ਮੀਂਹ ਨਾਲ ਲੁਧਿਆਣਾ ਹੋਇਆ ਪਾਣੀ-ਪਾਣੀ

ਸਨਅਤੀ ਸ਼ਹਿਰ ਵਿੱਚ ਪ੍ਰੀ ਮੌਨਸੂਨ ਦੀ ਬਰਸਾਤ ਨੇ ਨਗਰ ਨਿਗਮ ਦੇ ਸ਼ਹਿਰ ਨੂੰ ਬਰਸਾਤੀ ਪਾਣੀ ਤੋਂ ਬਚਾਉਣ ਦੇ ਦਾਅਵਿਆਂ ਦੀ ਪੋਲ ਖੋਲ੍ਹ ਦਿੱਤੀ ਹੈ। ਅੱਜ ਪਏ ਮੀਂਹ ਕਾਰਨ ਸ਼ਹਿਰ ਦਾ ਕੋਈ ਇਲਾਕਾ ਅਜਿਹਾ ਨਹੀਂ ਸੀ, ਜਿੱਥੇ ਪਾਣੀ ਨਾ ਖੜ੍ਹਾ ਹੋਵੇ। ਡੇਢ ਘੰਟੇ ਮੀਂਹ ਕਾਰਨ ਸ਼ਹਿਰ ਦੀਆਂ ਸੜਕਾਂ ਪਾਣੀ ਨਾਲ ਭਰ ਗਈਆਂ, ਨੀਵੇਂ ਇਲਾਕਿਆਂ ਵਿੱਚ ਤਾਂ ਦੋ ਦੋ ਫੱਟ ਤੱਕ ਪਾਣੀ ਖੜ੍ਹਾ ਹੋ ਗਿਆ। ਸਭ ਤੋਂ ਮਾੜਾ ਹਾਲ ਨੀਵੇਂ ਇਲਾਕਿਆਂ ਦਾ ਸੀ, ਜਿੱਥੇ ਨਗਰ ਨਿਗਮ ਨੇ ਕੋਈ ਪ੍ਰਬੰਧ ਨਹੀਂ ਕੀਤੇ ਤੇ ਸ਼ਹਿਰ ਵਾਸੀ ਪ੍ਰੀ ਮੌਨਸੂਨ ਦੀ ਪਹਿਲੀ ਬਾਰਸ਼ ਤੋਂ ਬਾਅਦ ਪਾਣੀ ਵਿੱਚ ਫਸੇ ਰਹੇ। ਸਨਅਤੀ ਸ਼ਹਿਰ ਵਿੱਚ ਦੁਪਹਿਰ ਵੇਲੇ ਮੌਸਮ ਅਚਾਨਕ ਬਦਲ ਗਿਆ, ਪਹਿਲਾਂ ਤੇਜ਼ ਚੱਲੀ ਹਨ੍ਹੇਰੀ ਚੱਲੀ, ਉਸ ਤੋਂ ਬਾਅਦ 2 ਵਜੇ ਮੀਂਹ ਪੈਣਾ ਸ਼ੁਰੂ ਹੋ ਗਿਆ। ਡੇਢ ਘੰਟੇ ਤੱਕ ਪਏ ਮੀਂਹ ਨੇ ਸ਼ਹਿਰ ਦੇ ਇਲਾਕਿਆਂ ਨੂੰ ਪਾਣੀ ਨਾਲ ਭਰ ਦਿੱਤਾ। ਸਭ ਤੋਂ ਜ਼ਿਆਦਾ ਖਰਾਬ ਹਾਲਾਤ ਨੀਵੇਂ ਇਲਾਕਿਆਂ ’ਚ ਦੇਖਣ ਨੂੰ ਮਿਲੇ, ਜਿੱਥੇ ਪਾਣੀ ਲੋਕਾਂ ਦੇ ਘਰਾਂ ’ਚ ਦਾਖਲ ਹੋ ਗਿਆ। ਪਾਣੀ ਕਾਰਨ ਸਭ ਤੋਂ ਜ਼ਿਆਦਾ ਪ੍ਰੇਸ਼ਾਨੀ ਦੋਮੋਰਿਆ ਪੁਲ, ਟਰਾਂਸਪੋਰਟ ਨਗਰ, ਪੁਰਾਣੀ ਜੀਟੀ ਰੋਡ, ਰਾਹੋਂ ਰੋਡ, ਬਸਤੀ ਜੋਧੇਵਾਲ, ਹੈਬੋਵਾਲ, ਸਰਦਾਰ ਨਗਰ, ਬਾਜਵਾ ਨਗਰ, ਗੁਰਦੇਵ ਨਗਰ, ਦੀਪਕ ਹਸਪਤਾਲ ਵਾਲਾ ਸਰਾਭਾ ਨਗਰ ਰੋਡ, ਸਰਾਭਾ ਨਗਰ ਗੁਰਦੁਆਰੇ ਵਾਲੀ ਰੋਡ ’ਤੇ ਵੇਖਣ ਨੂੰ ਮਿਲੀ। ਇਸ ਤੋਂ ਇਲਾਵਾ ਕਿਚਲੂ ਨਗਰ, ਜੱਸੀਆਂ ਰੋਡ, ਜਵਾਲਾ ਸਿੰਘ ਚੌਕ, ਚੂਹੜਪੁਰ ਰੋਡ, ਘੰਟਾ ਘਰ ਚੌਕ, ਮਾਤਾ ਰਾਣੀ ਚੌਕ, ਚੌੜਾ ਬਾਜ਼ਾਰ, ਥਾਣਾ ਡਿਵੀਜ਼ਨ ਨੰਬਰ 3 ਦੇ ਇਲਾਕੇ ਬਾਲ ਸਿੰਘ ਨਗਰ, ਸੁੰਦਰ ਨਗਰ, ਮਾਧੋਪੁਰੀ, ਗਊਸ਼ਾਲਾ ਰੋਡ, ਕਿਦਵਈ ਨਗਰ, ਜਨਕਪੁਰੀ, ਸ਼ਿਵਾ ਜੀ ਨਗਰ, ਸ਼ਿੰਗਾਰ ਸਿਨੇਮਾ ਰੋਡ ਆਦਿ ਇਲਾਕਿਆਂ ਵਿੱਚ ਪਾਣੀ ਭਰਿਆ ਰਿਹਾ। ਇਸ ਨਾਲ ਹੀ ਢੋਲੇਵਾਲ ਤੇ ਗਿੱਲ ਰੋਡ ’ਤੇ ਵੀ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਪਾਣੀ ਸੜਕਾਂ ’ਤੇ ਖੜ੍ਹਾ ਰਿਹਾ ਤੇ ਦੁਪਹਿਰ ਤੱਕ ਲੋਕਾਂ ਦੇ ਦੋ ਪਹੀਆ ਵਾਹਨ ਪਾਣੀ ਵੜਨ ਕਾਰਨ ਜਾਮ ਹੋ ਗਏ।

Previous articleਅੰਮ੍ਰਿਤਸਰ ਵਿੱਚ ਝੱਖੜ ਨੇ ਰੋਕੀ ਜ਼ਿੰਦਗੀ ਦੀ ਰਫ਼ਤਾਰ
Next articleਪਰਿਵਾਰ ਦੇ ਲਾਪਤਾ ਹੋਏ ਚਾਰ ਜੀਆਂ ਵਿੱਚੋਂ ਇੱਕ ਦੀ ਲਾਸ਼ ਮਿਲੀ