ਨਵੀਂ ਦਿੱਲੀ (ਸਮਾਜ ਵੀਕਲੀ) : ਭਾਰਤ ਵਿਚ ਅੱਜ ਕਰੋਨਾਵਾਇਰਸ ਦੇ 3,49,691 ਨਵੇਂ ਕੇਸ ਸਾਹਮਣੇ ਆਏ ਹਨ। ਇਨ੍ਹਾਂ ਨਵੇਂ ਕੇਸਾਂ ਨਾਲ ਦੇਸ਼ ਵਿਚ ਹੁਣ ਤੱਕ ਕਰੋਨਾ ਦੇ ਕੁੱਲ ਕੇਸਾਂ ਦੀ ਗਿਣਤੀ ਵਧ ਕੇ 1,69,60,172 ’ਤੇ ਪਹੁੰਚ ਗਈ ਹੈ ਜਦਕਿ ਇਸ ਵੇਲੇ ਦੇਸ਼ ਭਰ ਵਿਚ ਐਕਟਿਵ ਕੇਸਾਂ ਦੀ ਗਿਣਤੀ 27 ਲੱਖ ਨੂੰ ਢੁਕ ਗਈ ਹੈ।
ਸਿਹਤ ਮੰਤਰਾਲੇ ਵੱਲੋਂ ਅੱਜ ਸਵੇਰੇ 8 ਵਜੇ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਦੇਸ਼ ਵਿਚ ਪਿਛਲੇ 24 ਘੰਟਿਆਂ ’ਚ ਹੋਈਆਂ 2,767 ਹੋਰ ਮੌਤਾਂ ਨਾਲ ਹੁਣ ਤੱਕ ਮਹਾਮਾਰੀ ਕਾਰਨ ਹੋਣ ਵਾਲੀਆਂ ਕੁੱਲ ਮੌਤਾਂ ਦੀ ਗਿਣਤੀ ਵਧ ਕੇ 1,92,311 ’ਤੇ ਪਹੁੰਚ ਗਈ ਹੈ। ਦੇਸ਼ ਵਿਚ ਲਗਾਤਾਰ ਵਧ ਰਹੀ ਕਰੋਨਾ ਦੇ ਮਰੀਜ਼ਾਂ ਦੀ ਗਿਣਤੀ ਕਾਰਨ ਇਸ ਵੇਲੇ ਐਕਟਿਵ ਕੇਸਾਂ ਦੀ ਗਿਣਤੀ ਵਧ ਕੇ 26,82,751 ’ਤੇ ਪਹੁੰਚ ਗਈ ਹੈ ਜੋ ਕਿ ਕੁੱਲ ਕੇਸਾਂ ਦੀ ਗਿਣਤੀ ਦਾ 15.82 ਫ਼ੀਸਦ ਹੈ। ਇਸ ਦੌਰਾਨ ਕੋਵਿਡ-19 ਦੇ ਮਰੀਜ਼ਾਂ ਦੇ ਠੀਕ ਹੋਣ ਦੀ ਦਰ ਘੱਟ ਕੇ 83.05 ਫ਼ੀਸਦ ਰਹਿ ਗਈ ਹੈ। ਅੰਕੜੇ ਦਿਖਾਉਂਦੇ ਹਨ ਕਿ ਇਸ ਬਿਮਾਰੀ ਤੋਂ ਉੱਭਰ ਕੇ ਠੀਕ ਹੋਣ ਵਾਲੇ ਲੋਕਾਂ ਦੀ ਗਿਣਤੀ 1,40,85,110 ਹੈ ਜਦਕਿ ਇਸ ਬਿਮਾਰੀ ਕਾਰਨ ਮਰਨ ਵਾਲਿਆਂ ਦੀ ਦਰ 1.13 ਫ਼ੀਸਦ ਹੈ।
ਅੱਜ ਦੇਸ਼ ਭਰ ਵਿਚ ਹੋਈਆਂ 2,767 ਨਵੀਆਂ ਮੌਤਾਂ ਵਿਚੋਂ ਸਭ ਤੋਂ ਵੱਧ 676 ਮਹਾਰਾਸ਼ਟਰ ’ਚ ਹੋਈਆਂ ਹਨ। ਉਸ ਤੋਂ ਬਾਅਦ ਦਿੱਲੀ ’ਚ 357, ਉੱਤਰ ਪ੍ਰਦੇਸ਼ ’ਚ 222, ਛੱਤੀਸਗੜ੍ਹ ’ਚ 218, ਕਰਨਾਟਕ ’ਚ 208, ਗੁਜਰਾਤ ’ਚ 152, ਝਾਰਖੰਡ ’ਚ 110 ਅਤੇ ਮੱਧ ਪ੍ਰਦੇਸ਼ ’ਚ 104 ਮੌਤਾਂ ਹੋਈਆਂ ਹਨ। ਇਸੇ ਤਰ੍ਹਾਂ ਹੁਣ ਤੱਕ ਦੇਸ਼ ਭਰ ਵਿਚ ਕਰੋਨਾ ਕਾਰਨ ਕੁੱਲ 1,92,311 ਮੌਤਾਂ ਹੋਈਆਂ ਹਨ ਜਿਨ੍ਹਾਂ ਵਿਚੋਂ ਸਭ ਤੋਂ ਵੱਧ 63,928 ਮੌਤਾਂ ਇਕੱਲੇ ਮਹਾਰਾਸ਼ਟਰ ਵਿਚ ਹੋਈਆਂ ਹਨ। ਉਸ ਤੋਂ ਬਾਅਦ ਕਰਨਾਟਕ ’ਚ 14283, ਤਾਮਿਲਨਾਡੂ ’ਚ 13475, ਦਿੱਲੀ ’ਚ 13898, ਉੱਤਰ ਪ੍ਰਦੇਸ਼ ’ਚ 10959, ਪੱਛਮੀ ਬੰਗਾਲ ’ਚ 10884, ਪੰਜਾਬ ’ਚ 8356 ਅਤੇ ਆਂਧਰਾ ਪ੍ਰਦੇਸ਼ ’ਚ 7616 ਮੌਤਾਂ ਹੁਣ ਤੱਕ ਹੋ ਚੁੱਕੀਆਂ ਹਨ। ਸਿਹਤ ਮੰਤਰਾਲੇ ਦਾ ਕਹਿਣਾ ਹੈ ਕਿ ਮਰਨ ਵਾਲਿਆਂ ਵਿਚ 70 ਫ਼ੀਸਦ ਤੋਂ ਵੱਧ ਲੋਕ ਵੱਖ-ਵੱਖ ਹੋਰ ਗੰਭੀਰ ਬਿਮਾਰੀਆਂ ਦੇ ਮਰੀਜ਼ ਸਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly