ਅੰਮ੍ਰਿਤਸਰ ਵਿੱਚ ਝੱਖੜ ਨੇ ਰੋਕੀ ਜ਼ਿੰਦਗੀ ਦੀ ਰਫ਼ਤਾਰ

ਅੰਮ੍ਰਿਤਸਰ ਪਏ ਭਾਰੀ ਮੀਂਹ ਅਤੇ ਤੇਜ਼ ਝੱਖੜ ਕਾਰਨ ਸ਼ਹਿਰ ਵਿੱਚ ਕਈ ਥਾਵਾਂ ’ਤੇ ਜਲ-ਥਲ ਹੋ ਗਿਆ ਅਤੇ ਦਰੱਖ਼ਤਾਂ ਦੇ ਟਹਿਣੇ ਟੁੱਟ ਕੇ ਡਿੱਗੇ। ਮੀਂਹ ਅਤੇ ਝੱਖੜ ਨਾਲ ਲੋਕਾਂ ਨੂੰ ਜਿੱਥੇ ਗਰਮੀ ਤੋਂ ਰਾਹਤ ਮਿਲੀ ਉੱਥੇ ਹੀ ਵੱਖ ਵੱਖ ਖੇਤਰਾਂ ’ਚ ਪਾਣੀ ਭਰਨ ਕਾਰਨ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ।
ਮਿਲੀ ਜਾਣਕਾਰੀ ਅਨੁਸਾਰ ਅੱਜ ਪਏ ਮੀਂਹ ਦੌਰਾਨ ਜਿੱਥੇ ਮਾਲ ਰੋਡ ’ਤੇ ਪਾਣੀ ਖੜ੍ਹਾ ਹੋ ਗਿਆ ਉੱਥੇ ਹੀ ਨਗਰ ਨਿਗਮ ਕਮਿਸ਼ਨਰ ਦੀ ਰਿਹਾਇਸ਼ ਦੇ ਬਾਹਰ ਸੜਕ ਧੱਸ ਗਈ, ਜਿਸ ਨਾਲ ਆਵਾਜਾਈ ਕਾਫੀ ਪ੍ਰਭਾਵਿਤ ਹੋਈ ਹੈ। ਤਿੰਨ ਮਹੀਨੇ ਪਹਿਲਾਂ ਹੀ ਇੱਥੇ ਧੱਸੇ ਸੜਕ ਦੇ ਹਿੱਸੇ ਦੀ ਮੁਰੰਮਤ ਕੀਤੀ ਗਈ ਸੀ। ਜ਼ਮੀਨ ਧੱਸਣ ਕਾਰਨ ਇਸ ਇਲਾਕੇ ਦੀ ਸੀਵਰੇਜ ਵਿਵਸਥਾ ਵੀ ਪ੍ਰਭਾਵਿਤ ਹੋਈ, ਜਿਸ ਦੀ ਮੁਰੰਮਤ ਲਈ ਨਗਰ ਨਿਗਮ ਨੇ ਲਗਪਗ 45 ਲੱਖ ਰੁਪਏ ਖਰਚ ਕੀਤੇ ਹਨ। ਮੌਸਮ ਦੀ ਪਹਿਲੀ ਬਰਸਾਤ ਨੇ ਹੀ ਨਗਰ ਨਿਗਮ ਦੇ ਪ੍ਰਬੰਧਾਂ ਦੀ ਪੋਲ ਖੋਲ੍ਹ ਦਿੱਤੀ। ਇੱਥੇ ਨੇੜੇ ਹੀ ਬੀਆਰਟੀਐੱਸ ਦਾ ਮਾਰਗ ਹੈ ਅਤੇ ਇਸ ਦੇ ਸਾਹਮਣੇ ਇਤਿਹਾਸਕ ਰਾਮਬਾਗ ਵੀ ਹੈ, ਜਿੱਥੇ ਕਾਫੀ ਆਵਾਜਾਈ ਹੁੰਦੀ ਹੈ। ਵਿਧਾਇਕ ਸੁਨੀਲ ਦੱਤੀ ਨੇ ਮੀਂਹ ਕਾਰਨ ਧੱਸੀ ਸੜਕ ਦਾ ਜਾਇਜ਼ਾ ਲਿਆ। ਉਨ੍ਹਾਂ ਆਖਿਆ ਕਿ ਇਸ ਦੀ ਜਲਦੀ ਮੁਰੰਮਤ ਕਰ ਕੇ ਠੀਕ ਕੀਤਾ ਜਾਵੇਗਾ ਤਾਂ ਜੋ ਲੋਕਾਂ ਨੂੰ ਕੋਈ ਪ੍ਰੇਸ਼ਾਨੀ ਪੇਸ਼ ਨਾ ਆਵੇ।
ਇਸ ਦੌਰਾਨ ਸਥਾਨਕ ਆਗੂ ਮਨਦੀਪ ਸਿੰਘ ਮੰਨਾ ਨੇ ਇਸ ਮਾਮਲੇ ਵਿੱਚ ਕੁਤਾਹੀ ਵਰਤਣ ਵਾਲੇ ਅਧਿਕਾਰੀਆਂ ਖ਼ਿਲਾਫ਼ ਕੇਸ ਦਰਜ ਕਰਨ ਦੀ ਮੰਗ ਕੀਤੀ ਹੈ। ਨਗਰ ਨਿਗਮ ਦੇ ਜੁਆਇੰਟ ਕਮਿਸ਼ਨਰ ਨਿਤਿਸ਼ ਸਿੰਗਲਾ ਨੇ ਇਕ ਬਿਆਨ ਵਿੱਚ ਸੜਕ ਦੇ ਮੁੜ ਧੱਸਣ ਲਈ ਪੀਡਬਲਿਊਡੀ ਵਿਭਾਗ ਦੇ ਅਧਿਕਾਰੀਆਂ ਨੂੰ ਜ਼ਿੰਮੇਵਾਰ ਦੱਸਿਆ ਹੈ। ਉਨ੍ਹਾਂ ਕਿਹਾ ਕਿ ਇਸ ਕੰਮ ਵਿਚ ਵਰਤੀ ਗਈ ਲਾਪ੍ਰਵਾਹੀ ਕਾਰਨ ਸੜਕ ਮੁੜ ਜ਼ਮੀਨ ਵਿੱਚ ਧੱਸ ਗਈ ਹੈ। ਉਨ੍ਹਾਂ ਮਾਮਲੇ ਦੀ ਜਾਂਚ ਕਰਾਉਣ ਦੀ ਮੰਗ ਕੀਤੀ।
ਨਗਰ ਨਿਗਮ ਦੇ ਮੇਅਰ ਕਰਮਜੀਤ ਸਿੰਘ ਰਿੰਟੂ ਨੇ ਆਖਿਆ ਕਿ ਲਾਪ੍ਰਵਾਹੀ ਵਰਤਣ ਵਾਲੇ ਪੀਡਬਲਿਊਡੀ ਵਿਭਾਗ ਦੇ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਲਈ ਆਖਿਆ ਗਿਆ ਹੈ। ਦੂਜੇ ਪਾਸੇ ਪੀਡਬਲਿਊਡੀ ਦੇ ਅਧਿਕਾਰੀ ਇੰਦਰਜੀਤ ਸਿੰਘ ਨੇ ਆਖਿਆ ਕਿ ਨਗਰ ਨਿਗਮ ਦੀ ਜਲ ਸਪਲਾਈ ਦੀ ਪਾਈਪ ਵਿੱਚੋਂ ਹੁੰਦੀ ਲੀਕੇਜ ਕਾਰਨ ਇਹ ਸੜਕ ਮੁੜ ਧੱਸੀ ਹੈ। ਭਾਜਪਾ ਯੁਵਾ ਮੋਰਚਾ ਦੇ ਪ੍ਰਧਾਨ ਗੌਤਮ ਅਰੋੜਾ ਨੇ ਦੋਸ਼ ਲਾਇਆ ਕਿ ਇਕ ਘੰਟੇ ਦੀ ਬਾਰਿਸ਼ ਨੇ ਨਗਰ ਨਿਗਮ ਦੇ ਪ੍ਰਬੰਧਾਂ ਦੀ ਪੋਲ ਖੋਲ੍ਹ ਦਿੱਤੀ ਹੈ। ਇਸ ਦੌਰਾਨ ਮੀਂਹ ਨਾਲ ਸ਼ਹਿਰ ਵਿਚ ਕਈ ਥਾਵਾਂ ’ਤੇ ਪਾਣੀ ਇਕੱਠਾ ਹੋ ਗਿਆ ਜਿਸ ਕਾਰਨ ਆਵਾਜਾਈ ਪ੍ਰਭਾਵਿਤ ਹੋਈ ਹੈ। ਝੱਖੜ ਨਾਲ ਮਕਬੂਲ ਰੋਡ ’ਤੇ ਦਰੱਖ਼ਤਾਂ ਦੇ ਟਹਿਣੇ ਟੁੱਟ ਕੇ ਡਿੱਗੇ। ਇਸ ਦੌਰਾਨ ਕਰੋੜਾਂ ਰੁਪਏ ਦੀ ਲਾਗਤ ਨਾਲ ਬਣਾਈ ਹੈਰੀਟੇਜ ਸਟਰੀਟ ਵੀ ਅੱਜ ਤਲਾਅ ਦਾ ਰੂਪ ਲੈ ਗਈ। ਮੀਂਹ ਕਾਰਨ ਇੱਥੇ ਵੀ ਪਾਣੀ ਇਕੱਠਾ ਹੋ ਗਿਆ।

Previous articleਸਫ਼ਾਈ ਕਾਮਿਆਂ ਵੱਲੋਂ ਨਿਗਮ ਦਫ਼ਤਰ ਅੱਗੇ ਪ੍ਰਦਰਸ਼ਨ
Next articleਮੀਂਹ ਨਾਲ ਲੁਧਿਆਣਾ ਹੋਇਆ ਪਾਣੀ-ਪਾਣੀ