HOME ਜੋ ਬੋਲੇ ਸੋ ਗਦਾਰ /ਨ੍ਰਿਪਇੰਦਰ ਰਤਨ

ਜੋ ਬੋਲੇ ਸੋ ਗਦਾਰ /ਨ੍ਰਿਪਇੰਦਰ ਰਤਨ

3

ਬੁੱਧ ਚਿੰਤਨ

ਬੁੱਧ ਸਿੰਘ ਨੀਲੋਂ

   (ਸਮਾਜ ਵੀਕਲੀ)   ਇਸ ਸਮੇਂ ਲੋਕਾਂ ਨੂੰ ਮੂਰਖ਼ ਬਣਾ ਕੇ ਜਿਸ ਤਰ੍ਹਾਂ ਧਰਮ ਦਾ ਪਾਠ ਪੜ੍ਹਾਇਆ ਜਾ ਰਿਹਾ ਹੈ, ਆਰ ਐਸ ਐਸ ਤੇ ਭਗਵਾਂ ਬ੍ਰਿਗੇਡ ਦੇ ਬਿਨਾਂ ਸਿਰ ਵਾਲੇ ਅੰਨ੍ਹੇ ਭਗਤਾਂ ਨੂੰ ਦੇਸ਼ ਵਿੱਚ ਹਰ ਕੁੱਝ ਕਰਨ ਦੀ ਖੁੱਲ੍ਹ ਦਿੱਤੀ ਹੈ, ਇਸ ਤੋਂ ਸਪੱਸ਼ਟ ਨਜ਼ਰ ਆ ਰਿਹਾ ਹੈ ਕਿ ਦੇਸ਼ ਦਾ ਭਵਿੱਖ ਕੀ ਹੋਵੇਗਾ? ਲੋਕਾਂ ਦੇ ਮਨਾਂ ਅੰਦਰ ਦਹਿਸ਼ਤ ਤੇ ਬੇਭਰੋਸਗੀ, ਡਰ ਤੇ ਜੰਗ ਦਾ ਮਾਹੌਲ ਸਿਰਜਿਆ ਜਾ ਰਿਹਾ ਹੈ। ਸਿਆਣੇ ਤੇ ਪੜ੍ਹਿਆ ਲਿਖਿਆ ਵਰਗ ਅੰਧਵਿਸ਼ਵਾਸ ਦੇ ਵਿੱਚ ਗ੍ਰਸਤ ਹੋ ਕੇ ਰਾਸ਼ਨ ਇਕੱਠਾ ਕਰਨ ਲੱਗਿਆ ਹੋਇਆ ਹੈ। ਇਸ ਜੰਗ ਵਿੱਚ ਪੰਜਾਬ ਨੂੰ ਉਜਾੜਨ ਲਈ ਇਹ ਨਵੀਂ ਖੇਡ ਖੇਡੀ ਗਈ ਹੈ। ਭਾਵੇਂ ਜੰਗ ਟਲ਼ ਗਈ ਹੈ, ਪਰ ਖ਼ਤਰਾ ਪਹਿਲਾਂ ਨਾਲੋਂ ਵੀ ਜ਼ਿਆਦਾ ਹੈ। ਹਾਕਮ ਭੇਖੀ ਹੈ, ਇਸ ਵਿੱਚ ਔਰੰਗਜ਼ੇਬ ਦੀ ਰੂਹ ਆ ਗਈ ਹੈ। ਇਸੇ ਕਰਕੇ ਉਹ ਹੁਣ ਬਦਲੇ ਲੈਣ ਰਿਹਾ ਹੈ। ਇਹਨਾਂ ਸਮਿਆਂ ਵਿੱਚ ਜਿਹੜਾ ਸਰਕਾਰ ਦੇ ਵਿਰੁੱਧ ਬੋਲਦਾ ਹੈ, ਉਹ ਗ਼ਦਾਰ ਹੈ। ਜਿਹੜੇ ਦਿਨ ਦਿਹਾੜੇ ਆਮ ਲੋਕਾਂ ਦੀ ਜਾਨ ਲੈ ਰਹੇ ਹਨ, ਉਹ ਦੇਸ਼ ਭਗਤ ਹਨ। ਡਰੀ ਹੋਈ ਕੌਮ ਤੇ ਜਾਨਵਰ ਵਧੇਰੇ ਨੁਕਸਾਨ ਕਰਦਾ ਹਾਂ। ਉਹਨਾਂ ਨੂੰ ਭ੍ਰਮ ਉਹ ਅਵਤਾਰ ਹੈ, ਉਸਨੂੰ ਇਹ ਨਹੀਂ ਪਤਾ ਕਿ ਇਥੋਂ ਅਵਤਾਰ ਵੀ ਤੁਰ ਗਏ ਹਨ। ਉਹਨਾਂ ਨੂੰ ਆਪਣਾ ਹੀ ਮਿਥਿਹਾਸ ਪੜ੍ਹ ਲੈਣਾ ਚਾਹੀਦਾ ਹੈ, ਜਿਸਨੂੰ ਉਹ ਇਤਿਹਾਸ ਬਣਾ ਕੇ ਪੇਸ਼ ਕਰਨ ਲੱਗੇ ਹੋਏ ਹਨ। ਇਹਨਾਂ ਸਵਾਲਾਂ ਨੂੰ ਲੇਖਕਾਂ ਤੇ ਬੁਧੀਜੀਵੀਆਂ ਨੇ ਚੁੱਕਣਾ ਸੀ, ਉਹ ਪਤਾ ਨਹੀਂ ਲੱਗਦਾ ਕਿਧਰ ਗੁਆਚ ਗਏ ਹਨ। ਕਵੀ ਦਰਬਾਰ, ਸੈਮੀਨਾਰ ਹੋ ਰਹੇ ਹਨ, ਟਾਹਰਾਂ ਮਾਰਨ ਵਾਲੇ ਮੁਛਾਂ ਕੁੰਡੀਆ ਕਰਕੇ ਇਹੋ ਫਿਰਦੇ ਹਨ, ਜਿਵੇਂ ਮੂੰਗੀ ਵੇਚੀ ਹੋਵੇ। ਜਿਹਨਾਂ ਕੋਲ ਕੁੱਝ ਨਹੀਂ, ਉਹਨਾਂ ਦੀਆਂ ਧੌਣਾਂ ਵਿੱਚ ਸਰੀਏ ਹਨ। ਉਹ ਸਰੀਏ ਉਹਨਾਂ ਨੂੰ ਬਹਿਣ ਨਹੀਂ ਦੇਂਦੇ। ਇਸੇ ਕਰਕੇ ਉਹ ਵਿਦੇਸ਼ਾਂ ਨੂੰ ਦੌੜ ਰਹੇ ਹਨ। ਖਾਣ ਪੀਣ ਨੂੰ ਬਾਂਦਰੀ ਟੱਬੇ ਖਾਣ ਨੂੰ ਰਿੱਛ। ਇਹੋ ਹਾਲ ਇਸ ਸਮੇਂ ਜੰਗ ਦਾ ਬਣਿਆ ਹੋਇਆ ਹੈ। ਪੰਜਾਬ ਦੀਆਂ ਸਰਹੱਦਾਂ ਸੀਲ ਕਰ ਦਿਤੀਆਂ ਤੇ ਗੁਜਰਾਤ ਰਾਹੀਂ ਅਡਾਨੀ ਦਾ ਵਪਾਰ ਜਾਰੀ ਹੈ। ਗੋਦੀ ਮੀਡੀਆ ਡਿਜੀਟਲ ਜੰਗ ਲੜੀ ਰਿਹਾ ਹੈ। ਆਪਣੇ ਹੀ ਆਪਣਿਆਂ ਨੂੰ ਮਾਰ ਰਹੇ ਹਨ। ਕੋਈ ਲੁੱਟ ਰਿਹਾ ਹੈ, ਕੋਈ ਕੁੱਟ ਰਿਹਾ ਹੈ। ਇਸ ਚੱਕਰ ਵਿੱਚ ਆਮ ਆਦਮੀ ਮਾਰਿਆ ਜਾ ਰਿਹਾ ਹੈ। ਉਸਦੀ ਕਿਧਰੇ ਵੀ ਸੁਣਵਾਈ ਨਹੀਂ। ਜੰਗ ਤਾਂ ਅਜੇ ਖਾਲੀ ਢਿੱਡ ਦੀ ਨਹੀਂ ਮੁੱਕੀ। ਦੇਸ਼ ਦੀ ਬਹੁਗਿਣਤੀ ਵਸੋਂ ਅਜੇ ਨੰਗ ਭੁੱਖ ਤੇ ਕੁਪੋਸ਼ਣ ਦਾ ਸ਼ਿਕਾਰ ਹੈ। ਦੁਨੀਆਂ ਵਿੱਚ ਭੁੱਖਿਆਂ ਦਾ ਆਵਾਮ ਬਣਾਉਣ ਲਈ ਨਵੇਂ ਨਵੇਂ ਐਲਾਨ ਕੀਤੇ ਜਾ ਰਹੇ ਹਨ। ਹਰ ਐਲਾਨ ਵਿੱਚ ਡਰ ਹੈ। ਵਿਸ਼ਵ ਗੁਰੂ ਨੇ ਲਾਕ ਡਾਊਨ ਤੋਂ ਬਲੈਕ ਆਊਟ ਤੱਕ ਦਾ ਸਫ਼ਰ ਤੈਅ ਕਰ ਲਿਆ ਹੈ। ਇਸ ਵਿੱਚ ਅਸੀਂ ਵੀ ਸ਼ਾਮਿਲ ਹਾਂ, ਕਿਉਂਕਿ ਝੂਠ ਦਾ ਅਸੀਂ ਸਵਾਗਤ ਕੀਤਾ ਹੈ। ਹੁਣ ਵੀ ਝੂਠ ਦੀ ਫ਼ਸਲ ਬੀਜੀ ਜਾ ਰਹੀ ਹੈ। ਲੋਕਾਂ ਦੀ ਚੁੱਪ ਉਸਨੂੰ ਖਾਦ ਤੇ ਪਾਣੀ ਪਾ ਰਹੀ ਹੈ। ਇਹ ਕੁਦਰਤੀ ਖੇਤੀ ਵਰਗੀ ਫਸਲ ਹੈ। ਇਸ ਸਮੇਂ ਦੌਰਾਨ ਸੋਚਣ ਵਿਚਾਰਨ ਦੀ ਲੋੜ ਹੈ।
ਲਾਈ ਅੱਗ ਪੰਜਾਬ ਨੂੰ,
ਕੋਈ ਅੱਗ ਬੁਝਾਵੋ,
ਲੈ ਕੇ ਮਸ਼ਕਾਂ ਸਬਰ ਦੀਆਂ
ਏਹਦੇ ਉਤੇ ਪਾਵੋ।
ਲਾਈ ਅੱਗ ਪੰਜਾਬ ਨੂੰ
ਇਹ ਅੱਗ ਬੁਝਾ ਵੋ।
ਪੰਜਾਬ ਦੀ ਇਹ ਹੋਣੀ ਜਾਂ ਅਣਹੋਣੀ ਹੈ, ਇਹ ਜਵਾਲਾਮੁਖੀ ਦੇ ਵਾਂਗ ਸਦਾ ਮੇਲਦਾ ਰਹਿੰਦਾ ਹੈ। ਇਹ ਬਿਗਾਨਿਆਂ ਦਾ ਘੱਟ ਤੇ ਆਪਣਾ ਪਿੰਡੇ ਨੂੰ ਵਧੇਰੇ ਸਾੜਦਾ ਹੈ। ਇਹ ਹਰ ਵੇਲੇ ਸੂਲ਼ੀ ਉੱਤੇ ਚੜ੍ਹਨ ਲਈ ਉਤਾਵਲਾ ਰਹਿੰਦਾ ਹੈ। ਇਸਨੂੰ ਹਵਾ ਲੱਗੀ ਨਹੀਂ ਤਾਂ ਇਹ ਭਾਂਬੜ ਬਣ ਜਾਂਦਾ ਹੈ। ਇਹ ਸਾਂਭੜ ਨਾਲ ਆਪਣੇ ਬੋਟ ਤੇ ਘਰ ਸਾੜ ਵਹਿੰਦਾ ਹੈ। ਫੇਰ ਦੋ ਚਾਰ ਦਹਾਕੇ ਅਤੀਤ ਨੂੰ ਯਾਦ ਕਰਕੇ ਕੀਰਨੇ ਪਾਉਂਦਾ ਹੈ। ਇਸਨੇ ਕਦੇ ਵੀ ਆਪਣੇ ਅਤੀਤ ਦਾ ਮੰਥਨ ਨਹੀਂ ਕੀਤਾ ਸਗੋਂ ਹਰ ਵਾਰ ਨਵੇਂ ਦੁੱਖ ਸਹੇੜੇ ਹਨ। ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਨਾਂ ਉੱਤੇ ਰੋਟੀਆਂ ਸੇਕਣ ਵਾਲਿਆਂ ਨੂੰ ਇਹ ਪਛਾਣ ਨਹੀਂ ਸਕਿਆ। ਇਸਨੂੰ ਪਹਿਚਾਣ ਹੀ ਨਹੀਂ ਕਿ ਕੌਣ ਇਸ ਦਾ ਹਮਦਰਦ ਤੇ ਦੁਸ਼ਮਣ ਹੈ। ਇਸੇ ਕਰਕੇ ਇਹ ਹਰ ਵਾਰ ਬਾਜ਼ੀ ਜਿੱਤ ਕੇ ਹਾਰ ਜਾਂਦਾ ਹੈ। ਇਸ ਦੀ ਬੁੱਕਲ ਦੇ ਯਾਰ ਹਮੇਸ਼ਾ ਗ਼ਦਾਰੀ ਕਰਦੇ ਹਨ। ਇਹ ਚੱਲ ਛੱਡ ਪਰੇ ਆਖ ਕੇ ਫਿਰ ਉੱਠਦਾ ਹੈ। ਕੁਕਨੂਸ ਦੀ ਨਸਲ ਦੇ ਵਿਚੋਂ ਹੋਣ ਕਰਕੇ ਇਹ ਮੁੜ ਜੀਵਤ ਹੋ ਜਾਂਦਾ ਹੈ।
ਪੰਜਾਬ ਨੂੰ ਕਿਤਾਬਾਂ ਪੜ੍ਹਨ ਦੀ ਆਦਤ ਨਹੀਂ। ਇਸਨੂੰ ਤਾਂ ਫ਼ੁਕਰੇ ਗਾਇਕਾਂ ਤੇ ਫੁਕਰੀਆਂ ਮਾਰਨ ਦੀ ਬੀਮਾਰੀ ਲੱਗੀ ਹੋਈ ਹੈ। ਕਿਤਾਬਾਂ ਪੜ੍ਹਨ ਦਾ ਇਸ ਕੋਲ ਵਕਤ ਨਹੀਂ। ਜੇ ਕੋਈ ਕਿਤਾਬ ਪੜ੍ਹੇਗਾ ਤਾਂ ਅਕਲ ਆਵੇਗੀ ਤੇ ਕੁੱਝ ਸੋਚਣ ਸਮਝਣ ਦੀ ਜ਼ਰੂਰਤ ਪਵੇਗੀ। ਇਹ ਤਾਂ ਪਾਗ਼ਲ ਹਵਾ ਵਾਂਗ ਪੈਰ ਸਿਰ ਉੱਤੇ ਰੱਖ਼ ਹਨੇਰੀ ਬਣ ਕੇ ਹਨੇਰਾ ਇਕੱਠਾ ਕਰਨ ਲੱਗਿਆ ਹੋਇਆ ਹੈ।
ਨ੍ਰਿਪਇੰਦਰ ਰਤਨ ਪੰਜਾਬ ਦੇ ਉਹ ਲੇਖਕ, ਕਵੀ ਤੇ ਅਧਿਕਾਰੀ ਰਹੇ ਹਨ, ਜਿਹਨਾਂ ਨੇ ਨੈਤਿਕ ਕਦਰਾਂ ਕੀਮਤਾਂ ਦਾ ਪੱਲਾ ਨਹੀਂ ਛੱਡਿਆ। ਉਹ ਕਹਾਣੀਕਾਰ, ਕਵੀ ਤੇ ਵਾਰਤਕ ਵੀ ਲਿਖਦੇ ਸਨ। ਉਹਨਾਂ ਨੇ ਕਦੇ ਲੇਖਕ ਹੋਣ ਦਾ ਢੰਡੋਰਾ ਨੀਂ ਪਿੱਟਿਆ। ਉਹਨਾਂ ਦੀਆਂ ਲਿਖਤਾਂ ਨੂੰ ਪਾਠਕ ਲੱਭਦੇ ਸਨ। ਇੱਕ ਅਫ਼ਸਰ ਦਾ ਜਨਮ ਉਹਨਾਂ ਦਾ ਕਹਾਣੀ ਸੰਗ੍ਰਹਿ ਹੈ। ਕਤਰਨ ਕਤਰਨ ਉਹਨਾਂ ਦੀ ਸਵੈਜੀਵਨੀ ਹੈ। ਇਸ ਦੇ ਚਾਰ ਭਾਗ ਹਨ। ਕਤਰਨ ਕਤਰਨ ਯਾਦਾਂ-4, ਜਿਸ ਨੂੰ ਚੇਤਨਾ ਪ੍ਰਕਾਸ਼ਨ ਲੁਧਿਆਣਾ ਵਾਲ਼ਿਆਂ ਪ੍ਰਕਾਸ਼ਤ ਕੀਤਾ। ਇਸ ਪੁਸਤਕ ਵਿੱਚ 26 ਲੇਖ ਹਨ, ਉਹਨਾਂ ਦੀ ਇਸ ਪੁਸਤਕ ਵਿੱਚ ਉਹਨਾਂ ਦੀਆਂ ਯਾਦਾਂ ਹਨ ਤੇ ਅਤੀਤ ਵਿੱਚ ਲਿਖੀਆਂ ਕਵਿਤਾਵਾਂ ਅੱਜ ਦਾ ਸੱਚ ਹਨ। ਇਹ ਪੰਜਾਬ ਦੀ ਤਸਵੀਰ ਐ।੍ਰਪੰਜਾਬ ਦੇ ਵਿੱਚ ਜੋ ਕੁੱਝ ਵਾਪਰ ਰਿਹਾ ਐ, ਉਹਦੀ ਉਹਨਾਂ 35 ਸਾਲ ਪਹਿਲਾਂ ਭਵਿੱਖ ਬਾਣੀ ਕਰ ਦਿੱਤੀ ਸੀ। ਪੰਜਾਬ ਦੇ ਰਾਜਨੀਤਕ ਵਰਤਾਰੇ ਅਤੇ ਵਾਤਾਵਰਣ ਦੀ ਇਹ ਤਸਵੀਰ ਸਾਡੇ ਸਾਹਮਣੇ ਐ। ਪੰਜਾਬ ਦੇ ਵਿੱਚ ਹੀ ਨੀ ਭਾਰਤ ਵਿੱਚ ਜੋ ਵੀ ਬੋਲਦਾ ਐ, ਉਹ ਗਦਾਰ ਤੇ ਦੇਸ਼ ਧ੍ਰੋਹੀ ਐ। ਪਿਛਲੇ ਦਿਨੀਂ ਸਾਬਕਾ ਡੀਐਸਪੀ ਬਲਵਿੰਦਰ ਸਿੰਘ ਸੇਖੋਂ ਨੇ ਮਾਣਯੋਗ ਹਾਈਕੋਰਟ ਦੇ ਵਿੱਚ ਇਹ ਆਵਾਜ਼ ਉਠਾਈ ਕਿ 6 ਹਜ਼ਾਰ ਕਰੋੜ ਦੇ ਵਪਾਰ ਨਾਲ ਜੁੜੀਆਂ ਉਹ ਬੰਦ ਫਾਈਲਾਂ ਖੋਲ੍ਹ ਕੇ ਦੋਸ਼ੀਆਂ ਨੂੰ ਸਜ਼ਾ ਦਿਓ। ਪਰ ਮਾਣਯੋਗ ਹਾਈਕੋਰਟ ਨੇ ਬਿਨਾਂ ਕਿਸੇ ਸੁਣਵਾਈ ਦੇ ਉਸ ਨੂੰ ਛੇ ਮਹੀਨੇ ਦੀ ਕੈਦ ਤੇ ਦੋ ਹਜ਼ਾਰ ਰੁਪਏ ਜੁਰਮਾਨਾ ਕਰ ਦਿੱਤਾ ਐ। ਜਿਸਦਾ ਹਰ ਪਾਸੇ ਵਿਰੋਧ ਹੋ ਰਿਹਾ ਐ। ਪੰਜਾਬ ਦੇ ਲੋਕ ਸੜਕਾਂ ਉਪਰ ਆ ਗਏ ਹਨ। ਹਰ ਦਿਨ ਮਾਣਯੋਗ ਹਾਈਕੋਰਟ ਦੇ ਇਸ ਜੁਲਮ ਦਾ ਵਿਰੁੱਧ ਮੀਟਿੰਗਾਂ, ਰੋਸ ਮਾਰਚ ਹੋ ਰਹੇ ਹਨ। ਕੁੱਝ ਹੀ ਲੋਕ ਹਨ ਜੋ ਸਮਾਜ ਪ੍ਰਤੀ ਚਿੰਤੁਤ ਹਨ। ਬਹੁ ਗਿਣਤੀ ਲੋਕ ਚੁੱਪ ਹਨ। ਇਸ ਕਿਤਾਬ ਦਾ ਇਹ ਲੇਖ ਇਸ ਦੀ ਸ਼ਾਹਦੀ ਭਰਦਾ ਐ ਕਿ ਕਾਨੂੰਨ ਮੋਮ ਦਾ ਨੱਕ ਐ, ਜਿਸ ਨੂੰ ਤਾਕਤਵਰ ਲੋਕ ਮਰੋੜ ਲੈਂਦੇ ਹਨ। ਆਮ ਬੰਦਾ ਸਜ਼ਾ ਭੁਗਤਦਾ ਐ। ਸੁਰਜੀਤ ਪਾਤਰ ਦੀਆਂ ਲਾਈਨਾਂ ਇਸ ਸਮੇਂ ਦੀ ਸਚਾਈ ਐ।
ਇਸ ਅਦਾਲਤ ਵਿੱਚ ਬੰਦੇ ਬਿਰਖ ਹੋ ਗਏ,
ਫੈਸਲੇ ਸੁਣਦਿਆਂ ਸੁਣਦਿਆਂ ਸੁਕ ਗਏ,
ਇਹਨਾਂ ਨੂੰ ਆਖੋ ਕੇ ਉਜੜੇ ਘਰੀਂ ਜਾਣ ਹੁਣ,
ਇਹ ਇੱਥੇ ਕਦੋਂ ਤੀਕ ਖੜੇ ਰਹਿਣਗੇ।
ਜੋ ਬੋਲੇ ਸੋ ਗਦਾਰ ਪੁਸਤਕ ਪੜ੍ਹਨ ਨਾਲ ਬਹੁਤ ਕੁੱਝ ਸਾਫ ਹੁੰਦਾ ਐ। ਇਹ ਹਰ ਪੰਜਾਬੀ ਨੂੰ ਪੜ੍ਹਨ ਦੀ ਲੋੜ ਐ।
ਇਸ ਦਾ ਇਕ ਲੇਖ ਤੁਹਾਡੇ ਨਾਲ ਸਾਂਝਾ ਕਰਦਾ ਆ।
ਪੂਰੀ ਪੁਸਤਕ ਪੜ੍ਹਨ ਲਈ ਸੰਪਰਕ ਕਰ ਸਕਦੇ ਹੋ।
ਚੇਤਨਾ ਪ੍ਰਕਾਸ਼ਨ, ਪੰਜਾਬੀ ਭਵਨ ਲੁਧਿਆਣਾ।
ਸੁਮਿਤ ਗੁਲਾਟੀ
9876207774

ਇਸ ਪੁਸਤਕ ਵਿੱਚ, ਕਿਸੇ ਨੇ ਕਿਹਾ ਇਮਾਨਦਾਰ ਰਹੋ ?, ਕਲਾ ਦੇ ਕੋਠੇ,ਕੋਲੇ ਦੀ ਦਲਾਲੀ, ਇਕ ਅਣਖੀਲਾ ਅਫਸਰ, ਮੇਰੀ ਇਕਲੌਤੀ ਟਿਊਸ਼ਨ, ਮੌਤ ਦਾ ਮਖੌਲ, ਇੰਤਜ਼ਾਰ ਰਿਸ਼ਵਤ, ਅਣਗੌਲੀ ਵਿਰਾਸਤ,ਯਕਸ਼ ਦੇ ਪ੍ਰਸ਼ਨ, ਦਸਮ ਗੁਰੂ ਗ੍ਰੰਥ ਇਤਿਹਾਸ, ਪ੍ਰਬੰਧ ਤੇ ਸਮੀਖਿਆ, ਲਿਖਤੀ ਥਰੈਸ਼ਰ, ਫੁੱਲਾਂ ਦੇ ਬੁੱਚੜਖਾਨੇ, ਕੁਲਪਤੀ ਦੀ ਨਿਯੁਕਤੀ, ਪੰਜਾਬ ਤਕਨੀਕੀ ਯੂਨੀਵਰਸਿਟੀ ਦਾ ਕੁਲਪਤੀ, ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ ਕੁਲਪਤੀ, ਕੈਸੇ ਕੈਸੇ ਕੁਲਪਤੀ, ਆਪੇ ਫਾਬੜੀਏ, ਬਲਿਊ ਸਟਾਰ ਤੋਂ ਅਗਲੇ ਦਿਨ, ਜਜ਼ਬਾਤਾਂ ਦੀਆਂ ਘੁੰਮਣ ਘੇਰੀਆਂ, ਜ਼ਮੀਰ ਦੀਆਂ ਜੰਜ਼ੀਰਾਂ, ਕੌਣ ਚਲਾਵੇ ਲਾਰੀਆਂ, ਵੋਟਿੰਗ ਮਸ਼ੀਨਾਂ ਦੀ ਰਾਮਲੀਲਾ, ਜੋ ਬੋਲੇ ਸੋ ਗਦਾਰ, ਪੁਸ਼ਤੈਨੀ ਧਰਤੀ ਲਈ ਤੜਪ, ਬਚਪਨ ਦੇ ਓਹ ਦਿਨ। ਇਸ ਪੁਸਤਕ ਦੇ ਵਿੱਚੋਂ ਇਕ ਲੇਖ ਪੜ੍ਹ ਲਵੋ।
_ ਬੁੱਧ ਸਿੰਘ ਨੀਲੋਂ
9464370823

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਕਰਨਲ ਪਵਨ ਕੁਮਾਰ ਨੇ ਆਸ਼ਾ ਕਿਰਨ ਸਕੂਲ ਨੂੰ 42 ਹਜ਼ਾਰ ਰੁਪਏ ਦਾਨ ਕੀਤੇ
Next articleਮੇਲਾ ਐਡੀਲੇਡ ਦਾ ਵਿੱਚ ਵਾੱਲੀਬਾਲ ਦੇ ਮੈਚਾਂ ਕਰਕੇ ਭਾਰੀ ਰੌਣਕਾਂ ਲੱਗੀਆਂ ਚੋਟੀ ਦੇ ਮੁਕਾਬਲੇ-ਖਿਡਾਰੀਆਂ ਨੇ ਵਧੀਆ ਖੇਡ ਦਾ ਪ੍ਰਦਰਸ਼ਨ ਕੀਤਾ ।