(ਸਮਾਜ ਵੀਕਲੀ)
ਸਾਡੀ ਜ਼ਿੰਦਗੀ ਵਿੱਚ ਨਜ਼ਰ ਅਤੇ ਨਜ਼ਰੀਏ ਦਾ ਸਹੀ ਹੋਣਾ ਬਹੁਤ ਜ਼ਰੂਰੀ ਹੁੰਦਾ ਹੈ l
ਨਜ਼ਰ ਖਰਾਬ ਹੋਵੇ ਤਾਂ ਅੱਖਾਂ ਦਾ ਇਲਾਜ ਕਰਾਉਣ ਦੀ ਲੋੜ ਪੈਂਦੀ ਹੈ ਪਰ ਨਜ਼ਰੀਆ ਖਰਾਬ ਹੋਵੇ ਤਾਂ ਦਿਮਾਗ ਦੇ ਇਲਾਜ ਦੀ ਲੋੜ ਪੈਂਦੀ ਹੈ l ਇਹ ਜ਼ਰੂਰੀ ਨਹੀਂ ਕਿ ਨਜ਼ਰੀਏ ਦਾ ਇਲਾਜ ਦਵਾਈਆਂ ਨਾਲ ਕੀਤਾ ਜਾਵੇ l ਨਜ਼ਰੀਏ ਦਾ ਇਲਾਜ ਚੰਗੀਆਂ ਕਿਤਾਬਾਂ ਪੜ੍ਹਕੇ ਜਾਂ ਅਗਾਂਹਵਧੂ ਲੋਕਾਂ ਦੀ ਸੰਗਤ ਕਰਕੇ ਵੀ ਹੋ ਸਕਦਾ ਹੈ l
ਨਜ਼ਰ ਖਰਾਬ ਹੋਵੇ ਤਾਂ ਕਦੇ ਕਦੇ ਧੁੰਦਲਾ ਦਿਖਾਈ ਦਿੰਦਾ ਹੈ ਪਰ ਨਜ਼ਰੀਆ ਖਰਾਬ ਹੋਵੇ ਤਾਂ ਬਹੁਤ ਕੁੱਝ ਉਲਟਾ ਦਿਖਾਈ ਦਿੰਦਾ ਹੈ ਭਾਵ ਨਜ਼ਰੀਆ ਖਰਾਬ ਹੋਣ ਨਾਲ ਸੱਚ ਝੂਠ ਲੱਗ ਸਕਦਾ ਹੈ ਤੇ ਝੂਠ ਸੱਚ ਲੱਗ ਸਕਦਾ ਹੈ l
ਨਜ਼ਰੀਆ ਖਰਾਬ ਹੋਵੇ ਤਾਂ ਬਹੁਤ ਕੁੱਝ ਵਿਸ਼ਵਾਸ ਦੇ ਅਧਾਰ ਤੇ ਹੀ ਸੱਚ ਮੰਨ ਲਿਆ ਜਾਂਦਾ ਹੈ ਸਬੂਤ ਦੀ ਭਾਲ ਹੀ ਨਹੀਂ ਕੀਤੀ ਜਾਂਦੀ l ਇਥੋਂ ਤੱਕ ਕਿ ਸਬੂਤ ਮਿਲਣ ਤੇ ਵੀ ਵਿਗੜੇ ਹੋਏ ਨਜ਼ਰੀਏ ਵਾਲੇ ਨੂੰ ਸਬੂਤ ਸੱਚ ਨਹੀਂ ਲਗਦਾ ਬਲਕਿ ਆਪਣਾ ਵਿਸ਼ਵਾਸ ਹੀ ਸੱਚ ਲਗਦਾ ਹੈ l
ਇਹ ਨਜ਼ਰੀਏ ਦਾ ਹੀ ਫਰਕ ਹੁੰਦਾ ਹੈ ਕਿ ਕੋਈ ਜਾਤ ਜਾਂ ਮਨੁੱਖ ਆਪਣੇ ਆਪ ਨੂੰ ਮਹਾਨ ਸਮਝਣ ਲੱਗ ਪੈਂਦਾ ਹੈ ਜਦਕਿ ਉਸ ਮਹਾਨਤਾ ਨੂੰ ਬਰੀਕੀ ਨਾਲ ਪਰਖਿਆ ਜਾਵੇ ਤਾਂ ਮਹਾਨਤਾ ਕੋਈ ਖਾਸ ਦਿਖਾਈ ਹੀ ਨਹੀਂ ਦਿੰਦੀ l ਜੇਕਰ ਉਸ ਨਜ਼ਰੀਏ ਵਾਲੇ ਮਨੁੱਖ ਨੂੰ ਕਹਿ ਦਿੱਤਾ ਜਾਵੇ ਕਿ ਇਸ ਵਿੱਚ ਮਹਾਨਤਾ ਵਾਲੀ ਤਾਂ ਕੋਈ ਗੱਲ ਨਹੀਂ ਤਾਂ ਉਸ ਵਿਅਕਤੀ ਦੀਆਂ ਭਾਵਨਾਵਾਂ ਭੜਕ ਜਾਂਦੀਆਂ ਹਨ l ਉਹ ਇਹ ਵੀ ਸਵੀਕਾਰ ਨਹੀਂ ਕਰ ਸਕਦਾ ਕਿ ਕੋਈ ਮੈਥੋਂ ਵੱਧ ਵੀ ਮਹਾਨ ਹੋ ਸਕਦਾ ਹੈ l
ਨਜ਼ਰ ਖਰਾਬ ਹੋਵੇ ਤਾਂ ਵਿਅਕਤੀ ਖੁਦ ਡਾਕਟਰ ਕੋਲ ਇਲਾਜ ਵਾਸਤੇ ਚਲਾ ਜਾਂਦਾ ਹੈ ਪਰ ਨਜ਼ਰੀਆ ਖਰਾਬ ਹੋਵੇ ਤਾਂ ਕੋਈ ਵਿਰਲਾ ਹੀ ਆਪਣੇ ਨਜ਼ਰੀਏ ਨੂੰ ਬਦਲਣ ਦੀ ਕੋਸ਼ਿਸ਼ ਕਰਦਾ ਹੈ ਅਤੇ ਨਾ ਹੀ ਆਪਣੇ ਨਜ਼ਰੀਏ ਦਾ ਇਲਾਜ ਕਰਵਾਉਂਦਾ ਹੈ l
ਨਜ਼ਰ ਖਰਾਬ ਹੋਣੀ ਤੁਹਾਡੇ ਲਈ ਖਤਰਨਾਕ ਹੁੰਦੀ ਹੈ ਪਰ ਨਜ਼ਰੀਆ ਖਰਾਬ ਹੋਣਾ ਸਾਰੇ ਸਮਾਜ ਲਈ ਅਤੇ ਅਗਲੀਆਂ ਪੀੜ੍ਹੀਆਂ ਲਈ ਵੀ ਖਤਰਨਾਕ ਹੁੰਦਾ ਹੈ l
ਜੇਕਰ ਵਿਗਿਆਨਿਕ ਨਜ਼ਰੀਆ ਅਪਣਾਇਆ ਜਾਵੇ ਤਾਂ ਸਭ ਕੁੱਝ ਸਬੂਤ ਦੇ ਅਧਾਰ ਤੇ ਹੀ ਸੱਚ ਮੰਨਿਆ ਜਾਂਦਾ ਹੈ, ਭੀੜ ਦੀ ਗਿਣਤੀ ਦੇ ਅਧਾਰ ਤੇ ਨਹੀਂ l ਵਿਗਿਆਨਿਕ ਨਜ਼ਰੀਆ ਅਪਣਾਉਣ ਨਾਲ ਕੁੱਝ ਵੀ ਆਖਰੀ ਸੱਚ ਨਹੀਂ ਮੰਨਿਆ ਜਾਂਦਾ, ਵਿਗਿਆਨ ਦੀਆਂ ਖੋਜਾਂ ਨੂੰ ਨਵੇਂ ਸਬੂਤ ਪੇਸ਼ ਕਰਕੇ ਕੋਈ ਵੀ ਸੋਧ ਕਰ ਸਕਦਾ ਹੈ l ਵਿਗਿਆਨਿਕ ਨਜ਼ਰੀਆ ਅਪਣਾਉਣ ਨਾਲ ਪੁਰਾਣੀ ਖੋਜ ਵਿੱਚ ਸੋਧ ਕਰਨ ਨਾਲ ਕਿਸੇ ਦੀਆਂ ਵੀ ਭਾਵਨਾਵਾਂ ਨਹੀਂ ਭੜਕਦੀਆਂ l ਪਹਿਲੀ ਖੋਜ ਕਰਨ ਵਾਲੇ ਦਾ ਵੀ ਸਨਮਾਨ ਹੁੰਦਾ ਹੈ ਕਿ ਉਸ ਦੀ ਖੋਜ ਨੇ ਇਥੇ ਤੱਕ ਪਹੁੰਚਾਇਆ ਅਤੇ ਸੋਧ ਕਰਨ ਵਾਲੇ ਦਾ ਵੀ ਸਨਮਾਨ ਕੀਤਾ ਜਾਂਦਾ ਹੈ ਕਿ ਉਸ ਨੇ ਇਸ ਨੂੰ ਅੱਗੇ ਲਿਜਾਣ ਵਿੱਚ ਯੋਗਦਾਨ ਪਾਇਆ l
ਵਿਗਿਆਨਿਕ ਨਜ਼ਰੀਏ ਨਾਲ ਕੀਤੀਆਂ ਖੋਜਾਂ ਦਾ ਅਨੰਦ ਹਰ ਕੋਈ ਮਾਣਦਾ ਹੈ l ਕਿਸੇ ਵੀ ਵਿਗਿਆਨੀ ਨੂੰ ਮੱਥਾ ਨਹੀਂ ਟਿਕਾਇਆ ਜਾਂਦਾ l ਨਾ ਹੀ ਕਿਸੇ ਵਿਗਿਆਨੀ ਨੂੰ ਕੋਈ ਪੈਸਾ ਚਾੜਨ ਦੀ ਲੋੜ ਪੈਂਦੀ ਹੈ l ਵਿਗਿਆਨਿਕ ਖੋਜਾਂ ਦੇ ਗੁਣ ਗਾਉਣ ਲਈ ਸਾਜ਼ਾਂ ਜਾਂ ਸਪੀਕਰਾਂ ਦੀ ਲੋੜ ਨਹੀਂ ਪੈਂਦੀ l
ਆਓ ਆਪਣੀ ਨਜ਼ਰ ਦੇ ਨਾਲ ਨਾਲ ਨਜ਼ਰੀਏ ਦਾ ਵੀ ਖਿਆਲ ਰੱਖੀਏ l ਜੇਕਰ ਨਜ਼ਰੀਆ ਠੀਕ ਹੋ ਗਿਆ ਤਾਂ ਬਹੁਤ ਸਾਰੇ ਉਲਟੇ ਕੰਮ ਆਪਣੇ ਆਪ ਹੀ ਸਿੱਧੇ ਹੋ ਜਾਣਗੇ l
ਆਪਣਾ ਨਜ਼ਰੀਆ ਬਦਲਣ ਲਈ ਲਾਇਬਰੇਰੀਆਂ ਨਾਲ ਜੁੜ ਕੇ ਕਿਤਾਬਾਂ ਪੜ੍ਹਨ ਦੀ ਆਦਤ ਪਾਉਣੀ ਚਾਹੀਦੀ ਹੈ l ਲਾਇਬਰੇਰੀਆਂ ਵਿੱਚੋਂ ਪ੍ਰਾਪਤ ਕੀਤੀਆਂ ਕਿਤਾਬਾਂ ਉਹ ਗਿਆਨ ਦਿੰਦੀਆਂ ਹਨ ਜੋ ਸਕੂਲ ਵਿੱਚ ਪੜ੍ਹ ਕੇ ਵੀ ਪ੍ਰਾਪਤ ਨਹੀਂ ਹੁੰਦਾ l
ਇਨਸਾਨੀਅਤ ਜ਼ਿੰਦਾਬਾਦ l
–ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
ਜੱਦੀ ਪਿੰਡ ਖੁਰਦਪੁਰ (ਜਲੰਧਰ)
006421392147
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly