜ ਹੈ। ਜਿਸ ਲਈ ਮੈ ਕਿੱਡੀ ਸੰਗਤ ਦੀ ਸਮੁੱਚੀ ਟੀਮ ਦੇ ਮੈਂਬਰਾਂ ਤੇ ਬੱਚਿਆਂ ਨੂੰ ਆਪਣੀ ਦਿਲੀ ਆਸੀਸ ਤੇ ਮੁਬਾਰਕਬਾਦ ਦਿੰਦਾ ਹਾਂ। ਇਸ ਦੌਰਾਨ ਸੰਗਤਾਂ ਦੇ ਨਾਲ ਆਪਣੇ ਵਿਚਾਰਾਂ ਦੀ ਸਾਂਝ ਕਰਦਿਆਂ ਸ੍ਰ: ਗੁਰਦੀਪ ਸਿੰਘ ਡੀਮਾਰਟੇ ਪ੍ਰਧਾਨ ਮਾਡਲ ਟਾਊਨ ਵੈਲਫੇਅਰ ਸੁਸਾਇਟੀ, ਸ੍ਰ: ਇੰਦਰਜੀਤ ਸਿੰਘ ਖੁਰਾਣਾ ਤੇ ਸ੍ਰ: ਜਸਪਾਲ ਸਿੰਘ ਪਿੰਕੀ, ਸ੍ਰ: ਤੇਜਵਿੰਦਰ ਸਿੰਘ ਬਿਗ ਬੈਨ ਨੇ ਕਿਹਾ ਕਿ ਗੁਰਬਾਣੀ ਕੀਰਤਨ ਕਰਨ ਦੀ ਪੱਧਤੀ ਨੂੰ ਸਿੱਖ ਬੱਚਿਆਂ ਅੰਦਰ ਉਭਾਰਨ ਦੇ ਲਈ ਕਿੱਡੀ ਸੰਗਤ ਵੱਲੋਂ ਲੁਧਿਆਣਾ ਸ਼ਹਿਰ ਵਿਖੇ ਚਲਾਈ ਗਈ ਵਿਸ਼ੇਸ਼ ਮੁਹਿੰਮ ਦੇ ਤਹਿਤ ਬੱਚਿਆਂ ਨੂੰ ਸ਼ੁੱਧ ਗੁਰਬਾਣੀ ਦਾ ਉਚਾਰਨ ਕਰਨ ਅਤੇ ਕੀਰਤਨ ਕਰਨ ਦੀ ਜੋ ਸਿਖਲਾਈ ਦਿੱਤੀ ਗਈ। ਉਹ ਇੱਕ ਸ਼ਲਾਘਾਯੋਗ ਕਾਰਜ ਹੈ। ਉਨ੍ਹਾਂ ਨੇ ਸਮਰ ਕੈਂਪ ਵਿੱਚ ਭਾਗ ਲੈਣ ਵਾਲੇ ਸਮੂਹ ਬੱਚਿਆਂ ਦੀ ਹੌਸਲਾ ਅਫਜ਼ਾਈ ਕਰਦਿਆਂ ਹੋਇਆਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਇਹ ਬੱਚੇ ਕੀਰਤਨ ਕਰਨ ਦੀ ਸਿਖਲਾਈ ਪ੍ਰਾਪਤ ਕਰਕੇ ਕੌਮ ਦੇ ਲਈ ਚਾਨਣ ਦਾ ਮੁਨਾਰਾ ਬਣਨਗੇ। ਇਸ ਮੌਕੇ ਉਨ੍ਹਾਂ ਨੇ ਸੰਗਤਾਂ ਨੂੰ ਵੀ ਅਪੀਲ ਕੀਤੀ ਕਿ ਉਹ ਕੌਮ ਦੇ ਬੱਚਿਆਂ ਨੂੰ ਬਾਣੀ ਤੇ ਬਾਣੇ ਦੇ ਸਿਧਾਂਤ ਨਾਲ ਜੋੜਨ ਦੇ ਲਈ ਆਪਣੀ ਸਰਗਰਮ ਭੂਮਿਕਾ ਨਿਭਾਉਣ ਤਾਂ ਕਿ ਗੁਰੂ ਨਾਨਕ ਸਾਹਿਬ ਵੱਲੋਂ ਲਗਾਈ ਸਿੱਖੀ ਦੀ ਫੁੱਲਵਾੜੀ ਹੋਰ ਮਹਿਕ ਸਕੇ। ਇਸ ਤੋਂ ਪਹਿਲਾਂ ਸਮਰ ਕੈਂਪ ਸੰਬੰਧੀ ਆਯੋਜਿਤ ਕੀਤੇ ਗਏ ਸਮਾਗਮ ਅੰਦਰ ਬੱਚਿਆਂ ਨੇ ਆਪਣੀਆਂ ਵੱਖ-ਵੱਖ ਕਲਾਵਾਂ, ਕਵਿਤਾਵਾਂ ਅਤੇ ਗਿਟਾਰ ਰਾਹੀਂ ਸਮੂਹਿਕ ਰੂਪ ਵਿੱਚ ਗੁਰਬਾਣੀ ਦਾ ਆਨੰਦਮਈ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ। ਸਮਾਗਮ ਦੀ ਸਮਾਪਤੀ ਮੌਕੇ ਕਿੱਡੀ ਸੰਗਤ ਸਮਰ ਕੈਂਪ ਦੀ ਇੰਚਾਰਜ ਮੈਡਮ ਜੈਸਮੀਨ ਕੌਰ, ਦਵਿੰਦਰਪਾਲ ਸਿੰਘ, ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸ੍ਰ: ਇੰਦਰਜੀਤ ਸਿੰਘ ਮੱਕੜ, ਸ੍ਰ: ਤਰਨਜੀਤ ਸਿੰਘ ਦਸ਼ਮੇਸ਼ ਪੰਪ ਵਾਲਿਆਂ ਸਮੇਤ, ਕਈ ਹੋਰ ਪ੍ਰਮੁੱਖ ਸ਼ਖ਼ਸ਼ੀਅਤਾਂ ਵੱਲੋਂ ਸਾਂਝੇ ਰੂਪ ਵਿੱਚ ਕਿੱਡੀ ਸੰਗਤ ਸਮਰ ਕੈਂਪ ਵਿੱਚ ਭਾਗ ਲੈਣ ਵਾਲੇ ਸਮੂਹ ਬੱਚਿਆਂ ਤੇ ਟੀਚਰ ਸਾਹਿਬਾਨ ਨੂੰ ਜੈਕਾਰਿਆਂ ਦੀ ਗੂੰਜ ਵਿੱਚ ਸਰਟੀਫਿਕੇਟ ਤੇ ਇਨਾਮ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਸਮੇ ਉਨ੍ਹਾਂ ਦੇ ਨਾਲ ਬਿਗ-ਬੈਨ ਪ੍ਰੀਵਾਰ ਦੇ ਸ੍ਰ: ਤੇਜਵਿੰਦਰ ਸਿੰਘ, ਸ੍ਰ: ਗੁਰਦੀਪ ਸਿੰਘ ਡੀਮਾਰਟੇ ਪ੍ਰਧਾਨ ਮਾਡਲ ਟਾਊਨ ਵੈਲਫੇਅਰ ਐਸੋਸੀਏਸ਼ਨ, ਨਰਿੰਦਰਪਾਲ ਸਿੰਘ ਕਥੂਰੀਆ, ਭੁਪਿੰਦਰ ਸਿੰਘ ਜੁਨੇਜਾ, ਬਲਬੀਰ ਸਿੰਘ ਭਾਟੀਆ, ਮੈਡਮ ਕੀਰਤੀ ਗਰੋਵਰ, ਬੀਬੀ ਸੁਮੀਤ ਕੌਰ ਭਾਟੀਆ ਸਮੇਤ ਕਈ ਪ੍ਰਮੁੱਖ ਸ਼ਖ਼ਸ਼ੀਅਤਾਂ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly


