(ਸਮਾਜ ਵੀਕਲੀ)
ਬੁੱਧ ਬੋਧ/ ਪੁਸਤਕ ਰੀਵਿਊ/ ਬੁੱਧ ਸਿੰਘ ਨੀਲੋੰ
(ਸਮਾਲਸਰ ਮੇਰਾ ਪਿੰਡ ਲੇਖਕ ਤੇ ਸੰਪਾਦਕ ਜੱਗੀ ਬਰਾੜ ਸਮਾਲਸਰ ਜਿਲ੍ਹਾ ਮੋਗਾ,ਪੰਜਾਬ )
ਸਮਾਜ ਦੇ ਵਿੱਚ ਹਰ ਕੋਈ ਆਪਣੇ ਬਾਰੇ ਸੋਚਦਾ ਤੇ ਕਮਾਈ ਕਰਦਾ ਹੈ। ਦੁਨੀਆ ਦੇ ਵਿੱਚ ਜਿਉਂਦੇ ਰਹਿਣ ਦੇ ਮਨੁੱਖ ਨੂੰ ਬਹੁਤ ਸਾਰੇ ਪਾਪੜ ਵੇਲਣੇ ਪੈਦੇ ਹਨ । ਕਈ ਵਾਰ ਵੇਲਣੇ ਦੇ ਵਿੱਚ ਬਾਂਹ ਵੀ ਆ ਜਾਂਦੀ ਹੈ ਤੇ ਬੰਦਾ ਸੋਚਦਾ ਹੀ ਰਹਿ ਜਾਂਦਾ ਹੈ ਕਿ ਇਹ ਕੀ ਫਾਹਾ ਲੈ ਲਿਆ । ਕੁੱਝ ਬੰਦੇ ਅਜਿਹੇ ਵੀ ਹੁੰਦੇ ਹਨ ਜਿਹੜੇ ਸੱਚੀ ਮੁੱਚੀ ਵੇਲਣੇ ਦੇ ਵਿੱਚ ਬਾਂਹ ਫਸਾਉਦੇ ਹਨ। ਪਰ ਇਹੋ ਜਿਹੇ ਲੋਕ ਘੱਟ ਹੁੰਦੇ ਹਨ ਜੋ ਆਪਣੇ ਬਾਰੇ ਹੀ ਨਹੀਂ ਸਗੋਂ ਦੂਜਿਆਂ ਬਾਰੇ ਵੀ ਸੋਚਦੇ ਹੀ ਨਹੀਂ ਸਗੋਂ ਧਿਰ ਬਣ ਕੇ ਖੜਦੇ ਵੀ ਹਨ।
ਕਿਸੇ ਪਿੰਡ ਬਾਰੇ ਸੋਚਣਾ ਤੇ ਫੇਰ ਕਰ ਦੇਣਾ ਇਹ ਜੱਗੀ ਬਰਾੜ ਸਮਾਲਸਰ ਦੇ ਹਿੱਸੇ ਆਇਆ ਹੈ ਜਿਹਨਾਂ ਨੇ ਆਪਣੇ ਪਿੰਡ ਬਾਰੇ ਇਕ ਵੱਡ-ਅਕਾਰੀ ਪੁਸਤਕ ਤਿਆਰ ਕੀਤੀ ਤੇ ਪਿੰਡ ਦੇ ਲੋਕਾਂ ਦੇ ਹੱਥਾਂ ਤੱਕ ਪੁਜਦੀ ਵੀ ਕੀਤੀ । ਇਸ ਪੁਸਤਕ ਨੂੰ ਤਿਆਰ ਕਰਨ ਲੱਗਿਆਂ ਕਈ ਸਾਲ ਹੀ ਨਹੀਂ ਲੱਗੇ ਸਗੋਂ ਇਸ ਨੂੰ ਜਿਸ ਸ਼ਿੱਦਤ ਦੇ ਨਾਲ ਤਿਆਰ ਕੀਤਾ ਹੈ। ਜਸਵਿੰਦਰ ਸਿੰਘ ਸਿੱਧੂ ਨੇ ਇਤਿਹਾਸਕ ਪੁਸਤਕ ਦੇ ਕਾਗਜ਼ਾਂ ਨੂੰ ਸੰਭਾਲਿਆ ਤੇ ਕਿਤਾਬ ਛਪਵਾਉਣ ਦੇ ਵਿੱਚ ਮੱਦਦ ਕੀਤੀ । ਕਿਤਾਬ ਨੂੰ ਦੇਖਿਆ ਤੇ ਪੜ੍ਹਿਆ ਹੀ ਪਤਾ ਲੱਗਦਾ ਹੈ ਕਿ ਇਸ ਨੂੰ ਤਿਆਰ ਕਰਮ ਵਿੱਚ ਕਿੰਨੀ ਮਿਹਨਤ ਤੇ ਸਮਾਂ ਲੱਗਿਆ ਹੈ।
ਅਕਸਰ ਹੁੰਦਾ ਇਹ ਹੈ ਕਿ ਕੋਈ ਲੇਖਕ ਜਦੋਂ ਆਪਣੇ ਪਿੰਡ ਬਾਰੇ ਕਿਤਾਬ ਲਿਖਦਾ ਹੈ, ਉਹ ਆਪਣੀ ਮਰਜ਼ੀ ਵਧੇਰੇ ਵਰਤਦਾ ਹੋਇਆ ਕੀ ਲਿਖਣਾ ਕੀ ਛੱਡਣਾ ਹੈ , ਇਹ ਵੱਧ ਖਿਆਲ ਰੱਖਦਾ ਹੈ। ਪਿੰਡਾਂ ਬਾਰੇ ਕਿਤਾਬਾਂ ਲਿਖਣ ਦਾ ਕੋਈ ਬਹੁਤਾ ਪੁਰਾਣਾ ਇਤਿਹਾਸ ਵੀ ਨਹੀਂ ਵੀਹਵੀਂ ਸਦੀ ਦੇ ਸ਼ੁਰੂ ਦੇ ਵਿੱਚ ਕੁੱਝ ਵਿਦਵਾਨਾਂ ਨੇ ਆਪਣੇ ਪਿੰਡ ਬਾਰੇ ਕਿਤਾਬਾਂ ਲਿਖਣ ਦੀ ਪਿਰਤ ਪਾਈ। ਕਿਸੇ ਪਿੰਡ ਦੇ ਵਾਰੇ ਲਿਖਣਾ ਕੋਈ ਸੌਖਾ ਕੰਮ ਨਹੀਂ । ਬੌਕ ਦੇ ਸਿੰਗਾਂ ਨੂੰ ਆਪਣੇ ਹੱਥਾਂ ਦੇ ਨਾਲ ਫੜਨ ਵਰਗਾ ਸੱਚ ਹੈ। ਮੇਰੇ ਹੁਣ ਤੱਕ ਦੇ ਅਧਿਅਨ ਦੇ ਵਿੱਚ ਇਹ ਪਹਿਲੀ ਕਿਤਾਬ ਹੈ ਜਿਹੜੀ ਇਕ ਪਿੰਡ ਦੀ ਧੀ ਨੇ ਲਿਖੀ ਹੈ। ਨਹੀਂ ਮਰਦ ਪ੍ਰਧਾਨ ਸਮਾਜ ਦੇ ਵਿੱਚ ਮਰਦ ਦਾ ਹੀ ਬੋਲਬਾਲਾ ਹੈ।
ਧੀ ਨੇ ਆਪਣੇ ਪੇਕੇ ਪਿੰਡ ਦੀ ਮਿੱਟੀ ਦਾ ਰਿਣ ਅਦਾ ਕੀਤਾ ਹੈ। ਪਿੰਡ ਦੇ ਇਤਿਹਾਸ ਬਾਰੇ ਕਿਧਰੇ ਕੋਈ ਠੋਸ ਸਬੂਤ ਵੀ ਨਹੀਂ ਮਿਲਦੇ; ਸਾਡੇ ਕੋਲ ਹਰਦੁਆਰ ਦੇ ਪਾਂਡਿਆਂ ਦੀਆਂ ਬਹੀਆਂ ਜਾਂ ਫਿਰ ਪਿੰਡ ਦੀ ਜਮਾਂ ਬੰਦੀ ਦੇ ਵਿੱਚ ਲੱਗਿਆ ਕੁਰਸੀਨਾਮਾ ਹੁੰਦਾ ਹੈ। ਜਿਸ ਨੂੰ ਅਧਾਰ ਬਣਾ ਕੇ ਪਿੰਡ ਦੇ ਪਿਛੋਕੜ ਦੀਆਂ ਤੰਦਾਂ ਨੂੰ ਫੜਨਾ ਤੇ ਫੇਰ ਉਨ੍ਹਾਂ ਨੂੰ ਇਕ ਦੂਜੇ ਦੇ ਨਾਲ ਜੋੜਨਾ ਹੁੰਦਾ ਹੈ। ਕਈ ਵਾਰ ਮਿਥਿਹਾਸ ਨੂੰ ਹੀ ਅਸੀਂ ਇਤਿਹਾਸਕ ਸੱਚ ਸਮਝਣ ਲੱਗ ਪੈਂਦੇ ਹਨ। ਪਿੰਡ ਦੀ ਭੂਗੋਲਿਕ ਸਥਿਤੀ ਤੇ ਸਮਾਜ ਦੇ ਲੋਕ ਤੇ ਪਿੰਡ ਦੀ ਮੋਹੜੀ ਦਾ ਗੱਡਣ ਤੇ ਉਸ ਦੇ ਵਿਕਾਸ ਦੇ ਨਾਲ ਜੁੜਿਆ ਲੋਕ ਇਤਿਹਾਸ ਵੀ ਦੇਖਣਾ ਤੇ ਸਮਝਣਾ ਹੁੰਦਾ ਹੈ। ਇਹ ਸਮਝ ਤਾਂ ਬਣਦੀ ਹੈ ਜੇ ਤੁਸੀਂ ਪਿੰਡ ਦੇ ਸਹੀ ਇਤਿਹਾਸਕ ਤੱਥਾਂ ਨੂੰ ਆਪਣੀ ਖੋਜ ਦੇ ਨਾਲ ਲੱਭਦੇ ਹੋ ?
ਕਿਸੇ ਪਿੰਡ ਦੇ ਇਤਿਹਾਸਕ ਪਿਛੋਕੜ ਨੂੰ ਪੜ੍ਹਨਾ ਤੇ ਫੇਰ ਉਸ ਨੂੰ ਤਰਤੀਬ ਬਾਰ ਲਿਖਣਾ ਅੌਖਾ ਕੰਮ ਹੈ। ਸਮਾਲਸਰ ਪਿੰਡ ਜਦੋਂ ਤੋਂ ਵਸਿਆ ਹੈ ਇਸ ਦਾ ਕਈ ਵਾਰ ਜਿਲ੍ਹਾ ਵੀ ਬਦਲਿਆ ਹੈ। ਇਹ ਪਿੰਡ ਕਦੋਂ ਵਸਿਆ ਤੇ ਇਸ ਪਿੰਡ ਦਾ ਸਮਾਜਿਕ, ਆਰਥਿਕ , ਰਾਜਨੀਤਿਕ ਤੇ ਧਾਰਮਿਕ ਇਤਿਹਾਸ ਕੀ ਹੈ , ਇਸ ਨੂੰ ਪਿੰਡ ਦੇ ਲੋਕਾਂ ਨੇ ਆਪਣੇ ਹੀ ਢੰਗ ਦੇ ਨਾਲ ਲਿਖਿਆ ਹੈ। ਇਸ ਕਿਤਾਬ ਦੇ ਵਿੱਚ ਪਿੰਡ ਦੇ ਚੱਪੇ ਚੱਪੇ ਦੀ ਤੇ ਬੰਦੇ ਬੰਦੇ ਦੀ ਜਾਣਕਾਰੀ ਹੈ।
ਚਾਰ ਸੌ ਸੱਤਰ ਸਫਿਆਂ ਦੇ ਵਿੱਚ ਬਹੁਤ ਕੁੱਝ ਅਜਿਹਾ ਹੈ ਜੋ ਪਿੰਡ ਦੇ ਬਾਰੇ ਲਿਖੀ ਕਿਤਾਬ ਦੇ ਵਿੱਚ ਪਹਿਲੀ ਵਾਰ ਸ਼ਾਮਲ ਕੀਤਾ ਗਿਆ ਹੈ।ਹਰ ਪੰਨੇ ਦੇ ਉਪਰ ਇਕ ਇਤਿਹਾਸ ਛਪਿਆ ਪਿਆ ਹੈ। ਪਿੰਡ ਦਾ ਇਤਿਹਾਸ ਤੇ ਵਰਤਮਾਨ ਤੇ ਇਸ ਪਿੰਡ ਦੇ ਹਰ ਧਰਮ ਤੇ ਜਾਤ ਦੇ ਲੋਕਾਂ ਦੇ ਕਿੱਤਿਆਂ ਤੋਂ ਲੈ ਕੇ ਲੋਕਾਂ ਦੀਆਂ ਦੁਕਾਨਾਂ ਤੇ ਪਿੰਡ ਦੀਆਂ ਗਲੀਆਂ, ਰਸਤੇ ਤੇ ਸੜਕਾਂ ਤੇ ਵਸੇ ਪਿੰਡ ਦੇ ਵਸਨੀਕਾਂ ਤੇ ਉਹਨਾਂ ਦੇ ਕੰਮਕਾਰ ਤੇ ਮੋਬਾਇਲ ਨੰਬਰ ਤੇ ਕਿੱਤਿਆਂ ਦੇ ਨਾਲ ਜੁੜਿਆ ਹਰ ਘਰ ਪਰਵਾਰ ਤੇ ਹਰ ਜਾਤ ਦੇ ਲੋਕਾਂ ਦੇ ਇਤਿਹਾਸਕ ਤੇ ਸਮਾਜਕ ਤੱਥਾਂ ਨੂੰ ਪੇਸ਼ ਕੀਤਾ ਗਿਆ ਹੈ।
ਪਿੰਡ ਦੀ ਮੋਹੜੀ ਗੱਡਣ ਤੋਂ ਲੈ ਕੇ ਵੀਹ ਸੌ ਵੀਹ ਤੱਕ ਦੇ ਹਰ ਸਮਾਜਿਕ-ਆਰਥਿਕ ਤੇ ਧਾਰਮਿਕ ਇਤਿਹਾਸਕ ਵੇਰਵਿਆਂ ਨੂੰ ਰੰਗਦਾਰ ਤਸਵੀਰਾਂ ਦੇ ਰਾਹੀਂ ਉਭਾਰਿਆ ਹੈ। ਪਿੰਡ ਦੀਆਂ ਪੱਤੀਆਂ ਤੇ ਉਹਨਾਂ ਦੇ ਕੁਰਸੀਨਾਮਿਆਂ ਨੂੰ ਹੱਥਾਂ ਦੇ ਬਣਾਇਆ ਗਿਆ ਹੈ। 1887-88 ਦੇ ਜਮਾਂ ਬੰਦੀ ਦੇ ਸਜ਼ਰਿਆਂ ਦੀਆਂ ਫੋਟੋ ਕਾਪੀਆਂ ਤੋਂ ਲੈ ਕੇ ਵਰਤਮਾਨ ਤੱਕ ਦੇ ਹਰ ਇਤਿਹਾਸ ਨੂੰ ਸ਼ਾਮਲ ਕੀਤਾ ਗਿਆ ਹੈ। ਇਸ ਤਰ੍ਹਾਂ ਦਾ ਇਸ ਕਿਤਾਬ ਦੇ ਸਭ ਕੁੱਝ ਪਹਿਲੀ ਵਾਰ ਸਾਹਮਣੇ ਆਇਆ ਹੈ। ਪਿੰਡ ਦੀ ਸਮੁੰਦਰ ਤੋਂ ਲੈ ਕੇ ਹਰ ਪਿੰਡ ਤੇ ਵੱਡੇ ਸ਼ਹਿਰ ਤੋਂ ਸੜਕ ਤੇ ਰੇਲਵੇ ਦੂਰੀ ਕਿੰਨੀ ਹੈ ।
ਪਿੰਡ ਦੇ ਵਿੱਚ ਵਸਦੇ ਲੋਕਾਂ ਦੇ ਗੋਤ ਤੇ ਉਨ੍ਹਾਂ ਦੇ ਪਰਵਾਰ ਦੇ ਨਾਲ ਜੁੜਿਆ ਹਰ ਵਿਅਕਤੀਆਂ ਦੇ ਨਾਲ ਕੰਮ ਤੇ ਸਮਾਜ ਦੇ ਵਿੱਚ ਮਾਰੀਆ ਗਈਆਂ ਹਰ ਪੱਧਰ ਤੇ ਮੱਲਾਂ ਨੂੰ ਦੱਸਿਆ ਗਿਆ ਹੈ।ਕਿਤਾਬ ਨੂੰ ਰੌਚਿਕ ਬਣਾਉਣ ਦੇ ਲਈ ਗੀਤ, ਕਵਿਤਾਵਾਂ ਤੇ ਲੋਕਾਂ ਦੀ ਜ਼ੁਬਾਨੀ ਲਿਖੀਆਂ ਕਥਾ ਤੇ ਕਹਾਣੀਆਂ ਨੂੰ ਸ਼ਾਮਲ ਕੀਤਾ ਗਿਆ ਹੈ। ਕਿਤਾਬ ਪਿੰਡ ਦਾ ਉਹ ਦਸਤਾਵੇਜ਼ ਹੈ ਜਿਸ ਦੇ ਵਿੱਚ ਹਰ ਰੰਗ ਤੇ ਹਰ ਉਸ ਵਿਅਕਤੀ ਨੂੰ ਸ਼ਾਮਲ ਕੀਤਾ ਗਿਆ ਹੈ ਜਿਸ ਨੇ ਪਿੰਡ ਦੇ ਬਾਰੇ ਜਾਂ ਸਮਾਜ ਦੇ ਵਿੱਚ ਕੋਈ ਵੱਡਾ ਮਾਰਕਾ ਮਾਰਿਆ ਹੈ।
ਕਿਤਾਬ ਦੇ ਰੰਗਦਾਰ ਤਸਵੀਰਾਂ ਦੇ ਰਾਹੀ ਪਿੰਡ ਦੀ ਇਤਿਹਾਸਕ ਯਾਦਗਾਰੀ ਥਾਵਾਂ ਤੇ ਵਿਅਕਤੀਆਂ ਨੂੰ ਸ਼ਾਮਲ ਕੀਤ ਗਿਆ ਹੈ। ਪਿੰਡ ਦੇ ਆਮ ਵਿਅਕਤੀਆਂ ਤੋਂ ਕਿਸੇ ਵੱਡੇ ਰੁਤਬੇ ਤੇ ਹਰ ਪਿੰਡ ਵਾਸੀ ਬਾਰੇ ਜਾਣਕਾਰੀ ਹੈ। ਪਿੰਡ ਦੇ ਸਰਪੰਚ , ਨੰਬਰ ਦਾਰ, ਚੌਕੀਦਾਰ ਪਟਵਾਰੀ, ਅਧਿਆਪਕ ਤੇ ਅਫਸਰ ਕੌਣ ਸਨ ਤੇ ਹਨ, ਪਿੰਡ ਦੇ ਵੱਡੇ ਆਹੁਦੇ ਤੇ ਜਾਣ ਵਾਲੇ ਦੇਸ਼ ਵਿਦੇਸ਼ੀ ਉਨ੍ਹਾਂ ਲੋਕਾਂ ਦੇ ਬਾਰੇ ਜਾਣਕਾਰੀ ਹੈ ਜਿਹਨਾਂ ਨੇ ਸਮਾਜਿਕ ਤੇ ਸੱਭਿਆਚਾਰਕ ਤੌਰ ਤੇ ਪਿੰਡ ਦਾ ਨਾਮ ਉਚਾ ਕੀਤਾ ਹੈ। ਪਿੰਡ ਦੇ ਆਲੇ ਦੁਆਲੇ ਦੇ ਪਿੰਡ ਤੇ ਉਨ੍ਹਾਂ ਦਾ ਇਤਿਹਾਸ ਤੇ ਪੁਰਾਣੀਆਂ ਯਾਦਾਂ ਦੇ ਨਾਲ਼ ਜੁੜਿਆ ਉਹ ਸਭ ਕੁੱਝ ਹੈ ਜਿਸ ਨੂੰ ਅਕਸਰ ਹੀ ਅਸੀਂ ਅੱਖੋਂ ਪਰੋਖੇ ਕਰ ਦੇਦੇ ਹਾਂ ।
ਪਿੰਡ ਦੀ ਹਰ ਸਖਸ਼ੀਅਤ ਉਹ ਭਾਵੇਂ ਕੋਈ ਵੀ ਕਿੱਤਾ ਕਰਦਾ ਹੈ ਤੇ ਕਿਸੇ ਸਰਕਾਰੀ ਜਾਂ ਗੈਰਸਰਕਾਰੀ ਆਹੁਦੇ ਤੇ ਹੈ ਉਸ ਦਾ ਜ਼ਿਕਰ ਹੈ। ਇਹ ਕਿਤਾਬ ਮਹਿਜ਼ ਪਿੰਡ ਸਮਾਲਸਰ ਦਾ ਹੀ ਇਤਿਹਾਸਕ ਦਸਤਾਵੇਜ਼ ਨਹੀਂ ਸਗੋਂ ਇਹ ਖੋਜ ਕਾਰਜ ਵੀ ਹੈ। ਇਹ ਕਿਤਾਬ ਯੂਨੀਵਰਸਿਟੀਆਂ ਦੇ ਵਿੱਚ ਖੋਜ ਕਾਰਜ ਕਰ ਰਹੇ ਖੋਜਾਰਥੀਆਂ ਦੇ ਮਾਰਗ ਦਰਸ਼ਨ ਵੀ ਹੈ।
ਹੁਣ ਤੱਕ ਪਿੰਡਾਂ ਦੇ ਬਾਰੇ ਛਪੀਆਂ ਕਿਤਾਬਾਂ ਦੇ ਵਿੱਚ ਜਨਰਲ ਲੋਕਾਂ ਦੇ ਇਤਿਹਾਸਕ ਤੇ ਸਮਾਜਿਕ ਗੱਲਾਂ ਨੂੰ ਉਭਾਰਿਆ ਜਾਂਦਾ ਰਿਹਾ ਹੈ ਪਰ ਇਸ ਕਿਤਾਬ ਦੇ ਵਿੱਚ ਪਿੰਡ ਸਮਾਲਸਰ ਦਾ ਹਰ ਸ਼ਖਸ ਤੇ ਥਾਵਾਂ ਦੀ ਜਿਉਦੀ ਜਾਗਦੀ ਉਹ ਤਸਵੀਰ ਹੈ ਜਿਸ ਨੂੰ ਜੱਗੀ ਬਰਾੜ ਸਮਾਲਸਰ ਨੇ ਅਣਥੱਕ ਮਿਹਨਤ ਦੇ ਨਾਲ ਤਿਆਰ ਕੀਤਾ ਹੈ। ਜੱਗੀ ਬਰਾੜ ਦਾ ਸਮਾਲਸਰ ਪੇਕਾ ਪਿੰਡ ਹੈ ਤੇ ਉਸ ਨੇ ਉਹ ਕਹਾਵਤ ਨੂੰ ਗਲਤ ਸਿੱਧ ਕਰ ਦਿੱਤਾ ਕਿ ਧੀਆਂ ਦਾ ਪੇਕਿਆਂ ਦਾ ਨਾਲ ਰਿਸ਼ਤਾ ਵਿਆਹ ਤੱਕ ਹੁੰਦਾ ਹੈ।
ਪਰ ਇਸ ਵੱਡ ਅਕਾਰੀ ਕਿਤਾਬ ਦੇ ਵਿੱਚ ਜੱਗੀ ਬਰਾੜ ਦੇ ਬੋਲ ਹੀ ਨਹੀਂ ਧੜਕਦੇ ਸਗੋਂ ਇਸ ਦੇ ਵਿੱਚ ਉਸ ਦੀ ਰੂਹ ਵੀ ਨਜ਼ਰ ਆਉਂਦੀ ਹੈ; ਇਸ ਕਿਤਾ ਨੂੰ ਤਿਆਰ ਕਰਨ ਦੇ ਲਈ ਉਨ੍ਹਾਂ ਦੋਹਾਂ ਨੇ ਕਿੰਨੀ ਮਿਹਨਤ ਕੀਤੀ ਹੈ , ਉਹ ਕਿਤਾਬ ਦੇਖਿਆ ਤੇ ਪੜ੍ਹਿਆ ਹੀ ਪਤਾ ਲੱਗਦਾ ਹੈ। ਕਿਤਾਬ ਦੇ ਹਰ ਪੰਨੇ ਉਤੇ ਪਿੰਡ ਦੇ ਲੋਕਾਂ ਦੇ ਦਿਲ ਦੇ ਵਲਵਲਿਆਂ ਨੂੰ ਪੇਸ਼ ਕੀਤਾ ਹੈ ਪਿੰਡ ਦੇ ਨਾਲ ਜੁੜਿਆ ਉਹ ਹਰ ਵਿਅਕਤੀ ਹਾਜ਼ਰ ਹੈ ਜੋ ਭਾਵੇਂ ਦੇਸ਼ ਵਿੱਚ ਹੈ ਤੇ ਭਾਵੇਂ ਵਿਦੇਸ਼ਾਂ ਵਿੱਚ ਵਸਦਾ ਹੈ। ਇੰਨੇ ਲੋਕਾਂ ਤੋਂ ਪਿੰਡ ਦੇ ਬਾਰੇ ਲਿਖਵਾਉਣਾ ਕੋਈ ਸੌਖਾ ਕੰਮ ਨਹੀਂ ਹੈ। ਪਿੰਡ ਦੇ ਵਸਦੇ ਹਰ ਤਰ੍ਹਾਂ ਦੇ ਗੋਤ ਤੇ ਉਨ੍ਹਾਂ ਦਾ ਪਿਛੋਕੜ ਬਾਰੇ ਜਾਣਕਾਰੀ ਦਿੱਤੀ ਗਈ ਹੈ।
ਪਰ ਜਿਸ ਸ਼ਿੱਦਤ ਤੇ ਮਿਹਨਤ ਦੇ ਨਾਲ ਇਸ ਕਿਤਾਬ ਨੂੰ ਤਿਆਰ ਕੀਤਾ ਗਿਆ ਹੈ ਉਹ ਬਹੁਤ ਵੱਡਾ ਤੇ ਅੌਖਾ ਕੰਮ ਹੈ, ਕਿਸੇ ਪਿੰਡ ਬਾਰੇ ਕਿਤਾਬ ਲਿਖਣ ਸਮੇਂ ਇਹ ਸਮਾਲਸਰ ਪਿੰਡ ਬਾਰੇ ਲਿਖੀ ਕਿਤਾਬ ਸਦਾ ਲਈ ਪ੍ਰੇਰਨਾ ਸਰੋਤ ਬਣੇਗੀ। ਚਾਰ ਸੌ ਬਹੱਤਰ ਸਫਿਆਂ ਉਤੇ ਫੈਲਿਆ ਇਹ ਪਿੰਡ ਸਮਾਲਸਰ ਦਾ ਦਾ ਇਤਿਹਾਸਕ ਦਸਤਾਵੇਜ਼ ਨਹੀਂ ਸਗੋਂ ਹਰ ਪਿੰਡ ਦਾ ਇਤਿਹਾਸ ਵੀ ਹੈ।
ਜਦੋਂ ਕੋਈ ਖੋਜਾਰਥੀ ਪਿੰਡਾਂ ਦੇ ਬਾਰੇ ਲਿਖਿਆ ਇਤਿਹਾਸ ਸੰਬੰਧੀ ਕੋਈ ਖੋਜ ਕਾਰਜ ਕਰੇਗਾ ਤਾਂ ਉਸ ਦੇ ਲਈ ਇਹ ਕਿਤਾਬ ਉਹ ਸਮੱਗਰੀ ਹੋਵੇਗੀ ਜਿਹੜੀ ਹੁਣ ਸਾਡੇ ਕੋਲੋਂ ਗੁਆਚ ਰਹੀ ਹੈ। ਸਾਡੀ ਬਦਕਿਸਮਤੀ ਹੈ ਜਾਂ ਸਾਨੂੰ ਇਸ ਰਸਤੇ ਨਹੀਂ ਤੋਰਿਆ ਗਿਆ ਕਿ ਅਸੀਂ ਆਪਣਾ ਵਿਰਸਾ ਤੇ ਵਿਰਾਸਤ ਸੰਭਾਲ ਸਕੀਏ; ਦੁਨੀਆ ਦੀਆਂ ਸਰਮਾਏਦਾਰੀ ਨੇ ਸਾਡੇ ਕੋਲੋਂ ਇਤਿਹਾਸ, ਧਰਮ, ਦਰਸ਼ਨ ਤੇ ਸਮਾਜ ਵਿਗਿਆਨ ਜਿਹੇ ਵਿਸ਼ਿਆਂ ਨੂੰ ਖੋ ਲਿਆ ਹੈ।
ਉਹ ਇਸ ਕਰਕੇ ਕਿ ਅਸੀਂ ਆਪਣੇ ਵਿਰਸੇ ਤੇ ਵਿਰਾਸਤ ਤੋਂ ਸੇਧ ਨਾ ਲੈ ਸਕੀਏ ਪਰ ਬਰਾੜ ਤੇ ਸਿੱਧੂ ਦੀ ਜੋੜੀ ਨੇ ਸਾਨੂੰ ਇਸ ਤਰ੍ਹਾਂ ਦੇ ਇਤਿਹਾਸਕ ਦਸਤਾਵੇਜ਼ ਸੰਭਾਲਣ ਦੇ ਲਈ ਉਹ ਕੁੱਝ ਕਰਕੇ ਪ੍ਰਤੱਖ ਰੂਪ ਵਿੱਚ ਦਿਖਾਇਆ ਹੈ ਕਿ ਕਿਸੇ ਪਿੰਡ ਦੇ ਇਤਿਹਾਸ ਨੂੰ ਇਸ ਤਰ੍ਹਾਂ ਵੀ ਸੰਭਾਲਿਆ ਜਾ ਸਕਦਾ ਹੈ; ਕਿਤਾਬ ਭਾਵੇਂ ਪਿੰਡ ਸਮਾਲਸਰ ਦੇ ਬਾਰੇ ਹੈ ਪਰ ਇਸ ਦਾ ਅਧਿਅਨ ਕਰਦਿਆਂ ਕਿਹਾ ਜਾ ਸਕਦਾ ਹੈ ਕਿ ਇਹ ਪੁਸਤਕ ਪੰਜਾਬ , ਪੰਜਾਬੀ ਤੇ ਪੰਜਾਬੀਅਤ ਦਾ ਉਹ ਇਤਿਹਾਸ ਹੈ ਜਿਹੜਾ ਸਦਾ ਹੀ ਸਾਡੀ ਹਰ ਦੁਖ ਤੇ ਸੁਖ ਦੇ ਵਿੱਚ ਅਗਵਾਈ ਕਰਦਾ ਰਿਹਾ ਹੈ ਤੇ ਕਰਦਾ ਰਹੇਗਾ ।
ਕਿਤਾਬ ਦੀ ਛਪਾਈ ਤੇ ਡੀਜ਼ਾਈਨਿੰਗ ਤੇ ਤਰਤੀਬਬੰਦੀ ਮੂੰਹ ਬੋਲਦੀ ਤਸਵੀਰ ਹੈ। ਪਿੰਡਾਂ ਦੇ ਬਾਰੇ ਲਿਖੀਆਂ ਜਾ ਰਹੀਆਂ ਕਿਤਾਬਾਂ ਦੇ ਲੇਖਕਾਂ ਨੂੰ ਜਾ ਹਰ ਪਿੰਡ ਦੇ ਉਨ੍ਹਾਂ ਸੂਝਵਾਨ ਵਿਅਕਤੀਆਂ ਨੂੰ ਚਾਹੀਦਾ ਹੈ ਕਿ ਉਹ ਆਪੋ ਆਪਣੇ ਪਿੰਡ ਦੇ ਬਾਰੇ ਜਰੂਰ ਇਹਿ ਜਿਹੀਆਂ ਕਿਤਾਬਾਂ ਲਿਖਵਾਉਣ ਤਾਂ ਕਿ ਪਿੰਡਾਂ ਦਾ ਇਤਿਹਾਸ ਸੰਭਾਲਿਆ ਜਾ ਸਕੇ। ਇਹ ਕਿਤਾਬ ਦੇ ਹਰ ਉਸ ਵਿਅਕਤੀ ਨੂੰ ਸਜਦਾ ਹੈ ਜਿਹਨਾਂ ਨੇ ਆਪਣੇ ਫਰਜ਼ ਨੂੰ ਅਦਾ ਕੀਤਾ ਹੈ।
ਜੱਗੀ ਬਰਾੜ ਸਮਾਲਸਰ ਤੇ ਉਨ੍ਹਾਂ ਦੇ ਨਾਲ ਹਰ ਉਸ ਵਿਅਕਤੀ ਦਾ ਧੰਨਵਾਦ ਕਰਨਾ ਬਣਦਾ ਹੈ ਜਿਹਨਾਂ ਨੇ ਇਹ ਇਤਿਹਾਸਕ ਦਸਤਾਵੇਜ਼ ਸਾਡੇ ਸਾਹਮਣੇ ਲਿਆਂਦਾ ਹੈ। ਇਹੋ ਜਿਹੀਆਂ ਤੱਥਾਂ ਦੇ ਨਾਲ ਭਰਪੂਰ ਕਿਤਾਬਾਂ ਦੇ ਆਉਣ ਦੇ ਨਾਲ ਵੱਖ-ਵੱਖ ਸੀਨਿਆਂ ਦੇ ਵਿੱਚ ਛੁਪਿਆ ਇਤਿਹਾਸ ਨੂੰ ਸੰਭਾਲਣ ਦੀ ਲੋੜ੍ ਹੈ। ਸਮਾਲਸਰ ਮੇਰਾ ਪਿੰਡ ਪੁਸਤਕ ਕਈ ਸਦੀਆਂ ਦਾ ਇਤਿਹਾਸ ਹੈ, ਜਿਹੜਾ ਆਉਣ ਵਾਲੀਆਂ ਨਸਲਾਂ ਦੇ ਪ੍ਰੇਰਨਾ ਸਰੋਤ ਬਣੇਗਾ। ਕਿਤਾਬ ਦਾ ਸਵਾਗਤ ਕਰਦਿਆਂ ਜੱਗੀ ਬਰਾੜ ਤੇ ਉਨ੍ਹਾਂ ਦੀ ਸੋਚ ਨੂੰ ਸਲਾਮ ਕਰਦਾ ਹਾਂ ।
ਬੁੱਧ ਸਿੰਘ ਨੀਲੋੰ
94643 70823
budhsinghneelon
ਪੰਜਾਬੀ ਭਵਨ , ਲੁਧਿਆਣਾ , ਪੰਜਾਬ
ਭਾਰਤ ।