ਵਾਤਾਵਰਣ ਸੰਭਾਲ ਸਮੇਂ ਦੀ ਸਭ ਤੋਂ ਵੱਡੀ ਲੋੜ

ਜੋਬਨ ਖਹਿਰਾ

(ਸਮਾਜ ਵੀਕਲੀ)

“ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ”
ਗੁਰੂ ਗ੍ਰੰਥ ਸਾਹਿਬ ਵਿੱਚ ਹਵਾ ਨੂੰ ਗੁਰੂ, ਪਾਣੀ ਨੂੰ ਪਿਤਾ ਤੇ ਧਰਤੀ ਨੂੰ ਮਾਤਾ ਦਾ ਦਰਜਾ ਦਿੱਤਾ ਗਿਆ ਹੈ। ਹਵਾ ਤੇ ਪਾਣੀ ਦਾ ਮਨੁੱਖੀ ਜੀਵਨ ਨਾਲ ਸਿੱਧਾ ਸਬੰਧ ਹੈ। ਸਾਫ-ਸੁਥਰੀ ਤੇ ਤੰਦਰੁਸਤ ਜ਼ਿੰਦਗੀ ਜਿਉਣ ਲਈ ਸ਼ੁੱਧ ਹਵਾ ਤੇ ਸ਼ੁੱਧ ਪਾਣੀ ਅਤਿ ਜ਼ਰੂਰੀ ਹਨ। ਧਰਤੀ ਸਾਨੂੰ ਅਨਾਜ ਦਿੰਦੀ ਹੈ, ਧਰਤੀ ਕੁਦਰਤੀ ਸੋਮਿਆਂ ਦਾ ਭੰਡਾਰ ਹੈ। ਪਰ ਅੱਜ ਅਸੀਂ ਆਪਣੀਆਂ ਗਲਤੀਆਂ ਨਾਲ ਹਵਾ ਪਾਣੀ ਤੇ ਧਰਤੀ ਨੂੰ ਦੂਸ਼ਿਤ ਕਰਨ ਲਈ ਕੋਈ ਕਸਰ ਬਾਕੀ ਨਹੀਂ ਛੱਡ ਰਹੇ। ਫੈਕਟਰੀਆਂ, ਭੱਠਿਆਂ ‘ਚੋ ਨਿਕਲਦਾ ਗੰਦਾ ਧੂਆਂ, ਫੈਕਟਰੀਆਂ ਦਾ ਗੰਦਾ ਪਾਣੀ ਦਰਿਆਵਾਂ ਨਦੀਆਂ‌ ਤੇ ਧਰਤੀ ਦੀ ਹਿੱਕ ‘ਚ ਜਾ ਰਿਹਾ ਹੈ। ਆਵਾਜਾਈ ਦੇ ਵੱਧ ਰਹੇ ਸਾਧਨ, ਫਸਲਾਂ ‘ਚ ਵੱਧ ਝਾੜ ਲੈਣ ਲਈ ਕੀਤਾ ਜਾਂਦਾ ਹਾਨੀਕਾਰਕ ਛਿੜਕਾਅ ਤੇ ਹੋਰ ਬਹੁਤ ਸਾਰੇ ਪਹਿਲੂ ਵਾਤਾਵਰਨ ਨੂੰ ਦੂਸ਼ਿਤ ਕਰਨ ਲਈ ਮੁੱਖ ਭੂਮਿਕਾ ਨਿਭਾਅ ਰਹੇ ਹਨ।

ਪਰ ਜੇ ਅਸੀਂ ਗੱਲ ਕਰੀਏ ਖੇਤੀਬਾੜੀ ਦੀ ਆੜ ‘ਚ ਜੋ ਹਵਾ ਪਾਣੀ ਧਰਤੀ ਦਾ ਨੁਕਸਾਨ ਹੋ ਰਿਹਾ ਹੈ ਉਹ ਵੀ ਸਹਿਣਯੋਗ ਨਹੀਂ।‌ ਹਰ ਸਾਲ ਹਵਾ ਪਾਣੀ ਧਰਤੀ ਨੂੰ ਬਚਾਉਣ ਦੀ ਗੱਲ ਉੱਠਦੀ ਹੈ ਪਰ ਸਭ ਬੇਅਸਰ। ਸਾਲ ਦਰ ਸਾਲ ਹਵਾ ਪਾਣੀ ਤੇ ਧਰਤੀ ਨੂੰ ਪ੍ਰਦੂਸ਼ਿਤ ਕਰਨ ਦੀ ਇਹ ਮਾੜੀ ਮੁਹਿੰਮ ਹੂਬਹੂ ਜਾਰੀ ਹੈ। ਹਰ ਸਾਲ ਧਾਨ ਤੇ ਕਣਕ ਦੀ ਫ਼ਸਲ ਦੀ ਕਟਾਈ ਤੋਂ ਬਾਦ ਸੁੱਕੇ ਨਾੜ ਨੂੰ ਅੱਗ ਲਾਉਣ ਦੇ ਮਾਮਲੇ ਸਾਹਮਣੇ ਆਉਦੇ ਰਹਿੰਦੇ ਹਨ। ਉਸ ਨਾਲ ਹਵਾ ਪ੍ਰਦੂਸ਼ਿਤ ਤਾਂ ਹੁੰਦੀ ਹੀ ਹੈ ਉਪਰੋ ਦਰੱਖਤਾਂ, ਪੰਛੀਆਂ ਜਾਨਵਰਾਂ ਤੇ ਮਨੁੱਖੀ ਜਾਨਾਂ ਦਾ ਨੁਕਸਾਨ ਵੀ ਹੁੰਦਾ ਹੈ।

ਦਰੱਖਤ ਜਲਾਏ ਜਾ ਰਹੇ ਹਨ, ਪੰਛੀ ਜਾਨਵਰ ਮਾਰੇ ਜਾ ਰਹੇ ਸਨ, ਧਰਤੀ ਦੀ ਹਿੱਕ ਸਾੜੀ ਜਾ ਰਹੀ ਹੈ। ਉਧਰ ਪਾਣੀ ਦੀ ਦੁਰਵਰਤੋ ਤੇ ਲਗਾਤਾਰ ਵਰਤੋਂ ਨਾਲ ਪਾਣੀ ਨੂੰ ਧਰਤੀ ਤੋਂ ਹੋਰ ਦੂਰ ਕੀਤਾ ਜਾ ਰਿਹਾ ਹੈ। ਧਰਤੀ ਨੂੰ ਤਪਸ਼ ਨਾਲ ਮਾਰਿਆ ਜਾ ਰਿਹਾ ਹੈ‌। ਸਮਝ ਤੋਂ ਬਾਹਰ ਦਾ ਮਸਲਾ ਹੈ ਇਹ ਸਮਝਣਾ ਕਿ ਮਨੁੱਖ ਨਿੱਜੀ ਲਾਲਚ ਲਈ ਅਜੇ ਹੋਰ ਕਿੰਨਾ ਨੁਕਸਾਨ ਕਰੇਗਾ ਕੁਦਰਤ ਦਾ।

ਜਦੋਂ ਵੱਧ ਵਰਖਾ, ਗੜੇਮਾਰੀ, ਹਨੇਰੀਆਂ ਨਾਲ ਕੁਦਰਤ ਫ਼ਸਲਾਂ ਦਾ ਨੁਕਸਾਨ ਕਰਦੀ ਹੈ ਤਾਂ ਸਭ ਕੁਦਰਤ ਨੂੰ ਕੋਸਦੇ ਹਨ। ਕੁਦਰਤ ਕਿਸਾਨਾਂ ਦੀ ਇਨਸਾਨਾਂ ਦੀ ਵੈਰੀ ਜਾਪਦੀ ਹੈ ਪਰ ਜਦੋਂ ਇਨਸਾਨ ਆਪਣੇ ਸਵਾਰਥ ਲਈ ਕੁਦਰਤ ਹਵਾ ਪਾਣੀ ਧਰਤੀ ਦਾ ਨੁਕਸਾਨ ਕਰਦਾ ਹੈ ਤਾਂ ਕੁਦਰਤ ਕਿਸ ਨੂੰ ਦੋਸ਼ ਦੇਵੇ, ਕੁਦਰਤ ਦੇ ਦੋਸ਼ੀ ਅਸੀਂ ਖ਼ੁਦ ਹਾਂ।

ਵੇਸੇ ਕੁਦਰਤ ਆਪਣੇ ਆਪ ਵਿੱਚ ਸੰਪੂਰਨ ਹੈ ਕੁਦਰਤ ਨੂੰ ਸਾਡੀ ਨਹੀਂ ਸਗੋਂ ਸਾਨੂੰ ਕੁਦਰਤ ਦੀ ਜ਼ਰੂਰਤ ਹੈ, ਅਗਰ ਅਸੀਂ ਇਹ ਸੋਚੀਏ ਕਿ ਅਸੀਂ ਆਪਣੀਆਂ ਲਾਪਰਵਾਹੀਆਂ ਨਾਲ ਕੁਦਰਤ ਨੂੰ ਹਾਨੀ ਪਹੁੰਚਾ ਰਹੇ ਹਾਂ ਤਾਂ ਨਹੀਂ ਇਥੇ ਅਸੀਂ ਗਲਤ ਹਾਂ, ਇਸ ਤਰ੍ਹਾਂ ਕਰਕੇ ਅਸੀਂ ਆਪਣੇ ਆਪ ਦਾ ਨੁਕਸਾਨ ਖੁਦ ਕਰ ਰਹੇ ਹਾਂ, ਆਉਣ ਵਾਲੀਆਂ ਪੀੜ੍ਹੀਆਂ ਦੀਆਂ ਜੜ੍ਹਾਂ ਵੱਢ ਰਹੇ ਹਾਂ। ਗੁਰੂ ਸ਼ਬਦ ਨੂੰ ਦਰਕਿਨਾਰ ਕਰਕੇ ਗੁਰੂ ਸ਼ਬਦ ਤੋਂ ਉੱਲਟ ਜਾਣਾ ਵੀ ਗੁਰੂ ਦੀ ਬੇਅਬਦੀ ਦਾ ਹੀ ਰੂਪ ਹੈ‌। ਸੋ ਆਓ, ਆਪਣੇ ਆਪ ‘ਚ ਸੁਧਾਰ ਲੈਕੇ ਆਈਏ, ਹਵਾ ਪਾਣੀ ਧਰਤੀ ਨੂੰ ਸੰਭਾਲੀਏ, ਆਪਣੇ ਭਵਿੱਖ ਨੂੰ ਸੁਰੱਖਿਅਤ ਕਰੀਏ। ਗੁਰੂ ਸ਼ਬਦ ਦੇ ਆਖੇ ਲੱਗ ਗੁਰੂ ਦੀ ਮਾਣ ਮਰਿਆਦਾ ਵਿੱਚ ਵਾਧਾ ਕਰੀਏ।

ਜੋਬਨ ਖਹਿਰਾ

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਗੀਤ
Next articleਗੁਰੂ ਨਾਨਕ ਮਾਡਲ ਸੀਨੀਅਰ ਸੈਕੰਡਰੀ ਸਕੂਲ ਲੋਧੀਮਾਜਰਾ ਦਾ ਦਸਵੀਂ ਜਮਾਤ ਦਾ ਨਤੀਜਾ ਰਿਹਾ ਸੌ ਫ਼ੀਸਦੀ