ਹੈਦਰਾਬਾਦ– ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਤੇਲਗੂ ਸਿਨੇਮਾ ਦੇ ਸੁਪਰਸਟਾਰ ਮਹੇਸ਼ ਬਾਬੂ ਨੂੰ ਮਨੀ ਲਾਂਡਰਿੰਗ ਦੀ ਜਾਂਚ ਦੇ ਸਬੰਧ ਵਿੱਚ ਨੋਟਿਸ ਜਾਰੀ ਕੀਤਾ ਹੈ। ਉਸ ਨੂੰ 27 ਅਪ੍ਰੈਲ ਨੂੰ ਪੁੱਛਗਿੱਛ ਲਈ ਬੁਲਾਇਆ ਗਿਆ ਹੈ। ਦੋ ਰੀਅਲ ਅਸਟੇਟ ਕੰਪਨੀਆਂ ਸਾਈ ਸੂਰਿਆ ਡਿਵੈਲਪਰਜ਼ ਅਤੇ ਸੁਰਾਨਾ ਗਰੁੱਪ ਨਾਲ ਕਥਿਤ ਧੋਖਾਧੜੀ ਅਤੇ ਵਿੱਤੀ ਬੇਨਿਯਮੀਆਂ ਦੀ ਜਾਂਚ ਕੀਤੀ ਜਾ ਰਹੀ ਹੈ।
ਖਬਰਾਂ ਮੁਤਾਬਕ ਮਹੇਸ਼ ਬਾਬੂ ਇਨ੍ਹਾਂ ਦੋਵਾਂ ਕੰਪਨੀਆਂ ਦੇ ਰੀਅਲ ਅਸਟੇਟ ਪ੍ਰਾਜੈਕਟਾਂ ਦੇ ਪ੍ਰਚਾਰ ਵਿਗਿਆਪਨਾਂ ‘ਚ ਨਜ਼ਰ ਆਏ, ਜਿਸ ਲਈ ਉਨ੍ਹਾਂ ਨੂੰ ਕੁੱਲ 5.9 ਕਰੋੜ ਰੁਪਏ ਦਾ ਭੁਗਤਾਨ ਕੀਤਾ ਗਿਆ। ਇਸ ਵਿੱਚੋਂ 3.4 ਕਰੋੜ ਰੁਪਏ ਚੈੱਕ ਅਤੇ 2.5 ਕਰੋੜ ਰੁਪਏ ਨਕਦ ਦਿੱਤੇ ਗਏ। ਹੁਣ ਇਹ ਨਕਦ ਭੁਗਤਾਨ ਈਡੀ ਦੀ ਜਾਂਚ ਅਧੀਨ ਹੈ, ਜਿਸ ਨੂੰ ਮਨੀ ਲਾਂਡਰਿੰਗ ਦਾ ਹਿੱਸਾ ਮੰਨਿਆ ਜਾ ਰਿਹਾ ਹੈ।
ਤੇਲੰਗਾਨਾ ਪੁਲਿਸ ਨੇ ਹੈਦਰਾਬਾਦ ਪ੍ਰਾਪਰਟੀਜ਼ ਲਿਮਟਿਡ ਦੇ ਨਰਿੰਦਰ ਸੁਰਾਣਾ ਅਤੇ ਸਾਈ ਸੂਰਿਆ ਡਿਵੈਲਪਰਜ਼ ਦੇ ਸਤੀਸ਼ ਚੰਦਰ ਗੁਪਤਾ ਵਿਰੁੱਧ ਐਫਆਈਆਰ ਦਰਜ ਕੀਤੀ ਹੈ। ਉਸ ‘ਤੇ ਅਣਅਧਿਕਾਰਤ ਲੇਆਉਟ ਵਿਚ ਪਲਾਟ ਵੇਚਣ, ਇਕ ਹੀ ਪਲਾਟ ਨੂੰ ਕਈ ਵਾਰ ਵੇਚਣ ਅਤੇ ਰਜਿਸਟਰੀ ਦੇ ਝੂਠੇ ਵਾਅਦੇ ਕਰਕੇ ਨਿਵੇਸ਼ਕਾਂ ਨੂੰ ਗੁੰਮਰਾਹ ਕਰਨ ਦਾ ਦੋਸ਼ ਹੈ।
ਇਨ੍ਹਾਂ ਪ੍ਰੋਜੈਕਟਾਂ ਨਾਲ ਮਹੇਸ਼ ਬਾਬੂ ਦੀ ਸਾਂਝ ਨੇ ਨਿਵੇਸ਼ਕਾਂ ਦਾ ਵਿਸ਼ਵਾਸ ਜਿੱਤਣ ਵਿਚ ਵੱਡੀ ਭੂਮਿਕਾ ਨਿਭਾਈ, ਜਿਸ ਨਾਲ ਕਥਿਤ ਧੋਖਾਧੜੀ ਹੋਈ। ਈਡੀ ਦਾ ਮੰਨਣਾ ਹੈ ਕਿ ਅਭਿਨੇਤਾ ਨੂੰ ਨਕਦ ਵਿੱਚ ਕੀਤੇ ਗਏ ਭੁਗਤਾਨ ਇਸ ਵਿੱਤੀ ਬੇਨਿਯਮੀਆਂ ਨਾਲ ਜੁੜੇ ਹੋ ਸਕਦੇ ਹਨ। ਇਸ ਦੌਰਾਨ ਮਹੇਸ਼ ਬਾਬੂ ਐਸਐਸ ਰਾਜਾਮੌਲੀ ਦੀ ਅਗਲੀ ਫਿਲਮ ਦੀ ਸ਼ੂਟਿੰਗ ਵਿੱਚ ਰੁੱਝੇ ਹੋਏ ਹਨ, ਜਿਸ ਵਿੱਚ ਪ੍ਰਿਅੰਕਾ ਚੋਪੜਾ ਵੀ ਮੁੱਖ ਭੂਮਿਕਾ ਵਿੱਚ ਨਜ਼ਰ ਆਵੇਗੀ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly



