ਨਸ਼ਾਂ ਗੰਭੀਰ ਸਮੱਸਿਆ ਦਾ ਵਿਸ਼ਾ ਚਿੰਤਾ ਨਾਲ ਚਿੰਤਨ ਦੀ ਲੋੜ

ਪੰਜਾਬ ਪੰਜ ਆਬ  ਭਾਵ ਪੰਜ ਪਾਣੀ ਪੰਜਾਂ ਦਰਿਆਵਾਂ ਦੀ ਧਰਤੀ ਇਹ ਉਹ ਧਰਤ ਜਿਸ ਦੇ ਜਾਇਆਂ ਨੇ ਕਿਸੇ ਸਮੇਂ ਕਾਬਲ ਤੇ ਕੰਧਾਰ ਤੱਕ ਦੀਆਂ ਕੰਧਾਂ ਹਿਲਾ ਕੇ ਰੱਖ ਦਿੱਤੀਆਂ। ਪੰਜਾਬ ਦੀ ਇਸ ਧਰਤ ਨੇ ਗੁਰੂਆਂ, ਪੀਰਾਂ,ਫਕੀਰਾ, ਜੋਧਿਆਂ, ਇਨਕਲਾਬੀਆਂ ਦੀ ਚਰਨਛੋਹ ਵੀ ਪ੍ਰਾਪਤ ਕੀਤੀ। ਇਸ ਦੇ ਗੱਭਰੂਆਂ ਦੀਆਂ ਪੁੜ ਵਰਗੀਆਂ ਚੌੜੀਆਂ ਛਾਤੀਆਂ, ਗੇਲਣਾਂ  ਵਰਗੇ ਪੱਟ, ਥਰ ਥਰ ਫਰਕਦੇ ਡੌਲੇ, ਸ਼ਤੀਰ ਵਰਗੇ ਕੱਦ, ਜਿਨ੍ਹਾਂ ਨੇ ਅਮਿੱਟ ਪੈੜਾਂ ਸਿਰਜੀਆਂ ਤੇ ਅੱਜ ਵੀ ਸਿਰਜ ਰਹੇ ਹਨ। ਪੰਜਾਬ ਦੇ ਗੱਭਰੂ ਮੁੱਢ ਤੋਂ ਦੁੱਧ ਮੱਖਣਾਂ ਦੇ ਸ਼ੌਂਕੀ ਰਹੇ ਹਨ। ਕਬੱਡੀ, ਭਲਵਾਨੀ, ਰੱਸਾਕਸ਼ੀ ਆਦਿ ਖੇਡਾਂ ਇਨਾਂ ਦੇ ਵਿਰਸੇ ਦੇ ਸ਼ੋਕ ਹਨ। ਖੁਲੀਆਂ ਹਵੇਲੀਆਂ ਵਿੱਚ ਖੁਲੀਆਂ ਖੁਰਾਕਾਂ ਖਾ ਕੇ ਦੰਡ ਮਾਰਨੇ, ਜੋਰ ਅਜਮਾਈ ਕਰਨੀ, ਬੈਠਕਾਂ ਮਾਰਨੀਆਂ, ਭਾਰ ਚੁੱਕਣਾ ਤੇ ਡੋਲਿਆ ਨੂੰ ਮਾਪਣਾ ਤੇ ਸਰਬੱਤ ਦਾ ਭਲਾ ਮੰਗਣਾ ਵਿਰਾਸਤੀ ਗੁੜ੍ਹਤੀ ਹੈ ‌‌। ਭਾਰਤ ਦਾ ਦਿਲ ਹੈ ਪੰਜਾਬ। ਦੇਸ਼ ਦੀ ਵੰਡ ਤੋਂ ਪਹਿਲਾਂ ਪੰਜਾਬੀਆਂ ਦਾ ਆਪਣਾ ਇਕ ਵਿਸ਼ਾਲ ਰਾਜ ਸੀ ਇਸ ਵਿਚ ਪੰਜਾਬ ਪੰਜਾਬੀ ਪੰਜਾਬੀਅਤ ਦੇ ਰਾਖਾ ਮਹਾਰਾਜਾ ਰਣਜੀਤ ਸਿੰਘ ਸ਼ੇਰੇ ਪੰਜਾਬ ਰਾਜ ਕਰਦਾ ਸੀ। ਸਮੇਂ ਨੇ ਅਜਿਹੀ ਕਰਵਟ ਬਦਲੀ ਕਿ ਪੰਜਾਬ ਵਰਗਾ ਵਿਸ਼ਾਲ ਰਾਜ ਭਾਗ ਰਾਜਨੀਤੀ ਦੀ ਭੇਟ ਚੜ੍ਹ ਗਿਆ। ਦੇਸ਼ ਅਜ਼ਾਦ ਕੀ ਹੋਇਆਂ ਪੰਜਾਬ ਦੇ ਟੁਕੜੇ ਕਰ ਦਿੱਤੇ ਗਏ। ਇਕ ਹਿੱਸਾ ਭਾਰਤ ਅਤੇ ਇੱਕ ਪਾਕਿਸਤਾਨ ਵਿਚ ਰਹਿ ਗਿਆ। ਜਿਹੜਾ ਹਿੱਸਾ ਭਾਰਤ ਵਿਚ ਆਇਆ ਉਹ ਅੱਜ ਵੀ ਆਪਣੀ ਹੋਂਦ, ਆਪਣੀ ਬੋਲੀ, ਆਪਣਾ ਵਿਰਸਾ, ਤੇ ਆਪਣੀ ਜਵਾਨੀ ਬਚਾਉਣ ਲਈ ਜਦੋਜਹਿਦ ਕਰ ਰਿਹਾ ਹੈ। ਬੇਸ਼ੱਕ ਪੰਜਾਬ ਵਿਚ ਸ਼ਰਾਬ, ਡੋਡੇ, ਅਫੀਮ, ਚਰਸ, ਤਮਾਖੂ, ਆਦਿ ਨਸ਼ਿਆਂ ਦੀ ਭਰਮਾਰ ਰਹੀ ਹੈ ਪਰ ਹੁਣ ਜੋ ਕੈਮੀਕਲ ਚਿੱਟੇ ਵਰਗਾ ਨਸ਼ਾਂ ਪੰਜਾਬ ਦੀ ਜਵਾਨੀ ਨੂੰ ਬਰਬਾਦ ਕਰ ਰਿਹਾ ਹੈ। ਇਹ ਚਿੰਤਾ ਦਾ ਹੀ ਨਹੀਂ ਚਿੰਤਨ ਦਾ ਵੀ ਵਿਸ਼ਾ ਹੈ। ਬੇਸ਼ੱਕ ਨਸ਼ਾ  ਛੁਡਾਊ ਕੇਂਦਰ ਸਰਕਾਰ ਵੱਲੋਂ ਖੋਲ੍ਹੇ ਗਏ ਹਨ।ਪਰ ਉਨ੍ਹਾਂ  ਅੱਗੇ ਹਰ ਦਿਨ ਸੈਂਕੜੇ ਨੋਜਵਾਨਾਂ ਦੀ ਵਧਦੀ ਤਾਦਾਦ ਪੰਜਾਬ ਦੇ ਭਵਿੱਖ ਵੱਲ ਇਸ਼ਾਰਾ ਕਰ ਰਹੀ ਹੈ। ਜੇਕਰ ਮੈਂ ਗਲਤ ਨਾ ਹੋਵਾਂ ਤਾਂ ਮੇਰੇ ਦੇਸ਼ ਦੀਆਂ ਬੇਟੀਆਂ ਦਾ ਭਵਿੱਖ ਵੀ ਕੋਈ ਸੁਰੱਖਿਅਤ ਨਹੀਂ  ਰਿਹਾ। ਇਸ ਲਈ ਅੱਜ ਕਿਸਾਨ ਜਥੇਬੰਦੀਆਂ ਵੱਲੋਂ ਵੀ ਕਿਸਾਨੀ ਦੇ ਨਾਲ ਜਵਾਨੀ ਬਚਾਉਣ ਦਾ ਨਾਹਰਾ ਲਗਾਇਆ ਜਾ ਰਿਹਾ ਹੈ।  ਇਸ ਲਈ ਪੰਜਾਬ ਦੇ ਪਿੰਡਾਂ ਦੀਆਂ ਪੰਚਾਇਤਾਂ, ਧਾਰਮਿਕ ਆਗੂਆਂ, ਸਾਰੀਆਂ ਪਾਰਟੀਆਂ, ਜਥੇਬੰਦੀਆਂ, ਮੌਜੂਦਾ ਸਰਕਾਰਾਂ, ਪੁਲਿਸ ਪ੍ਰਸ਼ਾਸ਼ਨ , ਸਿਹਤ ਵਿਭਾਗ ਸਭ ਨੂੰ ਇੱਕ ਮੰਚ ਤੇ ਇਕੱਠੇ ਹੋ ਕੇ ਗੰਭੀਰਤਾ ਨਾਲ ਸੋਚਣ ਤੇ ਕੁਝ ਕਰਨ ਦੀ ਲੋੜ ਹੈ। ਇਹੀ ਕਾਰਨ ਹੈ ਕਿ ਚਿੰਤਾ ਗ੍ਰਸਤ ਮਾਪਿਆਂ ਵੱਲੋਂ ਆਪਣੇ ਬੱਚਿਆਂ ਨੂੰ ਜਿਥੇ ਰੋਜ਼ਗਾਰ ਲਈ ਵਿਦੇਸ਼ ਭੇਜਿਆ ਜਾ ਰਿਹਾ ਹੈ ਉਥੇ ਇਕ ਕਾਰਨ ਪੰਜਾਬ ਦਾ ਨਸ਼ਾ ਵੀ ਹੈ। ਦਿਨੋ ਦਿਨ ਖਾਲੀ ਤੇ ਖੋਖਲੇ ਹੋ ਰਹੇ ਪੰਜਾਬ ਲਈ ਅੱਜ ਸਰਕਾਰਾਂ ਨੂੰ ਸਖ਼ਤ ਤੇ ਸਪੱਸ਼ਟ ਫ਼ੈਸਲੇ ਲੈਣ ਦੀ ਲੋੜ ਹੈ। ਨਹੀਂ ਤਾਂ ਬਹੁਤ ਦੇਰ ਹੋ ਜਾਵੇਗੀ।
ਲੇਖਕ:- ਪੱਤਰਕਾਰ  ਹਰਜਿੰਦਰ ਸਿੰਘ ਚੰਦੀ 
ਮਹਿਤਪੁਰ ਪੰਜਾਬ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਹਰ ਗ੍ਰਾਮ ਪੰਚਾਇਤ ‘ਚ ਬਹਾਦਰ ਯੋਧਿਆਂ ਦੀ ਬਣਾਈ ਜਾਵੇਗੀ ਯਾਦਗਾਰ
Next articleਜ਼ਿੰਦਗੀ ਚੋਂ ਗਾਇਬ ਹੋਇਆ ” ਹਾਸਾ ਮਜ਼ਾਕ “