ਹਾਸ/ਵਿਅੰਗ: ਸੜਕ ਅਤੇ ਸ਼ਾਇਰ

ਸੁਰਜੀਤ ਸਿੰਘ ਭੁੱਲਰ
(ਸਮਾਜ ਵੀਕਲੀ)
ਮਨੁੱਖ ਲਈ ਹਮੇਸ਼ਾ ਇੱਕ ਗੰਭੀਰ ਅਤੇ ਉਦਾਸ ਜੀਵਨ ਜੀਣਾ ਮੁਸ਼ਕਲ ਹੋ ਜਾਂਦਾ ਹੈ। ਉਸ ਨੂੰ ਮਨੋਰੰਜਨ, ਮਾਨਸਿਕ ਆਰਾਮ ਦੀ ਲੋੜ ਹੁੰਦੀ ਹੈ। ਇਸ ਆਸ਼ੇ ਲਈ ਹਾਸਰਸ ਸਭ ਤੋਂ ਢੁਕਵਾਂ ਵਿਕਲਪ ਹੈ। ਹਾਸਰਸ ਮੌਖਿਕ, ਵੀਜ਼ੂਅਲ ਜਾਂ ਸਰੀਰਕ ਹੋ ਸਕਦਾ ਹੈ। ਉਦਾਹਰਨ ਲਈ,ਸੰਚਾਰ ਦੇ ਗੈਰ-ਮੌਖਿਕ ਰੂਪ – ਸੰਗੀਤ ਅਤੇ ਕਲਾ ਵੀ ਹਾਸੋਹੀਣੀਆਂ ਹੋ ਸਕਦੀਆਂ ਹਨ, ਕਿਉਂਕਿ ਸਾਹਿਤ ਜੀਵਨ ਦਾ ਪ੍ਰਤੀਰੂਪ ਹੈ. ਇਹ ਨਾ ਸਿਰਫ਼ ਗੰਭੀਰ, ਸੂਖਮ ਅਤੇ ਨਾਜ਼ੁਕ ਸਾਹਿਤਕ ਰਚਨਾਵਾਂ ਦਾ ਨਿਰਮਾਣ ਕਰਦਾ ਹੈ, ਸਗੋਂ ਪਾਠਕਾਂ ਨੂੰ ਸ਼ਾਂਤ ਕਰਨ ਅਤੇ ਲੁਭਾਉਣ ਲਈ ਹਲਕੀ, ਪਰਪੱਕ ਅਤੇ ਸੁਰੀਲੀ ਰਚਨਾਵਾਂ ਦੀ ਜ਼ਰੂਰਤ ਵੀ ਪੂਰੀ ਕਰਦਾ ਹੈ। ਜੀਵਨ ਦੀ ਨਿਯਮਕਤਾ ਅਤੇ ਸਥਿਰਤਾ ਨੂੰ ਬਣਾਈ ਰੱਖਣ ਲਈ, ਹਾਸੇ ਅਤੇ ਵਿਅੰਗ ਦੇ ਤੱਤਾਂ ਦੀ ਹਮੇਸ਼ਾ ਲੋੜ ਹੈ ਅਤੇ ਰਹੇਗੀ।
ਇਸ ਆਸ਼ੇ ਤਹਿਤ,ਅਜਿਹਾ ਕਾਲਮ,ਮੈਂ ਕਈ ਸਾਲਾਂ ਤੋਂ ਲਿਖਣਾ ਸ਼ੁਰੂ ਕੀਤਾ ਹੋਇਆ ਹੈ। ਇਸ ਕੜੀ ਵਿੱਚ ਹਾਜ਼ਰ ਹੈ: ਅੱਜ–
76- ਸੜਕ ਅਤੇ ਸ਼ਾਇਰ
  —-
ਸੜਕ ਅਤੇ ਸ਼ਾਇਰ ਦਾ ਰਿਸ਼ਤਾ ਐਨਾ ਹੀ ਪੁਰਾਣਾ ਹੈ,ਜਿੰਨਾ ਕਿ ਬੇਈਮਾਨੀ ਅਤੇ ਵਪਾਰੀ ਦਾ ਰਿਸ਼ਤਾ! ਕਈ ਕਵੀ ਜੀਵਨ ਭਰ ਕੱਚੇ-ਪੱਕੇ ਰਾਹ, ਪਹੇ,ਡੰਡੀਆਂ ਆਦਿ ਨਾਪਦੇ ਰਹਿੰਦੇ ਹਨ ਅਤੇ ਅੰਤ ਨੂੰ ਇੱਕ ਦਿਨ ਉਨ੍ਹਾਂ ਨੂੰ ਉਹੀ ਰਾਹ ‘ਮਾਪ’ ਲੈਂਦੇ ਹਨ।  ਫਿਰ ਅਖ਼ਬਾਰਾਂ,ਮੀਡੀਆ ਅਤੇ ਲੋਕਾਂ ਦੇ ਗਰੁੱਪਾਂ ਵਿੱਚ ਚਰਚਾ ਛਿੜ ਪੈਂਦੀ ਹੈ। ਕਈ ਤਾਂ  ਦਹਾਕਿਆਂ ਪੁਰਾਣੀਆਂ ਫੋਟੋਆਂ ਦਿਖਾ-ਦਿਖਾ ਕੇ ਕੀਰਨੇ ਪਾਉਂਦੇ ਹੋਏ,ਦੋਸਤੀ ਦਾ ਫ਼ਰਜ਼ ਨਿਭਾਉਂਦੇ ਬਹੁਰੂਪੀਏ ਆ ਉਜਾਗਰ ਹੁੰਦੇ ਹਨ।
ਮੈਨੂੰ ਵੀ ਕੱਲ੍ਹ,ਅਵਚੇਤਨ ਨੀਂਦ ਵਿੱਚ ਮਹਿਸੂਸ ਹੋਇਆ ਕਿ –ਮੈਂ– ਪੰਜਾਬੀ ਦਾ ਉੱਘ ਨਾਮਵਰ ਸ਼ਾਇਰ -‘ਸੁਰਜੀਤ ਭੁੱਲਰ’- ਸੜਕ ਦੇ ਕਿਸੇ ਇੱਕ ਬੰਨੇ ਦੇ ਢਾਬੇ ‘ਤੇ ਆਪਣੇ ਮਿੱਤਰਾਂ ਨੂੰ ਕਵਿਤਾਵਾਂ ਸੁਣਾ ਰਿਹਾ ਹਾਂ। ਕਵਿਤਾ ਦਾ ਤਰੱਨਮੀ ਅਲਾਪ ਪੰਚਮ ਸੁਰ ‘ਤੇ ਸੀ,ਜਦੋਂ ਮੌਤ ਦੇ ਦੂਤ -ਫ਼ਰਿਸ਼ਤਾ ਅਜ਼ਰਾਈਲ-  ‘ਵਾਹ,ਵਾਹ ‘ ਦੀ ਦਾਦ ਦਿੰਦਿਆਂ,ਮੈਨੂੰ ਆਪਣੇ ਲੋਹ-ਹੱਥਾਂ ਦੇ ਨੋਂਹਾਂ ‘ਚ ਦਬੋਚ ਕੇ ਦੁਨੀਆ ਫ਼ਾਨੀ ਤੋਂ ਉਠਾ ਕੇ ਲੈ ਜਾਣ ਲੱਗਾ। ਕਵਿਤਾ- ਕੁਵਤਾ ਤਾਂ ਸਭ ਭੁੱਲ-ਭਲਾ ਗਈ ਅਤੇ ਮੈਂ ਆਪਣੇ ਪਿੱਛੇ ਪਤਨੀ,ਬੱਚੇ, ਸਰੋਤਿਆਂ ਅਤੇ ਅਣਗਿਣਤ ਰਾਹਾਂ ‘ਤੇ ਪਾਏ ਪੈਰਾਂ ਅਤੇ ਸ਼ਬਦਾਂ ਦੇ ਨਿਸ਼ਾਨਾਂ ਦੀ ਕਲਪਨਾ ਕਰਨ ਲੱਗਾ।
ਅਜ਼ਲ ਦੇ ਦੂਤ -ਮਲਕ-ਅਲ-ਮੌਤ  ਨੂੰ ਪਤਾ ਨਹੀਂ ਕਿ ਮੇਰੇ ਭੋਲ਼ੇਪਣ ਜਾਂ ਮੇਰੀ ਕਵਿਤਾ ਦਾ ਕੀ ਅਜਿਹਾ ਪ੍ਰਭਾਵ ਪਿਆ ਕਿ ਕਹਿਣ ਲੱਗਾ,’ਓਏ ਸੁਰਜੀਤ ਭੁੱਲਰ ਸ਼ਾਇਰਾ!ਤੇਰੀ ਕੋਈ ਅੰਤਿਮ ਇੱਛਾ ਹੈ ਤਾਂ ਦੱਸ?’
ਅਜਿਹੇ ਸਮੇਂ ਮੈਨੂੰ ਕੀ ਸੁੱਝਣਾ ਸੀ ਪਰ ਹਿੰਮਤ ਕਰ ਕੇ ਮੈਂ ਕਿਹਾ ਕਿ ਮੈਥੋਂ ਵਿਛੜਣ ਵਾਲਿਆਂ ਦੇ ਹੱਥਾਂ ਵਿੱਚ ‘ਸਬਰ ਦੇ ਪਿਆਲੇ (ਠੂਠੇ) ਫੜਾ ਜਾਂ।’ਮੈਨੂੰ ਨਹੀਂ ਪਤਾ ਕਿ ਕੀ ਉਸ ਨੇ ਆਪਣਾ ਇਹ ਕਰਤੱਵ ਪਾਲਿਆ ਜਾਂ ਨਹੀਂ। ਪਰ ਮੇਰਾ ਇਹ
ਕਹਿਣਾ ਹੀ ਸੀ ਕਿ ਮੈਂ ਹੈਰਾਨ ਹੋ ਗਿਆ,ਜਦੋਂ ‘ਸਬਰ ਦੇ ਪਿਆਲੇ’ ‘ਤੇ ਕਵਿਤਾ ਆ ਰੂਨੁਮਾ ਹੋਈ। ਇਹ ਦੇਖ ਕੇ,ਉਹ ਮੈਨੂੰ ਛੱਡ ਕੇ ਪਤਾ ਹੀ ਨਹੀਂ ਲੱਗਾ ਕਿੱਧਰ ਅਲੋਪ ਹੋ ਗਿਆ?
ਇਹ ਕੋਈ ਢਕੀ-ਛੁਪੀ ਗੱਲ ਨਹੀਂ ਹੈ ਕਿ ਬਹੁਤੇ ਕਵੀ ਜਨ, ਆਮ ‘ਤੌਰ ਤੇ ਸੜਕਾਂ,ਢਾਬਿਆਂ ਜਾਂ ਸਹਿਤ ਸਭਾਵਾਂ ਵਿੱਚ ਹੀ ਆਪਣੀ ਹਾਜ਼ਰੀ ਲਗਵਾਉਂਦੇ ਮਿਲਦੇ ਹਨ।ਜੋ ਰਹਿ ਜਾਂਦੇ ਹਨ,ਉਹ ਸੜਕਾਂ ਨੂੰ ਕਵਿਤਾਵਾਂ ਸੁਣਾ,ਮਨ ਦਾ ਗ਼ੁਬਾਰ ਕੱਢ ਲੈਂਦੇ ਹਨ। ਮੇਰੇ ਖ਼ਿਆਲ ਅਨੁਸਾਰ,ਸਾਹਿਤ ਦਾ ਵੱਡਾ ਉਤਪਾਦਨ ਸੜਕਾਂ’’ਤੇ ਹੀ ਹੁੰਦਾ ਹੈ।ਇਸ ਲਈ ਕਵੀ ਅਤੇ ਸੜਕ ਦਾ ਅਨਿੱਖੜਵਾਂ ਰਿਸ਼ਤਾ ਬਹੁਤ ਜੱਦੀ ਪੁਰਖੀ ਹੈ।
ਮੈਂ ਆਪਣੇ ਇੱਕ ਅਜਿਹੇ ਕਵੀ ਮਿੱਤਰ (ਨਿਰਮਲ ਅਰਪਨ) ਨੂੰ 1962 ਤੋਂ ਜਾਣਦਾ ਹਾਂ ਜੋ ਆਪਣੀਆਂ ਕਵਿਤਾਵਾਂ,ਸੀਤਲ ਦੁੱਧ ਕੇਂਦਰ,ਪੱਟੀ ਦੇ ਸਾਹਮਣੀ ਵਾਲੀ ਸੜਕ ‘ਤੇ ਹੀ ਗਾ-ਗਾ ਕੇ ਲਿਖਦਾ ਹੁੰਦਾ ਸੀ ਜਾਂ ਜ਼ਬਾਨੀ ਯਾਦ ਕਰ ਲੈਂਦਾ ਸੀ ਅਤੇ –ਫਿਰ ਸਭ ਤੋਂ ਪਹਿਲਾਂ ਮੈਨੂੰ ਹੀ ਸੁਣਨ ਦਾ ਪਾਤਰ ਬਣਾਉਂਦਾ ਹੁੰਦਾ ਸੀ। ਉਹ ਦੱਸਦਾ ਹੁੰਦਾ ਸੀ ਕਿ ਕਈ ਵਾਰੀ ਤਾਂ ਅਜਿਹਾ ਵੀ ਹੋਇਆ ਕਿ ਅੰਤਰ ਧਿਆਨ ‘ਚ ਸੜਕ ਛੱਡ ਕੇ ਹੋਰ ਪਾਸੇ ਦੇ ਪਹੁੰਚ ਮਾਰਗ ਵਲ  ਚਾਲੇ ਪੈ ਜਾਂਦੇ ਸਨ। ਜਦੋਂ ਕਿ ਰਾਹ ਮੁੱਕ ਜਾਂਦਾ ਪਰ ਕਵਿਤਾ ਬੇ-ਲਗਾਮ ਅਤੇ ਬੇ-ਇਲਹਾਮ ਹੋਈ ਆਪਣਾ ਪੱਲਾ ਹੀ ਨਾ ਫੜਾਉਂਦੀ। ਇਸ ਲਈ,ਜੇਕਰ ਕਿਸੇ ਕਵਿਤਾ ਦਾ ਇੱਕ ਬੰਦ  ਕਿਸੇ ਇੱਕ ਸੜਕ ‘ਤੇ ਉੱਤਰਿਆ ਤਾਂ ਦੂਜੀ ‘ਪਉੜੀ’ ਲਈ ਕਿਸੇ ਹੋਰ ਨਵੇਕਲੇ ਰਾਹ ਦਾ ਪਾਂਧੀ ਬਣਨਾ ਪੈਂਦਾ।
ਏਸੇ ਤਰ੍ਹਾ ਹੀ,ਇੱਕ ਵਾਰ ਮੇਰਾ ਯਾਰ ‘ਖ਼ੁਰਸ਼ੀਦ’ (ਖ਼ਾਲਸਾ ਕਾਲਜ, ਅੰਮ੍ਰਿਤਸਰ ਵਿੱਚ ਐਮ.ਏ.(ਪੰਜਾਬੀ)ਵਿੱਚ ਸਹਿਪਾਠੀ) ਨੇ ਆਪਣੀ ਇੱਕ ਛੋਟੀ ਜਿਹੀ ਕਵਿਤਾ ਸੁਣਾਈ।
ਮੈਂ ਕਿਹਾ ਯਾਰ,’ਤੂੰ ਬਹੁਤ ਦਿਨਾਂ ਪਿੱਛੋਂ,ਇੱਕ ਛੋਟੀ ਕਵਿਤਾ ਲਿਖੀ ਹੈ। ਕੀ ਗੱਲ?’
ਉਹਨੇ ਬੁੱਲ੍ਹਾਂ ‘ਤੇ ਹਾਸੇ ਦੀ ਲਕੀਰ ਅਤੇ ਅੱਖਾਂ ‘ਚ ਜਿੱਤ ਜਿਹੀ ਮਹਿਸੂਸ ਕਰਦਿਆਂ ਕਿਹਾ ਕਿ ਮੈਂ ਇਹ ਕਵਿਤਾ  ਆਪਣੀ ਡਾਰਲਿੰਗ (ਮਹਿਬੂਬਾ) ਦੀ ਮਹਾਂ ਸਿੰਘ ਗੇਟ ਵਿਚਲੀ, ਛੋਟੀ ਤੇ ਭੀੜੀ ਗਲੀ ਵਿਚ ਤਕਰੀਬਨ 50 ਚੱਕਰ ਲਾਉਂਦਿਆਂ ਲਿਖੀ ਹੈ।
ਮੈਂ ਚਟਕਾਰਾ ਲੈਂਦਿਆਂ ਨੇ ਕਿਹਾ ਕਿ ਤੂੰ,50 ਕੁ ਚੱਕਰ ਹੋਰ ਲਾ ਲੈਣੇ ਸੀ। ਕੁੱਝ ਹੋਰ ਦਿਲ ਦੇ ਜਜ਼ਬਾਤ ਕਾਗ਼ਜ਼ ‘ਤੇ ਢਾਲ ਲੈਂਦਾ।’
ਉਹਨੇ ਢਿੱਲਾ ਜਿਹਾ ਮੂੰਹ ਬਣਾ ਕੇ ਕਿਹਾ ਕਿ ਸਾਲੀ ਡਾਰਲਿੰਗ ਦਾ ਫਾਦਰ (ਪਿਉ) ਉੱਥੇ ਆ ਧਮਕਿਆ। ਇਸ ਲਈ,ਤੂੰ,ਮੇਰੇ ਦ੍ਰਿਸ਼ਟੀਕੋਣ ਦੀ ਕਮੀ ਨੂੰ ਕਵਿਤਾ ਦੀ ਕਮੀ ਨਾ ਸਮਝੀ, ਸਗੋਂ ਇਸ ਨੂੰ ਗਲੀ ਦੀ’ ‘ਤੰਗ ਦਿਲੀ’ਸਮਝ ਕੇ ਨਿਵਾਜੀਂ।
ਮੈਂ ਕੀ ਕਹਿ ਸਕਦਾ ਸੀ। ਯਾਰ ਦੀ ਸੁਣਨੀ ਤਾਂ ਪੈਣੀ ਹੀ ਸੀ, ਹਾਂ- ਸੁਣੀ। ਇਹ ਕਹਿਣਾ ਬਹੁਤ ਦੁਖਦਾਈ ਹੈ ਕਿ ਉਹ ਸਾਨੂੰ ਇੰਨੀ ਜਲਦੀ ਛੱਡ ਗਿਆ।
ਹੁਣ ਤਾਂ ਮੇਰਾ ਤਜਰਬਾ ਵੀ ਕਾਫ਼ੀ ਹੋ ਗਿਆ ਹੈ ਅਤੇ ਸਮਝ ਸਕਦਾ ਹਾਂ ਕਿ ਕਿਸੇ ਲੇਖਕ ਨੇ ਆਪਣੀ ਵਿਸ਼ੇਸ਼ ਕਵਿਤਾ ਲਿਖਣ ਲਈ ਕਿਹੜਾ ਹਰਬਾ ਅਪਣਾਇਆ ਹੈ। ਕਈ ਸ਼ਾਇਰਾਂ ਦੀਆਂ ਕਵਿਤਾਵਾਂ ਦਾ ਸੜਕਾਂ ਨਾਲ ਰਿਸ਼ਤਾ ਏਨਾ ਡੂੰਘਾ ਹੋ ਗਿਆ ਹੈ ਕਿ ਉਹ ਸਿਰਫ਼ ਕਵਿਤਾ ਸੁਣਾਉਂਦੇ ਸਾਰ ਹੀ, ਸੁਣਨ ਵਾਲੇ ਪਛਾਣ ਲੈਂਦੇ ਹਨ ਕਿ ਉੱਨੇ ਸੜਕਾਂ ਤੇ ਰਾਹਾਂ ਦੀਆ ਕਿੰਨੀਆਂ ਠੋਕਰਾਂ ਤੇ ਠੋਕਰਾਂ ਖਾ ਕੇ ਇਹ ਕਵਿਤਾ ਲਿਖੀ ਹੋਣੀ ਹੈ।ਇੱਕ ਵਾਰ ਤਾਂ ਹੱਦ ਹੀ ਹੋ ਗਈ ਜਦੋਂ ਮੈਂ ਇੱਕ ਮੁਸ਼ਾਇਰੇ ਵਿੱਚ ਆਪਣੀ ਇੱਕ ‘ਤਾਜ਼ਾ’ (ਪਤਾ ਨਹੀਂ ਬੇਹੀ ਕਦੋਂ ਹੁੰਦੀ ਹੋਊ?) ਗ਼ਜ਼ਲ ਸੁਣਾਈ ਅਤੇ ਸਰੋਤਿਆਂ ਵਿੱਚੋਂ ਇੱਕ ਨੇ ਖੜੇ ਹੋ ਕੇ ਕਿਹਾ, “ਕਿਬਲਾ- ਪਿਆਰੇ ਸ਼ਾਇਰ ਸੁਰਜੀਤ ਜੀ,ਤੁਸੀਂ ਇਹ ਗ਼ਜ਼ਲ ਕੋਠੀ ਨੰਬਰ -1-ਇੰਦਰ ਪੈਲੇਸ ਸਿਨਮਾ ਦੇ ਸਾਹਮਣੇ,ਅੰਮ੍ਰਿਤਸਰ(ਉਸ ਵੇਲੇ ਮੇਰੀ ਕਿਰਾਏ ਦੀ ਰਿਹਾਇਸ਼)ਵਾਲੀ ਸੜਕ ‘ਤੇ ਚਹਿਲ-ਕਦਮੀ ਕਰਦਿਆਂ ਲਿਖੀ ਲੱਗਦੀ ਹੈ।
ਮੈਂ ਚਿੰਤਤ ਹੋਇਆ ਅਤੇ ਬੋਲਿਆ ਕਿ ਇਹ ਤੁਹਾਨੂੰ ਕਿਵੇਂ ਪਤਾ ਲੱਗਿਆ?
ਸੁਣਨ ਵਾਲੇ ਨੇ ਕਿਹਾ ਕਿ ਜਨਾਬ!ਇਹ ਬਹੁਤ ਹੀ ਸੌਖਾ ਹੈ, ਕਿਉਂਕਿ ਇਸ ਗ਼ਜ਼ਲ ਵਿਚ ਸਾਨੂੰ ਹਰ ਪਾਸੇ ‘ਕੂੜਾ-ਕਰਕਟ’ ਹੀ ਨਜ਼ਰ ਆਉਂਦਾ ਹੈ। ਚੌਹ ਪਾਸੇ ਗੰਦਗੀ ਫੈਲੀ ਹੋਈ ਹੈ। ਇਹ ਸੁਣ ਕੇ ਮੈਨੂੰ ਬੜੀ ਖ਼ੁਸ਼ੀ ਹੋਈ ਕਿ ਮੇਰੇ ਕੁੱਝ ਅਦਬੀ ਦੋਸਤ ਅਤੇ ਸਰੋਤੇ, ਆਪਣੇ ਚਹੇਤਾ ਸ਼ਾਇਰ ਅਤੇ ਸੜਕ ਦਾ ਆਪਸੀ ਰਿਸ਼ਤਾ ਸਮਝਣ ਯੋਗ ਹੋ ਗਏ ਹਨ। ਇਹ ਮੇਰੀ ਸ਼ਾਇਰੀ ਦੀ ਠੋਸ ਉਪਜ ਹੈ। ਹੁਣ ਤਾਂ ਅਗਲੇ ਸਾਲ-‘ਓਮ ਸਿਰੀ ਐਵਾਰਡ’-ਆਪਣੀ ਝੋਲੀ ‘ਚ ਪਿਆ ਹੀ ਸਮਝੋ।
ਉਸੇ ਵੇਲੇ ਮੇਰੇ ਘਤਿੱਤੀ ਦਿਮਾਗ਼ ਚ’ ਇੱਕ ਫੁਰਨਾ ਫੁਰਿਆ ਅਤੇ ਸਟੇਜ ਤੇ ਹੀ ਜੈਕਾਰਾ ‘ਛੱਡ’ ਕੇ ਕਿਹਾ ਕਿ ਦੋਸਤੋ,ਸਾਰੇ ਲਾਮਬੰਦ ਹੋ ਜਾਓ, ਅਤੇ ਆਪਣੇ-ਆਪਣੇ ਸ਼ਹਿਰਾਂ ਦੀਆਂ ਮੁੱਖ ਸੜਕਾਂ, ਪਿੰਡਾਂ ਦੇ ਪਹੁੰਚ ਮਾਰਗਾਂ ਅਤੇ ਰਾਹਾਂ ਦੇ ਨਾਂ- ਆਪਣੇ –ਆਪਣੇ ਸੁਰਗਵਾਸੀ ਸ਼ਾਇਰਾਂ ਦੇ ਨਾਵਾਂ ‘ਤੇ ਰੱਖੇ ਜਾਣ ਦੀ ਡਿਮਾਂਡ ਸਰਕਾਰ ਤਕ ਪੁਚਾਓ।
ਸ਼ਇਰ ਅਤੇ ਸੜਕ/- ਦੋਹਾਂ ਦੀ ਮੜਕ/-ਕਵਿਤਾ ਦੀ ਕੜਕ/ਜਦੋਂ ਸੁਣੂ ਸਰਕਾਰ
ਯਕੀਨ ਜਾਣੋ ਸਾਥੀਓ /ਉਹ ਤਾਂ ਜਾਊਗੀ ਫੜਕ।
ਹਰ ਪਾਸੇ ਜੈਕਾਰਿਆਂ ਦੀ ਗੂੰਜ ਨੇ,ਜਿੱਥੇ ਸਾਨੂੰ “ਉੱਤੇ” ਚੁੱਕ ਲਿਆ,ਉੱਥੇ ਹੀ ‘ਚੁੱਕ ਲੋ- ਚੁੱਕ ਲੋ ਹੋ ਗਈ।’
-0-
ਜਾਂਦੇ -ਜਾਂਦੇ
 —
ਜਨਾਬ ਮਜਾਜ਼ ਲਖਨਵੀ -ਉਰਦੂ ਦਾ ਮਹਾਨ ਸ਼ਾਇਰ – ਨੇ ਵੀ ਸੜਕ ਤੇ ਘੁੰਮਦਿਆਂ-ਫਿਰਦਿਆਂ ਕੁੱਝ ਅਜਿਹੀ ਸ਼ਾਇਰੀ ਕੀਤੀ ਕਿ ਅਮਰ ਹੋ ਗਿਆ। ਫ਼ਿਲਮ ਠੋਕਰ(1953) ਵਿੱਚ ਉਨ੍ਹਾਂ ਦਾ ਇਹ ਗੀਤ ਸੁਣ ਸਕਦੇ ਹੋ।
—-
‘ਸ਼ਹਿਰ ਕੀ ਰਾਤ ਔਰ ਮੈਂ ਨਾਸ਼ਾਦ-ਓ-ਨਾਕਾਰਾ ਫਿਰੂੰ,
ਜਗਮਗਾਤੀ ਸੜਕੋਂ ਪੇ ਆਵਾਰਾ ਫਿਰੂੰ।
ਐ ਗ਼ਮ-ਏ-ਦਿਲ  ਕਿਆ ਕਰੂ, ਐ ਵੈਹਸ਼ਤ-ਏ- ਦਿਲ  ਕਿਆ ਕਰੂੰ?’
-0-
ਸੁਰਜੀਤ ਸਿੰਘ ਭੁੱਲਰ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਬੁੱਧ ਚਿੰਤਨ
Next articleਮਿੰਨੀ ਕਹਾਣੀ