(ਪੰਜਾਬ ਚੋਂ ਹਜ਼ਾਰਾਂ ਦੀ ਗਿਣਤੀ ਵਿੱਚ ਐਨਪੀਐਸ ਕਰਮਚਾਰੀ ਹੋਣਗੇ ਸ਼ਾਮਿਲ) : ਗੋਇਲ /ਸ਼ਿੰਗਾਰਾ
ਰਾਏਕੋਟ, (ਸਮਾਜ ਵੀਕਲੀ) ( ਗੁਰਭਿੰਦਰ ਸਿੰਘ ਗੁਰੀ ) ਨੈਸ਼ਨਲ ਮੂਵਮੈਂਟ ਫਾਰ ਓਪੀ ਐਸ.ਐਨ.ਐਮ.ਓ.ਪੀ.ਐੱਸ ਦੇ ਬੈਨਰ ਹੇਠ ਦਿੱਲੀ ਵਿੱਚ ਹੋ ਰਹੀ ਰਾਸ਼ਟਰ ਪੱਧਰੀ ਇਤਿਹਾਸਿਕ ਮਹਾਰੈਲੀ ਵਿੱਚ ਪੰਜਾਬ ਦੇ ਐੱਨਪੀਐੱਸ ਕਰਮਚਾਰੀ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਦੇ ਬੈਨਰ ਹੇਠ ਅੱਜ ਬਲਾਕ ਰਾਏਕੋਟ ਤੋੰ ਪੁਰਾਣੀ ਪੈਨਸ਼ਨ ਬਹਾਲੀ ਸਘੰਰਸ਼ ਕਮੇਟੀ ਦੇ ਕਨਵੀਨਰ ਸੁਭਾਸ਼ ਗੋਇਲ ਤੇ ਸ਼ਿੰਗਾਰਾ ਸਿੰਘ ਦੀ ਅਗਵਾਈ ਹੇਠ ਅਧਿਆਪਕਾਂ ਦਾ ਵੱਡਾ ਕਾਫਲਾ ਦਿੱਲੀ ਰੈਲੀ ਲਈ ਰਵਾਨਾ ਹੋਇਆ। ਇਸ ਜਾਣਕਾਰੀ ਦਿੰਦਿਆਂ ਹਰਜਿੰਦਰ ਸਿੰਘ, ਸੁਭਾਸ਼ ਗੋਇਲ, ਸ਼ਿੰਗਾਰਾ ਸਿੰਘ ਨੇ ਕਿਹਾ ਕਿ ਅੱਜ ਦੀ ਇਸ ਰੈਲੀ ਵਿੱਚ ਜਿੱਥੇ ਕਰਮਚਾਰੀ ਕੇਂਦਰ ਸਰਕਾਰ ਵੱਲੋਂ ਥੋਪੀ ਗਈ ਯੂਪੀਐਸ ਦਾ ਵਿਰੋਧ ਕਰ ਪੁਰਾਣੀ ਪੈਨਸ਼ਨ ਬਹਾਲੀ ਦੀ ਮੰਗ ਕਰਨਗੇ ਕਿਉਂਕਿ ਕੇਂਦਰ ਸਰਕਾਰ ਯੂਪੀਐਸ ਕਰਮਚਾਰੀ ਦੀ ਹੀ ਖੂਨ ਪਸੀਨੇ ਦੀ ਕਮਾਈ ਪੈਨਸ਼ਨ ਦੇ ਰੂਪ ਵਿੱਚ ਪਰੋਸਣਾ ਚਾਹੁੰਦੀ ਹੈ ਜਿਸ ਨੂੰ ਕਰਮਚਾਰੀਆਂ ਨੇ ਨਕਾਰਿਆ ਹੈ ਅਤੇ ਦੇਸ਼ ਭਰ ਵਿੱਚ ਤਿੱਖਾ ਵਿਰੋਧ ਕਰ ਰਹੇ ਹਨ। ਪੰਜਾਬ ਦੇ ਕਰਮਚਾਰੀ ਰਾਸ਼ਟਰੀ ਪੱਧਰ ਤੇ ਪੰਜਾਬ ਦੀ ਆਪ ਪਾਰਟੀ ਦੀ ਕਾਰਗੁਜ਼ਾਰੀ ਨਸ਼ਰ ਕਰਨਗੇ ਕਿਉਂਕਿ ਨਵੰਬਰ 2018 ਆਪ ਸੁਪਰੀਮੋ ਕੇਜਰੀਵਾਲ ਨੇ ਐਨਐਮਓਪੀਐਸ ਦੀ ਰੈਲੀ ਵਿੱਚ ਦੇਸ਼ ਦੇ ਕਰਮਚਾਰੀਆਂ ਨਾਲ ਵਾਅਦਾ ਕੀਤਾ ਸੀ ਕਿ ਜਿੱਥੇ ਵੀ ਆਪ ਸਰਕਾਰ ਬਣੇਗੀ ਉੱਥੇ ਪੁਰਾਣੀ ਪੈਨਸ਼ਨ ਬਹਾਲ ਕਰ ਦਿੱਤੀ ਜਾਵੇਗੀ ਤੇ ਪੰਜਾਬ ਵਿੱਚ ਇਹ ਕਰਮਚਾਰੀਆਂ ਨੂੰ ਗਰੰਟੀ ਵੀ ਦਿੱਤੀ ਗਈ ਸੀ ਪਰ ਅੱਜ ਸਰਕਾਰ ਬਣਨ ਦੇ ਚਾਰ ਸਾਲ ਬਾਅਦ ਵੀ ਪੰਜਾਬ ਦੇ ਮੁਲਾਜ਼ਮ ਪੈਨਸ਼ਨ ਵਿਹੂਣੇ ਹਨ। ਉਨ੍ਹਾਂ ਅੱਗੇ ਕਿਹਾ ਕਿ ਹਿਮਾਚਲ ਅਤੇ ਗੁਜਰਾਤ ਦੀਆਂ ਚੋਣਾਂ ਨੂੰ ਮੁੱਖ ਰੱਖਦਿਆਂ ਇੱਕ ਅਧੂਰਾ ਨੋਟੀਫਿਕੇਸ਼ਨ 2022 ਵਿੱਚ ਜਾਰੀ ਕੀਤਾ ਗਿਆ ਸੀ ਜਿਸ ਨੂੰ ਅੱਜ ਤੱਕ ਅਮਲੀ ਜਾਮਾ ਨਹੀਂ ਪਹਿਨਾਇਆ ਗਿਆ ਜਿਸ ਕਾਰਨ ਕਰਮਚਾਰੀਆਂ ਵਿੱਚ ਤੀਬਰ ਰੋਸ ਅਤੇ ਗੁੱਸਾ ਹੈ। ਸਰਕਾਰ ਦੀ ਇਸ ਵਾਅਦਾ ਖਿਲਾਫੀ ਨੂੰ ਰਾਸ਼ਟਰੀ ਪੱਧਰ ਤੇ ਨਸ਼ਰ ਕਰਨ ਲਈ ਪੰਜਾਬ ਦੇ ਕਰਮਚਾਰੀ ਇਸ ਰੈਲੀ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਸ਼ਾਮਲ ਹੋ ਰਹੇ ਹਨ। ਇਸ ਮੌਕੇ ਭੂਸ਼ਣ ਸ਼ਰਮਾ, ਹਰਿੰਦਰ ਸਿੰਘ, ਅਵਤਾਰ ਸਿੰਘ ਦੇਹੜਕਾ, ਦੇਵ ਕ੍ਰਿਸ਼ਨ, ਹਾਕਮ ਸਿੰਘ, ਕੁਲਵਿੰਦਰ ਸਿੰਘ, ਜਗਦੀਸ਼ ਸਿੰਘ, ਗੁਰਦੀਪ ਸਿੰਘ, ਜਗਜੀਤ ਸਿੰਘ ਆਦਿ ਤੋੰ ਇਲਾਵਾ ਹੋਰ ਵੀ ਅਧਿਆਪਕ ਵੱਡੀ ਗਿਣਤੀ ਵਿੱਚ ਹਾਜ਼ਰ ਸਨ।


