ਐੱਨਸੀਬੀ ਵੱਲੋਂ ਦੀਪਿਕਾ ਤੋਂ ਪੰਜ ਘੰਟੇ ਤੱਕ ਪੁੱਛ ਪੜਤਾਲ

ਮੁੰਬਈ (ਸਮਾਜ ਵੀਕਲੀ): ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਮੌਤ ਮਾਮਲੇ ਦੀ ਨਸ਼ਿਆਂ ਦੇ ਪੱਖ ਤੋਂ ਜਾਂਚ ਕਰ ਰਹੀ ਨਾਰਕੋਟਿਕਸ ਕੰਟਰੋਲ ਬਿਊਰੋ (ਐੱਨਸੀਬੀ) ਨੇ ਅੱਜ ਅਭਿਨੇਤਰੀ ਦੀਪਿਕਾ ਪਾਦੂਕੋਣ ਤੋਂ ਕੋਲਾਬਾ ਸਥਿਤ ਆਪਣੇ ਗੈਸਟ ਹਾਊਸ ਵਿੱਚ ਪੰਜ ਘੰਟੇ ਤੱਕ ਪੁੱਛ-ਪੜਤਾਲ ਕੀਤੀ। ਦੀਪਿਕਾ ਨੂੰ ਉਹਦੀ ਮੈਨੇਜਰ ਕ੍ਰਿਸ਼ਮਾ ਪ੍ਰਕਾਸ਼ ਦੀ ਮੌਜੂਦਗੀ ਵਿੱਚ ਆਹਮੋ ਸਾਹਮਣੇ ਬਿਠਾ ਕੇ ਸਵਾਲ ਪੁੱਛੇ ਗੲੇ।

ਇਸ ਦੌਰਾਨ ਅਦਾਕਾਰਾ ਸ਼੍ਰਧਾ ਕਪੂਰ ਤੇ ਸਾਰਾ ਅਲੀ ਖ਼ਾਨ ਵੀ ਅੱਜ ਐੱਨਸੀਬੀ ਅੱਗੇ ਪੇਸ਼ ਹੋਈਆਂ, ਪਰ ਬਿਊਰੋ ਨੇ ਉਨ੍ਹਾਂ ਤੋਂ ਬਲਾਰਡ ਐਸਟੇਟ ਸਥਿਤ ਆਪਣੇ ਜ਼ੋਨਲ ਦਫ਼ਤਰ ’ਚ ਪੁੱਛਗਿੱਛ ਕੀਤੀ। ਇਸ ਦੌਰਾਨ ਐੱਨਸੀਬੀ ਨੇ ਬੌਲੀਵੁੱਡ ਨਿਰਮਾਤਾ ਕਰਨ ਜੌਹਰ ਦੀ ਧਰਮਾ ਪ੍ਰੋਡਕਸ਼ਨਜ਼ ਦੇ ਸਾਬਕਾ ਕਾਰਜਕਾਰੀ ਨਿਰਮਾਤਾ ਕਸ਼ਿਤਿਜ ਰਵੀ ਪ੍ਰਸਾਦ ਨੂੰ ਅੱਜ ਊਸ ਦੀ ਵਰਸੋਵਾ ਸਥਿਤ ਰਿਹਾਇਸ਼ ਤੋਂ ਗ੍ਰਿਫ਼ਤਾਰ ਕਰ ਲਿਆ। ਬਿਊਰ ਦੇ ਅਧਿਕਾਰੀ ਨੇ ਕਿਹਾ ਕਿ ਕਸ਼ਿਤਿਜ ਨੂੰ ਐਤਵਾਰ ਨੂੰ ਵਿਸ਼ੇਸ਼ ਐੱਨਡੀਪੀਐੱਸ ਕੋਰਟ ਵਿੱਚ ਪੇਸ਼ ਕੀਤਾ ਜਾਵੇਗਾ।

ਪਾਦੂਕੋਣ ਅੱਜ ਸਵੇਰੇ 9:50 ਵਜੇ ਦੇ ਕਰੀਬ ਐੱਨਸੀਬੀ ਦੇ ਦੱਖਣੀ ਮੁੰਬਈ ’ਚ ਕੋਲਾਬਾ ਸਥਿਤ ਗੈਸਟ ਹਾਊਸ ਪੁੱਜੀ ਤੇ ਸ਼ਾਮ 3:50 ਵਜੇ ਦੇ ਕਰੀਬ ਉਥੋਂ ਚਲੀ ਗਈ। ਐੱਨਸੀਬੀ ਦੇ ਸੂਤਰਾਂ ਨੇ ਕਿਹਾ ਕਿ ਪੁੱਛਗਿੱਛ ਮਗਰੋਂ ਪਾਦੂਕੋਣ ਤੇ ਪ੍ਰਕਾਸ਼ ਨੂੰ 3:40 ਵਜੇ ਦੇ ਕਰੀਬ ਘਰ ਭੇਜ ਦਿੱਤਾ ਗਿਆ। ਉਂਜ ਪ੍ਰਕਾਸ਼ ਗੈਸਟ ਹਾਊਸ ’ਚੋਂ ਪਹਿਲਾਂ ਬਾਹਰ ਆਈ।

ਦੋਵੇਂ ਆਪੋ ਆਪਣੀਆਂ ਕਾਰਾਂ ’ਚ ਊਥੋਂ ਨਿਕਲ ਗਈਆਂ। ਇਸ ਦੌਰਾਨ ਗੈਸਟ ਹਾਊਸ ਦੇ ਬਾਹਰ ਵੱਡੀ ਗਿਣਤੀ ਪੱਤਰਕਾਰ ਮੌਜੂਦ ਸਨ, ਹਾਲਾਂਕਿ ਪੁਲੀਸ ਨੇ ਗੈਸਟ ਹਾਊਸ ਨੇੜੇ ਬੈਰੀਕੇਡਾਂ ਨਾਲ ਘੇਰਾਬੰਦੀ ਕੀਤੀ ਹੋਈ ਸੀ। ਚੇਤੇ ਰਹੇ ਕਿ ਐਨਸੀਬੀ ਸੂਤਰਾਂ ਨੇ ਦਾਅਵਾ ਕੀਤਾ ਸੀ ਕਿ ਕ੍ਰਿਸ਼ਮਾ ਪ੍ਰਕਾਸ਼ ਦੀ ਵਟਸਐਪ ਚੈਟ ਨੇ ਉਸ ਦੀ ‘ਡੀ’ ਨਾਲ ਹੋਈ ਗੱਲਬਾਤ ਦਾ ਖੁਲਾਸਾ ਕੀਤਾ ਸੀ ਅਤੇ ਕੇਂਦਰੀ ਏਜੰਸੀ ਇਹ ਜਾਣਨਾ ਚਾਹੁੰਦੀ ਹੈ ਕਿ ਉਹ ਵਿਅਕਤੀ ਕੌਣ ਹੈ।

ਇਸ ਦੌਰਾਨ ਅਦਾਕਾਰ ਸ਼੍ਰਧਾ ਕਪੂਰ ਤੇ ਸਾਰਾ ਅਲੀ ਖ਼ਾਨ ਨੇ ਅੱਜ ਵੱਖੋ-ਵੱਖਰੇ ਤੌਰ ’ਤੇ ਪੇਸ਼ ਹੋ ਕੇ ਐੱਨਸੀਬੀ ਕੋਲ ਬਿਆਨ ਦਰਜ ਕਰਵਾਏ। ਸ਼੍ਰਧਾ 12 ਵਜੇ ਦੇ ਕਰੀਬ ਜਦੋਂਕਿ ਸਾਰਾ ਇਸ ਤੋਂ ਇਕ ਘੰਟੇ ਮਗਰੋਂ ਐੱਨਸੀਬੀ ਦਫਤਰ ਪੁੱਜੀ। ਸਾਰਾ ਤੋਂ ਸਾਢੇ ਚਾਰ ਘੰਟੇ ਦੇ ਕਰੀਬ ਪੁੱਛਗਿੱਛ ਕੀਤੀ ਗਈ ਜਦੋਂਕਿ ਸ਼੍ਰਧਾ ਛੇ ਘੰਟੇ ਦੇ ਕਰੀਬ ਐੱਨਸੀਬੀ ਦਫ਼ਤਰ ਵਿੱਚ ਰੁਕੀ।

ਇਸ ਤੋਂ ਪਹਿਲਾਂ ਲੰਘੇ ਦਿਨ ਬਿਊਰੋ ਨੇ ਅਦਾਕਾਰਾ ਰਕੁਲ ਪ੍ਰੀਤ ਸਿੰਘ, ਪਾਦੂਕੋਣ ਦੀ ਮੈਨੇਜਰ ਕ੍ਰਿਸ਼ਮਾ ਪ੍ਰਕਾਸ਼ ਤੇ ਧਰਮਾ ਪ੍ਰੋਡਕਸ਼ਨ ਦੇ ਕਾਰਜਕਾਰੀ ਨਿਰਮਾਤਾ ਕਸ਼ਿਤਿਜ ਰਵੀ ਤੋਂ ਸਵਾਲ ਪੁੱਛੇ ਸਨ। ਚੇਤੇ ਰਹੇ ਕਿ ਸੰਘੀ ਏਜੰਸੀ ਹੁਣ ਤਕ ਇਸ ਮਾਮਲੇ ਵਿੱਚ ਅਦਾਕਾਰਾ ਰੀਆ ਚੱਕਰਵਰਤੀ ਤੇ ਊਸ ਦੇ ਭਰਾ ਸ਼ੌਵਿਕ ਸਮੇਤ ਕੁਝ ਸ਼ੱਕੀ ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ। ਰੀਆ ਨਿਆਂਇਕ ਹਿਰਾਸਤ ਤਹਿਤ ਜੇਲ੍ਹ ਵਿੱਚ ਬੰਦ ਹੈ। ਰਾਜਪੂਤ (34) 14 ਜੂਨ ਨੂੰ ਸਬਅਰਬਨ ਬਾਂਦਰਾ ਸਥਿਤ ਆਪਣੀ ਰਿਹਾਇਸ਼ ’ਤੇ ਲਟਕਦਾ ਮਿਲਿਆ ਸੀ।

Previous articleਹਰਸਿਮਰਤ ਕੌਰ ਦਾ ਅਸਤੀਫਾ ਪੰਜਾਬ ਦੇ ਕਿਸਾਨਾਂ ਨੂੰ ਮੂਰਖ ਬਣਾਉਣ ਦਾ ਢਕਵੰਜ -ਕੈਪਟਨ ਹਰਮਿੰਦਰ ਸਿੰਘ
Next articleਅਕਾਲੀ ਦਲ ਤੇ ਭਾਜਪਾ ਦੀ ਸਾਂਝ ਟੁੱਟੀ