(ਸਮਾਜ ਵੀਕਲੀ)
ਠੰਡਾ ਠਾਰ ਮਹੀਨਾ ਪੋਹ ਦਾ
ਸਾਲ ਪਿੱਛੋਂ ਜਦ ਆਵੇ।
ਕਰ ਕੇ ਯਾਦ ਸ਼ਹੀਦੀ ਸਾਕਾ
ਰੂਹ ਮੇਰੀ ਕੰਬ ਜਾਵੇ।
ਠੰਡੇ ਬੁਰਜ ‘ਚ ਦਿਸਦੀ ਦਾਦੀ
ਪੋਤੇ ਲੈ ਕਲਾਵੇ।
ਉੱਠੇ ਕਸਕ ਅਗਾਧ ਪੀੜ ਦੀ,
ਧੂਹ ਕਲ਼ੇਜੇ ਪਾਵੇ।
ਦਰਸ਼ਨ ਕਰਾਂ ਜਦੋਂ ਵੀ ਆ ਕੇ
ਉਹ ਖੂਨੀ ਦੀਵਾਰਾਂ।
ਕਿਵੇਂ ਸਿਦਕ ਦੀ ਦਿੱਤੀ ਪ੍ਰੀਖਿਆ
ਮਨ ਵਿੱਚ ਕਰਾਂ ਵਿਚਾਰਾਂ।
ਧਰਮ ਤਾਂ ਪ੍ਰੇਮ ਪਿਆਰ ਸਿਖਾਵੇ
ਜ਼ੁਲਮ ਕੋਈ ਕਿਉਂ ਢਾਹਵੇ।
ਉੱਠੇ ਕਸਕ ਅਗਾਧ ਪੀੜ ਦੀ
ਧੂਹ ਕਲ਼ੇਜੇ ਪਾਵੇ।
ਕੀ ਸਿੱਖਿਆ ਦੇ ਤੋਰੇ ਪੋਤੇ
ਕੀ ਕੁੱਝ ਦਿਲ ਤੇ ਬੀਤੀ।
ਜੀਣ ਦੀ ਚਾਹ ਠੁਕਰਾ ਲਾਲਾਂ ਨੇ
ਮੌਤ ਮਨਜ਼ੂਰ ਸੀ ਕੀਤੀ।
ਵੱਡੇ ਵਡੇਰਿਆਂ ਦੀ ਕੁਰਬਾਨੀ
ਦਾ ਇਤਿਹਾਸ ਸੁਣਾਵੇ।
ਉੱਠੇ ਕਸਕ ਅਗਾਧ ਪੀੜ ਦੀ,
ਧੂਹ ਕਲ਼ੇਜੇ ਪਾਵੇ।
ਕਰੋ ਕਬੂਲ ਇਸਲਾਮ ਧਰਮ ਨੂੰ
ਸੂਬੇ ਹੁਕਮ ਸੁਣਾਇਆ।
ਲਾਲਚ ,ਐਸ਼- ਆਰਾਮ , ਡਰਾਵੇ,
ਰਾਸ ਨਾ ਕੋਈ ਆਇਆ।
ਕੁਚਲ ਦਿਉ ਸਿਰ ਕਹਿ ਸੁੱਚਾਨੰਦ
ਤੇਲ ਅੱਗ ‘ਤੇ ਪਾਵੇ।
ਉੱਠੇ ਕਸਕ ਅਗਾਧ ਪੀੜ ਦੀ
ਧੂਹ ਕਲ਼ੇਜੇ ਪਾਵੇ।
ਮਾਰ ਕੋਰੜੇ ਸੁਹਲ ਫੁੱਲਾਂ ਦੇ
ਪਿੰਡੇ ਲਾਸ਼ਾਂ ਪਾਈਆਂ।
ਰੋਕੋ ਜ਼ੁਲਮ ਨਵਾਬ ਕੋਟਲ਼ਾ
ਆਖੇ ਖੂਬ ਦੁਹਾਈਆਂ।
ਸਿੱਖੀ ਸਿਦਕ ਨਿਭਾ ਗਏ ਪੋਤੇ
ਦਾਦੀ ਸ਼ੁਕਰ ਮਨਾਵੇ।
ਉੱਠੇ ਕਸਕ ਅਗਾਧ ਪੀੜ ਦੀ
ਧੂਹ ਕਾਲਜੇ ਪਾਵੇ।
ਜਗਦਾ ਰਹੇ ਕੌਮ ਦਾ ਦੀਵਾ,
ਚਰਬੀ ਢਾਲ ਕੇ ਪਾਈ।
ਖੂਨ ਸ਼ਹਾਦਤ ਵਾਲਾ ਪਾ ਕੇ
ਸਿੱਖ ਰਾਜ ਦੀ ਨੀਂਹ ਰਖਾਈ।
ਕਹਿਰਮਈ ਮੰਜ਼ਰ ਇਹ ਡਾਹਢਾ
ਜਦ ਵੀ ਚੇਤੇ ਆਵੇ।
ਉੱਠੇ ਕਸਕ ਅਗਾਧ ਪੀੜ ਦੀ
ਧੂਹ ਕਲ਼ੇਜੇ ਪਾਵੇ।
ਤੁਰ ਜਾਣਾ ਹੈ ਸਭ ਨੇ ਇੱਕ ਦਿਨ
ਛੱਡ ਕੇ ਦੁਨੀਆਂ ਫ਼ਾਨੀ ।
‘ਅਮਰ’ ਜੱਗ ਤੇ ਕਾਇਮ ਰਹੇਗੀ
ਲਾਲਾਂ ਦੀ ਕੁਰਬਾਨੀ।
ਲਿਖੀ ਖੂਨ ਦੇ ਨਾਲ ਇਬਾਰਤ,
ਮੱਧਮ ਨਾ ਹੋ ਜਾਵੇ।
ਮੰਨ ਕੇ ਕੌਮੀ ਰਹਿਬਰ ਸੰਗਤ,
ਸ਼ਹੀਦੀ ਦਿਵਸ ਮਨਾਵੇ।
ਅਮਰਜੀਤ ਕੌਰ