ਆਕਾਸ਼ਵਾਣੀ ਜਲੰਧਰ ਸਰੋਤਿਆਂ ਤੋਂ ਦੂਰ ਜਾਣ ਦੇ ਰਸਤੇ ਤੇ !

ਰਮੇਸ਼ਵਰ ਸਿੰਘ ਪਟਿਆਲਾ

(ਸਮਾਜ ਵੀਕਲੀ) 

ਰੇਡੀਓ ਦਾ ਯੁੱਗ ਸ਼ੁਰੂ ਹੋਇਆ ਤਾਂ ਸਾਨੂੰ ਪੰਜਾਬੀਆਂ ਨੂੰ ਆਕਾਸ਼ਵਾਣੀ ਜਲੰਧਰ ਸਰਕਾਰ ਵੱਲੋਂ ਦਿੱਤਾ ਗਿਆ,ਜਿਸ ਦਾ ਮੁੱਖ ਅਧਾਰ ਖ਼ਬਰਾਂ ਲੋਕਾਂ ਦਾ ਮਨੋਰੰਜਨ ਤੇ ਖੇਤੀ ਸਬੰਧੀ ਜਾਣਕਾਰੀ ਨਾਲ ਸ਼ੁਰੂ ਹੋਇਆ।ਹਰੀ ਕ੍ਰਾਂਤੀ ਵੇਲੇ ਆਕਾਸ਼ਵਾਣੀ ਜਲੰਧਰ ਦੇ ਪ੍ਰੋਗਰਾਮਾਂ ਨੇ ਬਹੁਤ ਵੱਡਾ ਸਹਿਯੋਗ ਦਿੱਤਾ।ਸਮੇਂ ਦੀਆਂ ਜ਼ਰੂਰਤਾਂ ਅਨੁਸਾਰ ਇਸ ਕੇਂਦਰ ਨਾਲ ਹੋਰ ਕੇਂਦਰ ਵੀ ਜੋੜੇ ਗਏ ਲਹਿੰਦੇ ਪੰਜਾਬ ਨਾਲ ਜੋੜਨ ਲਈ ਦੇਸ ਪੰਜਾਬ ਪ੍ਰੋਗਰਾਮ ਚਲਾਉਣ ਲਈ ਇਕ ਅਲੱਗ ਚੈਨਲ ਚਾਲੂ ਕੀਤਾ ਗਿਆ।ਕਮਰਸ਼ੀਅਲ ਲਈ ਵਿਵਿਧ ਭਾਰਤੀ ਦਾ ਘੱਟ ਪਾਵਰ ਦਾ ਟਰਾਂਸਮੀਟਰ ਸੰਨ 1970,1999 ਤਕ ਇਹ ਤਿੰਨੋਂ ਚੈਨਲ ਪੰਜਾਬ ਦੇ ਲੋਕਾਂ ਦਾ ਮਨੋਰੰਜਨ ਤੇ ਮਾਂ ਬੋਲੀ ਪੰਜਾਬੀ ਦੀ ਸੇਵਾ ਸਿਰਤੋੜ ਯਤਨਾਂ ਨਾਲ ਕਰਦੇ ਆਏ।

ਇਹ ਤਿੰਨੋਂ ਚੈਨਲ ਮੀਡੀਆ ਵੇਵ ਤਕਨੀਕ ਨਾਲ ਕੰਮ ਕਰਦੇ ਸੀ,ਹੋਰ ਅਨੇਕਾਂ ਤਕਨੀਕਾਂ ਆਉਣ ਨਾਲ ਇਸ ਤਕਨੀਕ ਤੇ ਬਹੁਤ ਜ਼ਿਆਦਾ ਬੋਝ ਪਿਆ।ਪ੍ਰਸਾਰ ਭਾਰਤੀ ਨੇ 2000 ਵਿੱਚ ਨਵੀਂ ਫਰੀਕੁਇੰਸੀ ਐਫਐਮ ਟਰਾਂਸਮੀਟਰ ਸਥਾਪਤ ਕੀਤੇ,ਜਿਸ ਨਾਲ ਆਵਾਜ਼ ਸਾਫ਼ ਟੱਲੀ ਵਾਂਗ ਟਣਕਣ ਲੱਗੀ ਪਰ ਪ੍ਰਸਾਰ ਭਾਰਤੀ ਨੇ ਆਕਾਸ਼ਵਾਣੀ ਦੇ ਮੁੱਖ ਚੈਨਲ ਦਾ ਪ੍ਰਸਾਰਨ ਵੀ ਚੌਵੀ ਘੰਟੇ ਕਰ ਦਿੱਤਾ ਜਿਸ ਨਾਲ ਪ੍ਰੋਗਰਾਮਾਂ ਵਿੱਚ ਕਾਫੀ ਫੇਰਬਦਲ ਕੀਤਾ ਗਿਆ।ਇਕ ਹੋਰ ਐਫਐਮ ਟਰਾਂਸਮੀਟਰ ਰੇਨੋਬੋ ਚਾਲੂ ਕੀਤਾ ਗਿਆ।ਕੇਂਦਰ ਦੇ ਵਿੱਚ ਕੰਮ ਬਹੁਤ ਵਧ ਗਿਆ ਪਰ ਮੁੱਖ ਅਧਿਕਾਰੀ ਤੇ ਐਂਕਰਾਂ ਦੀ ਬੇਹੱਦ ਕਮੀ ਰੜਕਣ ਲੱਗੀ।

ਪ੍ਰੋਗਰਾਮ ਗੀਤ ਸੰਗੀਤ ਤੇ ਮਨੋਰੰਜਨ ਵਾਲੇ ਬੇਹੱਦ ਭਾਰੂ ਹੋ ਗਏ।ਸਮਾਜਿਕ ਸਾਹਿਤਕ ਤੇ ਮਨੋਰੰਜਕ ਪ੍ਰੋਗਰਾਮਾਂ ਦੀ ਕਮੀ ਬੇਹੱਦ ਰੜਕਣ ਲੱਗੀ।ਸਾਲ ਕੁ ਪਹਿਲਾਂ ਪੂਰੀ ਦੁਨੀਆਂ ਵਿੱਚ ਆਪਣੇ ਪ੍ਰੋਗਰਾਮਾਂ ਨੂੰ ਪਹੁੰਚਾਉਣ ਲਈ ਮੋਬਾਈਲ ਐਪ ਵੀ ਚਾਲੂ ਕਰ ਦਿੱਤੀ ਗਈ,ਪ੍ਰੋਗਰਾਮਾਂ ਦਾ ਆਧਾਰ ਕੀ ਹੋਣਾ ਚਾਹੀਦਾ ਹੈ ਜਾਂ ਕੀ ਹੈ,ਪ੍ਰਸਾਰ ਭਾਰਤੀ ਨੇ ਇਸ ਬਾਰੇ ਕੁਝ ਨਹੀਂ ਸੋਚਿਆ।ਪ੍ਰੋਗਰਾਮ ਬਣਾਉਣ ਵਾਲੇ ਨਿਰਮਾਤਾਵਾਂ ਦੀ ਕਮੀ ਹੈ ਐਂਕਰਜ ਥੋੜ੍ਹੇ ਹਨ ਪ੍ਰੋਗਰਾਮ ਜ਼ਿਆਦਾ ਹਨ।ਪ੍ਰੋਗਰਾਮਾਂ ਸਬੰਧੀ ਅਧਿਕਾਰੀਆਂ ਨੂੰ ਪੁੱਛੋ ਇਹ ਜਵਾਬ ਹੁੰਦਾ ਹੈ।

ਪਰ ਦੂਸਰਾ ਰਸਤਾ ਯੋਗ ਨਿਰਮਾਤਾਵਾਂ ਤੇ ਐਂਕਰਜ਼ ਨੂੰ ਦਿਹਾੜੀ ਦੇ ਰੂਪ ਵਿੱਚ ਕੇਂਦਰ ਨਿਰਦੇਸ਼ਕ ਭਰਤੀ ਕਰ ਸਕਦਾ ਹੈ।ਫਿਰ ਸਾਡੇ ਭਾਰਤ ਵਿੱਚ ਮੁੱਖ ਅਧਿਕਾਰੀ ਚੋਣ ਕਿਵੇਂ ਕਰਦੇ ਹਨ ਇਹ ਆਪਾਂ ਸਾਰੇ ਜਾਣਦੇ ਹਾਂ।ਕੁੱਲ ਮਿਲਾ ਕੇ ਦੇਖਿਆ ਜਾਵੇ ਆਕਾਸ਼ਵਾਣੀ ਜਲੰਧਰ ਦੇ ਪੰਜ ਕੇਂਦਰ ਹਨ,ਜੋ ਸਿਰਫ਼ ਗੀਤ ਵਜਾਉਣ ਲਈ ਹੀ ਹਨ ਬਾਕੀ ਕੋਈ ਯੋਗ ਪ੍ਰੋਗਰਾਮ ਪੇਸ਼ ਨਹੀਂ ਕੀਤੇ ਜਾਂਦੇ ਆਓ ਇਨ੍ਹਾਂ ਸਾਰੇ ਚੈਨਲਾਂ ਤੇ ਪ੍ਰੋਗਰਾਮਾਂ ਸਬੰਧੀ ਵਿਚਾਰ ਚਰਚਾ ਸਾਂਝੀ ਕਰੀਏ।
ਮੁੱਖ ਕੇਂਦਰ ਹੈ ਆਕਾਸ਼ਵਾਣੀ ਜਲੰਧਰ ਜਿਸ ਦਾ ਪ੍ਰਸਾਰਣ ਚੌਵੀ ਘੰਟੇ ਲਗਾਤਾਰ ਹੁੰਦਾ ਹੈ।ਬਹੁਤ ਜ਼ਿਆਦਾ ਸਮਾਂ ਗੀਤ ਸੰਗੀਤ ਤੇ ਖ਼ਬਰਾਂ ਨੂੰ ਦਿੱਤਾ ਜਾਂਦਾ ਹੈ।ਆਕਾਸ਼ਵਾਣੀ ਦਾ ਆਧਾਰ ਸਰੋਤੇ ਹੁੰਦੇ ਹਨ ਆਕਾਸ਼ਵਾਣੀ ਜਲੰਧਰ ਨੇ ਸਰੋਤਿਆਂ ਦੀਆਂ ਚਿੱਠੀਆਂ ਦਾ ਜਵਾਬ ਦੇਣ ਦਾ ਸਿਲਸਿਲਾ ਚੈਨਲ ਦੇ ਸ਼ੁਰੂ ਹੋਣ ਵੇਲੇ ਤੋਂ ਲਗਾਤਾਰ ਚਾਲੂ ਸੀ।”ਤੁਹਾਡੀ ਚਿੱਠੀ ਮਿਲੀ” ਪ੍ਰੋਗਰਾਮ ਦੇ ਨਾਮ ਨਾਲ ਇਹ ਪ੍ਰੋਗਰਾਮ ਪੇਸ਼ ਕੀਤਾ ਜਾਂਦਾ ਸੀ ਪਰ ਕੋਰੋਨਾ ਮਹਾਂਮਾਰੀ ਦੇ ਨਾਲ ਇਹ ਪ੍ਰੋਗਰਾਮ ਬੰਦ ਕਰ ਦਿੱਤਾ ਗਿਆ ਬਹੁਤ ਵਾਰ ਫੋਨ ਕਰਕੇ ਜਾਣਕਾਰੀ ਲੈਣ ਦੀ ਕੋਸ਼ਿਸ਼ ਕੀਤੀ ਕੋਈ ਤਸੱਲੀਬਖ਼ਸ਼ ਜਵਾਬ ਨਹੀਂ ਦਿੱਤਾ ਗਿਆ।

ਮੇਰੇ ਦੋਸਤ ਨੇ ਆਰ ਟੀ ਆਈ ਪਾ ਕੇ ਜੋ ਜਾਣਕਾਰੀ ਲਈ ਉਸ ਵਿੱਚ ਜਵਾਬ ਦਿੱਤਾ ਹੈ ਕਿ ਤੁਹਾਡੀ ਚਿੱਠੀ ਮਿਲੀ ਪ੍ਰੋਗਰਾਮ ਕੋਰੋਨਾ ਕਾਰਨ ਚਿੱਠੀਆਂ ਘੱਟ ਆਉਂਦੀਆਂ ਸਨ ਜਿਸ ਕਾਰਨ ਬੰਦ ਕਰ ਦਿੱਤਾ ਗਿਆ।ਪ੍ਰਸਾਰ ਭਾਰਤੀ ਦੇ ਕਾਨੂੰਨ ਅਨੁਸਾਰ ਕੋਈ ਵੀ ਕੇਂਦਰ ਪ੍ਰੋਗਰਾਮ ਸ਼ੁਰੂ ਜਾਂ ਬੰਦ ਕਰੇ ਤਾਂ ਇਜਾਜ਼ਤ ਡੀ ਜੀ ਦਫ਼ਤਰ ਤੋਂ ਲੈਣੀ ਪੈਂਦੀ ਹੈ।ਆਰਟੀਆਈ ਚ ਲਿਖਿਆ ਹੈ ਕਿ ਸਾਨੂੰ ਡੀ ਜੀ ਵੱਲੋਂ ਕੋਈ ਚਿੱਠੀ ਪੱਤਰ ਨਹੀਂ ਆਇਆ ਕੋਈ ਪੁੱਛਣ ਵਾਲਾ ਹੋਵੇ,ਇਹ ਐਤਵਾਰ ਨੂੰ ਵੀਹ ਮਿੰਟ ਲਈ ਪ੍ਰੋਗਰਾਮ ਪੇਸ਼ ਕੀਤਾ ਜਾਂਦਾ ਸੀ ਜਿਸ ਵਿੱਚ ਡਾਕ ਰਾਹੀਂ ਤੇ ਈ ਮੇਲ ਦੁਆਰਾ ਭੇਜੀਆਂ ਚਿੱਠੀਆਂ ਪੜ੍ਹੀਆਂ ਜਾਂਦੀਆਂ ਸਨ ਕੋਰੋਨਾ ਦਾ ਮੰਨ ਲੈਂਦੇ ਹਾਂ ਚਿੱਠੀਆਂ ਪਾਉਣ ਕੋਈ ਡਾਕ ਘਰ ਨਾ ਜਾਂਦਾ ਹੋਵੇ ਈ ਮੇਲ ਤਾਂ ਘਰ ਬੈਠਾ ਕੋਈ ਵੀ ਕਰ ਸਕਦਾ ਹੈ।

ਪਰ ਇਨ੍ਹਾਂ ਦਾ ਬਿਆਨ ਝੂਠ ਸਿੱਧ ਕਰਨ ਲਈ ਇਨ੍ਹਾਂ ਦਾ ਇਕ ਪ੍ਰੋਗਰਾਮ ਹਰ ਰੋਜ਼ ਸ਼ਾਮ ਨੂੰ ਤਿੰਨ ਵਜੇ “ਚਿੱਠੀਆਂ ਮਿੱਠੀਆਂ” ਪੇਸ਼ ਕੀਤਾ ਜਾਂਦਾ ਹੈ ਜਿਸ ਵਿੱਚ ਚਿੱਠੀਆਂ ਰਾਹੀਂ ਭੇਜੀ ਫ਼ਰਮਾਇਸ਼ ਪੂਰੀ ਕੀਤੀ ਜਾਂਦੀ ਹੈ ਇੱਕ ਘੰਟੇ ਦਾ ਪ੍ਰੋਗਰਾਮ ਹੈ ਇਕ ਗੀਤ ਲਈ ਘੱਟੋ ਘੱਟ ਪੰਜ ਚਿੱਠੀਆਂ ਪੜ੍ਹੀਆਂ ਜਾਂਦੀਆਂ ਹਨ ਇੱਕ ਘੰਟੇ ਵਿੱਚ ਕਿੰਨੇ ਗੀਤ ਵੱਜਦੇ ਹੋਣਗੇ ਤੇ ਕਿੰਨੀਆਂ ਚਿੱਠੀਆਂ ਸ਼ਾਮਲ ਕੀਤੀਆਂ ਜਾਂਦੀਆਂ ਹੋਣਗੀਆਂ।ਹਰ ਰੋਜ਼ ਸੈਂਕੜੇ ਚਿੱਠੀਆਂ ਜੋ ਆਉਂਦੀਆਂ ਹਨ ਇਨ੍ਹਾਂ ਉੱਤੇ ਕੋਰੋਨਾ ਦਾ ਕੋਈ ਅਸਰ ਨਹੀਂ ਹੋਇਆ ਜਦ ਕਿ ਤੁਹਾਡੀ ਚਿੱਠੀ ਮਿਲੀ ਵਿੱਚ ਚਿੱਠੀਆਂ ਡਾਕ ਰਾਹੀਂ ਤੇ ਬਿਜਲਈ ਚਿੱਠੀਆਂ ਹੁੰਦੀਆਂ ਸਨ ਉਹ ਬੰਦ ਇਸ ਲਈ ਕੀਤਾ ਲੱਗਦਾ ਹੈ,ਸਰੋਤਿਆਂ ਵੱਲੋਂ ਕੀਤੀ ਜਾ ਰਹੀ ਸਾਰਥਿਕ ਆਲੋਚਨਾ ਅਧਿਕਾਰੀਆਂ ਨੂੰ ਪਸੰਦ ਨਹੀਂ।

ਸਵੇਰੇ ਸੱਤ ਵਜੇ “ਸਵੇਰੇ ਸਵੇਰੇ” ਪ੍ਰੋਗਰਾਮ ਪੇਸ਼ ਕੀਤਾ ਜਾਂਦਾ ਹੈ,ਪ੍ਰੋਗਰਾਮ ਦੇ ਸ਼ੁਰੂ ਵਿਚ ਥੋੜ੍ਹੀ ਬਹੁਤ ਗੱਲਬਾਤ ਤੋਂ ਬਾਅਦ ਇਕ ਗੀਤ ਪੇਸ਼ ਕਰ ਦਿੱਤਾ ਜਾਂਦਾ ਹੈ ਉਸ ਤੋਂ ਬਾਅਦ ਹਿੰਦੀ ਵਿਚ ਆਕਾਸ਼ਵਾਣੀ ਦਿੱਲੀ ਤੋਂ ਖ਼ਬਰਾਂ ਸੁਣਾਈਆਂ ਜਾਂਦੀਆਂ ਹਨ।ਪ੍ਰੋਗਰਾਮ ਚੱਲਦੇ ਹੀ ਰੰਗ ਵਿੱਚ ਭੰਗ ਪਾ ਦਿੱਤਾ ਜਾਂਦਾ ਹੈ ਜਦ ਕਿ ਛੇ ਵਜੇ ਹਿੰਦੀ ਵਿੱਚ ਖ਼ਬਰਾਂ ਸੁਣਾਈਆਂ ਹੀ ਜਾਂਦੀਆਂ ਹਨ,ਫੇਰ ਅੱਠ ਵਜੇ ਤੋਂ ਲੈ ਕੇ ਅੱਠ ਵੱਜ ਕੇ ਚਾਲੀ ਮਿੰਟ ਤਕ ਖ਼ਬਰਾਂ ਹੀ ਚੱਲਦੀਆਂ ਹਨ।ਕਿਹੜੀ ਜੰਗ ਲੱਗੀ ਹੋਈ ਹੈ ਜਾਂ ਵੋਟਾਂ ਦੀ ਗਿਣਤੀ ਹੋ ਰਹੀ ਹੈ ਜੋ ਵਿੱਚ ਦੱਸਣਾ ਜ਼ਰੂਰੀ ਲਗਦਾ ਹੈ।

ਇਸ ਪ੍ਰੋਗਰਾਮ ਵਿੱਚ ਖ਼ਾਸ ਵਿਸ਼ਿਆਂ ਤੇ ਗੱਲਬਾਤ ਤੇ ਗੀਤ ਪੇਸ਼ ਕੀਤੇ ਜਾਂਦੇ ਹਨ ਪਹਿਲਾਂ ਇਹ ਪ੍ਰੋਗਰਾਮ ਦੋ ਐਂਕਰ ਪੇਸ਼ ਕਰਦੇ ਸਨ ਜਿਸ ਨਾਲ ਬਹੁਤ ਵਧੀਆ ਰੰਗ ਬੰਨ੍ਹ ਦਿੱਤਾ ਜਾਂਦਾ ਸੀ ਪਤਾ ਨ੍ਹੀਂ ਹੋਣਾ ਆਕਾਸ਼ਵਾਣੀ ਜਲੰਧਰ ਨੂੰ ਕਿਹੜਾ ਗ਼ਰੀਬੀ ਨੇ ਘੇਰ ਲਿਆ ਇੱਕ ਐਂਕਰ ਹੀ ਧੱਕੇ ਮਾਰ ਕੇ ਇਕ ਘੰਟਾ ਕੱਢ ਲੈਂਦਾ ਹੈ।ਇਸ ਪ੍ਰੋਗਰਾਮ ਵਿੱਚ ਫੋਨ ਰਾਹੀਂ ਕਿਸੇ ਖ਼ਾਸ ਦਿਨ ਜਾਂ ਵਿਸ਼ੇ ਤੇ ਗੱਲਬਾਤ ਕਿਸੇ ਖ਼ਾਸ ਮਹਿਮਾਨ ਜਾਂ ਬੁੱਧੀਜੀਵੀ ਨਾਲ ਕੀਤੀ ਜਾਂਦੀ ਹੈ ਪਰ ਫੋਨ ਕਿਸੇ ਦਿਨ ਵੀ ਸਹੀ ਰੂਪ ਵਿਚ ਸਮੇਂ ਤੇ ਨਹੀਂ ਮਿਲਦਾ ਬਹੁਤ ਵਾਰ ਪੰਜ ਦਸ ਮਿੰਟ ਅਸੀਂ ਗੱਲਬਾਤ ਕਰਾਂਗੇ ਗੱਲਬਾਤ ਕਰਾਂਗੇ ਪਰ ਫ਼ੋਨ ਦੀ ਖ਼ਰਾਬੀ ਕਾਰਨ ਬਹੁਤ ਵਾਰ ਕੋਈ ਗੱਲਬਾਤ ਸਿਰੇ ਨਹੀਂ ਚੜ੍ਹਦੀ ਕੀ ਟੈਲੀਫੋਨ ਤਕਨੀਕ ਠੀਕ ਕਰਨਾ ਇਨ੍ਹਾਂ ਦੇ ਇੰਜਨੀਅਰ ਫੋਨ ਦੀ ਤਕਨੀਕ ਤੋਂ ਅਣਭੋਲ ਹਨ।

ਸਵੇਰੇ ਦੱਸ ਵਜੇ ਤੋਂ ਲੈ ਕੇ ਬਾਰਾਂ ਵਜੇ ਤੱਕ ਇਕ ਇਕ ਘੰਟੇ ਦਾ ਫਰਮਾਇਸ਼ੀ ਹਿੰਦੀ ਤੇ ਪੰਜਾਬੀ ਗੀਤਾਂ ਦੇ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਹਨ,ਫਰਮਾਇਸ਼ ਕਰਨ ਲਈ ਐੱਸ. ਐੱਮ.ਐੱਸ. ਤੇ ਫੋਨ ਕਾਲਾਂ ਲਈਆਂ ਜਾਂਦੀਆਂ ਹਨ।ਐੱਸਐੱਮਐੱਸ ਤਕਨੀਕ ਆਮ ਤੌਰ ਤੇ ਖਰਾਬ ਹੀ ਰਹਿੰਦੀ ਹੈ ਫੋਨ ਕਾਲ ਕਰਨ ਵਾਲੇ ਜ਼ਿਆਦਾ ਰਾਜਸਥਾਨੀ ਸਰੋਤੇ ਹੀ ਕਬਜ਼ਾ ਕਰਕੇ ਬੈਠੇ ਹਨ ਪਤਾ ਨੀ ਆਕਾਸ਼ਵਾਣੀ ਜਲੰਧਰ ਉੱਤੇ ਕੋਈ ਖ਼ਾਸ ਅਧਿਕਾਰ ਜਾਂ ਕਬਜ਼ਾ ਹੈ।ਆਕਾਸ਼ਵਾਣੀ ਜਲੰਧਰ ਹੁਣ ਡੀਟੀਐਚ ਤੇ ਐਪ ਦੇ ਨਾਲ ਪੂਰੀ ਦੁਨੀਆਂ ਵਿੱਚ ਸੁਣਿਆ ਜਾ ਰਿਹਾ ਹੈ।

ਦੁਨੀਆਂ ਦੇ ਹਰ ਕੋਨੇ ਵਿੱਚ ਪੰਜਾਬੀ ਬੈਠੇ ਹਨ ਤੇ ਸਮੇਂ ਦਾ ਚੌਵੀ ਘੰਟੇ ਦਾ ਵੀ ਫ਼ਰਕ ਹੁੰਦਾ ਹੈ,ਪੂਰੇ ਭਾਰਤ ਦੇ ਬਾਕੀ ਆਕਾਸ਼ਵਾਣੀ ਚੈਨਲਾਂ ਤੇ ਫਰਮਾਇਸ਼ ਵ੍ਹੱਟਸਐਪ ਦੇ ਜ਼ਰੀਏ ਕੀਤੀ ਜਾਂਦੀ ਹੈ ਜੋ ਹਰ ਸਰੋਤੇ ਲਈ ਸੌਖਾ ਤਰੀਕਾ ਹੈ ਆਕਾਸ਼ਵਾਣੀ ਜਲੰਧਰ ਵਾਲੇ ਸਰੋਤਿਆਂ ਦੇ ਵਾਰ ਵਾਰ ਕਹਿਣ ਤੇ ਵ੍ਹੱਟਸਐਪ ਚਾਲੂ ਨਹੀਂ ਕਰ ਰਹੇ ਜੋ ਪੂਰੀ ਦੁਨੀਆਂ ਵਿੱਚ ਵਸਦੇ ਸਰੋਤਿਆਂ ਨਾਲ ਬਹੁਤ ਵੱਡਾ ਧੋਖਾ ਹੈ।
ਆਰਟੀਆਈ ਰਾਹੀਂ ਜਾਣਕਾਰੀ ਮੰਗੀ ਸੀ ਕਿ ਤੁਹਾਡੇ ਕੇਂਦਰ ਤੋਂ ਕਿਹਡ਼ੀਆਂ ਕਿਹਡ਼ੀਆਂ ਕੰਪਨੀਆਂ ਦੇ ਗੀਤ ਵਜਾਏ ਜਾਂਦੇ ਹਨ,ਉਸ ਦੇ ਜਵਾਬ ਵਿਚ ਕੰਪਨੀ ਐਚ ਐਮ ਵੀ ਜੋ ਕਿ ਅੱਜਕੱਲ੍ਹ ਸਾਰੇਗਾਮਾਪਾ ਦੇ ਨਾਮ ਨਾਲ ਹੈ,ਸਭ ਤੋਂ ਵੱਧ ਗੀਤ ਉਸ ਕੰਪਨੀ ਦੇ ਰਿਕਾਰਡ ਹੋਏ ਵਜਾਏ ਜਾ ਰਹੇ ਹਨ।ਜਦੋਂ ਤਵਿਆਂ ਦਾ ਯੁੱਗ ਸੀ ਤਾਂ ਮੁਹੰਮਦ ਸਦੀਕ,ਦੀਦਾਰ ਸੰਧੂ,ਕਰਮਜੀਤ ਧੂਰੀ,ਕਰਨੈਲ ਗਿੱਲ,ਚਾਂਦੀ ਰਾਮ,ਗੁਰਦਿਆਲ ਨਿਰਮਾਣ ਤੇ ਹੋਰ ਅਨੇਕਾਂ ਗਾਇਕ ਜੋੜੀਆਂ ਦੇ ਗੀਤ ਚੱਲਦੇ ਸਨ ਪਰ ਹੁਣ ਗਿਣਵੇਂ ਚੁਣਵੇਂ ਹੀ ਗੀਤ ਇਨ੍ਹਾਂ ਦੇ ਕੰਪਿਊਟਰ ਵਿੱਚ ਹਨ ਕੀ ਸਰੋਤਿਆਂ ਦੀ ਫ਼ਰਮਾਇਸ਼ ਨੂੰ ਮੁੱਖ ਨਹੀਂ ਸਮਝਿਆ ਜਾਂਦਾ,ਜਦੋਂ ਕਿ ਐੱਫਐੱਮ ਬਠਿੰਡਾ ਤੇ ਐਫਐਮ ਪਟਿਆਲਾ ਵਿਚ ਸਾਰੇ ਗਾਇਕਾਂ ਦੇ ਗੀਤ ਵਜਾਏ ਜਾਂਦੇ ਹਨ।

ਸਰੋਤੇ ਅਜਿਹੇ ਗੀਤਾਂ ਦੀ ਮੰਗ ਕਰਦੇ ਹਨ ਪਰ ਹਾਂ ਹੂੰ ਕਹਿ ਕੇ ਇਨ੍ਹਾਂ ਨੇ ਚੁੱਪ ਧਾਰੀ ਹੋਈ ਹੈ।ਮੁਹੰਮਦ ਸਦੀਕ ਤੇ ਸਵਰਨ ਲਤਾ ਨੂੰ ਇਨ੍ਹਾਂ ਨੇ ਆਪਣੇ ਪ੍ਰਮਾਣਿਤ ਗਾਇਕ ਦੱਸਿਆ ਹੈ ਜਦੋਂਕਿ ਇਨ੍ਹਾਂ ਕੋਲ ਮੁਹੰਮਦ ਸਦੀਕ ਦੇ ਕੁਝ ਕੁ ਗੀਤ ਹੀ ਮੌਜੂਦ ਹਨ ਸਵਰਨ ਲਤਾ ਦੇ ਸਿਰਫ਼ ਦੋ ਗੀਤ ਹਨ ਜੋ ਕਿ ਪੰਜਾਬੀ ਵਿਰਸੇ ਦੀ ਮਹਾਨ ਗਾਇਕਾ ਸੀ।ਸਾਡੇ ਪੰਜਾਬ ਦੀਆ ਨਵੀਆਂ ਗਾਇਕ ਜੋੜੀਆਂ ਆਤਮਾ ਸਿੰਘ ਬੁੱਢੇਵਾਲੀਆ,ਬਿੱਟੂ ਖੰਨੇ ਵਾਲਾ,ਗੁਰਵਿੰਦਰ ਬਰਾੜ,ਰਾਜਾ ਸਿੱਧੂ ਜਸਵਿੰਦਰ ਬਰਾੜ ਜੇ ਅਨੇਕਾਂ ਗਾਇਕਾਂ ਦੇ ਬਹੁਤ ਹੀ ਵਧੀਆ ਪਰਿਵਾਰਕ ਗੀਤ ਮਾਰਕੀਟ ਵਿੱਚ ਸਾਲਾਂ ਤੋਂ ਮੌਜੂਦ ਹਨ ਪਰ ਇਨ੍ਹਾਂ ਦੇ ਖ਼ਜ਼ਾਨੇ ਵਿੱਚ ਕੁਝ ਵੀ ਨਹੀਂ,ਸਰਕਾਰੀ ਅਦਾਰਾ ਹੈ ਇਹ ਨਾ ਤੂੰ ਕੌਣ ਪੁੱਛੇ ਸਰੋਤਿਆਂ ਦੀ ਸਮਝ ਤੋਂ ਬਾਹਰ ਹੈ।

ਦੇਸ ਪੰਜਾਬ ਪ੍ਰੋਗਰਾਮ ਜੋ ਕਿ ਲਹਿੰਦੇ ਤੇ ਚੜ੍ਹਦੇ ਪੰਜਾਬ ਦੇ ਸਰੋਤਿਆਂ ਲਈ ਅਲੱਗ ਮੀਡੀਅਮ ਵੇਵ ਚੈਨਲ ਤੇ ਮੋਬਾਇਲ ਤੇ ਐਪ ਪ੍ਰਸਾਰਨ ਕੁਝ ਮਹੀਨੇ ਤਕ ਠੀਕ ਠਾਕ ਚੱਲ ਰਿਹਾ ਸੀ ਪਰ ਅਚਾਨਕ ਬੰਦ ਕਰ ਦਿੱਤਾ ਗਿਆ ਹੈ।ਅਧਿਕਾਰੀਆਂ ਨੂੰ ਪੁੱਛਣ ਤੇ ਕੋਈ ਠੋਸ ਜਵਾਬ ਨਹੀਂ ਮਿਲਦਾ ਸਿਰਫ਼ ਇਹ ਕਹਿੰਦੇ ਹਨ ਕਿ ਦੇਸ ਪੰਜਾਬ ਪ੍ਰੋਗਰਾਮ ਦਾ ਪ੍ਰਸਾਰਨ ਅੰਮਿ੍ਤਸਰ ਐਫਐਮ ਟਰਾਂਸਮੀਟਰ ਤੋਂ ਹੁੰਦਾ ਹੈ ਚਲੋ ਮੀਡੀਅਮ ਵੇਵ ਟਰਾਂਸਮੀਟਰ ਵਿੱਚ ਕੋਈ ਖਰਾਬੀ ਹੋ ਸਕਦੀ ਹੈ ਐਪ ਦੇ ਉੱਤੇ ਕਿਉਂ ਦੇਸ ਪੰਜਾਬ ਪ੍ਰੋਗਰਾਮ ਨਹੀਂ ਚਲਾਇਆ ਜਾਂਦਾ ਕੀ ਪ੍ਰਸਾਰ ਭਾਰਤੀ ਕੋਲ ਇਸ ਦਾ ਸਹੀ ਜਵਾਬ ਹੈ।

ਐਫਐਮ ਟਰਾਂਸਮੀਟਰ ਦੀ ਰੇਂਜ ਵੱਧ ਤੋਂ ਵੱਧ ਸੱਠ ਕਿਲੋਮੀਟਰ ਤੱਕ ਹੁੰਦੀ ਹੈ ਲਹਿੰਦਾ ਅਤੇ ਚੜ੍ਹਦਾ ਪੰਜਾਬ ਤਾਂ ਸਾਡਾ ਪਹਿਲਾ ਬਹੁਤ ਵੱਡਾ ਪੰਜਾਬ ਹੈ ਸਭ ਨੂੰ ਪ੍ਰੋਗਰਾਮ ਕੌਣ ਸੁਣਾਏਗਾ।ਐਫਐਮ ਟਰਾਂਸਮੀਟਰ ਸਟੀਰੀਓ ਫੋਨਿਕ ਸਿਸਟਮ ਤੇ ਕੰਮ ਕਰਦੇ ਹਨ ਇਸੇ ਤਰ੍ਹਾਂ ਐਪ ਤੇ ਹੁੰਦਾ ਹੈ ਇੱਕ ਵਾਰ ਮੈਂ ਇਸ ਸਬੰਧੀ ਚਿੱਠੀ ਲਿਖੀ ਤਾਂ ਮੈਨੂੰ ਜਵਾਬ ਮਿਲਿਆ ਕਿ ਸਾਡੇ ਟਰਾਂਸਮੀਟਰ ਸਟੀਰੀਓ ਫੋਨਿਕ ਤੇ ਠੋਸ ਕੰਮ ਕਰ ਰਹੇ ਹਨ।

ਪਰ ਅਜਿਹਾ ਬਿਲਕੁਲ ਨਹੀਂ ਐਪ ਤੇ ਐਫ ਐਮ ਤੇ ਮੋਨੋ ਸਿਸਟਮ ਰਾਹੀਂ ਪ੍ਰੋਗਰਾਮ ਸੁਣਾਏ ਜਾ ਰਹੇ ਹਨ।ਕੇਂਦਰ ਦੇ ਇੰਜਨੀਅਰ ਪਤਾ ਨੀ ਚਿੱਟੇ ਹਾਥੀ ਕਿਉਂ ਬਣੇ ਹੋਏ ਹਨ ਫੋਨ ਕਾਲ ਤੇ ਗੱਲਬਾਤ ਸਹੀ ਨਹੀਂ ਹੁੰਦੀ ਐੱਸਐੱਮਐੱਸ ਸਿਸਟਮ ਖਰਾਬ ਰਹਿੰਦਾ ਹੈ ਸਟੀਰੀਓ ਫੋਨਿਕ ਦਾ ਸਿਰਫ਼ ਨਾਮ ਹੈ।ਐਂਕਰ ਬੀਬਾ ਸੁਖਜੀਤ ਕੌਰ ਜੀ ਜਦੋਂ ਕੋਈ ਪ੍ਰੋਗਰਾਮ ਪੇਸ਼ ਕਰਦੇ ਹਨ ਦੱਸਦੇ ਹਨ ਕਿ ਐੱਸਐੱਮਐੱਸ ਫਲੈਸ਼ ਕਰ ਰਿਹਾ ਹੈ ਇਸ ਤਰ੍ਹਾਂ ਦੀ ਚਮਕ ਐਂਕਰਜ਼ ਦੀਆ ਅੱਖਾਂ ਨੂੰ ਖ਼ਰਾਬ ਕਰ ਸਕਦੀ ਹੈ ਇੰਜਨੀਅਰ ਵਿਭਾਗ ਨੂੰ ਸਾਰਾ ਪ੍ਰਬੰਧ ਠੀਕ ਕਰਨਾ ਚਾਹੀਦਾ ਹੈ।

ਕੁਝ ਖਾਸ ਗੱਲਾਂ- ਯੁਵਬਾਣੀ ਪ੍ਰੋਗਰਾਮ ਨੌਜਵਾਨਾਂ ਲਈ ਖ਼ਾਸ ਪ੍ਰਸਾਰਨ ਹੈ ਪੰਜਾਬੀ ਨੌਜਵਾਨ ਸਾਰੀ ਦੁਨੀਆਂ ਵਿੱਚ ਵਸਦੇ ਹਨ ਪਰ ਇਹ ਪ੍ਰੋਗਰਾਮ ਐਫ ਐਮ ਤੇ ਪੇਸ਼ ਕੀਤਾ ਜਾਂਦਾ ਹੈ,ਜੋ ਕਿ ਪੂਰੇ ਪੰਜਾਬ ਵਿੱਚ ਵੀ ਸੁਣਾਈ ਨਹੀਂ ਦਿੰਦਾ ਕੀ ਸਾਰੇ ਨੌਜਵਾਨ ਬੱਚੇ ਬੱਚੀਆਂ ਨੂੰ ਪ੍ਰੋਗਰਾਮ ਸੁਣਾਉਣ ਲਈ ਮੁੱਖ ਕੇਂਦਰ ਤੋਂ ਇਸ ਦਾ ਪ੍ਰਸਾਰਨ ਨਹੀਂ ਹੋਣਾ ਚਾਹੀਦਾ।1980ਦੇ ਦਹਾਕੇ ਵਿੱਚ ਇੱਕ ਖ਼ਾਸ ਪ੍ਰੋਗਰਾਮ ਸਾਡੇ ਕਲਾਕਾਰਾਂ ਤੇ ਗਾਇਕਾਂ ਉੱਤੇ ਇਸ ਕੇਂਦਰ ਤੋਂ”ਤਾਰਿਆ ਵੇ ਤੇਰੀ ਲੋਅ”ਦੇ ਨਾਮ ਥੱਲੇ ਪੇਸ਼ ਕੀਤਾ ਜਾਂਦਾ ਸੀ।ਅਜੋਕੀ ਪੀੜ੍ਹੀ ਲਈ ਇਹ ਪ੍ਰੋਗਰਾਮ ਬਹੁਤ ਕੀਮਤੀ ਹੈ ਅਨੇਕਾਂ ਕਲਾਕਾਰ ਤੇ ਗਾਇਕ ਸਾਡੇ ਵਿੱਚ ਨਹੀਂ ਇਹ ਪ੍ਰੋਗਰਾਮ ਦਾ ਪ੍ਰਸਾਰਣ ਦੁਆਰਾ ਕਰਨ ਲਈ ਮੈਂ ਲਿਖਤੀ ਰੂਪ ਵਿਚ ਬਹੁਤ ਵਾਰ ਬੇਨਤੀ ਕੀਤੀ ਹੈ ਪਰ ਚਿੱਠੀਆਂ ਦੇ ਜਵਾਬ ਵਿਚ ਹਾਂ ਕਹਿ ਦਿੰਦੇ ਹਨ ਪਰ ਬਹੁਤ ਸਾਲ ਲਾਰਿਆਂ ਵਿਚ ਹੀ ਨਿਕਲ ਗਏ।

ਆਕਾਸ਼ਵਾਣੀ ਜਲੰਧਰ ਲੋਕ ਪ੍ਰਸਾਰਨ ਸੇਵਾ ਹੈ,ਇਸ ਤੇ ਅਧਿਕਾਰੀ ਤੇ ਕਰਮਚਾਰੀ ਲੋਕ ਸੇਵਾ ਲਈ ਪ੍ਰਸਾਰਨ ਕਰਦੇ ਹਨ।ਸਰੋਤਿਆਂ ਦੀਆਂ ਚਿੱਠੀਆਂ ਦਾ ਪ੍ਰੋਗਰਾਮ ਬੰਦ ਕਰ ਦਿੱਤਾ ਗਿਆ ਕੇਂਦਰ ਨਿਰਦੇਸ਼ਕ ਬੀਬੀ ਸੰਤੋਸ਼ ਰਿਸ਼ੀ ਤੇ ਪ੍ਰੋਗਰਾਮ ਕੋਆਰਡੀਨੇਟਰ ਸੋਹਣ ਕੁਮਾਰ ਜੀ ਨੇ ਆਪਣੇ ਵ੍ਹੱਟਸਐਪ ਨੰਬਰ ਬੰਦ ਕੀਤੇ ਹੋਏ ਹਨ ਕਿ ਸਰੋਤੇ ਕੋਈ ਸਾਡਾ ਨੁਕਸ ਨਾ ਦੱਸ ਦੇਣ ਜੋ ਸਾਨੂੰ ਚੁਭੇਗਾ ਫੋਨ ਕਰੋ ਸੁਣਦੇ ਨਹੀ ਜਦਕਿ ਲੋਕ ਪ੍ਰਸਾਰਨ ਸੇਵਾ ਦੇ ਖ਼ਾਸ ਕਾਨੂੰਨਾਂ ਅਨੁਸਾਰ ਇਹ ਦੋਨੋਂ ਅਧਿਕਾਰੀ ਸਰੋਤਿਆਂ ਨੂੰ ਜਵਾਬਦੇਹ ਹਨ।ਪਿਛਲੇ ਸਾਲ ਦੀ ਗੱਲ ਹੈ ਸੋਹਣ ਕੁਮਾਰ ਜੀ ਨੇ ਪ੍ਰੋਗਰਾਮ ਪੇਸ਼ ਕਰਨ ਲਈ ਮੇਰੇ ਕੋਲੋਂ ਅਨੇਕਾਂ ਲੇਖਕਾਂ ਤੇ ਬੁੱਧੀਜੀਵੀਆਂ ਦੇ ਫ਼ੋਨ ਨੰਬਰ ਮੰਗੇ ਸਨ ਅਸੀ ਇਨ੍ਹਾਂ ਤੋਂ ਜ਼ਰੂਰੀ ਪ੍ਰਸਾਰਣ ਕਰਵਾਉਣੇ ਹਨ ਸਾਲ ਬੀਤ ਗਿਆ ਪਰ ਇਨ੍ਹਾਂ ਦੀ ਕੱਲ੍ਹ ਹਾਲਾਂ ਤਕ ਨਹੀਂ ਆਈ।

ਅੰਤਰਰਾਸ਼ਟਰੀ ਮਾਂ ਬੋਲੀ ਦਿਵਸ ਸਾਰੀ ਦੁਨੀਆਂ ਬੜੀ ਧੂਮਧਾਮ ਨਾਲ ਮਨਾਉਂਦੀ ਹੈ।ਸਾਡੀਆਂ ਸਮਾਜਿਕ ਜਥੇਬੰਦੀਆਂ ਅਤੇ ਸਾਹਿਤਕ ਸਭਾਵਾਂ ਨੇ ਵੀ ਬਹੁਤ ਖ਼ਰਚ ਕਰਕੇ ਸੋਹਣੇ ਢੰਗ ਨਾਲ ਇਹ ਦਿਨ ਮਨਾਇਆ ਹੈ ਕਿ ਇਨ੍ਹਾਂ ਨੂੰ ਇਹ ਨਹੀਂ ਪਤਾ ਕਿ ਆਕਾਸ਼ਵਾਣੀ ਜਲੰਧਰ ਸਾਡੀ ਪੰਜਾਬੀ ਮਾਂ ਬੋਲੀ ਦਾ ਪ੍ਰਸਾਰਨ ਠੀਕ ਨਹੀਂ ਕਰ ਰਿਹਾ ਤੇ ਸਾਨੂੰ ਪ੍ਰਸਾਰ ਭਾਰਤੀ ਨੂੰ ਹਲੂਣਾ ਦੇਣਾ ਚਾਹੀਦਾ ਹੈ।ਪੰਜਾਬ ਸਰਕਾਰ ਸਮਾਜਿਕ ਜਥੇਬੰਦੀਆਂ ਤੇ ਸਾਹਿਤਕ ਸਭਾਵਾਂ ਨੂੰ ਲੋਕ ਸੇਵਾ ਪ੍ਰਸਾਰਨ ਆਕਾਸ਼ਵਾਣੀ ਜਲੰਧਰ ਵੱਲ ਧਿਆਨ ਦੇ ਕੇ ਪ੍ਰੋਗਰਾਮਾਂ ਵਿੱਚ ਪੂਰਨ ਰੂਪ ਵਿੱਚ ਸੁਧਾਰ ਕਰਵਾਉਣਾ ਚਾਹੀਦਾ ਹੈ।

ਰਮੇਸ਼ਵਰ ਸਿੰਘ
ਸੰਪਰਕ ਨੰਬਰ-9914880392

Previous articleUK reports big rise in mental health issues amid Covid lockdown
Next articlePak ready to resolve all outstanding issues through dialogue: Imran