ਗਿਰੀਡੀਹ— ਝਾਰਖੰਡ ਦੇ ਗਿਰੀਡੀਹ ਜ਼ਿਲੇ ਦੇ ਮਧੂਬਨ ਥਾਣਾ ਖੇਤਰ ‘ਚ ਇਕ ਸਕਾਰਪੀਓ ਅਤੇ ਬਾਈਕ ਵਿਚਾਲੇ ਹੋਈ ਆਹਮੋ-ਸਾਹਮਣੀ ਟੱਕਰ ‘ਚ 6 ਲੋਕਾਂ ਦੀ ਮੌਤ ਹੋ ਗਈ। ਇਹ ਹਾਦਸਾ ਗਿਰੀਡੀਹ-ਡੁਮਰੀ ਰੋਡ ‘ਤੇ ਮੰਗਲਵਾਰ ਦੇਰ ਰਾਤ ਵਾਪਰਿਆ, ਪਰ ਲੋਕਾਂ ਨੂੰ ਇਸ ਦਾ ਪਤਾ ਬੁੱਧਵਾਰ ਨੂੰ ਲੱਗਾ।
ਸਥਾਨਕ ਲੋਕਾਂ ਨੇ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ। ਇਸ ਤੋਂ ਬਾਅਦ ਪੁਲਿਸ ਨੇ ਮੌਕੇ ਤੋਂ ਲਾਸ਼ਾਂ ਬਰਾਮਦ ਕੀਤੀਆਂ। ਮਰਨ ਵਾਲਿਆਂ ‘ਚ ਸਕਾਰਪੀਓ ‘ਚ ਸਵਾਰ ਚਾਰ ਅਤੇ ਬਾਈਕ ‘ਤੇ ਸਵਾਰ ਦੋ ਲੋਕ ਸ਼ਾਮਲ ਹਨ। ਬਾਈਕ ਸਵਾਰ ਦੋ ਮ੍ਰਿਤਕਾਂ ਦੀ ਪਛਾਣ ਗਿਰੀਡੀਹ ਜ਼ਿਲੇ ਦੇ ਮਧੂਬਨ ਥਾਣਾ ਖੇਤਰ ਦੇ ਅਧੀਨ ਪੈਂਦੇ ਪਿੰਡ ਛਛੰਦੋ ਵਾਸੀ ਧਾਵਤੰਦ ਅਤੇ ਬਬਲੂ ਕੁਮਾਰ ਟੁਡੂ ਵਾਸੀ ਹੁਸੈਨੀ ਮੀਆਂ ਵਜੋਂ ਹੋਈ ਹੈ। ਸਕਾਰਪੀਓ ‘ਚ ਸਵਾਰ ਲੋਕਾਂ ਦੀ ਮੌਤ ਹੋ ਗਈ, ਜਿਨ੍ਹਾਂ ‘ਚ ਸੋਮੇਸ਼ ਚੰਦਰ, ਗੋਪਾਲ ਕੁਮਾਰ ਵਾਸੀ ਦਰਿਆਪੁਰ, ਮੁੰਗੇਰ, ਬਿਹਾਰ ਅਤੇ ਗੁਲਾਬ ਕੁਮਾਰ ਵਾਸੀ ਈਸਰੀ ਬਾਜ਼ਾਰ ਗਿਰੀਡੀਹ ਸ਼ਾਮਲ ਹਨ। ਇਕ ਹੋਰ ਮ੍ਰਿਤਕ ਦੀ ਪਛਾਣ ਨਹੀਂ ਹੋ ਸਕੀ ਹੈ। ਪੁਲਿਸ ਨੇ ਘਟਨਾ ਦੀ ਸੂਚਨਾ ਮ੍ਰਿਤਕ ਦੇ ਵਾਰਸਾਂ ਨੂੰ ਦੇ ਦਿੱਤੀ ਹੈ।
ਹਾਦਸਾ ਇੰਨਾ ਭਿਆਨਕ ਸੀ ਕਿ ਦੋਵੇਂ ਵਾਹਨਾਂ ਦੇ ਪਰਖੱਚੇ ਉੱਡ ਗਏ। ਪੁਲਸ ਮੁਤਾਬਕ ਇਹ ਹਾਦਸਾ ਲਟਕੱਟੋ ਪਿੱਕੇਟ ਨੇੜੇ ਵਾਪਰਿਆ। ਸਕਾਰਪੀਓ ਗੱਡੀ ਗਿਰੀਡੀਹ ਤੋਂ ਡੁਮਰੀ ਵੱਲ ਜਾ ਰਹੀ ਸੀ, ਜਦਕਿ ਬਾਈਕ ਸਵਾਰ ਪਾਰਸਨਾਥ ਰੇਲਵੇ ਸਟੇਸ਼ਨ ਤੋਂ ਗਿਰੀਡੀਹ ਵੱਲ ਜਾ ਰਹੇ ਸਨ। ਸ਼ੱਕ ਜਤਾਇਆ ਜਾ ਰਿਹਾ ਹੈ ਕਿ ਦੋਵੇਂ ਵਾਹਨ ਬਹੁਤ ਤੇਜ਼ ਰਫਤਾਰ ਨਾਲ ਜਾ ਰਹੇ ਸਨ। ਰਾਤ ਸਮੇਂ ਇਸ ਸੜਕ ’ਤੇ ਵਾਹਨਾਂ ਦੀ ਆਵਾਜਾਈ ਘੱਟ ਹੁੰਦੀ ਹੈ। ਜਿਸ ਕਾਰਨ ਹਾਦਸਾਗ੍ਰਸਤ ਲੋਕਾਂ ਨੂੰ ਹਾਦਸੇ ਤੋਂ ਤੁਰੰਤ ਬਾਅਦ ਕਿਸੇ ਕਿਸਮ ਦੀ ਮਦਦ ਨਹੀਂ ਮਿਲ ਸਕੀ। ਪੁਲਸ ਨੇ ਸਾਰੀਆਂ ਲਾਸ਼ਾਂ ਦਾ ਗਿਰੀਡੀਹ ਸਦਰ ਹਸਪਤਾਲ ‘ਚ ਪੋਸਟਮਾਰਟਮ ਕਰਵਾਇਆ ਹੈ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ 4 ਜਨਵਰੀ ਨੂੰ ਝਾਰਖੰਡ ਦੇ ਦੁਮਕਾ ਜ਼ਿਲੇ ਦੇ ਮੁਫਾਸਿਲ ਥਾਣਾ ਖੇਤਰ ‘ਚ ਇਕ ਭਿਆਨਕ ਸੜਕ ਹਾਦਸੇ ‘ਚ 4 ਲੋਕਾਂ ਦੀ ਮੌਤ ਹੋ ਗਈ ਸੀ, ਜਦਕਿ 6 ਲੋਕ ਗੰਭੀਰ ਜ਼ਖਮੀ ਹੋ ਗਏ ਸਨ। ਫਿਰ ਦਸੌਰੈਡੀਹ ਪਿੰਡ ਨੇੜੇ ਇਕ ਟਰੱਕ ਨੇ ਸਾਹਮਣੇ ਤੋਂ ਸਵਾਰੀਆਂ ਨਾਲ ਭਰੇ ਆਟੋ ਨੂੰ ਟੱਕਰ ਮਾਰ ਦਿੱਤੀ। ਟਰੱਕ ਨਾਲ ਟਕਰਾਉਣ ਕਾਰਨ ਆਟੋ ਦੇ ਪਰਖੱਚੇ ਉੱਡ ਗਏ। ਝਾਰਖੰਡ ਵਿੱਚ 31 ਦਸੰਬਰ ਤੋਂ 4 ਜਨਵਰੀ ਤੱਕ ਵੱਖ-ਵੱਖ ਸੜਕ ਹਾਦਸਿਆਂ ਵਿੱਚ 30 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly