(ਸਮਾਜ ਵੀਕਲੀ) – ਸਿਸਟਮ ਦਾ ਮਤਲਬ ਹੈ ਕਾਇਦਾ ਕਾਨੂੰਨ ਜਾਂ ਹਰ ਕੁੱਝ ਕਾਇਦੇ ਵਿੱਚ। ਪਰ ਇਸ ਵਕਤ ਸਿਸਟਮ ਦਾ ਜਿਹੜਾ ਕਰੂਪ ਚਿਹਰਾ ਸਾਡੇ ਸਾਹਮਣੇ ਹੈ, ਉਹ ਬੇਹੱਦ ਡਰਾਉਣ ਵਾਲਾ ਹੈ।ਆਮ ਬੰਦੇ ਵਾਸਤੇ ਤਾਂ ਇਹ ਹਰ ਵੇਲੇ ਆਦਮਖੋਰ ਆਦਮਖੋਰ ਕਰਦਾ ਲੱਗਦਾ ਹੈ।ਹਕੀਕਤ ਇਹ ਹੈ ਕਿ ਲੋਕ ਨੱਕੋ ਨੱਕ ਭਰੇ ਹੋਏ ਹਨ।ਜਿਹੜੇ ਵਿਭਾਗ ਵਿੱਚ ਕਿਸੇ ਨੂੰ ਕੰਮ ਲਈ ਜਾਣਾ ਪੈਂਦਾ ਹੈ,ਉਹ ਹੀ ਸਿਸਟਮ ਵਿੱਚ ਨਹੀਂ ਹੁੰਦਾ।ਚੰਗੇ ਭਲੇ ਬੰਦੇ ਨੂੰ ਅਜਿਹੇ ਭੰਬਲਭੂਸੇ ਵਿੱਚ ਪਾਇਆ ਜਾਂਦਾ ਹੈ ਕਿ ਉਸਦਾ ਮਸਲਾ,ਉਸਦੀ ਸਮੱਸਿਆ ਘੱਟਣ ਦੀ ਥਾਂ ਹੋਰ ਵੱਡੀ ਹੋ ਜਾਂਦੀ ਹੈ।ਥੱਕਿਆ ਹਾਰਿਆ ਤੇ ਪ੍ਰੇਸ਼ਾਨ ਹੋਇਆ ਅਖਬਾਰਾਂ ਵਿੱਚ ਸਿਆਸਤਦਾਨਾਂ ਦੇ ਬਿਆਨ ਲੱਭ ਲੱਭ ਪੜ੍ਹਦਾ ਹੈ।ਬਿਆਨਾਂ ਅਤੇ ਜ਼ਮੀਨੀ ਹਕੀਕਤ ਵਿੱਚ ਕੋਈ ਮਾੜਾ ਮੋਟਾ ਵੀ ਮੇਲ ਨਹੀਂ ਖਾਂਦਾ ਵਿਖਾਈ ਦਿੰਦਾ।ਅਸਲ ਵਿੱਚ ਇਹ ਕਿਸੇ ਇਕ ਵਿਭਾਗ ਦੀ ਹਾਲਤ ਨਹੀਂ ਹੈ।ਜੇਕਰ ਇਹ ਕਹਿ ਲਈਏ ਕਿ ਆਵਾ ਹੀ ਊਤਿਆ ਹੈ ਤਾਂ ਗਲਤ ਨਹੀਂ ਹੈ।ਹਾਂ,ਇਸ ਵਿੱਚ ਅਸੀਂ ਸਾਰਿਆਂ ਨੇ ਵੀ ਕਿਸੇ ਨਾ ਕਿਸੇ ਢੰਗ ਤਰੀਕੇ ਨਾਲ ਯੋਗਦਾਨ ਪਾਇਆ ਹੋਇਆ ਹੈ।ਵੋਟ ਨਾ ਪਾਕੇ,ਉਮੀਦਵਾਰ ਕੋਲੋਂ ਪੈਸਾ ਧੇਲਾ ਲੈਕੇ ਜਾਂ ਮੁਫ਼ਤਖੋਰੀ ਦੇ ਲਾਲਚ ਵਿੱਚ। ਖੈਰ ਆਪਾਂ ਵਿਭਾਗਾਂ ਦੇ ਵਿਗੜੇ ਸਿਸਟਮ ਤੇ ਗੱਲ ਕਰਦੇ ਹਾਂ ਅਤੇ ਜੋ ਸਮਸਿਆਵਾਂ ਦਾ ਅਸੀਂ ਸਾਹਮਣਾ ਕਰਦੇ ਹਾਂ,ਉਹ ਵੀ ਦੱਸਾਂਗੇ।
ਗੱਲ ਕਰਦੇ ਹਾਂ ਸੱਭ ਤੋਂ ਪਹਿਲਾਂ ਪੁਲਿਸ ਵਿਭਾਗ ਦੀ।ਪੁਲਿਸ ਵਿਭਾਗ ਦਾ ਕੰਮ ਅਤੇ ਜ਼ਿੰਮੇਵਾਰੀ ਲੋਕਾਂ ਦੀ ਜਾਨ-ਮਾਲ ਦੀ ਰਾਖੀ ਕਰਨੀ ਹੈ।ਪਰ ਮੁਆਫ਼ ਕਰਨਾ ਇਸ ਵਕਤ ਆਮ ਲੋਕਾਂ ਦੀ ਜਾਨ-ਮਾਲ ਦੀ ਰਾਖੀ ਵਾਲਾ ਕੰਮ ਤੇ ਜ਼ਿੰਮੇਵਾਰੀ ਤਕਰੀਬਨ ਖਤਮ ਹੀ ਹੈ।ਪੁਲਿਸ ਦੇ ਵਧੇਰੇ ਮੁਲਾਜ਼ਮ, ਸਿਆਸਤਦਾਨਾਂ,ਰਸੂਖਵਾਨ,ਅਫਸਰਾਂ ਆਦਿ ਦੀ ਸਕਿਉਰਟੀ ਦੀ ਡਿਊਟੀ ਜੋਗੇ ਹੀ ਰਹਿ ਗਏ ਲੱਗਦੇ ਹਨ।ਥਾਣਿਆਂ ਵਿੱਚ ਮੁਲਾਜ਼ਮਾਂ ਦੀ ਘਾਟ ਦਾ ਅਸਰ ਆਮ ਲੋਕਾਂ ਤੇ ਪੈਂਦਾ ਹੈ।ਵਾਧੂ ਕੰਮ ਦੇ ਬੋਝ ਕਰਕੇ ਮੁਲਾਜ਼ਮ ਲੋਕਾਂ ਨਾਲ ਸਹੀ ਤਰੀਕੇ ਨਾਲ ਪੇਸ਼ ਨਹੀਂ ਆਉਂਦੇ।ਹਰ ਬੰਦੇ ਨੂੰ ਮਾਨਸਿਕ ਅਤੇ ਸਰੀਰਕ ਆਰਾਮ ਦੀ ਜ਼ਰੂਰਤ ਹੈ।ਪੁਲਿਸ ਮੁਲਾਜ਼ਮਾਂ ਦਾ ਵਕਤ ਸਿਰ ਘਟਨਾ ਵਾਲੀ ਥਾਂ ਤੇ ਨਾ ਪਹੁੰਚਣਾ,ਗਲਤ ਵੀ ਹੈ ਅਤੇ ਅਪਰਾਧੀਆਂ ਨੂੰ ਹੱਲਾਸ਼ੇਰੀ ਵੀ ਦਿੰਦਾ ਹੈ।ਅਪਰਾਧੀਆਂ ਦੇ ਹੌਂਸਲੇ ਬੁਲੰਦ ਹੋਣਾ ਸਮਾਜ ਦੇ ਹਰ ਵਰਗ ਲਈ ਖਤਰਨਾਕ ਹੈ।ਬਹੁਤ ਵਾਰ ਪੁਲਿਸ ਵਾਲਿਆਂ ਤੇ ਵੀ ਹੱਥ ਚੁੱਕੇ ਗਏ ਹਨ।ਗੰਨਮੈਨ ਲੈਣ ਦੀ ਕਿਸੇ ਨੂੰ ਜ਼ਰੂਰਤ ਹੀ ਨਾ ਪਵੇ ਜੇਕਰ ਮਾਹੌਲ ਸਹੀ ਹੋਵੇ।ਹਕੀਕਤ ਇਹ ਹੈ ਕਿ ਪੁਲਿਸ ਸਟੇਸ਼ਨਾਂ ਵਿੱਚ ਮੁਲਾਜ਼ਮਾਂ ਨੂੰ ਜਾਣ ਤੋਂ ਡਰ ਨਹੀਂ ਲੱਗਦਾ,ਪਰ ਸ਼ਰੀਫ ਤੇ ਸਹੀ ਬੰਦਾ ਜਾਣ ਤੋਂ ਡਰਦਾ ਹੈ।ਰਿਸ਼ਵਤ ਅਤੇ ਭ੍ਰਿਸ਼ਟਾਚਾਰ ਕਦੋਂ ਤੇ ਕਿਵੇਂ ਸਹੀ ਨੂੰ ਗਲਤ ਅਤੇ ਗਲਤ ਨੂੰ ਸਹੀ ਕਰ ਦੇਵੇ,ਲੋਕਾਂ ਨੂੰ ਪਤਾ ਹੀ ਨਹੀਂ ਲੱਗਦਾ।ਹਾਂ,ਕਈ ਵਾਰ ਵਧੀਆ ਮੁਲਾਜ਼ਮ ਵੀ ਮਿਲ ਜਾਂਦੇ ਹਨ।ਪਰ ਅਜਿਹੇ ਮੁਲਾਜ਼ਮ ਬਹੁਤ ਵਾਰ ਬੇਵੱਸ ਵੀ ਵਿਖਾਈ ਦਿੰਦੇ ਹਨ।ਪੀ ਸੀ ਆਰ ਕੋਲ ਇਸ ਵਕਤ ਵਧੀਆ ਗੱਡੀਆਂ ਹਨ।ਪਰ ਉਨ੍ਹਾਂ ਵੱਲੋਂ ਕਈ ਵਾਰ ਫੋਨ ਨਾ ਚੁੱਕਣ ਦੀ ਗੱਲ ਸਾਹਮਣੇ ਆਉਂਦੀ ਹੈ ਅਤੇ ਕਈ ਵਾਰ ਗੱਲ ਸੁਣਕੇ ਆਉਂਦੇ ਹੀ ਨਹੀਂ।ਲੋਕ ਟੈਕਸਾਂ ਦਿੰਦੇ ਹਨ ਤਾਂਕਿ ਉਨ੍ਹਾਂ ਦੀ ਹਿਫਾਜ਼ਤ ਕਰਨ ਵਾਲਿਆਂ ਨੂੰ ਤਨਖਾਹਾਂ ਮਿਲ ਸਕਣ।ਅਸਲ ਵਿੱਚ ਜਿੰਨੀ ਦੇਰ ਹਰ ਮੁਲਾਜ਼ਮ ਦੀ ਆਪਣੀ ਜ਼ਮੀਰ ਨਹੀਂ ਜਾਗਦੀ, ਉਸਦੀ ਸਖਤੀ ਨਾਲ ਜਵਾਬ ਦੇਹੀ ਤਹਿ ਨਹੀਂ ਹੁੰਦੀ ਅਤੇ ਰਿਸ਼ਵਤ ਭ੍ਰਿਸ਼ਟਾਚਾਰ ਤੇ ਕਾਬੂ ਨਹੀਂ ਪਾਇਆ ਜਾਂਦਾ,ਇਹ ਕਰੂਪ ਚਿਹਰਾ ਲੋਕਾਂ ਨੂੰ ਇਵੇਂ ਹੀ ਡਰਾਉਂਦਾ ਰਹੇਗਾ।
ਇਸ ਵਕਤ ਸ਼ਹਿਰੀਕਰਨ ਹੋ ਰਿਹਾ ਹੈ।ਘਰਾਂ ਦੇ ਨਕਸ਼ੇ ਪਾਸ ਕਰਵਾਏ ਬਗ਼ੈਰ ਘਰ ਨਹੀਂ ਬਣਾਏ ਜਾ ਸਕਦੇ।ਕਿੱਧਰੇ ਸਰਕਾਰ ਦੀਆਂ ਪਾਸ ਕਲੋਨੀਆਂ ਹਨ ਅਤੇ ਕਿੱਧਰੇ ਅਣਅਧਿਕਾਰਤ ਕਲੋਨੀਆਂ। ਲੋਕ ਦੋਹਾਂ ਵਿੱਚ ਹੀ ਬੁਰੀ ਤਰ੍ਹਾਂ ਉਲਝੇ ਅਤੇ ਫਸੇ ਹੋਏ ਹਨ।ਬਿਲਡਰਾਂ ਵੱਲੋਂ ਲੋਕਾਂ ਨੂੰ ਖੱਜਲ ਕੀਤਾ ਜਾਂਦਾ ਹੈ।ਵਿਭਾਗਾਂ ਕੋਲ ਲੋਕ ਸ਼ਕਾਇਤਾਂ ਲੈਕੇ ਜਾਂਦੇ ਹਨ ਤਾਂ ਸੁਣਵਾਈ ਨਹੀਂ ਹੁੰਦੀ। ਬੜੀ ਹੈਰਾਨੀ ਅਤੇ ਸ਼ਰਮ ਵਾਲੀ ਗੱਲ ਹੈ ਕਿ ਵਿਭਾਗਾਂ ਵੱਲੋਂ ਪਾਸ ਪ੍ਰੋਜੈਕਟਾਂ ਬਾਰੇ ਵੀ ਵਿਭਾਗਾਂ ਨੂੰ ਹਾਲਾਤਾਂ ਬਾਰੇ ਪਤਾ ਨਹੀਂ।ਜੇਕਰ ਸਰਕਾਰਾਂ ਵਿਭਾਗਾਂ ਵਿੱਚ ਬੈਠੇ ਅਮਲੇ ਨੂੰ ਕੁੱਝ ਖਬਰ ਨਹੀਂ ਤਾਂ ਉਸਦੇ ਕਾਰਨ ਬਹੁਤ ਸਾਫ ਅਤੇ ਸਪੱਸ਼ਟ ਹਨ।ਰਿਸ਼ਵਤ ਅਤੇ ਭ੍ਰਿਸ਼ਟਾਚਾਰ ਨੇ ਸਿਸਟਮ ਦਾ ਚਿਹਰਾ ਮੋਹਰਾ ਹੀ ਵਿਗੜਿਆ ਹੋਇਆ ਹੈ।ਹਰ ਬੰਦਾ ਘਰ ਚੈਨ ਦੀ ਜ਼ਿੰਦਗੀ ਜਿਊਣ ਲਈ ਬਣਾਉਂਦਾ ਹੈ,ਪਰ ਇਸ ਵਕਤ ਘਰ/ਫਲੈਟ ਲੈਣਾ ਜ਼ਿੰਦਗੀ ਨੂੰ ਵਧੇਰੇ ਕਰਕੇ ਮੁਸੀਬਤ ਵਿੱਚ ਪਾਉਣਾ ਬਣਿਆ ਹੋਇਆ ਹੈ।ਇਸ ਵਕਤ ਸਕਿਉਰਿਟੀ ਨੂੰ ਵੇਖਦੇ ਹੋਏ ਲੋਕ ਕੰਧਾਂ ਦੇ ਅੰਦਰ ਵਾਲੇ ਜਾਂ ਕਹਿ ਲਵੋ ਗੇਟਿਡ ਪ੍ਰੋਜੈਕਟ ਵਿੱਚ ਘਰ ਲੈ ਰਹੇ ਹਨ।ਉੱਥੇ ਵੀ ਮੋਟੀ ਰਕਮ ਹਰ ਮਹੀਨੇ ਦਿੱਤੀ ਜਾਂਦੀ ਹੈ।ਸਕਿਉਰਟੀ ਗਾਰਡ ਹਰ ਵਕਤ ਗੇਟ ਤੇ ਹੁੰਦੇ ਹਨ।ਸੋਚਣ ਵਾਲੀ ਗੱਲ ਹੈ ਕਿ ਲੋਕ ਪੁਲਿਸ ਦੀ ਤਨਖਾਹ ਲਈ ਵੀ ਟੈਕਸ ਦੇ ਰਹੀ ਹੈ ਅਤੇ ਫੇਰ ਆਪਣੀ ਸਕਿਉਰਟੀ ਲਈ ਦੁਬਾਰਾ ਪੈਸੇ ਦੇ ਰਹੀ ਹੈ।ਲੋਕਾਂ ਨੂੰ ਦੋਹਰੀ ਮਾਰ ਪੈ ਰਹੀ ਹੈ।ਜੇਕਰ ਲੋਕ ਸਕਿਉਰਟੀ ਲਈ ਹਰ ਮਹੀਨੇ ਪੈਸੇ ਦਿੰਦੇ ਹਨ ਤਾਂ ਗੰਨਮੈਨ ਦੀ ਥਾਂ ਹਰ ਕੋਈ ਆਪਣੀ ਸਕਿਉਰਟੀ ਦੇ ਪੈਸੇ ਦੇਵੇ।ਪੁਲਿਸ ਮੁਲਾਜ਼ਮਾਂ ਨੂੰ ਇਵੇਂ ਕਿਉਂ ਵਰਤਿਆ ਜਾ ਰਿਹਾ ਹੈ।ਕੁੱਝ ਲੋਕਾਂ ਨੇ ਤਾਂ ਸਟੇਟਸ ਸਿੰਬਲ ਬਣਾਇਆ ਹੋਇਆ ਹੈ।ਜੇਕਰ ਹਰ ਕਿਸੇ ਨੂੰ ਪੁਲਿਸ ਮੁਲਾਜ਼ਮ ਦੀ ਤਨਖਾਹ ਅਤੇ ਬਾਕੀ ਸਾਰਾ ਕੁੱਝ ਦੇਣਾ ਪਵੇ ਤਾਂ ਬਹੁਤ ਲੋਕ ਗੰਨਮੈਨ ਲੈਣ ਹੀ ਨਾ।ਸਿਸਟਮ ਦਾ ਵਿਗੜਿਆ ਚਿਹਰਾ ਮੋਹਰਾ ਤੇ ਮਾਹੌਲ ਲੋਕਾਂ ਲਈ ਹਰ ਵੇਲੇ ਸਮੱਸਿਆ ਬਣਿਆ ਹੋਇਆ ਹੈ।ਪ੍ਰੋਜੈਕਟਾਂ ਨੂੰ ਸਮੇਂ ਸਿਰ ਪੂਰਾ ਕਰਵਾਉਣਾ,ਸ਼ਰਤਾਂ ਮੁਤਾਬਿਕ ਦੇਣ ਵਾਲੀਆਂ ਸਹੂਲਤਾਂ ਮਿਲ ਰਹੀਆਂ ਜਾਂ ਨਹੀਂ ਵਿਭਾਗਾਂ ਦੀ ਜ਼ਿੰਮੇਵਾਰੀ ਹੈ।ਹਕੀਕਤ ਇਹ ਹੈ ਕਿ ਲੋਕ ਬਿਲਡਰਾਂ ਨੂੰ ਪੈਸੇ ਵੀ ਦਿੰਦੇ ਨੇ ਅਤੇ ਦਫਤਰਾਂ ਤੇ ਅਦਾਲਤਾਂ ਵਿੱਚ ਧੱਕੇ ਵੀ ਖਾਂਦੇ ਹਨ।ਅਦਾਲਤਾਂ ਦੇ ਹੁਕਮਾਂ ਦੀ ਵੀ ਹੁਣ ਬਹੁਤੀ ਵਾਰ ਪ੍ਰਵਾਹ ਨਹੀਂ ਕੀਤੀ ਜਾ ਰਹੀ।
ਹਰ ਵਿਭਾਗ ਦਾ ਸਿਸਟਮ ਅਤੇ ਕੰਮ ਇਸੇ ਤਰਜ਼ ਤੇ ਹੀ ਚੱਲਦਾ ਹੈ।ਜਿੱਥੇ ਕੰਮ ਪੈ ਜਾਵੇ ਪੁਰਾਣੀ ਕਹਾਵਤ ਮੁਤਾਬਿਕ, “ਨਾਨੀ ਯਾਦ ਕਰਵਾ ਦਿੰਦੇ ਹਨ।”ਹਰ ਕਿਸੇ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਵਿਗਾੜ ਸਿਸਟਮ ਦਾ ਪ੍ਰਭਾਵ ਦੇਰ ਸਵੇਰ ਹਰ ਕਿਸੇ ਤੇ ਪਵੇਗਾ।ਅੱਜ ਹਰ ਕੋਈ ਵਿਦੇਸ਼ ਜਾਣ ਨੂੰ ਕਾਹਲਾ ਹੈ।ਉੱਥੋਂ ਦੇ ਸਿਸਟਮ ਦੀ ਕਹਾਣੀ ਪਾਉਂਦਾ ਹੈ।ਜਿਹੜੇ ਸਿਸਟਮ ਦੇ ਜ਼ਿੰਮੇਵਾਰ ਅਹੁਦਿਆਂ ਤੇ ਰਹੇ, ਵਿਗੜਦੇ ਜਾ ਰਹੇ ਸਿਸਟਮ ਨੂੰ ਵੇਖਦੇ ਰਹੇ ਜਾਂ ਵਿਗਾੜਦੇ ਰਹੇ,ਉਹ ਵੀ ਵਿਗੜੇ ਸਿਸਟਮ ਤੋਂ ਤੰਗ ਹੋਕੇ ਵਿਦੇਸ਼ਾਂ ਨੂੰ ਜਾ ਰਹੇ ਹਨ।
ਇਸ ਵਕਤ ਵੀ ਜੇਕਰ ਨਾ ਜਾਗੇ ਜਾਂ ਇਸ ਬਾਰੇ ਨਾ ਸੋਚਿਆ ਤਾਂ ਆਉਣ ਵਾਲੀਆਂ ਪੀੜ੍ਹੀਆਂ ਦੇ ਨੁਕਸਾਨ ਦੇ ਗੁਨਾਹਗਾਰ ਅਸੀਂ ਹੀ ਹੋਵਾਂਗੇ।ਰਿਸ਼ਵਤ ਅਤੇ ਭ੍ਰਿਸ਼ਟਾਚਾਰ ਨਾਲ ਕਮਾਏ ਪੈਸੇ ਦਾ ਕੁਦਰਤ ਹਿਸਾਬ ਜ਼ਰੂਰ ਕਰਦੀ ਹੈ।ਜਿਹੜਾ ਸਿਸਟਮ ਚੱਲ ਰਿਹਾ ਹੋਵੇ,ਉਸਦਾ ਪ੍ਰਭਾਵ ਇਕ ਵਕਤ ਤੋਂ ਬਾਅਦ ਹਰ ਕਿਸੇ ਤੇ ਪੈਣਾ ਹੈ।ਇਸ ਲਈ ਜ਼ਿੰਮੇਵਾਰ ਅਹੁਦਿਆਂ ਤੇ ਬੈਠਕੇ ਸਿਸਟਮ ਨੂੰ ਸਹੀ ਰੱਖਣ ਦਾ ਹੀ ਕੰਮ ਕੀਤਾ ਜਾਵੇ।ਇਹ ਸਿਸਟਮ ਦਾ ਵਿਗੜਿਆ ਅਤੇ ਕਰੂਪ ਚਿਹਰਾ,ਇਸ ਵਕਤ ਹਰ ਆਮ ਬੰਦੇ ਨੂੰ ਦੰਦੀਆਂ ਚੜਾਉਂਦਾ ਹੈ।
ਪ੍ਰਭਜੋਤ ਕੌਰ ਢਿੱਲੋਂ
ਮੁਹਾਲੀ ਮੋਬਾਈਲ ਨੰਬਰ 9815030221
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly