HOME ਅੰਬੇਡਕਰਵਾਦ ’ਤੇ ਹੋ ਰਹੇ ਹਮਲਿਆਂ ਬਾਰੇ ਪੜਚੋਲ ਕਰਨ ਦੀ ਲੋੜ?

ਅੰਬੇਡਕਰਵਾਦ ’ਤੇ ਹੋ ਰਹੇ ਹਮਲਿਆਂ ਬਾਰੇ ਪੜਚੋਲ ਕਰਨ ਦੀ ਲੋੜ?

ਐਸ ਐਲ ਵਿਰਦੀ ਐਡਵੋਕੇਟ

   (ਸਮਾਜ ਵੀਕਲੀ)   ਵੀਹਵੀਂ ਸਦੀ ਦੇ ਮਹਾਨ ਚਿੰਤਕ ਤੇ ਮਾਰਗ ਦਰਸ਼ਕ ਡਾ. ਬਾਬਾ ਸਾਹਿਬ ਅੰਬੇਡਕਰ ਅੱਜ ਸਿਧਾਂਤਕ ਖੇਤਰ ਵਿਚ ਇਕ ਨਵੀ ਸੋਚ ਅਤੇ ਵਿਚਾਰਧਾਰਾ ਕਾਰਨ ‘ਅੰਬੇਡਕਰਵਾਦ’ ਬਣ ਗਏ ਹਨ। ਦੇਸ਼-ਵਿਦੇਸ਼ ਦੇ ਵੱਖ-ਵੱਖ ਰਾਜਾਂ ਦੀਆਂ ਯੂਨੀਵਰਸਟੀਆਂ, ਕਾਲਜਾਂ ਵਿਚ ਅੰਬੇਡਕਰਵਾਦ ’ਤੇ ਹੋ ਰਹੀਆਂ ਖੋਜਾਂ ਤੇ ਆਯੋਜਿਤ ਸੈਮੀਨਾਰਾਂ ਵਿਚ ਹੋਈਆਂ ਬਹਿਸਾਂ, ਜੋ ਮਨੂੰਵਾਦੀ ਉੱਚ ਜਾਤਾਂ ਦੀਆਂ ਉਮੀਦਾਂ ਦੇ ਉਲਟ ਸਨ ਤੇ ਅੱਜ ਵੀ ਹਨ, ਨੇ ਭਾਰਤ ਦੇ ਦਲਿਤ ਸ਼ੋਸ਼ਿਤ ਮਜ਼ਦੂਰਾਂ ਕਿਸਾਨ ਅਤੇ ਔਰਤਾਂ ਦੀ ਬੋਧਿਕਤਾ ਨੂੰ ਨਵੀ ਦਿਸ਼ਾ ਦੇਣੀ ਸ਼ੁਰੂ ਕੀਤੀ ਹੋਈ ਹੈ। ਡਾ.ਅੰਬੇਡਕਰ ਭਾਰਤ ਦੇ ਕਾਰਲ ਮਾਰਕਸ ਮੰਨੇ ਜਾਣ ਲੱਗੇ ਹਨ। ਉਨ੍ਹਾਂ ਦੀਆਂ ਲਿਖਤਾਂ ਦਾ ਭਾਰਤ ਦੇ ਹਰੇਕ ਮਸਲੇ ਦੇ ਹੱਲ ਲਈ ਹਵਾਲਾ ਦਿੱਤਾ ਜਾਂਦਾ ਹੈ। ਹੁਣ ਉਨਾਂ ਨੂੰ ਰਾਜਨੀਤਕ ਅਤੇ ਸਮਾਜੀ ਵਿਚਾਰ ਚਰਚਾ ਦੇ ਖੇਤਰਾਂ ਵਿਚ ਸੰਸਾਰ ਭਰ ਦੇ ਮਾਹਿਰ ਵਿਦਵਾਨਾਂ ਦੇ ਤੌਰ ’ਤੇ ਵੱਧ ਤੋਂ ਵੱਧ ਪੇਸ਼ ਕੀਤਾ ਜਾਣ ਲੱਗਾ ਹੈ। ਡਾ. ਅੰਬੇਡਕਰ ਦੇ ਇਸੇ 134ਵੇਂ ਜਨਮ ਉਤਸਵ ਵਾਲੇ ਹਫਤੇ ਵਿੱਚ ਹੀ ਅਲੀਗੜ੍ਹ ’ਚ ਇੱਕ ਨੌਜ਼ਵਾਨ ਵਲ੍ਹੋਂ ਜੈ ਭੀਮ ਬੋਲਣ ਉਤੇ ਉਸਨੂੰ ਕੁੱਟ ਕੁੱਟਕੇ ਅੱਧਮੋਇਆ ਕਰ ਦਿੱਤਾ ਗਿਆ। ਉਤਰ ਪ੍ਰਦੇਸ਼ ਦੇ ਬੁਲੰਦਪੁਰ ਸ਼ਹਿਰ ਵਿੱਚ ਚਾਰ ਦਲਿਤਾਂ ਨੂੰ ਥਾਰ ਗੱਡੀ ਹੇਠਾਂ ਦਰੜ ਦਿੱਤਾ, ਜਿਸ ’ਚ ਇੱਕ ਔਰਤ ਦੀ ਮੌਤ ਹੋ ਗਈ। ਜਲੌਰ ਜ਼ਿਲ੍ਹਾ ਦੇ ਹਰਿਆਲੀ ਪਿੰਡ ਵਿੱਚ ਦਲਿਤ ਲਾੜੇ ਨੂੰ ਉਚ ਜਾਤੀ ਦਬੰਗ ਜਬਰਦਸਤੀ ਘੋੜੀ ਤੋਂ ਉਤਾਰ ਕੇ ਆਪਣੇ ਨਾਲ ਲੈ ਗਏ ਤੇ ਉਸ ਦੀ ਕੁੱਟ-ਮਾਰ ਕੀਤੀ ਗਈ। ਸਤਨਾ ਜ਼ਿਲ੍ਹੇ ਦੇ ਇੱਕ ਪਿੰਡ ਦੀ ਦਲਿਤ ਸਰਪੰਚ ਨੂੰ ਕੁਰਸੀ ’ਤੇ ਨਹੀਂ ਬੈਠਣ ਦਿੱਤਾ ਗਿਆ। ਮੇਧਪੁਰ ਦੇ ਇੱਕ ਇੱਟਾਂ ਦੇ ਭੱਠੇ ’ਤੇ ਇੱਕ ਦਲਿਤ ਨੌਜਵਾਨ ਵੱਲੋਂ ਪਾਣੀ ਦੇ ਮਟਕੇ ਨੂੰ ਛੂਹਣ ਤੇ ਉਸ ਨੂੰ ਬੇਰਹਿਮੀ ਨਾਲ ਕੁੱਟਿਆ-ਮਾਰਿਆ ਗਿਆ ਤੇ ਸਾਰੀ ਰਾਤ ਉਸ ਨੂੰ ਬੰਨ ਕੇ ਰੱਖਿਆ ਗਿਆ। ਅਜਮੇਰ ਦੇ ਸ਼੍ਰੀ ਨਗਰ ਥਾਣੇ ਦੇ ਲਵੇਰਾ ਪਿੰਡ ਨਿਵਾਸੀ ਨਰੈਣ ਰਹਿਗਰ ਦੀ ਬਰਾਤ ਉਚ ਜਾਤੀਆਂ ਨੇ ਨਹੀਂ ਨਿਕਲਣ ਦਿੱਤੀ। ਇੰਦੌਰ ਜ਼ਿਲ੍ਹੇ ਦੇ ਇੱਕ ਦਲਿਤ ਲਾੜੇ ਨੂੰ ਮੰਦਰ ਵਿੱਚ ਜਾ ਕੇ ਮੱਥਾ ਟੇਕਣ ਤੋਂ ਰੋਕਿਆ ਗਿਆ। ਸੋਹਾਨਾ ਦੇ ਪਿੰਡ ਬਾਦਸ਼ਾਹਪੁਰ ਵਿੱਚ ਇੱਕ ਦਲਿਤ ਨੇ ਘੋੜੀ ’ਤੇ ਚੜ੍ਹ ਕੇ ਵਿਆਹਉਣ ਜਾਣ ਦੀ ਜੁਰਅਤ ਕੀਤੀ ਤਾਂ ਉਚ ਜਾਤੀਆਂ ਨੇ ਉਸ ਉਤੇ ਪਥਰਾਓ ਕਰਕੇ 10 ਬਰਾਤੀਆਂ ਨੂੰ ਜਖ਼ਮੀ ਕਰ ਦਿੱਤਾ। ਬਾਂਦਾ ਜ਼ਿਲ੍ਹੇ ਵਿੱਚ ਇੱਕ ਦਲਿਤ ਔਰਤ ਨੇ ਸਾਂਝੇ ਘੜੇ ’ਚੋਂ ਪਾਣੀ ਪੀਣ ਦੀ ਜੁਰਅਤ ਕੀਤੀ ਤਾਂ ਉਸ ਦੇ ਥੱਪੜ ਮਾਰੇ ਗਏ। ਬੈਲੂਰ ਜ਼ਿਲ੍ਹੇ ਦੇ ਨਰੈਣਪੁਰਮ ਜ਼ਿਲ੍ਹੇ ਵਿੱਚ ਇੱਕ ਦਲਿਤ ਦੀ ਮੌਤ ਤੋਂ ਬਾਅਦ ਅੰਤਿਮ ਸੰਸਕਾਰ ਲਈ ਉਸ ਦੀ ਲਾਸ਼ ਨੂੰ ਆਮ ਸੜਕ ਉਤੇ ਲਿਜਾਇਆ ਜਾ ਰਿਹਾ ਸੀ ਤਾਂ ਉਂਚਜਾਤੀਆਂ ਨੇ ਜਾਣ ਨਾ ਦਿੱਤਾ, ਉਚ ਜਾਤੀਆਂ ਨੇ ਸੜਕ ਬੰਦ ਕਰ ਦਿੱਤੀ ਤਾਂ ਦਲਿਤ ਬਜ਼ੁਰਗ ਦੀ ਲਾਸ਼ ਨੂੰ ਪੁੱਲ ਤੋਂ ਨੀਚੇ ਲਟਕਾ ਕੇ ਨਦੀ ਵਿੱਚ ਬਹਾਉਣਾ ਪਿਆ।
ਅਜ਼ਾਦੀ ਦੇ 76 ਸਾਲ ਬਾਅਦ ਵੀ ਦਲਿਤਾਂ ਦੀ ਇਹ ਹਾਲਤ ਹੋਵੇ ਫਿਰ ਵੀ ਡਾ. ਅੰਬੇਡਕਰ ਦੇ ਜਨਮ ਉਤਸਵ ਮੌਕੇ ਵੱਡੇ ਵੇਡੇ ਡੀ ਜੇ ਲਾ ਕੇ, ਉਂਚੇ ਉਂਚੇ ਢੋਲ-ਢਮੱਕੇ ਕਰਕੇ, ਸਟੇਜਾਂ ਉੱਤੇ ਗਿੱਧੇ-ਭੰਗੜੇ ਪਾ ਕੇ, ਆਪਣੇ ਉਤੇ ਨੋਟਾਂ ਦੀ ਬਾਰਸ਼ ਕਰਵਾਕੇ, ਇੱਕ ਜਾਤ ਦੀ ਅਣਖ ਗਾਉਣਾ, ਡਾ. ਅੰਬੇਡਕਰ ਦੀ ਸੋਭਾ ਕਰਨਾ ਨਹੀਂ, ਬਾਕੀ 6 ਹਜ਼ਾਰ ਦਲਿਤ ਜਾਤੀਆਂ ਦਾ ਬਾਰ ਬਾਰ ਅਪਮਾਨ ਕਰਨਾ ਹੈ। ਇਹ ਡਾ. ਅੰਬੇਡਕਰ ਦਾ ਮਿਸ਼ਨ ਨਹੀਂ? ਮਨੂੰਵਾਦ ਦਾ ਫ਼ਲਸਫ਼ਾ ਹੈ। ਮਨੂੰਵਾਦ ਇਸੇ ਤਰ੍ਹਾਂ ਹੀ ਮਨੁੱਖਤਾ ਨੂੰ ਜਾਤਾਂ-ਮਜ਼ਹਬਾਂ ਵਿੱਚ ਵੰਡ ਕੇ ਰਾਜ ਕਰਦਾ ਹੈ। ਦੁੱਖ ਤਾਂ ਇਹ ਹੈ ਕਿ ਡਾ. ਅੰਬੇਡਕਰ ਦੇ ਜਨਮ ਉਤਸਵ ਮੌਕੇ ਤੇ ਹੀ ਦਲਿਤਾਂ ਉਤੇ 10 ਦਿਨਾਂ ਵਿੱਚ ਹੀ ਦਰਜਨਾਂ ਅੱਤਿਆਚਾਰਾਂ ਦੀਆਂ ਘਟਨਾਵਾਂ ਘੱਟੀਆਂ ਹੋਣ, ਫਿਰ ਵੀ ਕਿਸੇ ਅਣਖੀ ਦੀ ਅਣਖ ਨਾ ਜਾਗੇ, ਕੋਈ ਅਣਖੀ ਦਲਿਤਾਂ ਉੱਤੇ ਕੀਤੇ ਗਏ ਅੱਤਿਆਚਾਰਾਂ ਖਿਲਾਫ਼ ਕੋਈ ਅੰਦੋਲਨ ਨਾ ਕਰੇ, ਜਿਵੇਂ ਡਾ. ਅੰਬੇਡਕਰ ਅੰਦੋਲਨ ਕਰਦੇ ਸਨ ਤਾਂ ਦੁੱਖ ਤਾਂ ਹੋਵੇਗਾ ਹੀ?
ਡਾ. ਅੰਬੇਡਕਰ ਜੀ ਨੇ ਆਪਣੀਆਂ ਸਟੇਜਾਂ ਉਤੇ ਦਲਿਤਾਂ-ਮਜ਼ਦੂਰਾਂ, ਘੱਟਗਿਣਤੀਆਂ, ਔਰਤਾਂ ਦੇ ਦੁੱਖਾਂ, ਸਮੱਸਿਆਵਾਂ, ਸ਼ੋਸ਼ਣ, ਅੱਤਿਆਚਾਰਾਂ ਦਾ ਬਾਰ-ਬਾਰ ਵਾਸਤਾ ਪਾਇਆ, 19-20 ਮਾਰਚ 1927 ਨੂੰ ਸਾਫ਼ ਪਾਣੀ ਪੀਣ ਲਈ ਚੌਦਾਰ ਤਾਲਾਬ ਉੱਤੇ ਡਾਂਗਾਂ ਖਾਧੀਆਂ, ਲੰਡਨ ਗੋਲਮੇਜ਼ ਕਾਨਫ਼ਰੰਸਾ ਮੌਕੇ ਮਨੂੰਵਾਦੀਆਂ ਦੇ ਇੱਟਾਂ-ਵੱਟੇ ਖਾਧੇ, ਮਜ਼ਦੂਰ ਕਿਸਾਨਾਂ ਦੇ ਅਧਿਕਾਰਾਂ ਲਈ ਬੰਬਈ ਵਿਧਾਨ ਸਭਾ ਦੇ ਘਿਰਾਓ ਸਮੇਂ ਸਿਰ ਪੜਵਾਇਆ, ਸਵਾਰਥੀ ਆਗੂਆਂ-ਅਫ਼ਸਰਾਂ ਦੀ ਮੌਕਾਪ੍ਰਸਤੀ-ਮਕਾਰੀ ਵੇਖਕੇ, 18 ਮਾਰਚ 1956 ਨੂੰ ਆਗਰਾ ਦੇ ਲਾਲ ਕਿਲ੍ਹਾ ਮੈਦਾਨ ਵਿੱਚ ਭੱਬਾਂ ਮਾਰ ਮਾਰ ਕੇ ਰੋਂਦਿਆ ਕਿਹਾ, ‘‘ਮੈਨੂੰ ਮੇਰੇ ਸਮਾਜ ਦੇ ਪੜ੍ਹੇ-ਲਿੱਖੇ ਲੋਕਾਂ ਧੋਖਾ ਦਿੱਤਾ ਹੈ, ਇਨ੍ਹਾਂ ਲੋਕਾਂ ਤੋਂ ਮੈਨੂੰ ਉਮੀਦ ਸੀ ਕਿ ਇਹ ਉੱਚੀ ਸਿੱਖਿਆ ਪ੍ਰਾਪਤ ਕਰਕੇ ਆਪਣੇ ਸਮਾਜ ਦੀ ਸੇਵਾ ਕਰਨਗੇ। ਪ੍ਰੰਤੂੂ ਮੈਂ ਦੇਖ ਰਿਹਾ ਹਾਂ ਕਿ ਇਹ ਇੱਕ ਛੋਟੇ ਵੱਡੇ ਕਲਰਕਾਂ ਤੇ ਅਫਸਰਾਂ ਦੀ ਭੀੜ ਇਕੱਠੀ ਹੋ ਗਈ ਹੈ, ਜੋ ਕੇਵਲ ਆਪਣਾ ਪੇਟ ਪਾਲਣ ਵਿੱਚ ਹੀ ਲੱਗੀ ਹੋਈ ਹੈ।’’
ਕੀ ਅਸੀਂ ਉਪਰੋਕਤ ਵਰਤਾਰਾ ਕਰਕੇ ਕਿੱਧਰੇ ਹੁਣ ਵੀ ਬਾਬਾ ਸਾਹਿਬ ਜੀ ਨੂੰ ਧੋਖਾ ਤਾਂ ਨਹੀਂ ਦੇ ਰਹੇ। ਡਾ. ਅੰਬੇਡਕਰ ਦੀ ਕਾਲਪਨਿਕ ਭਗਵਾਨ, ਅੰਧਵਿਸਵਾਸ਼ੀ, ਜਾਤੀਵਾਦੀ, ਮਜ਼ਹਬਵਾਦੀ ਗ਼ਲਤ ਧਾਰਨਾਵਾਂ ਨਾਲ ਪ੍ਰਸੰਸਾ ਕਰਨਾ ਅੰਬੇਡਕਰਵਾਦ ਨਹੀਂ ਹੈ। ਡਾ. ਅੰਬੇਡਕਰ ਨੇ ਦੇਸ਼ ਦੇ ਹਰ ਬਾਲਗ ਨਾਗਰਿਕ, ਔਰਤ-ਮਰਦ ਨੂੰ ਬਰਾਬਰ ਵੋਟ ਦੇ ਹੱਕ ਦੇਣ ਦੀ ਵਕਾਲਤ ਕੀਤੀ, ਜਿਨ੍ਹਾਂ ਵਿੱਚ ਉਸ ਸਮੇਂ ਦੇ 90 ਪ੍ਰਤੀਸ਼ਤ ਅਨਪੜ੍ਹ ਲੋਕ ਵੀ ਸ਼ਾਮਲ ਸਨ। ਉਨ੍ਹਾਂ ਅਬਾਦੀ ਦਾ ਅੱਧਾ ਹਿੱਸਾ ਔਰਤਾਂ ਦੇ ਬਰਾਬਰ ਅਧਿਕਾਰਾਂ ਲਈ ਜੀਵਨ ਭਰ ਸੰਘਰਸ਼ ਕੀਤਾ, ਮਜ਼ਦੂਰ-ਕਿਸਾਨਾਂ ਨੂੰ ਹੱਕ ਦਿਵਾਏ। ਉਨ੍ਹਾਂ ਦੇ ਵਿਚਾਰ ਭਾਰਤ ਅੰਦਰ ਤੇ ਬਾਹਰ ਸਮੁੱਚੇ ਸੰਸਾਰ ਵਿੱਚ ਬੇਇਨਸਾਫ਼ੀ ਤੇ ਸਮਾਜਿਕ ਭੇਦ-ਭਾਵ ਝੱਲਣ ਵਾਲਿਆਂ ਨੂੰ ਆਪਣੇ ਕਲਾਵੇ ਵਿੱਚ ਲੈਂਦੇ ਹਨ।
ਉਨ੍ਹਾਂ ਦੇ ਜਨਮ ਦਿਨ ਮੌਕੇ ਆਤਮ ਸ਼ੁੱਧੀ ਲਈ ਕੀਤੇ ਜਾਂਦੇ ਕਰਮ-ਕਾਂਡ, ਪੂਜਾ-ਪਾਠ, ਭੰਗੜੇ-ਗਿੱਧੇ, ਮਨੋਰੰਜ਼ਨ ਅੰਬੇਡਕਰਵਾਦ ਦਾ ਵਿਸ਼ਾ ਨਹੀਂ ਹਨ? ਅਜਿਹੇ ਅਡੰਬਰਾਂ ਨੂੰ ਰੋਕਣਾ ਹੋਵੇਗਾ। ਉਨ੍ਹਾਂ ਦਾ ਸੰਦੇਸ਼-ਸਿੱਖਿਆ-ਚਿੰਤਨ, ਵਿਚਾਰ-ਗੋਸ਼ਟੀਆਂ, ਸੰਘਰਸ਼ ਤੇ ਸੰਘਰਸ਼, ਅੰਦੋਲਨ ਤੇ ਅੰਦੋਲਨ ਦੇ ਮਾਰਗ ਨੂੰ ਅਪਣਾਉਣਾ ਹੋਵੇਗਾ, ਅੱਗੇ ਵਧਾਉਣਾ ਹੋਵੇਗਾ। ਇਹ ਜ਼ਿੰਮੇਵਾਰੀ ਹੁਣ ਉਨ੍ਹਾਂ ਲੋਕਾਂ ਉਤੇ ਆ ਗਈ ਹੈ, ਜੋ ਆਪਣੇ ਨਿੱਜੀ ਸਵਾਰਥ ਜਾਂ ਮਨੂੰਵਾਦੀ ਸ਼ੋਸ਼ਕਾਂ ਲਈ ਸਤਿਕਾਰਯੋਗ ਬਣਨ ਦੀ ਬਨਿਸਬਤ ਡਾ. ਅੰਬੇਡਕਰ ਦੇ ਮਿਸ਼ਨ ਤੇ ਫ਼ਲਸਫ਼ੇ ਨੂੰ ਸਮਝਦੇ ਹਨ, ਉਨ੍ਹਾਂ ਨੂੰ ਡਾ. ਅੰਬੇਡਕਰ ਦੇ ਕ੍ਰਾਂਤੀਕਾਰੀ ਵਿਚਾਰਾਂ ਤੇ ਅੰਦੋਲਨਾਂ ਨੂੰ ਮੁੜ ਉਜਾਗਰ ਕਰਕੇ ਸੰਘਰਸ਼ਤ ਕਰਨਾ ਹੋਵੇਗਾ, ਤਾਂ ਜੋ ਕਿ ਉਪਰੋਕਤ ਅਗਿਆਨੀ ਲੋਕ ਬਾਬਾ ਸਾਹਿਬ ਦੀ ਵਿਰਾਸਤ ਨੂੰ ਆਪਣੇ ਨਿੱਜੀ ਸਵਾਰਥ ਸਿੱਧ ਕਰਨ ਲਈ ਵਰਤ ਨਾਂ ਸਕਣ। ਉਨ੍ਹਾਂ ਕਰਮਠ ਕਾਰਕੁਨਾਂ ਨੂੰ ਡਾ. ਅੰਬੇਡਕਰ ਬਾਰੇ ਉਹੋ ਜਿਹਾ ਹੀ ਪ੍ਰਭਾਵਸ਼ਾਲੀ ਮਾਹੌਲ ਪੈਦਾ ਕਰਨਾ ਹੋਵੇਗਾ, ਜਿੰਨਾਂ ਬਾਬਾ ਸਾਹਿਬ ਦੇ ਜਿਉਂਦੇ ਜੀ ਉਸ ਸਮੇਂ ਦੇ ਉਨ੍ਹਾਂ ਦੇ ਵਿਰੋਧੀਆਂ ਤੇ ਸ਼ੋਸ਼ਕਾਂ ਦੇ ਮਨਾਂ ਵਿੱਚ ਸੀ।
ਡਾ. ਅੰਬੇਡਕਰ ਆਪਣੇ ਸਮੇਂ ਤੋਂ ਵੀ ਅੱਗੇ ਦੇ ਚਿੰਤਕ ਸਨ। ਡਾ. ਅੰਬੇਡਕਰ ਦੇ ‘ਬੁੱਧਾ ਐਂਡ ਹਿਜ਼ ਧੱਮਾ, ‘ਬੁੱਧਾ ਐਂਡ ਕਾਰਲ ਮਾਰਕਸ’ ‘ਇਨਕਲਾਬ ਤੇ ਉਲਟ ਇਨਕਲਾਬ’ ਖੋਜ਼-ਨਿਬੰਧਾਂ ਵਿਚਲੇ ਕ੍ਰਾਂਤੀਕਾਰੀ ਵਿਚਾਰਾਂ ਨੂੰ ਅੱਗੇ ਵਧਾਉਣਾ ਹੋਵੇਗਾ। ਆਤਮ ਸ਼ੁੱਧੀ ਦੀ ਬਨਿਸਬਤ-ਸੈਲਫ ਰੈਸਪੈਕਟ ਤੇ ਮਨੁੱਖੀ ਅਧਿਕਾਰਾਂ, ਪੈਦਾਵਾਰ ਦ ੇਸਾਧਨਾਂ ਦਾ ਕੌਮੀਕਰਨ, ਲੋਕਤੰਤਰ ਤੇ ਸੰਵਿਧਾਨ ਦੀ ਰੱਖਿਆ ਲਈ ਸਾਂਝੇ ਸਮੂਹਿਕ ਅੰਦੋਲਨਾਂ ਨੂੰ ਬਾਰ ਬਾਰ ਪ੍ਰਚੰਡ ਕਰਨਾ ਹੋਵੇਗਾ। ਉਨ੍ਹਾਂ ਨੂੰ ਵੀਹਵੀਂ ਸਦੀ ਦੇ ਭਾਰਤ ’ਚ ਪਹਿਲੇ ਲੋਕਤੰਤਰਕ ਸਿਧਾਂਤਕਾਰ ਵੱਜੋਂ ਪੇਸ਼ ਕਰਨਾ ਹੋਵੇਗਾ। ਕਿਉਂਕਿ ਡਾ. ਅੰਬੇਡਕਰ ਨੇ ਹੀ ਲੋਕਤੰਤਰ ਦੀ ਵਾਸਤਵਿਕ ਉਦਾਰਵਾਦੀ ਪ੍ਰੀਭਾਸ਼ਾ ਨੂੰ ਕ੍ਰਾਂਤੀਕਾਰੀ ਬਣਾਇਆ ਹੈ, ਉਨ੍ਹਾਂ ਹੀ ਦੱਸਿਆ ਕਿ ਲੋਕਾਂ ਦੇ ਸਮਾਜਿਕ-ਆਰਥਿਕ ਜੀਵਨ ਵਿੱਚ ਬਿਨਾਂ ਖ਼ੂਨ-ਖਰਾਬੇ ਦੇ ਵੀ ਤਬਦੀਲੀਆਂ ਕੀਤੀਆਂ ਜਾ ਸਕਦੀਆਂ ਹਨ। ਡਾ. ਅੰਬੇਡਕਰ ਦਾ ਲੋਕਤੰਤਰ ਸਿਰਫ਼ ਰਾਜ ਲੈਣ ਤੱਕ ਹੀ ਸੀਮਤ ਨਹੀਂ, ਉਨ੍ਹਾਂ ਦਾ ਲਕਸ਼ ਸਮਾਜਿਕ ਭਾਈਚਾਰਾ ਵੀ ਹੈ। ਉਨ੍ਹਾਂ ਹੀ ਦੱਸਿਆ ਕਿ ਸਮਾਜਿਕ-ਆਰਥਿਕ ਸਮਾਨਤਾ ਤੋਂ ਬਿਨਾਂ ਰਾਜਨੀਤਕ ਅਜ਼ਾਦੀ ਦਾ ਕੋਈ ਮਹੱਤਵ ਨਹੀਂ ਹੈ।

ਐਸ ਐਲ ਵਿਰਦੀ ਐਡਵੋਕੇਟ
ਮੋ. 98145 17499
ਜੀ ਟੀ ਰੋਡ, ਸਿਵਲ ਕੋਰਟਸ, ਫਗਵਾੜਾ

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous article” ਮਜ਼ਦੂਰ ਦਿਵਸ “
Next articleਮਈ ਦਿਵਸ ਕਿਰਤੀਆਂ ਦਾ…