HOME ਮੌਤ ਦੇ ਮੂੰਹੋਂ ਜ਼ਿੰਦਗੀਆਂ ਖਿੱਚ ਲਿਆਉਣ ਵਾਲਾ ਬਹਾਦਰ : ਕੈਪਸੂਲ ਗਿੱਲ

ਮੌਤ ਦੇ ਮੂੰਹੋਂ ਜ਼ਿੰਦਗੀਆਂ ਖਿੱਚ ਲਿਆਉਣ ਵਾਲਾ ਬਹਾਦਰ : ਕੈਪਸੂਲ ਗਿੱਲ

4
ਜਸਵੰਤ ਸਿੰਘ ਗਿੱਲ

  (ਸਮਾਜ ਵੀਕਲੀ)   ਇਤਿਹਾਸ ਕਈ ਵਾਰੀ ਕਲਮ ਨਾਲ ਨਹੀਂ ਬਲਕਿ ਹੌਸਲੇ, ਸਮਰਪਣ ਅਤੇ ਜਾਨ ਦੀ ਬਾਜ਼ੀ ਲਗਾ ਕੇ ਲਿਖਿਆ ਜਾਂਦਾ ਹੈ। ਅਜਿਹੀ ਹੀ ਇਤਿਹਾਸ ਰਚਣ ਵਾਲੀ ਸ਼ਖਸੀਅਤ ਸਨ ਇੰਜ. ਜਸਵੰਤ ਸਿੰਘ ਗਿੱਲ, ਜੋ ‘ਕੈਪਸੂਲ ਗਿੱਲ’ ਦੇ ਨਾਂ ਨਾਲ ਜਾਣੇ ਜਾਂਦੇ ਹਨ। ਜਿਨ੍ਹਾਂ ਨੇ 1989 ਵਿੱਚ ਪੱਛਮੀ ਬੰਗਾਲ ‘ਚ ਕੋਲੇ ਦੀ ਖਾਣ ‘ਚ ਫਸੇ ਮਜ਼ਦੂਰਾਂ ਦੀ ਜਾਨ ਬਚਾ ਕੇ ਇਕ ਐਸਾ ਵਿਸ਼ਵ ਰਿਕਾਰਡ ਕਾਇਮ ਕੀਤਾ ਜਿਸ ਦੀ ਅੰਮ੍ਰਿਤਸਰ ‘ਚ ਰਹਿੰਦੇ ਪ੍ਰੀਵਾਰ ਨੂੰ ਭਿਣਕ ਤੱਕ ਨਹੀਂ ਪਈ। ਅਗਲੇ ਦਿਨ ਜਦੋਂ ਦੂਰਦਰਸ਼ਨ ਤੇ ਖ਼ਬਰਾਂ ਦਾ ਬੁਲੇਟਿਨ ਸੁਣਿਆ ਤਾਂ ਪਤਾ ਲਗਿਆ ਕਿ “ ਜਸਵੰਤ ਸਿੰਘ ਗਿੱਲ ਵਲੋਂ ਬੰਗਾਲ ਵਿੱਚ 65 ਮਜ਼ਦੂਰਾਂ ਨੂੰ ਬਚਾਇਆ ਗਿਆ।” ਸੁਣਕੇ ਪ੍ਰੀਵਾਰ ਦੀਆਂ ਅੱਖਾਂ ‘ਚ ਗਰਵ ਅਤੇ ਹੈਰਾਨੀ ਦੇ ਹੰਝੂ ਇੱਕਠੇ ਹੀ ਵਹਿ ਗਏ।

22 ਨਵੰਬਰ 1939 ਨੂੰ ਪੰਜਾਬ ਦੇ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਜਨਮੇ ਜਸਵੰਤ ਸਿੰਘ ਗਿੱਲ ਨੇ ਖਾਲਸਾ ਕਾਲਜ ਅੰਮ੍ਰਿਤਸਰ ਤੋਂ ਬੀ. ਐੱਸ. ਸੀ. ਦੀ ਪੜ੍ਹਾਈ ਕਰ ਇੰਡੀਅਨ ਸਕੂਲ ਆਫ਼ ਮਾਈਨਜ਼ ਧਨਬਾਦ (ਝਾਰਖੰਡ) ਤੋਂ ਮਾਈਨਿੰਗ ਇੰਜੀਨੀਅਰਿੰਗ ਵਿੱਚ ਬੀ.ਟੈਕ ਕੀਤੀ ਤੇ ਕੋਲ ਇੰਡੀਆ ਲਿਮਟਿਡ ਵਿਚ ਇੰਜੀਨੀਅਰ ਵਜੋਂ ਸੇਵਾ ਨਿਭਾਈ। ਉਹ ਭਾਵੇਂ ਇੱਕ ਸਧਾਰਣ ਪਰਿਵਾਰ ਨਾਲ ਸਬੰਧਤ ਸਨ ਪਰ ਉਨ੍ਹਾਂ ਦੇ ਅੰਦਰ ਬੇਮਿਸਾਲ ਹੌਂਸਲਾ ਅਤੇ ਦਲੇਰੀ ਦੇ ਅਥਾਹ ਗੁਣ ਸਨ।
ਜਸਵੰਤ ਸਿੰਘ ਗਿੱਲ ਦੇ ਪੁੱਤਰ ਡਾ. ਸਰਪ੍ਰੀਤ ਸਿੰਘ ਗਿੱਲ ਅਨੁਸਾਰ 12 ਤੇ 13 ਨਵੰਬਰ 1989 ਦੀ ਰਾਤ ਨੂੰ ਪੱਛਮੀ ਬੰਗਾਲ ਦੇ ਰਾਣੀਗੰਜ ਇਲਾਕੇ ਦੀ ਮਹਾਂਬੀਰ ਕੋਲੇ ਦੀ ਖਾਣ ਵਿੱਚ ਅਣਜਾਣੀ ਗਲਤੀ ਕਰਕੇ ਇੱਕ ਥੰਮ੍ਹ ਟੁੱਟ ਗਿਆ ਅਤੇ ਲੱਖਾਂ ਲੀਟਰ ਪਾਣੀ ਇਸ ਖਾਣ ਅੰਦਰ ਵੜ ਗਿਆ। ਇਸ ਨਾਲ 220 ਮਜ਼ਦੂਰਾਂ ਦੀ ਜ਼ਿੰਦਗੀ ਖਤਰੇ ‘ਚ ਪੈ ਗਈ। 149 ਮਜ਼ਦੂਰ ਕਿਸੇ ਤਰ੍ਹਾਂ ਇਸ ਖਾਣ ‘ਚੋਂ ਬਾਹਰ ਨਿਕਲ ਆਏ, ਪਰ 71 ਮਜ਼ਦੂਰ 330 ਫੁੱਟ ਥੱਲੇ ਇਸ ਖਾਣ ਵਿੱਚ ਹੀ ਫਸੇ ਰਹਿ ਗਏ। ਥਾਂ-ਥਾਂ ਉਮੀਦ ਦੇ ਦੀਵੇ ਬੁਝ ਰਹੇ ਸਨ, ਪਰ ਅਜਿਹੀ ਸਥਿੱਤੀ ਵਿਚ ਇਕ ਆਦਮੀ ਅਜਿਹਾ ਸੀ ਜੋ ਚੁੱਪ ਨਹੀਂ ਬੈਠਿਆ ਅਤੇ ਉਹਨਾਂ ਫਸੇ ਹੋਏ ਮਜ਼ਦੂਰਾਂ ਨੂੰ ਬਚਾਉਣ ਲਈ ਅੱਗੇ ਆਇਆ, ਉਹ ਸਨ ਮੇਰੇ ਪਿਤਾ ਇੰਜ. ਜਸਵੰਤ ਸਿੰਘ ਗਿੱਲ। ਉਨ੍ਹਾਂ ਨੇ ਤੁਰੰਤ ਇਹ ਫ਼ੈਸਲਾ ਲਿਆ ਕਿ ਇੱਕ ਨਵੀਂ ਤਕਨੀਕ ਰਾਹੀਂ ਉਨ੍ਹਾਂ ਮਜ਼ਦੂਰਾਂ ਨੂੰ ਬਚਾਇਆ ਜਾ ਸਕਦਾ ਹੈ। 60 ਘੰਟਿਆਂ ਦੇ ਅੰਦਰ-ਅੰਦਰ ਉਨ੍ਹਾਂ ਨੇ 22 ਇੰਚ ਚੌੜਾ ਇਕ ਬੋਰ ਇਸ ਖਾਣ ‘ਚ ਕਰਵਾਇਆ ਅਤੇ 7 ਫੁੱਟ ਉੱਚਾ ਲੋਹੇ ਦਾ ਇੱਕ ਖਾਸ ਕੈਪਸੂਲ ਤਿਆਰ ਕਰਵਾਇਆ। ਇਹ ਕੈਪਸੂਲ ਉਹ ਸਾਧਨ ਸੀ ਜੋ ਖਾਣ ਵਿੱਚ ਕੀਤੇ ਬੋਰ ਰਾਹੀ ਉਤਾਰਿਆ ਜਾਣਾ ਸੀ ਅਤੇ ਜਿਸ ਦੇ ਜ਼ਰੀਏ ਇੱਕ-ਇੱਕ ਕਰਕੇ ਮਜ਼ਦੂਰਾਂ ਨੂੰ ਉੱਪਰ ਲਿਆਉਣਾ ਸੀ।
ਉਸ ਸਮੇਂ ਦੇ ਚੇਅਰਮੈਨ ਅਤੇ ਸਾਰੇ ਅਧਿਕਾਰੀ ਇਸ ਗੱਲ ‘ਤੇ ਹੈਰਾਨ ਹੋ ਗਏ ਜਦੋਂ ਗਿੱਲ ਨੇ ਕਿਹਾ, “ਇਸ ਮਿਸ਼ਨ ਲਈ ਸਰੀਰਕ ਅਤੇ ਮਾਨਸਿਕ ਤੌਰ ‘ਤੇ ਤੰਦਰੁਸਤ ਅਤੇ ਇਸ ਕੋਲੇ ਵਾਲੀ ਖਾਣ ਦੀ ਸਮਝ ਰੱਖਣ ਵਾਲਾ ਵਿਅਕਤੀ ਚਾਹੀਦਾ ਹੈ ਅਤੇ ਉਹ ਵਿਅਕਤੀ ਮੈਂ ਖੁਦ ਹਾਂ।” ਚੇਅਰਮੈਨ ਨੇ ਉਨ੍ਹਾਂ ਨੂੰ ਰੋਕਣ ਦੀ ਬਹੁਤ ਕੋਸ਼ਿਸ਼ ਕੀਤੀ, ਪਰ ਉਨ੍ਹਾਂ ਨੇ ਆਖਿਆ, “ਮੈਂ ਸਵੇਰੇ ਤੁਹਾਡੇ ਨਾਲ ਚਾਹ ਪੀਣ ਆਵਾਂਗਾ।” ਇਹ ਹੌਸਲਾ ਨਹੀਂ, ਸਗੋਂ ਇਕ ਇਰਾਦਾ ਸੀ ਜੋ ਕਿਸੇ ਵੀ ਖਤਰੇ ਤੋਂ ਡਰਦਾ ਨਹੀਂ ਸੀ।
15 ਨਵੰਬਰ ਦੀ ਰਾਤ 2:30 ਵਜੇ ਜਸਵੰਤ ਸਿੰਘ ਗਿੱਲ ਇਸ ਖ਼ਤਰਨਾਕ ਮੌਕੇ ‘ਤੇ ਆਪਣੇ ਵਲੋਂ ਬਣਾਏ ਕੈਪਸੂਲ ਵਿੱਚ ਬੈਠ ਕੇ 330 ਫੁੱਟ ਥੱਲੇ ਕੋਲੇ ਦੀ ਖਾਣ ਵਿਚ ਉਤਰੇ। ਉੱਥੇ ਪਹੁੰਚ ਕੇ ਪਤਾ ਲੱਗਿਆ ਕਿ 6 ਮਜ਼ਦੂਰਾਂ ਦੀ ਮੌਤ ਹੋ ਚੁੱਕੀ ਹੈ। ਬਚੇ ਹੋਏ 65 ਮਜ਼ਦੂਰ ਦਹਿਸ਼ਤ ਵਿੱਚ ਸਨ। ਉਹਨਾਂ ਵਿੱਚੋਂ ਹਰ ਇੱਕ ਪਹਿਲਾਂ ਬਚਣਾ ਚਾਹੁੰਦਾ ਸੀ ਅਤੇ ਇਸ ਕੈਪਸੂਲ ਰਾਹੀਂ ਉਪਰ ਆਉਣਾ ਚਾਹੁੰਦਾ ਸੀ। ਪਰ ਇੰਜ. ਗਿੱਲ ਨੇ ਸਥਿਤੀ ਨੂੰ ਸੰਭਾਲਿਆ ਅਤੇ ਇਕ ਸੁਝਾਅ ਦਿੱਤਾ ਕਿ ਪਹਿਲਾਂ ਜ਼ਖ਼ਮੀ, ਫਿਰ ਹੋਰ ਮਜ਼ਦੂਰ, ਫਿਰ ਅਧਿਕਾਰੀ ਅਤੇ ਸਭ ਤੋਂ ਅਖੀਰ ਵਿੱਚ ਮੈਂ ਆਵਾਂਗਾ ਇਹ ਸੁਣ ਕੇ ਹਰ ਕਿਸੇ ਨੇ ਏਕਤਾ, ਵਿਸ਼ਵਾਸ ਅਤੇ ਆਸ ਦਾ ਅਨੁਭਵ ਕੀਤਾ।
ਇੱਕ-ਇੱਕ ਕਰਕੇ ਜਦੋਂ 65 ਮਜ਼ਦੂਰ ਕੈਪਸੂਲ ਰਾਹੀਂ ਸੁਰੱਖਿਅਤ ਬਾਹਰ ਆ ਗਏ, ਤਾਂ ਹਰ ਇਕ ਪਲ ਇਨਸਾਨੀ ਹਿੰਮਤ ਤੇ ਅਟੱਲ ਇਰਾਦੇ ਦੀ ਗਵਾਹੀ ਦੇ ਰਿਹਾ ਸੀ। ਇਹ ਨਜ਼ਾਰਾ ਸਾਬਤ ਕਰ ਰਿਹਾ ਸੀ ਕਿ ਜੇਕਰ ਕੋਈ ਆਦਮੀ ਦਿਲੋਂ ਮਿੱਥ ਲਵੇ, ਤਾਂ ਵੱਡੀ ਤੋਂ ਵੱਡੀ ਚੁਣੌਤੀ ਨੂੰ ਵੀ ਫਤਿਹ ਕੀਤਾ ਜਾ ਸਕਦਾ ਹੈ।
ਆਖ਼ਰਕਾਰ 16 ਨਵੰਬਰ ਦੀ ਸਵੇਰ ਨੂੰ ਗਿੱਲ ਆਖਰੀ ਵਿਅਕਤੀ ਵਜੋਂ ਕੈਪਸੂਲ ਰਾਹੀਂ ਇੱਕ ਸੂਰਮੇ ਤੇ ਇੱਕ ਜੇਤੂ ਵਾਂਗ ਬਾਹਰ ਆਏ। ਡਾ.ਸਰਪ੍ਰੀਤ ਸਿੰਘ ਗਿੱਲ ਦੱਸਦੇ ਹਨ ਕਿ ਹਾਲਾਂਕਿ ਉੱਥੇ ਸਿਰਫ ਬੰਗਾਲੀ ਲੋਕ ਸਨ, ਪਰ “ਬੋਲੇ ਸੋ ਨਿਹਾਲ” ਦੇ ਜੈਕਾਰੇ ਗੂੰਜ ਰਹੇ ਸਨ। ਲੋਕ ਜਸਵੰਤ ਗਿੱਲ ਨਾਂ ਦੇ ਨਾਅਰੇ ਲਾ ਰਹੇ ਸਨ, ਫੁੱਲਾਂ ਦੇ ਹਾਰ ਉਨ੍ਹਾਂ ਦੀ ਪੱਗ ਤੱਕ ਪਹੁੰਚ ਗਏ ਅਤੇ ਉਨ੍ਹਾਂ ਨੂੰ ਮੋਢਿਆਂ ‘ਤੇ ਚੁੱਕ ਕੇ ਕਾਰ ਤੱਕ ਲਿਜਾਇਆ ਗਿਆ। ਇਹ ਦੁਨੀਆ ਦਾ ਪਹਿਲਾ ਇਸ ਤਰ੍ਹਾਂ ਦਾ ਰਾਹਤ ਕਾਰਜ ਸੀ, ਜਿਸ ਨੇ ਆਪਣੇ ਆਪ ‘ਚ ਹੀ ਇਕ ਇਤਿਹਾਸ ਰਚ ਦਿੱਤਾ। ਸਭ ਤੋਂ ਸਫਲ ਕੋਲਾ ਖਾਣ ਬਚਾਅ ਕਾਰਜ (2005) ਲਈ ਜਸਵੰਤ ਸਿੰਘ ਗਿੱਲ ਦਾ ਲਿਮਕਾ ਬੁੱਕ ਆਫ਼ ਰਿਕਾਰਡਸ ਅਤੇ ਵਰਲਡ ਬੁੱਕ ਆਫ਼ ਰਿਕਾਰਡਸ ਵਿਚ ਨਾਮ ਦਰਜ ਕੀਤਾ ਗਿਆ।
ਉਨ੍ਹਾਂ ਨੂੰ ਇਸ ਬਹਾਦਰੀ ਭਰੇ ਕਾਰਜ ਲਈ 1991 ਵਿੱਚ ਭਾਰਤ ਦੇ ਮਾਣਯੋਗ ਰਾਸ਼ਟਰਪਤੀ ਵੱਲੋਂ ‘ਸਰਵੋਤਮ ਜੀਵਨ ਰਖਸ਼ਾ ਪਦਕ’ ਦਿੱਤਾ ਗਿਆ ਜੋਕਿ ਦੇਸ਼ ਦਾ ਸਭ ਤੋਂ ਵੱਡਾ ਨਾਗਰਿਕ ਵੀਰਤਾ ਪੁਰਸਕਾਰ ਹੈ। ਇਸ ਤੋਂ ਇਲਾਵਾ ਉਨ੍ਹਾਂ ਨੂੰ ਵੱਖ-ਵੱਖ ਸਰਕਾਰਾਂ ਅਤੇ ਵੱਖ-ਵੱਖ ਸੁਸਾਇਟੀਆਂ ਵੱਲੋਂ ਵੀ ਇਸ ਵੀਰਤਾ ਲਈ ਪੁਰਸਕਾਰ ਦਿੱਤੇ ਗਏ। ਉਹਨਾਂ ਦੀ ਬਹਾਦਰੀ ਨੂੰ ਸਲਾਮ ਕਰਦਿਆਂ, ਬਾਲੀਵੁੱਡ ਨੇ ਵੀ ਉਨ੍ਹਾਂ ਉੱਤੇ ‘ਮਿਸ਼ਨ ਰਾਣੀਗੰਜ’ ਨਾਮਕ ਫ਼ਿਲਮ ਬਣਾਈ, ਜਿਸ ਵਿਚ ਅਕਸ਼ੈ ਕੁਮਾਰ ਨੇ ਉਨ੍ਹਾਂ ਦੀ ਭੂਮਿਕਾ ਨਿਭਾਈ।
26 ਨਵੰਬਰ 2019 ਨੂੰ ਇੰਜ. ਜਸਵੰਤ ਸਿੰਘ ਗਿੱਲ ਇਸ ਫ਼ਾਨੀ ਸੰਸਾਰ ਤੋਂ ਸਦਾ ਲਈ ਵਿਦਾ ਹੋ ਗਏ, ਪਰ ਉਨ੍ਹਾਂ ਦੀ ਕਹਾਣੀ ਅੱਜ ਵੀ ਲੋਕਾਂ ਲਈ ਪ੍ਰੇਰਣਾਦਾਇਕ ਹੈ। ਉਨ੍ਹਾਂ ਨੇ ਸਾਬਤ ਕਰ ਦਿੱਤਾ ਕਿ ਜੇ ਮਨੁੱਖ ਦਲੇਰੀ, ਸਮਰਪਣ ਅਤੇ ਹੌਸਲੇ ਨਾਲ ਕੰਮ ਕਰੇ ਤਾਂ ਮੌਤ ਨੂੰ ਵੀ ਮਾਤ ਦਿੱਤੀ ਜਾ ਸਕਦੀ ਹੈ। ਉਨ੍ਹਾਂ ਨੇ ਆਪਣੀ ਜਾਨ ਦੀ ਪਰਵਾਹ ਨਾ ਕਰਦਿਆਂ ਹੋਏ ਹੋਰਾਂ ਦੀ ਜ਼ਿੰਦਗੀ ਬਚਾਈ। ਉਨ੍ਹਾਂ ਨੂੰ ਅੱਜ ਵੀ ਇੱਕ ਮਿਸਾਲ ਵਜੋਂ ਯਾਦ ਕੀਤਾ ਜਾਂਦਾ ਹੈ ਅਤੇ ਰਹਿੰਦੀ ਦੁਨੀਆ ਤੀਕ ਯਾਦ ਕੀਤਾ ਜਾਂਦਾ ਰਹੇਗਾ।
ਬਲਦੇਵ ਸਿੰਘ ਬੇਦੀ
 ਬਲਦੇਵ ਸਿੰਘ ਬੇਦੀ ਜਲੰਧਰ 
 9041925181
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਗ਼ਜ਼ਲ
Next articleਤਾਰਾਂ ਦੇ ਜਾਲਾਂ ਤੋਂ ਪ੍ਰੇਸ਼ਾਨ ਹੋਈ ਰੋਪੜ ਦੀ ਗ੍ਰੀਨ ਐਵੇਨਿਊ ਕਲੋਨੀ