(ਸਮਾਜ ਵੀਕਲੀ)- 15 ਮਾਰਚ 2021 ਨੂੰ ਸਾਹਿਬ ਕਾਂਸ਼ੀ ਰਾਮ ਦਾ 87ਵਾਂ ਜਨਮ ਦਿਹਾੜਾ, “ਬਹੁਜਨ ਸਮਾਜ ਦਿਵਸ” ਦੇ ਤੌਰ ਤੇ ਪੰਜਾਬ, ਭਾਰਤ ਅਤੇ ਪੂਰੀ ਦੁਨੀਆ ਵਿੱਚ ਵਸਦੇ ਬਹੁਜਨ ਸਮਾਜ ਵੱਲੋਂ ਮਨਾਇਆ ਜਾਵੇਗਾ। 2022 ਦੀਆਂ U.P ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਇਹ ਸਾਲ, ਉਨ੍ਹਾਂ ਵੱਲੋਂ ਸ਼ੁਰੂ ਕੀਤੀ ਗਈ ਬਹੁਜਨ ਲਹਿਰ ਲਈ ਇੱਕ ਬਹੁਤ ਹੀ ਅਹਿਮ ਸਾਲ ਹੈ।
ਸਾਹਿਬ ਕਾਂਸ਼ੀ ਰਾਮ ਨੇ ਇਸ ਲਹਿਰ ਦਾ ਮੁੱਖ ਕੇਂਦਰ, ਉੱਤਰ ਪ੍ਰਦੇਸ਼ ਨੂੰ ਹੀ ਬਣਾਇਆ ਸੀ। ਉਨ੍ਹਾਂ ਦਾ ਮੰਨਣਾ ਸੀ ਕਿ U.P ਬ੍ਰਾਹਮਣਵਾਦ ਦੀ ਗਰਦਨ ਹੈ। ਜੇਕਰ ਅਸੀਂ ਇਸਨੂੰ ਗਰਦਨ ਤੋਂ ਹੀ ਫੜ ਲਈਏ ਤਾਂ ਫਿਰ ਪੂਰਾ ਸ਼ਰੀਰ ਸਾਡੇ ਕਾਬੂ ‘ਚ ਆ ਜਾਵੇਗਾ।
ਉਹ ਆਪਣੀ ਰਣਨੀਤਿ ‘ਚ ਸਫਲ ਹੋਏ ਅਤੇ 1980 ਤੋਂ ਸ਼ੁਰੂਆਤ ਕਰਕੇ, ਇੱਕ ਹੀ ਦਹਾਕੇ ‘ਚ ਪਹਿਲਾਂ ਕਾਂਗਰਸ ਅਤੇ ਫਿਰ RSS – BJP ਨੂੰ U.P ਚੋਂ ਲਾਂਭੇ ਕੀਤਾ। ਇਸ ਦੇ ਨਤੀਜੇ ਵਜੋਂ ਪੂਰੇ ਦੇਸ਼ ਵਿੱਚ, ਬ੍ਰਾਹਮਣਵਾਦ ਕਮਜ਼ੋਰ ਅਤੇ ਬਹੁਜਨ ਸਮਾਜ ਮਜਬੂਤ ਹੋਇਆ।
ਲੇਕਨ ਸਾਹਿਬ ਕਾਂਸ਼ੀ ਰਾਮ ਦੇ 2006 ‘ਚ ਦੁਨੀਆ ਛੱਡਣ ਦੇ ਬਾਅਦ, ਉਨ੍ਹਾਂ ਦੀ ਲਹਿਰ ਆਪਣੇ ਗੜ੍ਹ U.P ਵਿੱਚ ਹੀ ਕਮਜ਼ੋਰ ਹੋਣੀ ਸ਼ੁਰੂ ਹੋਈ। RSS – BJP ਨੇ ਇਸ ਦਾ ਫਾਇਦਾ ਚੁੱਕਿਆ ਅਤੇ ਲਖਨਊ ਦੇ ਸਹਾਰੇ ਉਹ ਅੱਜ ਫਿਰ ਦਿੱਲੀ ਤੇ ਕਬਜਾ ਕਰ ਚੁਕੀ ਹੈ, ਜਿਸ ਦਾ ਨਤੀਜਾ ਪੂਰਾ ਬਹੁਜਨ ਸਮਾਜ ਭੁਗਤ ਰਿਹਾ ਹੈ।
ਐਸਾ ਵੀ ਨਹੀਂ ਹੈ ਕਿ ਬਹੁਜਨ ਲਹਿਰ ਨੂੰ ਮੁੜ ਸੁਰਜੀਤ ਕਰਨ ਦੇ ਯਤਨ ਨਹੀਂ ਹੋਏ, ਲੇਕਨ ਇਸ ‘ਚ ਹਜੇ ਤੱਕ ਕੋਈ ਜ਼ਿਆਦਾ ਸਫਲਤਾ ਨਹੀਂ ਮਿਲ ਸਕੀ ਹੈ।
15 ਮਾਰਚ 2020 – “ਬਹੁਜਨ ਸਮਾਜ ਦਿਵਸ” ਤੇ ਭੀਮ ਆਰਮੀ ਦੇ ਆਗੂ, ਚੰਦਰ ਸ਼ੇਖਰ ਨੇ ਆਜ਼ਾਦ ਸਮਾਜ ਪਾਰਟੀ(ਕਾਂਸ਼ੀ ਰਾਮ) ਦੀ ਨੀਂਹ ਰੱਖ ਕੇ, ਇਸ ਦਿਸ਼ਾ ‘ਚ ਇੱਕ ਹੋਰ ਸ਼ੁਰੂਆਤ ਕੀਤੀ ਹੈ। ਉਨ੍ਹਾਂ 2022 ਦੀਆਂ U.P. ਚੋਣਾਂ ਲੜਨ ਦਾ ਵੀ ਐਲਾਨ ਕੀਤਾ ਹੈ।
ਕੁੱਝ ਲੋਕ ਇਸ ਨੂੰ ਇੱਕ ਅੱਛੀ ਸ਼ੁਰੂਆਤ ਮੰਨ ਰਹੇ ਹਨ। ਜੇਕਰ ਉਹ ਅੱਛੇ ਨਤੀਜੇ ਲਿਆਉਣ ਅਤੇ RSS – BJP ਨੂੰ ਕਮਜ਼ੋਰ ਕਰਨ ਵਿੱਚ ਕਾਮਯਾਬ ਹੁੰਦੇ ਹਨ ਤਾਂ ਇਸ ਦਾ ਅਸਰ – ਪੂਰੇ ਦੇਸ਼ ਦੀ ਸਿਆਸਤ ਤੇ ਪੈ ਸਕਦਾ ਹੈ।
ਇਨ੍ਹਾਂ ਹਾਲਾਤਾਂ ‘ਚ, 2022 ਦੀਆਂ U.P. ਚੋਣਾਂ, ਬਹੁਜਨ ਲਹਿਰ ਲਈ ਬਹੁਤ ਮਾਇਨੇ ਰੱਖਦਿਆਂ ਹਨ।
ਇੱਕ ਗੱਲ ਤਾਂ ਯਕੀਨੀ ਹੈ ਕਿ ਬਦਲਦੇ ਸਮੇਂ ਅਨੁਸਾਰ, ਇਸ ਲਹਿਰ ਨੂੰ ਨਵੀਂ ਅਗਵਾਈ ਦੀ ਸਖਤ ਲੋੜ ਹੈ, ਜੋ ਇਸ ਸੰਘਰਸ਼ ਨੂੰ ਨਵੇਂ ਢੰਗ ਨਾਲ ਅਰੰਭ ਸਕੇ।
ਬਾਬਾਸਾਹਿਬ ਅੰਬੇਡਕਰ ਦੇ ਜਾਣ ਦੇ ਬਾਅਦ, RPI ਦੇ ਅਸਫਲ ਹੋਣ ਦੇ ਕਾਰਨਾਂ ਵਾਰੇ ਸਾਹਿਬ ਕਾਂਸ਼ੀ ਰਾਮ ਨੇ ਕਿਹਾ ਸੀ ਕਿ ਸਾਡੇ ਮਹਾਂਪੁਰਸ਼ਾਂ ਦੇ ਸੰਘਰਸ਼ ਦੇ ਕਾਰਣ ਹੀ ਬਦਲਾਵ ਆਇਆ ਸੀ ਪਰ ਉਨ੍ਹਾਂ ਦੇ ਬਾਅਦ, ਇਹ ਸੰਘਰਸ਼ ਰੁੱਕ ਗਿਆ। ਜਦੋਂ ਸੰਘਰਸ਼ ਰੁਕਿਆ ਤਾਂ ਸਮਾਜੀ ਪਰਿਵਰਤਨ ਦੀ ਲਹਿਰ ਵੀ ਰੁਕ ਗਈ। ਇਸ ਕਰਕੇ ਜੇਕਰ ਅਸੀਂ ਹੋਰ ਪਰਿਵਰਤਨ ਲਿਆਉਣਾ ਹੈ ਤਾਂ ਸਾਨੂੰ ਫਿਰ ਤੋਂ ਸੰਘਰਸ਼ ਕਰਨਾ ਪਵੇਗਾ।
ਬਦਕਿਸਮਤੀ ਨਾਲ ਸਾਹਿਬ ਦੇ ਬਾਅਦ, ਇਹ ਸੰਘਰਸ਼ ਫਿਰ ਰੁਕਿਆ ਅਤੇ ਨਾਲ ਹੀ ਇਹ ਲਹਿਰ।
ਇਸ ਸਾਰੇ ਘਟਨਾਕ੍ਰਮ ‘ਚ, ਇੱਕ ਹੋਰ ਪੱਖ ਇਹ ਵੀ ਹੈ ਕਿ ਜਿੱਥੇ ਪਿਛਲੇ ਕੁੱਝ ਵਰ੍ਹਿਆ ਵਿੱਚ ਇਸ ਲਹਿਰ ਦਾ ਸਿਆਸੀ ਤੌਰ ਤੇ ਨਿਘਾਰ ਹੋਇਆ ਹੈ, ਓਥੇ ਸਮਾਜੀ ਤੌਰ ਤੇ ਇਸਦਾ ਪਸਾਰ ਵੀ ਹੋਇਆ ਹੈ। ਫੂਲੇ-ਸ਼ਾਹੂ-ਅੰਬੇਡਕਰ, ਜਿਨ੍ਹਾਂ ਨੂੰ ਸਾਹਿਬ ਕਾਂਸ਼ੀ ਰਾਮ ਨੇ ਆਪਣੇ ਆਦਰਸ਼ ਮੰਨ ਇਸ ਲਹਿਰ ਦੀ ਸ਼ੁਰੂਆਤ ਕੀਤੀ ਸੀ, ਅੱਜ ਭਾਰਤ ਹੀ ਨਹੀਂ – ਸਗੋਂ ਪੂਰੀ ਦੁਨੀਆ ਵਿੱਚ ਸਤਕਾਰੇ ਜਾਂ ਰਹੇ ਹਨ।
ਦੂਜੇ ਪਾਸੇ – ਇਹ ਮਸਲਾ ਸਿਰਫ਼ ਬਹੁਜਨ ਲਹਿਰ ਨੂੰ ਮੁੜ ਆਪਣੇ ਪੈਰਾਂ ਤੇ ਖੜਾ ਕਰਨ ਤੱਕ ਹੀ ਸੀਮਤ ਨਹੀਂ ਹੈ। ਜਿਸ ਤਰ੍ਹਾਂ ਅੱਜ RSS – BJP ਨੇ ਬਾਬਾਸਾਹਿਬ ਅੰਬੇਡਕਰ ਦੇ ਬਣਾਏ ਸੰਵਿਧਾਨ ਅਤੇ ਕਿਸਾਨ – ਪੱਛੜੀਆਂ ਜਾਤਾਂ, ਘੱਟਗਿਣਤੀਆਂ ਸਮੇਤ ਪੂਰੇ ਬਹੁਜਨ ਸਮਾਜ ਤੇ ਹਮਲੇ ਸ਼ੁਰੂ ਕਰਤੇ ਹਨ, ਅਗਰ ਜਲਦ ਹੀ ਇਸ ਦੇ ਖਿਲਾਫ ਕੋਈ ਸੰਘਰਸ਼ ਨਹੀਂ ਛੇੜਿਆ ਗਿਆ ਤਾਂ ਫਿਰ ਬਹੁਤ ਦੇਰ ਵੀ ਹੋ ਸਕਦੀ ਹੈ।
ਸਾਹਿਬ ਕਾਂਸ਼ੀ ਰਾਮ ਦੀ ਬਹੁਜਨ ਲਹਿਰ 2022 ‘ਚ ਕਿੰਨੀ ਕਾਮਯਾਬ ਹੁੰਦੀ ਹੈ, ਇਹ ਤਾਂ ਚੋਣ ਨਤੀਜੇ ਹੀ ਦੱਸਣਗੇ ਪਰ ਇਸਨੂੰ ਦੁਬਾਰਾ ਆਪਣੀਆਂ ਲੀਹਾਂ ਤੇ ਲਿਆਉਣ ਦੀ ਬੁਨਿਆਦ – 2021 ਵਿੱਚ ਹੀ ਰੱਖੀ ਜਾ ਸਕਦੀ ਹੈ।
– ਸਤਵਿੰਦਰ ਮਨਖ