ਜ਼ਿੰਦਗੀ ਚੋਂ ਗਾਇਬ ਹੋਇਆ ” ਹਾਸਾ ਮਜ਼ਾਕ “

'ਵੀਰਪਾਲ ਕੌਰ ਮਾਨ'
  (ਸਮਾਜ ਵੀਕਲੀ) ਪੁਰਾਣੇ ਸਮਿਆਂ ਵਿੱਚ ਸਾਡੇ ਆਲੇ ਦੁਆਲੇ ਹਾਸਾ ਮਜ਼ਾਕ ਜ਼ਿਆਦਾ ਹੁੰਦਾ ਸੀ  ! ਲੋਕ ਇੱਕ ਦੂਜੇ ਦੀ ਗੱਲ ਸਹਿਣ ਕਰਦੇ ਸੀ ਤੇ ਇੱਕ ਦੂਜੇ ਦਾ ਸਤਿਕਾਰ ਵੀ ਕਰਦੇ ਸੀ।
ਪਰ ਅੱਜ ਕੱਲ੍ਹ ਲੋਕ ਦਿਖਾਵਾ ਜ਼ਿਆਦਾ ਕਰਦੇ ਹਨ ਤੇ ਸਤਿਕਾਰ ਘੱਟ ਕਰਦੇ ਨੇ। ਜੇ ਆਪਾਂ ਪਿਛਲੇ ਸਮਿਆਂ ਵੱਲ ਝਾਤ ਮਾਰੀਏ ਤਾਂ ਹਰ ਰਿਸ਼ਤੇ ਵਿੱਚ ਹਾਸਾ ਮਜ਼ਾਕ ਕਰਨਾ ਆਮ ਗੱਲ ਸੀ। ਚਾਹੇ ਉਹ ਜੇਠ-ਭਰਜਾਈ , ਜੀਜਾ-ਸਾਲੀ, ਦਿਉਰ-ਭਰਜਾਈ ਇਹਨਾਂ ਰਿਸ਼ਤਿਆਂ ਵਿੱਚ ਹਾਸਾ ਮਜ਼ਾਕ ਆਮ ਗੱਲ ਹੁੰਦੀ ਸੀ। ਇੱਥੋਂ ਤੱਕ ਜੋ ਸਾਡੇ ਘਰ ਵਿੱਚ ਕੰਮ ਕਰਦੇ ਸੀਰੀ /  ਨੌਕਰ ਹੁੰਦਾ ਸੀ ਉਹਨਾਂ ਨੂੰ ਵੀ ਅਸੀਂ ਚਾਚੇ, ਤਾਏ ਕਹਿੰਦੇ ਉਹ ਸਾਡੀਆਂ ਮਾਵਾਂ ਨੂੰ ਮਜ਼ਾਕ ਕਰਦੇ ਰਹਿੰਦੇ ਇਹ ਆਮ ਗੱਲ ਹੁੰਦੀ ਸੀ।
ਜਦ ਵਿਆਹ ਵਿੱਚ ਆਪ ਬੋਲੀਆਂ ਪਾ ਕੇ ਨੱਚਣਾ। ਨਵੀ ਵਿਆਹੀ ਨੇ ਆਪਣੀ ਸੱਸ ਪ੍ਰਤੀ ਗੁੱਸਾ ਵੀ ਬੋਲੀਆਂ ਰਾਹੀ ਕੱਢਣਾ।
ਮੇਰੀ ਸੱਸ ਬੜੀ ਕਪੱਤੀ।
ਮੈਨੂੰ ਪਾਉਣ ਨਾ ਦਿੰਦੀ ਜੁੱਤੀ।
ਮੈਂ ਵੀ ਜੁੱਤੀ ਪਾਉਣੀ ਏ।
ਮੁੰਡਿਆਂ ਰਾਜੀ ਰਹਿ ਜਾਂ ਗੁੱਸੇ ਵੇ ਮੈਂ
ਤੇਰੀ ਮਾਂ ਖੜਕਾਉਣੀ ਏ।
ਅੱਗੋਂ ਉਸਦੇ ਘਰ ਵਾਲੇ ਨੇ ਵੀ ਇਹ ਸਭ ਮਜ਼ਾਕ ਵਿੱਚ ਲੈ ਲੈਣਾ ਗੁੱਸਾ ਨਹੀਂ ਸੀ ਕਰਦਾ।
ਪਰ ਅੱਜ ਕੱਲ੍ਹ ਇਹ ਬੋਲੀਆਂ ਸਾਡੀ ਜ਼ਿੰਦਗੀ ਚੋਂ ਦੂਰ ਉਡਾਰੀ ਮਾਰ ਗਈਆਂ ਨੇ!  ਜਿਵੇਂ ਇਸ ਨਾਲ ਸੱਸ ਦੀ ਇੱਜਤ ਘਟਦੀ ਹੋਵੇ!  ਪਰ ਉਹਨਾਂ ਨੂੰ ਉਂਝ ਜ਼ਲੀਲ ਕਰਨ ਵਿੱਚ ਕੋਈ ਕਸਰ ਨਹੀਂ ਛੱਡਦੀਆਂ। ਇਹ ਅਸੀਂ ਹਰ ਘਰ ਦੀ ਕਹਾਣੀ ਦੇਖਦੇ ਸੁਣਦੇ ਹਾਂ ।
ਪੁਰਾਣੇ ਸਮਿਆਂ ਵਿੱਚ ਜਦ ਬਰਾਤ ਜਾਂਦੀ ਤਾਂ ਉਹਨਾਂ ਨੂੰ ਸਿੱਠਣੀਆਂ ਗਾਈਆਂ ਜਾਂਦੀਆਂ ਸਨ ।
ਜਿਵੇਂ
ਜਾਂਞੀ ਓਸ ਪਿੰਡੋਂ ਆਏ ਜਿੱਥੇ ਰੁੱਖ ਵੀ ਨਾ।
ਏਨ੍ਹਾਂ ਦੇ ਤੌੜਿਆਂ ਵਰਗੇ ਮੂੰਹ ਉੱਤੇ ਮੁੱਛ ਵੀ ਨਾ।
ਜਾਂਞੀ ਓਸ ਪਿੰਡੋਂ ਆਏ ਜਿੱਥੇ ਤੂਤ ਵੀ ਨਾ।
ਇਹਨਾਂ ਦੇ ਖੱਪੜਾਂ ਵਰਗੇ ਮੂੰਹ ਉੱਤੇ ਰੂਪ ਵੀ ਨਾ।
ਜਾਂਞੀ ਓਸ ਪਿੰਡੋਂ ਆਏ ਜਿੱਥੇ ਟਾਹਲ੍ਹੀ ਵੀ ਨਾ।
ਇਹਨਾਂ ਦੇ ਪੀਲੇ ਡੱਡੂ ਮੂੰਹ ਉੱਤੇ ਲਾਲੀ ਵੀ ਨਾ।
ਇਥੋਂ ਤੱਕ ਕੇ ਵਿਆਹ ਵਾਲੇ ਮੁੰਡੇ ਨੂੰ ਵੀ ਸੁਣਾ ਦਿੰਦੀਆਂ ਸੀ ਦੋਹਾ ਕੁੜੀ ਦੀਆਂ  ਚਾਚੀਆਂ, ਤਾਈਆਂ, ਭੈਣਾਂ ਆਦਿ। ਜਿਵੇਂ
ਅਸਾਂ ਨੇ ਕੀ ਕਰਨੇ,
ਪੱਤਰਾਂ ਬਾਝ ਕਰੇਲੇ,
ਲਾੜਾ ਸਾਡੇ ਵੱਲ ਇੰਜ ਵੇਖੇ
ਜਿਉਂ ਚਾਮ-ਚੜਿੱਕ ਦੇ ਡੇਲੇ।
ਵਿਆਹ ਵਾਲਾ ਮੁੰਡਾ ਅਤੇ ਬਰਾਤੀ ਚੁੱਪ ਕਰਕੇ ਕੇ ਸੁਣਦੇ ਰਹਿੰਦੇ ਅੱਗੋਂ ਕੁਝ ਨਾ ਬੋਲਦੇ। ਤੇ ਜੇਕਰ ਹੁਣ ਔਰਤਾਂ ਗਾ ਦੇਣ ਵਿਆਹ ਵਿੱਚ ਮੈਨੂੰ ਤਾਂ ਲੱਗਦਾ  ਉਹ ਸ਼ਾਇਦ ਹੀ ਬਚਣ ਗੋਲੀ ਕਿਹੜਾ ਨਾ ਮਾਰ ਦੇਣ ਮੇਰੀ ਮਾਂ ਨੂੰ ਇੰਝ ਕਿਵੇਂ ਕਿਹਾ। ਆਪ ਚਾਹੇ ਮਾਂ ਨੂੰ ਰੋਜ਼ ਗਾਲਾਂ ਕੱਢਦੇ ਹੋਣ!  ਅੱਜ ਕੱਲ੍ਹ ਦੇ ਵਿਆਹ ਵਿੱਚ ਦਿਖਾਵਾ ਜ਼ਿਆਦਾ, ਖਰਚਾ ਜ਼ਿਆਦਾ ਏਨੀ ਜ਼ਿਆਦਾ ਭੀੜ ਇਕੱਠੀ ਕੀਤੀ ਹੁੰਦੀ ਹੈ ਕਈਆਂ ਦਾ ਤਾਂ ਪਤਾ ਹੀ ਨਹੀਂ ਚਲਦਾ ਮੁੰਡੇ ਵਾਲੇ ਪਾਸਿਓਂ ਹੈ ਜਾਂ ਕੁੜੀਆਂ ਵਾਲਿਆ ਵਾਲੇ ਪਾਸਿਓਂ ਹੈ। ਕੋਈ ਇੱਕ ਦੂਜੇ ਨੂੰ ਬੁਲਾਉਂਦਾ ਨਹੀਂ ਡੀ .ਜੇ .  ਤੇ ਨੱਚਣ ਵਾਲੀਆਂ ਕੁੜੀਆਂ ਨਾਲ ਚਾਹੇ ਚਾਰ ਗੇੜੇ  ਵੱਧ ਦੇ ਦੇਣ।
ਪਹਿਲੇ ਸਮੇਂ ਵਿੱਚ ਔਰਤਾਂ ਗਿੱਧੇ ਵਿੱਚ ਨੱਚਦੀਆਂ ਨੱਚਦੀਆਂ ਆਪਣੇ ਰੋਸੇ ਗਿਲੇ ਦੂਰ ਕਰ ਲੈਂਦੀਆਂ ਸੀ। ਇੱਕ ਦੂਜੀ ਤੇ ਲਾ ਕੇ ਬੋਲੀਆਂ ਪੌਂਦੀਆਂ ਫਿਰ ਜਿਸ ਤੇ ਬੋਲੀ ਪਾਈ ਹੁੰਦੀ ਉਸ ਨੂੰ ਨਾਲ ਨਚਾਉਂਦੀਆਂ ਵੀ ਇਹ ਗੁੱਸੇ ਵੀ ਨਾ ਹੋ ਜਾਵੇ। ਜਿਵੇਂ
ਬਾਰੀ ਬਰਸੀ ਖੱਟਣ ਗਿਆ ਸੀ ਹੋ ਬਾਰੀ ਬਰਸੀ….
ਬਾਰੀ ਬਰਸੀ ਖੱਟਣ ਗਿਆ ਸੀ ਖੱਟ ਕੇ ਲਿਆਂਦਾ ਪਤਾਸਾ…
ਚੁੰਨੀ ਨਾਲ ਸਿਰ ਢੱਕਦੀ,ਨੰਗਾਂ ਰੱਖਦੀ ਕਲਿੱਪ ਵਾਲਾ ਪਾਸਾ..
ਜਿੰਨਾਂ ਸਮਾਂ ਅਸੀਂ ਇਹ ਸਭ ਰੀਤਾਂ ਨਾਲ ਦੁਆਰਾ ਨਹੀਂ ਜੁੜਦੇ ਰਿਸ਼ਤਿਆਂ ਵਿੱਚ ਗਿਰਾਵਟ ਆਉਂਦੀ ਹੀ ਰਹੇਗੀ। ਇਹ ਕਿਸੇ ਇੱਕ ਜਾਣੇ ਦਾ ਕੰਮ ਨਹੀਂ ਅਸੀਂ ਸਾਰੇ ਮਿਲਕੇ ਹੀ ਰਿਸ਼ਤਿਆਂ ਨੂੰ ਬਚਾ ਸਕਦੇ ਹਾਂ। ਜੇ ਏਦਾਂ ਹੀ ਹੁੰਦਾ ਰਿਹਾ ਉਹ ਦਿਨ ਦੂਰ ਨਹੀਂ ਜਦ ਅਸੀਂ ਇਕੱਲੇ ਰਹਿ ਜਾਵਾਂਗੇ। ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਸਾਡੇ ਅਮੀਰ ਵਿਰਸੇ ਨੂੰ ਆਪਣੇ ਹੱਥੋਂ ਖੋ ਦੇਣਗੀਆਂ।
‘ਵੀਰਪਾਲ ਕੌਰ ਮਾਨ’  
ਪਿੰਡ ਗੁਰੂਸਰ(ਤਲਵੰਡੀ ਸਾਬੋ)

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਨਸ਼ਾਂ ਗੰਭੀਰ ਸਮੱਸਿਆ ਦਾ ਵਿਸ਼ਾ ਚਿੰਤਾ ਨਾਲ ਚਿੰਤਨ ਦੀ ਲੋੜ
Next articleਬੁੱਧ ਬਾਣ : ਸਿਉਂਕ ਬਨਾਮ ਸਾਹਿਤ ਦੇ ਜੁਗਾੜੀਏ !