ਮਿਆਂਮਾਰ: ਪ੍ਰਦਰਸ਼ਨਾਂ ਵਿਚਾਲੇ ਇੰਟਰਨੈੱਟ ਸੇਵਾਵਾਂ ਬੰਦ

ਯੈਂਗੋਨ (ਸਮਾਜ ਵੀਕਲੀ) : ਮਿਆਂਮਾਰ ਵਿੱਚ ਰਾਜ ਪਲਟੇ ਦੇ ਦੋ ਮਹੀਨੇ ਬਾਅਦ ਅਜੇ ਵੀ ਫ਼ੌਜ ਖ਼ਿਲਾਫ਼ ਰੋਸ ਪ੍ਰਦਰਸ਼ਨ ਜਾਰੀ ਹਨ। ਅੱਜ ਦੇਸ਼ ਭਰ ’ਚ ਪ੍ਰਦਰਸ਼ਨਾਂ ’ਚ ਮਰਨ ਵਾਲਿਆਂ ਨੂੰ ਸ਼ਰਧਾਂਜਲੀ ਦੇਣ ਲਈ ਫੁੱਲ ਭੇਟ ਕਰਨ ਦੀ ਮੁਹਿੰਮ ਵੀ ਚਲਾਈ ਗਈ। ਇਨ੍ਹਾਂ ਰੋਸ ਪ੍ਰਦਰਸ਼ਨਾਂ ਵਿਚਾਲੇ ਫ਼ੌਜੀ ਸ਼ਾਸਕਾਂ ਵੱਲੋਂ ਇਕ ਪਾਸੇ ਜਿੱਥੇ ਇੰਟਰਨੈੱਟ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਹਨ ਉੱਥੇ ਹੀ ਅਹੁਦੇ ਤੋਂ ਹਟਾਈ ਗਈ ਆਂਗ ਸਾਂ ਸੂ ਕੀ ’ਤੇ ਭੇਤ ਗੁਪਤ ਰੱਖਣ ਦੇ ਐਕਟ ਦੀ ਉਲੰਘਣਾ ਦੇ ਦੋਸ਼ਾਂ ਤਹਿਤ ਵੀ ਮੁਕੱਦਮਾ ਚਲਾ ਦਿੱਤਾ ਗਿਆ ਹੈ। ਫ਼ੌਜ ਦੇ ਹੁਕਮਾਂ ’ਤੇ ਮਿਆਂਮਾਰ ਵਿੱਚ ਵਾਇਰਲੈੱਸ ਬਰਾਡਬੈਂਡ ਇੰਟਰਨੈੱਟ ਸੇਵਾਵਾਂ ਅੱਜ ਬੰਦ ਕਰ ਦਿੱਤੀਆਂ ਗਈਆਂ ਹਨ।

ਸਥਾਨਕ ਸੇਵਾ ਪ੍ਰਦਾਨ ਕਰਨ ਵਾਲੀ ਕੰਪਨੀ ਉਰੇਡੂ ਵੱਲੋਂ ਆਨਲਾਈਨ ਪੋਸਟ ਕੀਤੇ ਗਏ ਬਿਆਨ ਮੁਤਾਬਕ ਟਰਾਂਸਪੋਰਟ ਤੇ ਸੰਚਾਰ ਮੰਤਰਾਲੇ ਵੱਲੋਂ ਵੀਰਵਾਰ ਨੂੰ ਜਾਰੀ ਕੀਤੇ ਗਏ ਹੁਕਮਾਂ ਤਹਿਤ ‘ਅਗਲੇ ਨੋਟਿਸ ਤੱਕ ਸਾਰੀਆਂ ਵਾਇਰਲੈੱਸ ਬਰਾਡਬੈਂਡ ਡੇਟਾ ਸੇਵਾਵਾਂ ਨੂੰ ਅਸਥਾਈ ਤੌਰ ’ਤੇ ਬੰਦ ਰੱਖਣ ਲਈ ਕਿਹਾ ਗਿਆ ਹੈ।’’ ਫਾਈਬਰ ਵਾਲੀ ਲੈਂਡਲਾਈਨ ਇੰਟਰਨੈੱਟ ਕੁਨੈਕਸ਼ਨ ਹੁਣ ਵੀ ਕੰਮ ਕਰ ਰਹੇ ਹਨ ਪਰ ਬਹੁਤ ਧੀਮੀ ਰਫ਼ਤਾਰ ਨਾਲ। ਦੂਜੇ ਪਾਸੇ ਪ੍ਰਦਰਸ਼ਨਕਾਰੀਆਂ ਵੱਲੋਂ ਇੰਟਰਨੈੱਟ ਸੇਵਾਵਾਂ ’ਤੇ ਰੋਕ ਲੱਗਣ ਤੋਂ ਬਾਅਦ ਸੰਚਾਰ ਦੇ ਨਵੇਂ ਤਰੀਕੇ ਲੱਭੇ ਜਾ ਰਹੇ ਹਨ। ਇਸੇ ਦੌਰਾਨ ਆਗੂ ਆਂਗ ਸਾਂ ਸੂ ਕੀ ਦੇ ਇਕ ਵਕੀਲ ਖਿਨ ਮੌਂਗ ਜ਼ਾਅ ਨੇ ਦੱਸਿਆ ਕਿ ਪਹਿਲਾਂ ਹੀ ਚਾਰ ਅਪਰਾਧਿਕ ਮੁਕੱਦਮਿਆਂ ਦਾ ਸਾਹਮਣਾ ਕਰ ਰਹੀ ਸੂ ਕੀ ਨੂੰ ਹੁਣ ਮਿਆਂਮਾਰ ਦੇ ਬਸਤੀਵਾਦੀ ਯੁੱਗ ਦੇ ਭੇਤ ਗੁਪਤ ਰੱਖਣ ਸਬੰਧੀ ਕਾਨੂੰਨ ਤਹਿਤ ਵੀ ਨਾਮਜ਼ਦ ਕੀਤਾ ਗਿਆ ਹੈ।

Previous articleਤਾਮਿਲਨਾਡੂ: ਸਟਾਲਿਨ ਦੀ ਧੀ ਦੇ ਘਰ ਟੈਕਸ ਵਿਭਾਗ ਵੱਲੋਂ ‘ਛਾਪੇ’
Next articleਪੁਲਵਾਮਾ ਮੁਕਾਬਲੇ ’ਚ ਤਿੰਨ ਦਹਿਸ਼ਤਗਰਦ ਹਲਾਕ