ਅੱਖੀਂ ਵੇਖਿਆ ਝੂਠ 

ਡਾ ਇੰਦਰਜੀਤ ਕਮਲ 
(ਸਮਾਜ ਵੀਕਲੀ)  –  26,27 ਸਾਲ ਪਹਿਲਾਂ ਦੀ ਗੱਲ ਹੈ , ਅਸੀਂ ਸ਼ਾਮ ਦੇ ਵਕਤ ਘਰ ਵਿੱਚ ਹੀ ਗੱਲਾਂ ਬਾਤਾਂ ਕਰ ਰਹੇ ਸੀ ਕਿ ਅਚਾਨਕ ਸਾਡੇ ਗਵਾਂਢੀਆਂ ਦੇ ਮੁੰਡੇ ਦੀ ਚੀਖ ਵਰਗੀ ਆਵਾਜ਼ ਆਈ , ” ਮੇਰੀ ਮੰਮੀ ਨੂੰ ਕਰੰਟ ਲੱਗ ਗਿਆ ! “
        ਮੇਰੇ ਮਾਤਾ ਜੀ ਇੱਕ ਦੰਮ ਉੱਠ ਕੇ ਉਹਨਾਂ ਦੇ ਘਰ ਵੱਲ ਭੱਜ ਉੱਠੇ । ਮੇਰੇ ਦਿਮਾਗ ਵਿੱਚ ਆਇਆ ਕਿ ਕਰੰਟ ਤੋਂ ਬਚਾਉਣ ਵਾਸਤੇ ਲੱਕੜ ਦੀ ਬਹੁਤ ਅਹਮੀਅਤ ਹੈ । ਮੈਂ ਵੀ ਸਾਹਮਣੇ ਪਈ ਡਾਂਗ ਚੁੱਕ ਕੇ ਭੱਜ ਪਿਆ, ਮੇਰੇ ਮਗਰ ਹੀ ਮੇਰਾ ਛੋਟਾ ਭਰਾ Davinder Sharma  ਹੱਥ ਵਿੱਚ ਵਾਂਸ ਫੜ ਕੇ ਭੱਜ ਉੱਠਿਆ ।ਅਸੀਂ ਤਿੰਨੇ ਅੱਗੜ ਪਿਛੱੜ ਭੱਜਦੇ ਹੋਏ ਗਲੀ ਵਿੱਚੋਂ ਹੋ ਕੇ ਗਵਾਂਢੀਆਂ ਦੇ ਘਰ ਪਹੁੰਚ ਗਏ । ਉੱਥੇ ਸਭ ਕੁਝ ਠੀਕ ਠਾਕ ਵੇਖਿਆ ਤਾਂ ਅਸੀਂ ਸੁਖ ਦਾ ਸਾਹ ਲਿਆ ।
            ਅਸਲ ‘ਚ ਸਾਡੀ ਗਵਾਂਢਣ ਨੂੰ ਟੀਵੀ ਚਲਾਉਣ ਲੱਗੀ ਨੂੰ ਥੋੜਾ ਜਿਹਾ ਝਟਕਾ ਲੱਗ ਗਿਆ ਤੇ ਉਹਦਾ ਮੁੰਡਾ ਮਾਂ ਦਾ ਦੁੱਖ ਵੇਖ ਕੇ ਇੱਕ ਦੰਮ ਚੀਖ ਪਿਆ,  ਜਿਹਨੂੰ ਸੁਣ ਕੇ ਅਸੀਂ ਵੀ ਮਦਦ ਵਾਸਤੇ ਭੱਜ ਉੱਠੇ । ਉੱਥੇ ਸਭ ਕੁਝ ਠੀਕ ਹੋਣ ਤੋਂ ਬਾਅਦ ਅਸੀਂ ਤਿੰਨੇ ਮਾਂ ਪੁੱਤ ਉਹਨਾਂ ਦੇ ਘਰੋਂ ਬਾਹਰ ਨਿਕਲੇ ਤਾਂ ਵੇਖਿਆ ਗਲੀ ‘ਚ ਕਈ ਲੋਕ ਖੜੇ ਸਨ ।
        ਕਈਆਂ ਨੇ ਸਵਾਲ ਕੀਤੇ, ” ਕੀ ਹੋਇਆ ?”
            ਮੈਂ ਇੰਨਾ ਕਹਿ ਕੇ ਹੀ ਸਾਰ ਦਿੱਤਾ, ” ਕੋਈ ਖਾਸ ਗੱਲ ਨਹੀਂ ਸੀ “
    ਅਸੀਂ ਆਪਣੇ ਘਰ ਆ ਕੇ ਆਪੋ ਆਪਣੇ ਕੰਮ ਵਿੱਚ ਲੱਗ ਗਏ । ਇੰਨੇ ਚਿਰ ਨੂੰ ਸਾਡੇ ਨਾਲ ਖਾਸ ਸਾਂਝ ਰੱਖਣ ਵਾਲੇ ਦੋ ਦੋਸਤ ਸਾਡੇ ਘਰ ਆਏ ਤੇ ਪੁੱਛਣ ਲੱਗੇ , ” ਕੀ ਗੱਲ ਹੋ ਗਈ ਸੀ ?”
           ਮੈਂ ਦੱਸਿਆ , ” ਕੋਈ ਖਾਸ ਗੱਲ ਨਹੀਂ , ਵਿੱਕੀ ਦੀ ਵਹੁਟੀ ਨੂੰ ਕਰੰਟ ਦਾ ਝਟਕਾ ਜਿਹਾ ਲੱਗ ਗਿਆ ਸੀ , ਉਹਦੀ ਮਦਦ ਵਾਸਤੇ ਗਏ ਸਾਂ ।”
    ਸਾਰੀ ਗੱਲ ਸੁਣਕੇ ਉਹ ਦੋਵੇਂ ਦੋਸਤ ਜ਼ੋਰ ਜ਼ੋਰ ਦੀ ਹੱਸਣ ਲੱਗੇ । ਮੈਂ ਪੁੱਛਿਆ ,” ਇਹਦੇ ਵਿੱਚ ਹੱਸਣ ਵਾਲੀ ਗੱਲ ਕਿਹੜੀ ਏ ?”
            ਇੱਕ ਕਹਿੰਦਾ , ” ਗਲੀ ‘ਚ ਤਾਂ ਇਹ ਗੱਲ ਫੈਲੀ ਏ ਕਿ ਤੁਹਾਡੇ ਘਰ ਲੜਾਈ ਹੋ ਗਈ ਏ । ਤੁਸੀਂ ਦੋਵੇਂ ਭਰਾ ਡਾਂਗਾਂ ਲੈਕੇ ਮਾਤਾ ਜੀ ਦੇ ਮਗਰ ਭੱਜ ਰਹੇ ਸੀ ਤੇ ਮਾਤਾ ਜੀ ਨੇ ਵਿੱਕੀ ਦੇ ਘਰ ਵੜਕੇ ਜਾਂ ਬਚਾਈ !”
    ਉਹਦੀ ਗੱਲ ਸੁਣਕੇ ਮੈਂ ਆਪਣਾ ਤਿੰਨਾਂ ਦਾ ਅੱਗੜ ਪਿੱਛੜ ਭੱਜਣ ਦਾ ਦ੍ਰਿਸ਼ ਯਾਦ ਕੀਤਾ । ਕਿਸੇ ਨੂੰ ਵੀ ਗਲਤੀ ਲੱਗ ਸਕਦੀ ਸੀ ।
        ਪਰ ਕਈ ਦਿਨ ਗਲੀ ‘ਚੋਂ ਲੰਘਦਿਆਂ ਇੰਝ ਲਗਦਾ ਸੀ ਜਿਵੇਂ ਲੋਕ ਸਾਨੂੰ ਦੋਹਾਂ ਭਰਾਵਾਂ ਨੂੰ ਨਫਰਤ ਭਰੀਆਂ ਨਜ਼ਰਾਂ ਨਾਲ ਵੇਖਦੇ ਹੋਣ ।  ਹੁਣ ਕਿਹਦੇ ਕਿਹਦੇ ਘਰ ਜਾ ਕੇ ਸਚਾਈ ਦੱਸਦੇ ।
ਇੰਦਰਜੀਤ ਕਮਲ 

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article     ਹੰਝੂਆਂ ਦਾ ਹੜ 
Next articleBRS turns 23, vows to continue fight for people