ਡੀਟੀਐੱਫ਼ ਵੱਲੋਂ ਸਿੱਖਿਆ ਮੰਤਰੀ ਦੇ ਵਾਅਦਾ-ਖਿਲਾਫ਼ ਰਵੱਈਏ ਖ਼ਿਲਾਫ਼ ਕੀਤਾ ਗਿਆ ਅਰਥੀ ਫੂਕ ਮੁਜ਼ਾਹਰਾ

ਕਪੂਰਥਲਾ ਸਮਾਜ ਵੀਕਲੀ (ਕੌੜਾ) – ਪੰਜਾਬ ਸਰਕਾਰ ਦੇ ਸਿੱਖਿਆ ਮੰਤਰੀ ਵਿਜੇਇੰਦਰ ਸਿੰਗਲਾ ਵੱਲੋਂ ਡੈਮੋਕਰੈਟਿਕ ਟੀਚਰਜ਼ ਫਰੰਟ ਪੰਜਾਬ ਨਾਲ ਅਧਿਆਪਕਾਂ ਦੀਆਂ ਹੱਕੀ ਮੰਗਾਂ ਦੇ ਹੱਲ ਲਈ 3 ਮਈ , ਫਿਰ 6 ਮਈ ਨੂੰ ਪੈਨਲ ਮੀਟਿੰਗ ਸੱਦ ਕੇ ਰੱਦ ਕਰਦਿਆਂ ਵਾਰ-ਵਾਰ ਮਿਲਣ ਤੋਂ ਆਨਾ-ਕਾਨੀ ਕੀਤੀ ਗਈ ਹੈ। ਇਸ ਵਾਅਦਾ-ਖਿਲਾਫ਼ੀ ਕਾਰਨ ਸਮੁੱਚਾ ਅਧਿਆਪਕ ਵਰਗ ਖਫਾ ਹੈ। ਇਸਦੇ ਰੋਸ ਵਜੋਂ ਡੀਟੀਐੱਫ਼ ਕਪੂਰਥਲਾ ਵੱਲੋਂ ਅੱਜ ਸਥਾਨਕ ਸ਼ਾਲਾਮਾਰ ਬਾਗ ਵਿਖੇ ਭਰਵਾਂ ਰੋਸ ਮੁਜ਼ਾਹਰਾ ਕਰਕੇ ਸਿੱਖਿਆ ਮੰਤਰੀ ਦਾ ਪੁਤਲਾ ਫੂਕਿਆ ਗਿਆ।

ਡੀਟੀਐੱਫ਼ ਪੰਜਾਬ ਦੇ ਸੂਬਾ ਸਕੱਤਰ ਸਰਵਣ ਸਿੰਘ ਨੇ ਰੋਸ ਮੁਜ਼ਾਹਰੇ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਪੰਜਾਬ ਦਾ ਸਿੱਖਿਆ ਮੰਤਰੀ ਕੈਪਟਨ ਸਰਕਾਰ ਦੀਆਂ ਜਨਤਕ-ਸਿੱਖਿਆ ਉਜਾੜੂ ਨੀਤੀਆਂ ਨੂੰ ਲਾਗੂ ਕਰਨ ਲਈ ਸਿੱਖਿਆ ਸਕੱਤਰ ਨਾਲ ਰਲ਼ ਕੇ, ਜਾਣ ਬੁੱਝ ਕੇ ਅਧਿਆਪਕਾਂ ਦੀਆਂ ਹੱਕੀ ਮੰਗਾਂ ਮੰਨਣ ਤੋਂ ਭੱਜ ਰਿਹਾ ਹੈ। ਵਾਰ-ਵਾਰ ਮੀਟਿੰਗਾਂ ਦਾ ਸਮਾਂ ਬਦਲ ਕੇ ਗੈਰ-ਜਿੰਮੇਵਾਰਾਨਾ ਰਵੱਈਏ ਦਾ ਸਬੂਤ ਦੇ ਰਿਹਾ ਹੈ। ਨਵੀਂ ਕੌਮੀ ਸਿੱਖਿਆ ਨੀਤੀ ਅਜੇ ਕੱਲ ਹੀ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਈ ਹੈ ਤੇ ਅੱਜ ਹੀ ਇਸ ਸਿੱਖਿਆ ਨੀਤੀ ਦੀ ਸਿਫਾਰਸ਼ ਮੁਤਾਬਕ ਸਿੱਖਿਆ ਸਕੱਤਰ ਨੇ ਸਰਕਾਰ ਦਾ ਹੱਥ ਠੋਕਾ ਬਣਦਿਆਂ ਰਿਟਾਇਰ ਹੋਏ ਅਧਿਆਪਕਾਂ ਨੂੰ ਵਲੰਟੀਅਰ ਤੌਰ ‘ਤੇ ਸਿੱਖਿਆ ਸੇਵਕ ਭਰਤੀ ਕਰਨ ਦਾ ਪੱਤਰ ਜਾਰੀ ਕਰ ਦਿੱਤਾ ਹੈ ਜਿਸ ਤਹਿਤ ਕੋਈ ਮਿਹਨਤਾਨਾ ਵੀ ਨਹੀਂ ਦਿੱਤਾ ਜਾਵੇਗਾ।

ਇਸ ਪੱਤਰ ਨੇ ਜਿੱਥੇ ਕੈਪਟਨ ਸਰਕਾਰ ਦੀ ਘਰ-ਘਰ ਰੁਜ਼ਗਾਰ ਦੇਣ ਦੀ ਨੀਤੀ ਦਾ ਕੱਚ-ਸੱਚ ਸਾਹਮਣੇ ਲਿਆਂਦਾ ਹੈ ਉੱਥੇ ਸਰਕਾਰ ਦੇ ਲੋਕ-ਵਿਰੋਧੀ ਚਿਹਰੇ ਨੂੰ ਵੀ ਨੰਗਾ ਕੀਤਾ ਹੈ। ਉਨ੍ਹਾਂ ਕਿਹਾ ਕਿ ਜਥੇਬੰਦੀ ਇਸ ਫੈਸਲੇ ਦਾ ਸਖਤ ਵਿਰੋਧ ਕਰਦੀ ਹੈ ਅਤੇ ਮੰਗ ਕਰਦੀ ਹੈ ਕਿ ਬੇਰੁਜਗਾਰ ਅਧਿਆਪਕਾਂ ਨੂੰ ਰੈਗੂਲਰ ਭਰਤੀ ਕੀਤਾ ਜਾਵੇ। ਜ਼ਿਲ੍ਹਾ ਪ੍ਰਧਾਨ ਚਰਨਜੀਤ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਪ੍ਰਾਇਮਰੀ ਕਾਡਰ ਦੀਆਂ ਬਦਲੀਆਂ ਲਾਗੂ ਕਰਨ ਦੀ ਪ੍ਰਕਿਰਿਆ ਅੱਠ ਵਾਰ ਟਾਲੀ ਜਾ ਚੁੱਕੀ ਹੈ। ਸੈਕੰਡਰੀ ਵਿਭਾਗ ਦੇ ਅਧਿਆਪਕ ਵੀ ਬਦਲੀਆਂ ਹੋ ਜਾਣ ਦੇ ਬਾਵਜੂਦ ਅਜੇ ਤੱਕ 50 ਪ੍ਰਤੀਸ਼ਤ ਸਟਾਫ ਪੂਰਾ ਨਾ ਹੋਣ ਦੇ ਕੋਝੇ ਫੁਰਮਾਨ ਦੀ ਭੇਂਟ ਚੜ੍ਹ ਰਹੇ ਹਨ। ਉਨ੍ਹਾਂ ਕਿਹਾ ਕਿ ਕੋਵਿਡ-19 ਦੌਰਾਨ ਸਰਕਾਰ ਦੀ ਨਾਲਾਇਕੀ ਅਤੇ ਸਿੱਖਿਆ ਸਕੱਤਰ ਦੇ ਕੁੱਡਰ ਰਵੱਈਏ ਕਾਰਨ ਚਾਰ ਦਰਜਨ ਦੇ ਕਰੀਬ ਅਧਿਆਪਕਾਂ ਦੀਆਂ ਬੇਸ਼ਕੀਮਤੀ ਜਾਨਾਂ ਜਾ ਚੁੱਕੀਆਂ ਹਨ।

ਜੂਨ ਦੀਆਂ ਛੁੱਟੀਆਂ ਦੌਰਾਨ ਵੀ ਵਿੰਗੇ- ਟੇਢੇ ਢੰਗ ਨਾਲ ਅਧਿਆਪਕਾਂ ਤੋਂ ਸੇਵਾਵਾਂ ਲਈਆਂ ਜਾ ਰਹੀਆਂ ਹਨ। ਜ਼ਿਲ੍ਹਾ ਸਕੱਤਰ ਜਯੋਤੀ ਮਹਿੰਦਰੂ ਨੇ ਸੰਬੋਧਨ ਕਰਦਿਆਂ ਕਿਹਾ ਕਿ ਕੋਵਿਡ-19 ਲਈ ਡਿਊਟੀਆਂ ਨਿਭਾਅ ਰਹੇ ਅਧਿਆਪਕਾਂ ਦਾ 50 ਲੱਖ ਰੁਪਏ ਦਾ ਬੀਮਾ ਕੀਤਾ ਜਾਵੇ, ਛੁੱਟੀਆਂ ਦੌਰਾਨ ਕੰਮ ਕਰਨ ਬਦਲੇ ਇਵਜੀ/ਕਮਾਈ ਛੁੱਟੀ ਦਿੱਤੀ ਜਾਵੇ, ਕੋਰੋਨਾ ਵਾਰੀਅਰਜ਼ ਐਲਾਨਿਆ ਜਾਵੇ। ਇਸ ਡਿਊਟੀ ਦੇ ਚਲਦਿਆਂ ਕਰਮਚਾਰੀ ਦੀ ਮੌਤ ਹੋ ਜਾਣ ‘ਤੇ ਪਰਿਵਾਰ ਦੇ ਇੱਕ ਮੈਂਬਰ ਨੂੰ ਪੱਕੀ ਨੌਕਰੀ ਦਿੱਤੀ ਜਾਵੇ। ਆਗੂਆਂ ਨੇ ਸੰਬੋਧਨ ਕਰਦੇ ਹੋਏ ਮੰਗ ਕੀਤੀ ਕਿ ਪੇ-ਕਮਿਸ਼ਨ ਦੀ ਰਿਪੋਰਟ ਤੁਰੰਤ ਲਾਗੂ ਕੀਤੀ ਜਾਵੇ, ਡੀ.ਏ ਦੀਆਂ ਕਿਸ਼ਤਾਂ ਦੇ ਬਕਾਏ ਤੁਰੰਤ ਜਾਰੀ ਕੀਤੇ ਜਾਣ ਅਤੇ ਪ੍ਰਾਇਮਰੀ ਅਧਿਆਪਕਾਂ ਦੀਆਂ ਬਦਲੀਆਂ ਤੁਰੰਤ ਲਾਗੂ ਕੀਤੀਆਂ ਜਾਣ।

ਕੋਵਿਡ ਦੌਰਾਨ ਅਧਿਆਪਕਾਂ ਨੂੰ ਵਿਸ਼ੇਸ਼ ਸਹੂਲਤਾਂ ਦਿੱਤੀਆਂ ਜਾਣ ਅਤੇ ਛੁੱਟੀਆਂ ਦੌਰਾਨ ਵਾਧੂ ਕੰਮ ਲੈਣਾ ਬੰਦ ਕੀਤਾ ਜਾਵੇ। ਕੱਚੇ, ਸੁਸਾਇਟੀਆਂ ਅਧੀਨ ਭਰਤੀ ਅਧਿਆਪਕਾਂ ਨੂੰ ਪੱਕਾ ਕੀਤਾ ਜਾਵੇ, ਅਰਥੀ ਫੂਕ ਮੁਜ਼ਾਹਰੇ ਵਿੰਚ ਡੀਟੀਐੱਫ਼ ਦੇ ਜ਼ਿਲ੍ਹਾ ਵਿੱਤ ਸਕੱਤਰ ਦਿਨੇਸ਼ ਆਨੰਦ,ਬਲਾਕ ਪ੍ਰਧਾਨ ਅਨਿਲ ਸ਼ਰਮਾ, ਹਰਪ੍ਰੀਤਪਾਲ ਸਿੰਘ, ਸੁਖਜੀਤ ਸਿੰਘ , ਹਰਜਿੰਦਰ ਭੰਡਾਲ,ਵਿਕਰਮ ਕੁਮਾਰ,ਨਰਿੰਦਰ ਪਰਾਸ਼ਰ, ਰਾਜਿੰਦਰ ਸੈਣੀ,ਅਮਨਪ੍ਰੀਤ ਸਿੰਘ ਆਦਿ ਅਧਿਆਪਕ ਸ਼ਾਮਿਲ ਹੋਏ ।

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮਾਤਮ
Next articleਗਾਇਕ ਬਲਬੀਰ ਤੱਖੀ ਦਾ ਹੋਇਆ ਅੰਤਿਮ ਸਸਕਾਰ