ਜੇਈਈ (ਮੇਨ) ਦੇ ਨਤੀਜੇ ਦਾ ਐਲਾਨ

ਨਵੀਂ ਦਿੱਲੀ (ਸਮਾਜ ਵੀਕਲੀ) : ਕੌਮੀ ਟੈਸਟਿੰਗ ਏਜੰਸੀ ਨੇ ਜੇਈਈ(ਮੁੱਖ) ਪ੍ਰੀਖਿਆ ਦਾ ਨਤੀਜਾ ਐਲਾਨ ਦਿੱਤਾ ਹੈ। ਇੰਜਨੀਅਰਿੰਗ ਕੋਰਸਾਂ ’ਚ ਦਾਖ਼ਲਿਆਂ ਲਈ ਇਸ ਪ੍ਰੀਖਿਆ ਵਿੱਚ 24 ਵਿਦਿਆਰਥੀਆਂ ਨੇ 100 ਫੀਸਦ ਅੰਕ ਹਾਸਲ ਕੀਤੇ ਹਨ। ਚੇਤੇ ਰਹੇ ਕਿ ਕੋਵਿਡ-19 ਮਹਾਮਾਰੀ ਕਰਕੇ ਇਸ ਸਾਂਝੀ ਦਾਖਲਾ ਪ੍ਰੀਖਿਆ (ਜੇਈਈ) ਨੂੰ ਦੋ ਵਾਰ ਮੁਲਤਵੀ ਕਰਨਾ ਪਿਆ ਸੀ। ਸੌ ਫੀਸਦ ਅੰਕ ਹਾਸਲ ਕਰਨ ਵਾਲਿਆਂ ਦੀ ਸੂਚੀ ਵਿੱਚ ਤਿਲੰਗਾਨਾ 8 ਵਿਦਿਆਰਥੀਆਂ ਨਾਲ ਪਹਿਲੇ ਸਥਾਨ ’ਤੇ ਹੈ।

ਦਿੱਲੀ 5 ਨਾਲ ਦੂਜੇ ਜਦੋਂਕਿ ਮਗਰੋਂ ਰਾਜਸਥਾਨ (4), ਆਂਧਰਾ ਪ੍ਰਦੇਸ਼ (3), ਹਰਿਆਣਾ (2) ਤੇ ਗੁਜਰਾਤ ਤੇ ਮਹਾਰਾਸ਼ਟਰ (ਇਕ-ਇਕ) ਦਾ ਨੰਬਰ ਆਉਂਦਾ ਹੈ। ਜੇਈਈ (ਮੁੱਖ) ਪ੍ਰੀਖਿਆ ਐਤਕੀਂ 1 ਤੋਂ 6 ਸਤੰਬਰ ਦੌਰਾਨ ਲਈ ਗਈ ਸੀ। ਪ੍ਰੀਖਿਆ ਲਈ ਕੁੱਲ 8.58 ਲੱਖ ਉਮੀਦਵਾਰਾਂ ਨੇ ਨਾਂ ਰਜਿਸਟਰਡ ਕਰਵਾਏ ਸੀ, ਪਰ ਸਿਰਫ਼ 74 ਫੀਸਦ ਵਿਦਿਆਰਥੀ ਹੀ ਪ੍ਰੀਖਿਆ ’ਚ ਬੈਠੇ। ਦੱਸ ਦਈਏ ਕਿ ਜੇਈਈ (ਮੁੱਖ) ਦੇ ਪੇਪਰ 1 ਤੇ ਪੇਪਰ 2 ਦੇ ਨਤੀਜਿਆਂ ਦੇ ਆਧਾਰ ’ਤੇ ਸਿਖਰਲੇ 2.45 ਲੱਖ ਵਿਦਿਆਰਥੀ ਜੇਈਈ-ਐੈਡਵਾਂਸ ਪ੍ਰੀਖਿਆ ਦੇਣ ਦੇ ਯੋਗ ਹੋਣਗੇ। ਜੇਈਈ ਐਡਵਾਂਸ ਪ੍ਰੀਖਿਆ 27 ਸਤੰਬਰ ਨੂੰ ਹੋਣੀ ਹੈ।

Previous articleਭਾਰਤ-ਚੀਨ ਪੰਜ ਨੁਕਾਤੀ ਖ਼ਾਕੇ ’ਤੇ ਸਹਿਮਤ
Next articleਡਰੱਗਜ਼: ਕੰਗਨਾ ਖ਼ਿਲਾਫ਼ ਜਾਂਚ ਦੇ ਹੁਕਮ