ਗੀਤ

ਅੰਜੂ ਸਾਨਿਆਲ
(ਸਮਾਜ ਵੀਕਲੀ)
ਸੱਜਣਾ ਵੇ ਜਿੰਦ ਪ੍ਰਾਹੁਣੀ
ਤੇਰੇ ਬਿਨ ਸੂਤ ਨ੍ਹੀਂ ਆਉਣੀ
ਕਿਹਨੂੰ ਮੈਂ ਦਿਆਂ ਅਲੌਹਣੀ
ਦੁਨੀਆਂ ਕੁਲਹਿਣੀ, ਸਾਨੂੰ ਮਾਰਦੀ ਐ ਕੂਹਣੀਆਂ
ਕੱਤਾਂ ਕਿੰਝ ਕੱਤਾਂ ਵੇ ਮੈਂ ਬਾਕੀ ਦੀਆਂ ਪੂਣੀਆਂ।
ਤੈਨੂੰ ਕੁਝ ਸਮਝ ਨ੍ਹੀਂ ਆਉਂਦੀ
ਰਹਿੰਦੀ ਐ ਜਿੰਦ ਘਬਰਾਉਂਦੀ
ਜੱਗ ਤੋਂ ਮੈਂ ਫਿਰਾਂ ਲੁਕਾਉਂਦੀ
ਦੁਨੀਆਂ ਸੁਣਾਉਂਦੀ ਗੱਲਾਂ, ਨਮਕ ਸਲੂਣੀਆਂ
ਕੱਤਾਂ ਕਿੰਝ ਕੱਤਾਂ ਵੇ ਮੈਂ ਬਾਕੀ ਦੀਆਂ ਪੂਣੀਆਂ
ਮੁੱਕਦਾ ਨ੍ਹੀਂ ਲਾਰਾ ਲੱਪਾ
ਰੱਖਦਾ ਏਂ ਰੌਲਾ ਰੱਪਾ
ਹਰ ਵੇਲੇ ਅੱਡੀ ਟੱਪਾ
ਲਾਈ ਰੱਖਦੈਂ ਦਿਲ ਵਿੱਚ ਸਾਡੇ, ਸਾੜੇ ਦੀਆਂ ਧੂਣੀਆਂ
ਕੱਤਾਂ ਵੇ ਮੈਂ ਕੱਤਾਂ ਕਿੰਝ ਬਾਕੀ ਦੀਆਂ ਪੂਣੀਆਂ
ਲੱਗਦਾ ਨ੍ਹੀਂ ਧੁਨ ਦਾ ਪੱਕਾ
ਕੰਨਾਂ ਦਾ ਵੀ ਏਂ ਕੱਚਾ
ਦਿਲ ਨੂੰ ਲੱਗ ਜਾਂਦਾ ਧੱਕਾ
ਸੁਣਦੀ ਆਂ ਜਦੋਂ ਗੱਲਾਂ, ਤੇਰੀਆਂ ਮੈਂ ਊਣੀਆਂ
ਕੱਤਾਂ ਕਿੰਝ ਕੱਤਾਂ ਵੇ ਮੈਂ ਬਾਕੀ ਦੀਆਂ ਪੂਣੀਆਂ
ਉਮਰਾਂ ਦੀ ਰਾਤ ਲੰਮੇਰੀ
ਦੁੱਖਾਂ ਨੇ ਸੱਜਣਾ ਘੇਰੀ
ਫੇਰੀ ਹੈ ਔਖੀ ਤੇਰੀ
ਕਿਵੇਂ ਕੱਟਾਂ ਰਾਤਾਂ ਵੇ ਮੈਂ ਪ੍ਰੇਮ ਤੋਂ ਵਿਹੂਣੀਆਂ
ਕੱਤਾਂ ਕਿੰਝ ਕੱਤਾਂ ਵੇ ਮੈਂ ਬਾਕੀ ਦੀਆਂ ਪੂਣੀਆਂ
ਲਿਖਦੀ ਐ ਗੀਤ ਵੇ ‘ਅੰਜੂ’
ਅੱਖੀਆਂ ਵਿੱਚ ਰਹਿੰਦੇ ਹੰਝੂ
ਰੋ ਰੋ ਕੇ ਹੋਈਆਂ ਪੇਂਜੂ
ਦਿਨੋਂ ਦਿਨ ਪੀੜਾਂ ‘ਅੰਜੂ’ ਵਧੀ ਜਾਣ ਦੂਣੀਆਂ
ਕੱਤਾਂ ਕਿੰਝ ਕੱਤਾਂ ਵੇ ਮੈਂ ਬਾਕੀ ਦੀਆਂ ਪੂਣੀਆਂ
ਅੰਜੂ ਸਾਨਿਆਲ

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

 

Previous articleਚੁੱਪ/(ਵਿਦੇਸ਼ਾਂ ਦੀਆਂ ਚੁਣੌਤੀਆਂ)
Next articleਭਾਸ਼ਾ ਵਿਭਾਗ ਵਲੋਂ ਪ੍ਰਸ਼ਨੋਤਰੀ ਮੁਕਾਬਲਾ ਕਰਵਾਇਆ ਗਿਆ