ਝਿਰਖੀ

ਨਿਆਜ਼
         (ਸਮਾਜ ਵੀਕਲੀ)
ਅਕਸਰ ਏਦਾਂ ਹੁੰਦਾ ਹੈ ਕਿ ਅਲੱਗ-ਅਲੱਗ ਸਮਿਆਂ ’ਤੇ, ਦੋ ਅਲੱਗ-ਅਲੱਗ ਫਿਲਾਸਫਰਾਂ ਦੀਆਂ, ਇੱਕੋ ਵਿਸ਼ੇ ਬਾਰੇ ਦੋ ਟਿੱਪਣੀਆਂ ਸਾਨੂੰ ਦੁਬਿਧਾ ਵਿੱਚ ਪਾ ਦਿੰਦੀਆਂ ਹਨ ਜਾਂ ਕਿਸੇ ਹੋਰ ਤਰ੍ਹਾਂ ਦੇ ਝਰੋਖੇ ਵਿੱਚ ਸੁੱਟ ਦਿੰਦੀਆਂ ਹਨ ਜਿਵੇਂ ‘ਮੈਕਸਿਮ ਗੋਰਕੀ’  ਨੇ ਕਿਹਾ “ਸਾਹਿਤ, ਸਮਾਜ ਦਾ ਸ਼ੀਸ਼ਾ ਹੈ।” ਫਿਰ ਇਸ ਟਿੱਪਣੀ ਦੇ ਸੁਧਾਰ ਵਜੋਂ ਦੂਜੇ ਫਿਲਾਸਫਰ ਨੇ ਕਿਹਾ ਕਿ “ਸਾਹਿਤ, ਸਮਾਜ ਦਾ ਸ਼ੀਸ਼ਾ ਹੀ ਨਹੀਂ ਸਗੋਂ ਹਥੌੜਾ ਵੀ ਹੈ, ਸਾਹਿਤ, ਸਮਾਜ ਨੂੰ ਹੂ-ਬ-ਹੂ ਪੇਸ਼ ਹੀ ਨਹੀਂ ਕਰਦਾ ਸਗੋਂ ਬਦਲਣ ਦਾ ਹੀਆ ਵੀ ਰੱਖਦਾ ਹੈ।” ਇੱਥੇ ਸਾਨੂੰ ‘ਗੋਰਕੀ’ ਘੱਟ ਪੜ੍ਹਿਆ ਲਿਖਿਆ ਜਾਂ ਘੱਟ ਜਾਣਕਾਰ ਲੱਗਦਾ ਹੈ ਤੇ ਦੂਜਾ ਫਿਲਾਸਫਰ ਵੱਧ। ਪਰ ਏਦਾਂ ਦਾ ਕੁਝ ਵੀ ਨਹੀਂ।
      ਮੰਨ ਲਵੋ ਮੈਂ ਅੱਜ ਇਹ ਵਿਚਾਰ ਦਿੱਤਾ ਕਿ “ਮਨੁੱਖ, ਵਿਚਾਰਾਂ ਦਾ ਪੁਤਲਾ ਹੈ।” ਅੱਜ ਤੋਂ 20/50 ਸਾਲਾਂ ਨੂੰ ਕੋਈ ਹੋਰ ਫਿਲਾਸਫਰ ਇਸ ਵਿਚਾਰ ਵਿੱਚ ਉੱਨੀ/ਇੱਕੀ ਦੀ ਸੋਧ ਕਰਕੇ ਇਹ ਕਹਿ ਦੇਵੇ ਕਿ “ਮਨੁੱਖ, ਵਿਚਾਰਾਂ ਦਾ ਪੁਤਲਾ ਨਹੀਂ ਸਗੋਂ ਸਮਾਜ ਤੋਂ ਉਧਾਰ ਲਏ ਗਏ ਵਿਚਾਰਾਂ ਦਾ ਪੁਤਲਾ ਹੈ”  ਕਿਉਂਕਿ ਜਨਮ ਲੈਣ ਸਮੇਂ ਮਨੁੱਖ ਨਿਰ-ਵਿਚਾਰ ਜੰਮਦਾ ਹੈ ਫਿਰ ਹੌਲੀ-ਹੌਲੀ ਸਮਾਜ ਤੋਂ ਵਿਚਾਰ ਗ੍ਰਹਿਣ ਕਰਦਾ ਰਹਿੰਦਾ ਹੈ। ਇੱਥੇ ਵੀ ਓਹੀ ਦੁਬਿਧਾ ਘੇਰਦੀ ਹੈ ਕਿ ਮੇਰੀ ਦਿੱਤੀ ਪ੍ਰੀਭਾਸ਼ਾ ’ਚ ਕੋਈ ਕਮੀ ਹੈ ਅਤੇ ਮੇਰੇ ਤੋਂ ਬਾਅਦ ਵਾਲੇ ਫਿਲਾਸਫਰ ਨੂੰ ਜ਼ਿਆਦਾ ਪਤਾ ਹੈ। ਪਰ ਏਦਾਂ ਨਹੀਂ ਕਿਉਂਕਿ ਜਦੋਂ ਮੈਂ ‘ਵਿਚਾਰ’ ਅਤੇ ‘ਪੁਤਲਾ’ ਸ਼ਬਦ ਦੀ ਵਰਤੋਂ ਕਰ ਰਿਹਾ ਹਾਂ ਤਾਂ ਮੈਨੂੰ ਇਹਨਾਂ ਦੋਵਾਂ ਸ਼ਬਦਾਂ ਦੀ ਗਹਿਰਾਈ ਦਾ ਪਤਾ ਹੈ ਅਤੇ ਇਸ ਗੱਲ ਦਾ ਵੀ ਪਤਾ ਹੈ ਕਿ ਮਨੁੱਖ ਸਾਰੇ ਵਿਚਾਰ ਸਮਾਜ ਤੋਂ ਹੀ ਗ੍ਰਹਿਣ ਕਰਦਾ ਹੈ ਪਰ ਇਹ ਮੇਰਾ ਢੰਗ ਹੈ ਕਿ ਮੈਂ ਇਸ ਨੂੰ ਸੰਖੇਪ ’ਚ ਜਾਂ ਕਿਵੇਂ ਵੀ ਪੇਸ਼ ਕਰਦਾ ਹਾਂ। ਇਸ ਦਾ ਇਹ ਭਾਵ ਹਰਗਿਜ ਨਹੀਂ ਹੁੰਦਾ ਕਿ ਪਹਿਲੇ ਫਿਲਾਸਫਰ ਨੂੰ ਜਾਣਕਾਰੀ ਘੱਟ ਸੀ ਜਦਕਿ ਉਸੇ ਟਿੱਪਣੀ ’ਚ ਉੱਨੀ-ਇੱਕੀ ਦੀ ਸੋਧ ਕਰਨ ਵਾਲੇ ਨੂੰ ਜ਼ਿਆਦਾ।
       ‘ਅਰਸਤੂ’ ਵੱਲੋਂ ਆਪਣੇ ਗੁਰੂ ‘ਪਲੈਟੋ’ ਦੀਆਂ ਲਿਖਤਾਂ ਦੀ ਆਲੋਚਨਾ ਕਰਨ ਦਾ ਭਾਵ ਇਹ ਨਹੀਂ ਸੀ ਕਿ ਉਹ ‘ਪਲੈਟੋ’ ਤੋਂ ਵੱਧ ਜਾਣਦਾ ਸੀ ਬਲਕਿ ਵਿਸਥਾਰ ਜਾਣਦਾ ਸੀ।
ਨਿਆਜ਼

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪੰਜਾਬ ਗੌਰਮਿੰਟ ਪੈਨਸ਼ਨਰ ਐਸੋਸੀਏਸ਼ਨ ਦੀ ਅਹਿਮ ਮੀਟਿੰਗ ਆਯੋਜਿਤ
Next articleਗੀਤ-