ਡੈਮੋਕਰੈਟਾਂ ਦੇ ਵਿਚਾਰ ਪਸੰਦ ਕਰਦੇ ਨੇ ਅਮਰੀਕੀ: ਹੈਰਿਸ

ਵਾਸ਼ਿੰਗਟਨ  (ਸਮਾਜ ਵੀਕਲੀ) : ਡੈਮੋਕਰੈਟਿਕ ਪਾਰਟੀ ਵੱਲੋਂ ਉੱਪ ਰਾਸ਼ਟਰਪਤੀ ਦੇ ਅਹੁਦੇ ਲਈ ਉਮੀਦਵਾਰ ਕਮਲਾ ਹੈਰਿਸ ਨੇ ਕਿਹਾ ਕਿ ਸਿਹਤ ਸੰਭਾਲ ਤੇ ਕਰੋਨਾ ਮਹਾਮਾਰੀ ਜਿਹੇ ਮੁੱਦਿਆਂ ’ਤੇ ਉਨ੍ਹਾਂ ਦੀ ਪਾਰਟੀ ਦੇ ਵਿਚਾਰ ਜ਼ਿਆਦਾਤਰ ਅਮਰੀਕੀ ਲੋਕਾਂ ਵੱਲੋਂ ਸਾਂਝੇ ਕੀਤੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਅਮਰੀਕਾ ਦੀ ਜਨਤਾ ਰਾਸ਼ਟਰਪਤੀ ਡੋਨਲਡ ਟਰੰਪ ਦੀ ਨਾਕਾਮ ਅਗਵਾਈ ਦੀ ਨਿੰਦਾ ਕਰਦੀ ਹੈ।

ਉਨ੍ਹਾਂ ਟਰੰਪ ਦੀਆਂ ਉਨ੍ਹਾਂ ਟਿੱਪਣੀਆਂ ਨੂੰ ਖਾਰਜ ਕੀਤਾ ਜਿਨ੍ਹਾਂ ’ਚ ਉਨ੍ਹਾਂ ਹੈਰਿਸ ਨੂੰ ਇੱਕ ‘ਮਹਿਲਾ ਸਮਾਜਵਾਦੀ’ ਦੇ ਰੂਪ ’ਚ ਦੱਸਿਆ ਸੀ। ਉਹ ਚੋਣ ਪ੍ਰਚਾਰ ਲਈ ਕਲੀਵਲੈਂਡ ’ਚ ਸਨ। ਉਨ੍ਹਾਂ ਪੱਤਰਕਾਰਾਂ ਨੂੰ ਕਿਹਾ, ‘ਡੈਮੋਕਰੈਟਿਕ ਪਾਰਟੀ ਵੱਲੋਂ ਰਾਸ਼ਟਰਪਤੀ ਦੇ ਅਹੁਦੇ ਦੇ ਉਮੀਦਵਾਰ ਜੋਅ ਬਾਇਡਨ ਤੇ ਮੈਨੂੰ ਆਪਣੀ ਅਮਰੀਕੀ ਦੇਸ਼ ਭਗਤੀ ’ਤੇ ਮਾਣ ਹੈ। ਅਸਲੀਅਤ ਇਹ ਹੈ ਕਿ ਸਾਡੇ ਕੋਲ ਜੋ ਕਦਰਾਂ ਕੀਮਤਾਂ ਹਨ ਉਹ ਜ਼ਿਆਦਾਤਰ ਅਮਰੀਕੀ ਲੋਕਾਂ ਵੱਲੋਂ ਸਾਂਝੀਆਂ ਕੀਤੀਆਂ ਜਾਂਦੀਆਂ ਹਨ।’

ਉਹ ਇੱਕ ਦਿਨ ਪਹਿਲਾਂ ਟਰੰਪ ਦੇ ਬਿਆਨ ’ਤੇ ਪੁੱਛੇ ਗਏ ਇੱਕ ਸਵਾਲ ਦਾ ਜਵਾਬ ਦੇ ਰਹੀ ਸੀ। ਹੈਰਿਸ ਨੇ ਕਿਹਾ, ‘ਟਰੰਪ ਇਸ ਆਧਾਰ ’ਤੇ ਅਰਥਚਾਰੇ ਦੀ ਕਾਮਯਾਬੀ ਨੂੰ ਮਾਪਦੇ ਹਨ ਕਿ ਅਮੀਰ ਲੋਕ ਕੀ ਕਰ ਰਹੇ ਹਨ ਤੇ ਸ਼ੇਅਰ ਬਾਜ਼ਾਰ ’ਚ ਕੀ ਹੋ ਰਿਹਾ ਹੈ।’ ਉਨ੍ਹਾਂ ਕਿਹਾ ਕਿ ਇੱਕ ਪਾਸੇ ਬਾਇਡਨ ਹਨ ਜੋ ਸਿਆਹਫਾਮਾਂ ਦੇ ਹੱਕ ’ਚ ਬੋਲਦੇ ਹਨ ਤੇ ਦੂਜੇ ਪਾਸੇ ਟਰੰਪ ਹਨ ਜੋ ਇਸ ਬਾਰੇ ਕਦੀ ਕੁਝ ਨਹੀਂ ਬੋਲਦੇ।

ਇਸੇ ਦੌਰਾਨ ਡੈਮੋਕਰੈਟ ਉਮੀਦਵਾਰਾਂ ਦੇ ਹੱਕ ’ਚ ਕਾਰ ਰੈਲੀ ਕਰਦਿਆਂ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੇ ਅਮਰੀਕੀਆਂ ਨੂੰ ਟਰੰਪ ਨੂੰ ਦੂਜਾ ਕਾਰਜਕਾਲ ਨਾ ਦੇਣ ਦੀ ਅਪੀਲ ਕੀਤੀ। ਉਨ੍ਹਾਂ ਅਮਰੀਕਾ ’ਚ ਕੋਵਿਡ-19 ਨਾਲ ਨਜਿੱਠਣ ਲਈ ਕੋਈ ਯੋਜਨਾ ਨਾ ਬਣਾ ਸਕਣ ਤੇ ਇੱਕ ਇੰਟਰਵਿਊ ਦੌਰਾਨ  ਉੱਠ ਕੇ ਚਲੇ ਜਾਣ ਦੀ ਆਲੋਚਨਾ ਕਰਦਿਆਂ ਕਿਹਾ ਕਿ ਉਹ ਖੁਦ ਨੂੰ ਤੇ ਆਪਣੇ ਦੋਸਤਾਂ ਨੂੰ ਮਦਦ ਪਹੁੰਚਾਉਣ ਲਈ ਦੂਜੇ ਕਾਰਜਕਾਲ ਦੇ ਜੁਗਾੜ ’ਚ ਲੱਗੇ ਹੋਏ ਹਨ।

Previous articleBigg Boss 14: Salman Khan introduces 3 freshers
Next articleਅਮਰੀਕੀ ਨੇਵੀ ਦਾ ਜਹਾਜ਼ ਹਾਦਸਾਗ੍ਰਸਤ, ਦੋ ਮੌਤਾਂ