ਇਸਲਾਮਾਬਾਦ — ਜੰਮੂ-ਕਸ਼ਮੀਰ ਦੇ ਪਹਿਲਗਾਮ ‘ਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਨੇ ਪਾਕਿਸਤਾਨ ਖਿਲਾਫ ਸਖਤ ਰੁਖ ਅਖਤਿਆਰ ਕਰਦੇ ਹੋਏ ਸਿੰਧੂ ਜਲ ਸੰਧੀ ਨੂੰ ਮੁਅੱਤਲ ਕਰਨ ਦਾ ਐਲਾਨ ਕੀਤਾ ਹੈ। ਇਸ ਫੈਸਲੇ ਨਾਲ ਪਾਕਿਸਤਾਨ ਵਿਚ ਖਲਬਲੀ ਮਚ ਗਈ ਹੈ ਅਤੇ ਉਸ ਦੇ ਨੇਤਾ ਲਗਾਤਾਰ ਭੜਕਾਊ ਬਿਆਨ ਦੇ ਰਹੇ ਹਨ। ਹੁਣ ਪਾਕਿਸਤਾਨ ਦੇ ਰੇਲ ਮੰਤਰੀ ਹਨੀਫ਼ ਅੱਬਾਸੀ ਨੇ ਖੁੱਲ੍ਹੇਆਮ ਭਾਰਤ ਨੂੰ ਪ੍ਰਮਾਣੂ ਹਮਲੇ ਦੀ ਧਮਕੀ ਦਿੱਤੀ ਹੈ।
ਰਾਵਲਪਿੰਡੀ ‘ਚ ਪ੍ਰੈੱਸ ਕਾਨਫਰੰਸ ਦੌਰਾਨ ਹਨੀਫ ਅੱਬਾਸੀ ਨੇ ਕਿਹਾ, “ਜੇਕਰ ਭਾਰਤ ਪਾਕਿਸਤਾਨ ਦਾ ਪਾਣੀ ਰੋਕਦਾ ਹੈ ਤਾਂ ਅਸੀਂ ਇਸ ਦਾ ਮੂੰਹਤੋੜ ਜਵਾਬ ਦੇਵਾਂਗੇ। ਸਾਡੀਆਂ ਸਾਰੀਆਂ ਮਿਜ਼ਾਈਲਾਂ ਭਾਰਤ ਵੱਲ ਹਨ। ਸਾਡੇ ਕੋਲ ਘੋਰੀ, ਸ਼ਾਹੀਨ, ਗਜ਼ਨਵੀ ਵਰਗੀਆਂ ਮਿਜ਼ਾਈਲਾਂ ਅਤੇ 130 ਪ੍ਰਮਾਣੂ ਹਥਿਆਰ ਸਿਰਫ਼ ਭਾਰਤ ਲਈ ਹੀ ਤਿਆਰ ਹਨ।” ਅੱਬਾਸੀ ਨੇ ਦਾਅਵਾ ਕੀਤਾ ਕਿ ਪਾਕਿਸਤਾਨ ਕੋਲ ਦੁਨੀਆ ਦੇ ਸਭ ਤੋਂ ਸ਼ਕਤੀਸ਼ਾਲੀ ਪਰਮਾਣੂ ਬੰਬ ਹਨ ਅਤੇ ਦੇਸ਼ ਨੇ ਕੂਟਨੀਤਕ ਯਤਨਾਂ ਦੇ ਨਾਲ-ਨਾਲ ਆਪਣੀਆਂ ਸਰਹੱਦਾਂ ਦੀ ਰੱਖਿਆ ਲਈ ਪੂਰੀ ਤਿਆਰੀ ਕਰ ਲਈ ਹੈ। ਉਸ ਨੇ ਦੋਸ਼ ਲਾਇਆ ਕਿ “ਪਹਿਲਗਾਮ ਹਮਲਾ ਸਿਰਫ਼ ਇੱਕ ਬਹਾਨਾ ਹੈ, ਅਸਲ ਮਕਸਦ ਸਿੰਧੂ ਜਲ ਸੰਧੀ ਨੂੰ ਲੈ ਕੇ ਭਾਰਤ ‘ਤੇ ਦਬਾਅ ਬਣਾਉਣਾ ਹੈ।”
ਇਹ ਪਹਿਲੀ ਵਾਰ ਨਹੀਂ ਹੈ ਜਦੋਂ ਪਾਕਿਸਤਾਨ ਦੇ ਨੇਤਾਵਾਂ ਨੇ ਭਾਰਤ ਖਿਲਾਫ ਭੜਕਾਊ ਬਿਆਨ ਦਿੱਤੇ ਹਨ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼, ਵਿਦੇਸ਼ ਮੰਤਰੀ ਇਸਹਾਕ ਡਾਰ ਅਤੇ ਸਾਬਕਾ ਵਿਦੇਸ਼ ਮੰਤਰੀ ਬਿਲਾਵਲ ਭੁੱਟੋ ਵੀ ਭਾਰਤ ਨੂੰ ਪ੍ਰਮਾਣੂ ਜੰਗ ਦੀ ਧਮਕੀ ਦੇ ਚੁੱਕੇ ਹਨ। ਬਿਲਾਵਲ ਭੁੱਟੋ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਕਿ ਜਾਂ ਤਾਂ ਸਾਡਾ ਪਾਣੀ ਜਾਂ ਭਾਰਤੀਆਂ ਦਾ ਖੂਨ ਸਿੰਧ ਨਦੀ ਵਿੱਚ ਵਹਿੇਗਾ। ਭਾਰਤ ਨੇ ਸਪੱਸ਼ਟ ਕੀਤਾ ਹੈ ਕਿ ਉਹ ਕਿਸੇ ਵੀ ਤਰ੍ਹਾਂ ਦੀ ਧਮਕੀ ਜਾਂ ਦਬਾਅ ਅੱਗੇ ਝੁਕੇਗਾ ਨਹੀਂ ਅਤੇ ਆਪਣੀ ਪ੍ਰਭੂਸੱਤਾ ਦੀ ਰੱਖਿਆ ਲਈ ਹਰ ਕਦਮ ਚੁੱਕੇਗਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly



