(ਸਮਾਜ ਵੀਕਲੀ)
ਇਹ ਤੇਰੇ ਸ਼ਹਿਰ ਦੀਆਂ ਗੱਲਾਂ, ਕਿ ਮੇਰੇ ਸ਼ਹਿਰ ਦੀਆਂ ਗੱਲਾਂ
ਦੱਸਾਂ ਮੈਂ ਕੀ-ਕੀ ਮੇਰੇ ‘ਤੇ, ਜੋ ਢਾਏ ਕਹਿਰ ਦੀਆਂ ਗੱਲਾਂ
ਅਸੀਂ ਤਾਂ ਗੱਲ ਮੁਹੱਬਤ ਦੀ, ਰਹੇ ਕਰਦੇ ਹਮੇਸ਼ਾਂ ਹੀ
ਉਨ੍ਹਾਂ ਨੇ ਕੀਤੀਆਂ ਜਦ ਵੀ, ਕੀਤੀਆਂ ਵੈਰ ਦੀਆਂ ਗੱਲਾਂ
ਉੱਤੋਂ – ਉੱਤੋਂ ਤਾਂ ਕਰਦੇ ਨੇ ਗੱਲਾਂ ਬੜੀਆਂ ਹੀ ਮਿੱਠੀਆਂ ਉਹ
ਦਿਲਾਂ ਵਿਚ ਭਰੀਆਂ ਓਹਨਾ ਦੇ, ਬੜੇ ਹੀ ਜ਼ਹਿਰ ਦੀਆਂ ਗੱਲਾਂ
ਦੱਸੋ ਨਾ ਰਾਜ਼ ਦਿਲ ਵਾਲੇ, ਜਿਨ੍ਹਾਂ ਨੂੰ ਆਦਤ ਚੁਗ਼ਲੀ ਦੀ
ਉਨ੍ਹਾਂ ਦੇ ਢਿੱਡ ‘ਚ ਰਾਜ਼ ਦੀਆਂ, ਕਦੇ ਨਾ ਠਹਿਰਦੀਆਂ ਗੱਲਾਂ
ਕਿਨਾਰੇ ਸਹਿਮ ਜਾਂਦੇ ਸੁਣ ਕੇ , ਸੈਲਾਨੀ ਕਰਦੇ ਨੇ ਜਦ ਵੀ
ਨਦੀ ਵਿੱਚ ਆਵਣ ਵਾਲੀ ਜੋ, ਸੈਲਾਬੀ ਲਹਿਰ ਦੀਆਂ ਗੱਲਾਂ
“ਖੁਸ਼ੀ” ਕਰੀਏ ਭਰੋਸਾ ਕਿੰਝ , ਭਰੋਸੇ ਦੇ ਕਿਹੜਾ ਕਾਬਿਲ
ਜੀਹਨੂੰ ਆਪਣਾ ਸਮਝਦੇ ਸੀ ਉਹ ਤਾਂ ਸੀ ਗ਼ੈਰ ਦੀਆਂ ਗੱਲਾਂ
ਖੁਸ਼ੀ ਮੁਹੰਮਦ “ਚੱਠਾ”
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly