‘ਆਪ’ ਦੀ ਥਾਂ ਕਾਂਗਰਸ ? ਭਾਜਪਾ ਪ੍ਰਧਾਨ ਦੀ ਵੀਡੀਓ ਵਾਇਰਲ

ਚੰਡੀਗੜ੍ਹ (ਸਮਾਜ ਵੀਕਲੀ):  ਪੰਜਾਬ ਵਿਧਾਨ ਸਭਾ ਚੋਣਾਂ ਤੋਂ ਇਕ ਦਿਨ ਪਹਿਲਾਂ ਅੱਜ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਦੀ ਇਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਵਿੱਚ ਭਾਜਪਾ ਪ੍ਰਧਾਨ ਕਾਂਗਰਸ ਨੂੰ ਵੋਟਾਂ ਪਾਉਣ ਦੀ ਅਪੀਲ ਕਰਦੇ ਦਿਖਾਈ ਦੇ ਰਹੇ ਹਨ, ਜਦਕਿ ਵੀਡੀਓ ਵਾਇਰਲ ਹੋਣ ਤੋਂ ਬਾਅਦ ਭਾਜਪਾ ਆਗੂ ਨੇ ਆਪਣੀ ਗੱਲ ਤੋਂ ਪਿੱਛੇ ਹਟਦਿਆਂ ਵੀਡੀਓ ਨਾਲ ਛੇੜਛਾੜ ਹੋਣ ਬਾਰੇ ਕਿਹਾ ਹੈ। ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਵੀਡੀਓ ਵਿੱਚ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਚੋਣ ਪ੍ਰਚਾਰ ਕਰ ਰਹੇ ਹਨ।

ਇਸ ਵਿਚ ਅਸ਼ਵਨੀ ਸ਼ਰਮਾ ਕਥਿਤ ਤੌਰ ’ਤੇ ਕਹਿ ਰਹੇ ਹਨ ਕਿ, ‘ਆਮ ਆਦਮੀ ਪਾਰਟੀ ਨੂੰ ਵੋਟ ਪਾਉਣ ਦਾ ਮਤਲਬ ਅਤਿਵਾਦ ਤੇ ਪੰਜਾਬ ਨੂੰ ਤੋੜਨ ਵਾਲਿਆਂ ਨੂੰ ਵੋਟ ਪਾਉਣਾ ਹੈ, ਜਿਹੜਾ ਆਪ ਨੂੰ ਵੋਟ ਪਾਵੇਗਾ ਉਹ ਦੇਸ਼ ਅਤੇ ਪੰਜਾਬ ਨਾਲ ਗੱਦਾਰੀ ਕਰ ਰਿਹਾ ਹੈ। ਜੇਕਰ ਸਾਨੂੰ ਨਹੀਂ ਪਾਉਣੀ ਤਾਂ ਕਾਂਗਰਸ ਨੂੰ ਪਾ ਦੇਵੋ, ਪਰ ਦੇਸ਼ ਨਾਲ ਗੱਦਾਰੀ ਕਰਨ ਵਾਲੇ ਨੂੰ ਵੋਟ ਨਹੀਂ ਪਾਉਣੀ।’ ਪੰਜਾਬ ਚੋਣਾਂ ਤੋਂ ਇਕ ਦਿਨ ਪਹਿਲਾਂ ਭਾਜਪਾ ਪ੍ਰਧਾਨ ਦੀ ਵਾਇਰਲ ਹੋਈ ਵੀਡੀਓ ਨਾਲ ਵਿਵਾਦ ਖੜ੍ਹਾ ਹੋ ਗਿਆ ਹੈ। ਵਿਧਾਨ ਸਭਾ ਚੋਣਾਂ ਦੌਰਾਨ ਹਾਲਾਂਕਿ ਸਾਰੀਆਂ ਸਿਆਸੀ ਧਿਰਾਂ ਇਕ-ਦੂਜੇ ਨੂੰ ਦਬਾਉਣ ਖਾਤਰ ਦੋਸ਼ ਲਾਉਂਦੀਆਂ ਹਨ, ਪਰ ਭਾਜਪਾ ਪ੍ਰਧਾਨ ਦੀ ਇਹ ਵੀਡੀਓ ਸੂਬੇ ਭਰ ਵਿੱਚ ਚਰਚਾ ਦਾ ਵਿਸ਼ਾ ਬਣ ਗਈ ਹੈ। ਇਸ ਨਾਲ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਹੋ ਰਹੇ ਹਨ। ਅਸ਼ਵਨੀ ਸ਼ਰਮਾ ਵਿਧਾਨ ਸਭਾ ਹਲਕਾ ਪਠਾਨਕੋਟ ’ਤੇ ਚੋਣ ਮੈਦਾਨ ਵਿੱਚ ਵੀ ਹਨ। ਉਨ੍ਹਾਂ ਦਾ ਬਿਆਨ ਪਠਾਨਕੋਟ ਹਲਕੇ ’ਚ ਵੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।

ਵੀਡੀਓ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਗਿਆ: ਜੀਵਨ ਗੁਪਤਾ

ਭਾਜਪਾ ਦੇ ਸੂਬਾ ਜਨਰਲ ਸਕੱਤਰ ਜੀਵਨ ਗੁਪਤਾ ਨੇ ਕਿਹਾ ਕਿ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਦੀ ਵੀਡੀਓ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਨੂੰ ਹਾਰ ਸਪੱਸ਼ਟ ਤੌਰ ’ਤੇ ਦਿਖਾਈ ਦੇ ਰਹੀ ਹੈ, ਜਿਸ ਨੇ ਵੀਡੀਓ ਨਾਲ ਛੇੜਛਾੜ ਕਰ ਕੇ ਇਸ ਨੂੰ ਵਾਇਰਲ ਕੀਤਾ ਹੈ। ਗੁਪਤਾ ਨੇ ਕਿਹਾ ਕਿ ਕਾਂਗਰਸ ਅਤੇ ‘ਆਪ’ ਦੋਵੇਂ ਹੀ ਪੰਜਾਬ ਵਿਰੋਧੀ ਹਨ ਜਿਨ੍ਹਾਂ ਵੱਲੋਂ ਗੰਦੀ ਰਾਜਨੀਤੀ ਕਰਦਿਆਂ ਅਜਿਹੀਆਂ ਹਰਕਤਾਂ ਕੀਤੀਆਂ ਜਾ ਰਹੀਆਂ ਹਨ। ਇਸ ਬਾਰੇ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਨਾਲ ਸੰਪਰਕ ਨਹੀਂ ਹੋ ਸਕਿਆ ਪਰ ਉਨ੍ਹਾਂ ਨੇ ਵੀਡੀਓ ਜਾਰੀ ਕਰਦਿਆਂ ਵਾਇਰਲ ਵੀਡੀਓ ਨਾਲ ਛੇੜਛਾੜ ਕਰਨ ਦਾ ਜ਼ਿਕਰ ਕੀਤਾ ਹੈ। ਭਾਜਪਾ ਨੇ ਵੀਡੀਓ ਨਾਲ ਛੇੜਛਾੜ ਬਾਰੇ ਚੋਣ ਕਮਿਸ਼ਨ ਨੂੰ ਸ਼ਿਕਾਇਤ ਵੀ ਦਿੱਤੀ ਹੈ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleGerman Chancellor calls for negotiated solution to Ukraine crisis
Next articleਸੁਖਬੀਰ ਖ਼ਿਲਾਫ਼ ਕੇਸ ਦਰਜ ਕਰਨ ਦੇ ਨਿਰਦੇਸ਼