ਜਸਪਾਲ ਜੱਸੀ
(ਸਮਾਜ ਵੀਕਲੀ) ਗੱਲ ਨਾਮਕਰਨ ਦੀ ਹੋ ਰਹੀ ਸੀ। ਨਾਮਕਰਨ ਬੱਚੇ ਦਾ ਹੋਵੇ ਜਾਂ ਕਿਤਾਬ ਦਾ। ਬੜਾ ਸੋਚ ਵਿਚਾਰ ਤੋਂ ਬਾਅਦ ਰੱਖਣਾ ਚਾਹੀਦਾ ਹੈ। ਬੱਚੇ ਦੇ ਨਾਮ ਕਰਨ ‘ਤੇ ਕੋਈ ਕਿੰਤੂ ਪ੍ਰੰਤੂ ਨਹੀਂ ਹੋ ਸਕਦਾ ਪਰ ਕਿਤਾਬ ਦੇ ਨਾਮ ਕਰਨ ਵੇਲੇ ਬਹੁਤ ਸੋਚ ਵਿਚਾਰ ਤੋਂ ਬਾਅਦ ਹੀ ਕਿਤਾਬ ਦਾ ਨਾਮ ਰੱਖਿਆ ਜਾਣਾ ਚਾਹੀਦਾ ਹੈ।
ਇਸ ਦਾ ਮਤਲਬ ਇਹ ਨਹੀਂ ਕਿ ਕਿਤਾਬ ਨੂੰ ਜਾਂ ਉਸ ਦੇ ਖਰੜੇ ਨੂੰ ਪੜ੍ਹੇ ਤੋਂ ਬਿਨਾਂ ਹੀ ਅਸੀਂ ਉਸ ਦਾ ਨਾਮ ਰੱਖ ਦਈਏ। ਬਹੁਤ ਵਾਰ ਸੋਸ਼ਲ ਮੀਡੀਆ ‘ਤੇ ਪੁਜੀਸ਼ਨ ਬੜੀ ਹਾਸੋਹੀਣੀ ਹੋ ਜਾਂਦੀ ਹੈ ਜਦੋਂ ਵੱਡੇ ਵੱਡੇ ਨਾਮਵਰ ਲੇਖਕ ਪੋਸਟ ਪਾ ਕੇ ਇਹ ਪੁੱਛਦੇ ਹਨ,
” ਜੀਅ ! ਅਸੀਂ ਆਪਣੀ ਕਿਤਾਬ ਦਾ ਨਾਮ ਆਹ ਰੱਖ ਦਈਏ,ਚੰਗਾ ਲੱਗੇਗਾ ! ਆਪਣੀ ਰਾਏ ਦਿਓ।”
ਮੈਂ ਉਹਨਾਂ ਦੀ ਸੋਚ ਦੇ ਵਾਰੇ ਵਾਰੇ ਜਾਂਦਾ ਹਾਂ।
ਉਹ ਪਿਆਰਿਓ ! ਕਿਤਾਬ ਦਾ ਜੋ ਤੁਸੀਂ ਖਰੜਾ ਤਿਆਰ ਕੀਤਾ ਹੈ ਉਸ ਸਾਰੇ ਲਿਖੇ ਦਾ ਨਿਚੋੜ ਕੱਢ ਕੇ ਹੀ ਕਿਤਾਬ ਦਾ ਨਾਮ ਰੱਖਿਆ ਜਾ ਸਕਦਾ ਹੈ। ਕਈ ਬੰਦੇ ਤਾਂ ਆਪਣੀ ਕਿਤਾਬ ਦਾ ਨਾਮ ਜੇ ਕਵਿਤਾ ਦੀ ਹੈ ਤਾਂ ਨਾਟਕਾਂ ਵਾਲਾ, ਜੇ ਨਾਟਕਾਂ ਦੀ ਹੈ ਤਾਂ ਨਾਵਲ ਵਰਗਾ ਜੇ ਨਾਵਲ ਹੈ ਤਾਂ ਕਵਿਤਾ ਵਰਗਾ ਨਾਮ ਰੱਖ ਕੇ ਸੋਸ਼ਲ ਮੀਡੀਆ ‘ਤੇ ਲੋਕਾਂ ਦੀ ਸਿਰ ਖਪਾਈ ਲਈ ਪਾ ਦਿੰਦੇ ਹਨ ਜਿਵੇਂ ਉਹਨਾਂ ਨੇ ਆਪਣਾ ਸਾਰਾ ਭਾਰ ਲਾਹ ਕੇ ਦੂਜੇ ਦੇ ਸਿਰ ‘ਤੇ ਸੁੱਟ ਦਿੱਤਾ ਹੁੰਦਾ ਹੈ।
ਅੱਜ ਤੋਂ 40 ਕੁ ਸਾਲ ਪਹਿਲਾਂ ਜਦੋਂ ਰਸੂਲ ਹਮਜ਼ਾਤੋਵ ਦੀ ਕਿਤਾਬ “ਮੇਰਾ ਦਾਗ਼ਿਸਤਾਨ” ਪੜ੍ਹੀ ਸੀ ਤਾਂ ਪਹਿਲੀ ਵਾਰ ਨਾਮ ਕਰਨ ਬਾਰੇ ਪੜ੍ਹਿਆ ਸੀ।
ਉਹ ਕਹਿੰਦਾ ਹੈ ਕਿ,
“ਲੜਕੀ ਦਾ ਨਾਮ ਧਾਰਮਿਕ ਗ੍ਰੰਥਾਂ ਦੀ ਪਵਿੱਤਰਤਾ ਵਰਗਾ ਅਤੇ ਮੁੰਡੇ ਦਾ ਨਾਮ “ਤਲਵਾਰ ਦੀ ਖੜਕਾਰ” ਵਰਗਾ ਹੋਣਾ ਚਾਹੀਦਾ ਹੈ।”
ਪਰ ਇੱਥੇ ਕਿਤਾਬ ਦੇ ਨਾਮਕਰਨ ਦੀ ਗੱਲ ਚੱਲ ਰਹੀ ਹੈ।
ਕਿਤਾਬ ਤੇ ਬੱਚੇ ਦੇ ਨਾਮਕਰਨ ਦਾ ਕੋਈ ਸੰਬੰਧ ਨਹੀਂ।
ਕਿਤਾਬ ਦੀ ਉਮਰ ਮਨੁੱਖ ਦੀ ਉਮਰ ਨਾਲੋਂ ਬਹੁਤ ਜਿਆਦਾ ਲੰਮੀ ਹੈ।
ਧਰਤੀ ਜਦੋਂ ਤੋਂ ਹੋਂਦ ਵਿਚ ਆਈ ਹੈ ਉਦੋਂ ਤੋਂ ਪਤਾ ਨਹੀਂ ਕਿੰਨੇ ਕੁ ਲੋਕ ਧਰਤੀ ‘ਤੇ ਆ ਕੇ ਚਲੇ ਗਏ ਹਨ ਪਰ ਜੋ ਉਹਨਾਂ ਦੇ ਆਉਣ ਤੋਂ ਬਾਅਦ ਭਾਸ਼ਾ ਤੇ ਸੰਚਾਰ ਦੇ ਸਾਧਨਾਂ ਦੇ ਹੁਣ ਤੱਕ ਜਿੰਨੀਆਂ ਵੀ ਕਿਤਾਬਾਂ ਅਸੀਂ ਪੁਰਾਣੀਆਂ ਦੇਖਦੇ ਹਾਂ ਜੋ ਅਮਰ ਹੋਣ ਵਾਲੀਆਂ ਕਿਤਾਬਾਂ ਸਨ ਉਹ ਅਮਰ ਹੋ ਗਈਆਂ ਹਨ ਪਰ ਉਸ ਸਮੇਂ ਤੋਂ ਬਾਅਦ ਲੱਖਾਂ ਕਰੋੜਾਂ ਅਰਬਾਂ ਮਨੁੱਖ ਜੀਵ ਧਰਤੀ ਤੇ ਆਏ ਉਹਨਾਂ ਵਿੱਚੋਂ ਅਸੀਂ ਗਿਣਤੀ ਦੇ ਲੋਕਾਂ ਨੂੰ ਜਾਣਦੇ ਹਾਂ ਪਰ ਸਿੱਖਿਆ ਦੇਣ ਵਾਲੀਆਂ ਚੰਗੀਆਂ ਕਿਤਾਬਾਂ ਧਰਮ ਦਾ ਪ੍ਰਚਾਰ ਪ੍ਰਸਾਰ ਕਰਨ ਵਾਲੀ ਕਿਤਾਬਾਂ,ਅੱਜ ਤੱਕ ਅਮਰ ਹਨ।
ਇਸ ਵਿਚ ਕੋਈ ਸ਼ੱਕ ਨਹੀਂ ਅੱਜ ਦੇ ਦੌਰ ਵਿਚ ਕਿਤਾਬ ਛਪਵਾਉਣੀ ਕੋਈ ਔਖੀ ਨਹੀਂ। ਬੱਸ ਗੀਝੇ ਵਿਚ ਚਾਰ ਪੈਸੇ ਹੋਣੇ ਚਾਹੀਦੇ ਹਨ।
ਲਿਖੋ,ਛਪੋ,ਛਪਵਾਓ ! ਰੱਜ ਰੱਜ ਕੇ ਛਪਵਾਓ, ਪਰ ਉਸ ਵਿਚ ਸਮਾਜ ਨੂੰ ਦੇਣ ਲਈ ਕੁਝ ਹੋਵੇ। ਲੋਕਾਂ ਦੀਆਂ ਸਮੱਸਿਆਵਾਂ ਹੀ ਨਾ ਹੋਣ ਉਹਨਾਂ ਸਮੱਸਿਆਵਾਂ ਦੇ ਹੱਲ ਵੀ ਹੋਣ।
ਸਭ ਤੋਂ ਵੱਡੀ ਗੱਲ ਕਿਤਾਬ ਦਾ ਨਾਮ ਇਸ ਤਰ੍ਹਾਂ ਦਾ ਹੋਵੇ ਉਸ ਦਾ ਸਿਰਲੇਖ ਟਾਈਟਲ ਦੇਖ ਕੇ ਹੀ ਪੜ੍ਹਨ ਨੂੰ ਦਿਲ ਕਰੇ।
ਗ਼ੁਸਤਾਖ਼ੀ ਮੁਆਫ਼।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly