
(ਸਮਾਜ ਵੀਕਲੀ) ਪੁਰਾਣੇ ਸਮੇਂ ਵਿੱਚ ਮੋਬਾਈਲ ਨਹੀਂ ਹੁੰਦੇ ਸਨ, ਇਸ ਲਈ ਲੋਕ ਇਕੱਠੇ ਬੈਠ ਕੇ ਗੱਲਾਂ ਕਰਦੇ ਅਤੇ ਆਪਸੀ ਪਿਆਰ-ਮੋਹ ਨੂੰ ਮਜ਼ਬੂਤ ਬਣਾਈ ਰੱਖਦੇ ਸਨ। ਦੂਰ ਬੈਠੇ ਰਿਸ਼ਤੇਦਾਰਾਂ ਦਾ ਹਾਲ-ਚਾਲ ਜਾਨਣ ਲਈ ਡਾਕ ਦਾ ਸਹਾਰਾ ਲਿਆ ਜਾਂਦਾ ਸੀ। ਉਸ ਵੇਲੇ ਪਰਿਵਾਰਕ ਮਿਲਣ-ਜੁਲਣ ਅਤੇ ਸਮਾਜਿਕ ਸਬੰਧਾਂ ਨੂੰ ਖਾਸ ਮਹੱਤਵ ਮਿਲਦਾ ਸੀ। ਪਰ ਅੱਜਕਲ ਮੋਬਾਈਲ ਦਾ ਯੁੱਗ ਹੈ। ਹਰ ਘਰ ਵਿੱਚ, ਹਰ ਕਿਸੇ ਦੇ ਹੱਥ ਵਿੱਚ ਫੋਨ ਹੈ। ਅੱਜ ਦੀ ਦੌੜ-ਭੱਜ ਵਾਲੀ ਜ਼ਿੰਦਗੀ ਵਿੱਚ ਕੋਈ ਵੀ ਗੱਲ ਕਰਨ ਜਾਂ ਹਾਲ ਜਾਨਣ ਲਈ ਲੋਕ ਸਿਰਫ਼ ਮੋਬਾਈਲ ਦਾ ਹੀ ਸਹਾਰਾ ਲੈਂਦੇ ਹਨ। ਇਸ ਨਾਲ ਭਾਵੇਂ ਗੱਲਬਾਤ ਤਾਂ ਹੋ ਜਾਂਦੀ ਹੈ, ਪਰ ਇਕੱਠੇ ਬੈਠਣ ਦਾ ਸੁੱਖ ਅਤੇ ਆਪਣਿਆਂ ਦੇ ਨਾਲ ਗੁਜ਼ਾਰਿਆ ਸਮਾਂ ਘੱਟ ਹੋ ਗਿਆ ਹੈ। ਹੁਣ ਹਰ ਕੋਈ ਆਪਣੇ-ਆਪਣੇ ਫੋਨ ਵਿੱਚ ਇਸ ਕਦਰ ਰੁਝਿਆ ਹੁੰਦਾ ਹੈ ਕਿ ਪਰਿਵਾਰਕ ਮਿਲਾਪ ਪਹਿਲਾਂ ਵਾਂਗ ਨਹੀਂ ਰਹਿ ਗਿਆ। ਪਹਿਲਾਂ ਲੋਕ ਬਜ਼ੁਰਗਾਂ ਦੀਆਂ ਕਹਾਣੀਆਂ ਸੁਣਦੇ, ਬੁਝਾਰਤਾਂ ਪਾਉਂਦੇ ਅਤੇ ਉਹਨਾਂ ਨਾਲ ਸਮਾਂ ਬਿਤਾਉਂਦੇ ਸਨ। ਇਹ ਸਭ ਪਰੰਪਰਾਵਾਂ ਅਤੇ ਰਿਸ਼ਤਿਆਂ ਨੂੰ ਮਜ਼ਬੂਤ ਬਣਾਉਂਦੀਆਂ ਸਨ। ਪਰ ਅੱਜ ਮੋਬਾਈਲ ਦੀ ਵੱਧ ਵਰਤੋਂ ਨੇ ਉਹਨਾਂ ਖੂਬਸੂਰਤ ਪਲਾਂ ਨੂੰ ਬਹੁਤ ਪਿੱਛੇ ਛੱਡ ਦਿੱਤਾ ਹੈ। ਲੋਕ ਮੋਬਾਈਲ ਦੇ ਫਾਇਦੇ ਤਾਂ ਜਾਣਦੇ ਹਨ, ਪਰ ਇਸ ਦੇ ਨੁਕਸਾਨਾਂ ਬਾਰੇ ਘੱਟ ਹੀ ਸੋਚਦੇ ਹਨ। ਮੋਬਾਈਲ ਫੋਨ ਨੇ ਪਰਿਵਾਰਕ ਮੈਂਬਰਾਂ ਵਿਚਕਾਰ ਦੂਰੀਆਂ ਵਧਾ ਦਿੱਤੀਆਂ ਹਨ। ਇਸ ਲਈ ਮੋਬਾਈਲ ਦੀ ਵਰਤੋਂ ਸੀਮਤ ਰੱਖਣੀ ਚਾਹੀਦੀ ਹੈ। ਵਧੇਰੇ ਸਮਾਂ ਖੇਡਾਂ, ਪੜ੍ਹਾਈ ਅਤੇ ਪਰਿਵਾਰ—ਖਾਸ ਕਰਕੇ ਬਜ਼ੁਰਗਾਂ—ਦੇ ਨਾਲ ਬਿਤਾਉਣਾ ਚਾਹੀਦਾ ਹੈ ਤਾਂ ਜੋ ਰਿਸ਼ਤਿਆਂ ਦੀ ਗਰਮੀ ਅਤੇ ਪਰਿਵਾਰਕ ਪਿਆਰ ਕਾਇਮ ਰਹੇ।



