ਵਿਅੰਗ: /  ਸਿਆਸੀ ਚੋਗ਼ਾ –ਤੋਬਾ-ਤੋਬਾ!

ਸੁਰਜੀਤ ਸਿੰਘ ਭੁੱਲਰ
 (ਸਮਾਜ ਵੀਕਲੀ)-ਦੋਸਤੋ! ਵਿਅੰਗ ਰਚਨਾਵਾਂ ਰਾਹੀ ਕੁੱਝ ਨਵਾਂ ਪੇਸ਼ ਕਰਨ ਦਾ ਮੇਰਾ ਮਕਸਦ ਕੇਵਲ ਸ਼ੀਸ਼ੇ ਦਾ ਦੂਜਾ ਪਾਸਾ ਦਿਖਾਉਣ ਹੁੰਦਾ ਹੈ;ਇਹ ਯਾਦ ਦਿਵਾਉਣਾ ਵੀ ਹੁੰਦਾ ਹੈ ਕਿ ਜੀਵਨ ਭਾਵੇਂ ਗੁਲਾਬ ਦੇ ਫੁੱਲਾਂ ਦਾ ਬਿਸਤਰਾ ਨਹੀਂ ਹੈ,ਇਹ ਕੰਡਿਆਂ ਨਾਲ ਘਿਰਿਆ ਤੇ ਭਰਿਆ ਹੋਇਆ ਹੈ। ਮੇਰੀ ਸੋਚ ਅਨੁਸਾਰ,ਰੂਹ ਨੂੰ ਉੱਚਾ ਰੱਖਣ ਦਾ ਸਭ ਤੋਂ ਵਧੀਆ ਉਪਾਅ ਹੈ ਖ਼ੁਸ਼ੀ ਨਾਲ ਜੀਵਨ ਦਾ ਅਨੰਦ ਲੈਣਾ।
 ਸੋ,ਹਾਜ਼ਰ ਹੈ-ਆਪ ਦੇ ਲਈ–ਅੱਜ ਦੀ ਮੇਰੀ ਇਹ ਸ਼ਬਦ-ਕਰਤੂਤ।
1-ਸਵਾਲ:  ਉਹ ਕਿਹੜੀ ਅੱਖ ਹੈ, ਜੋ ਰੋਂਦੀ ਨਹੀਂ ਪਰ ਹੰਝੂ ਵਹਾਉਂਦੀ ਹੈ?
   ਜਵਾਬ:  ਨੇਤਾ ਦੀ ਅੱਖ।
2-ਸਵਾਲ:  ਇਹ ਕਿਹਾ ਜਾਂਦਾ ਹੈ ਕਿ ਰਾਜਨੀਤੀ ਬਹੁਤ ਗੰਦੀ ਖੇਡ ਹੈ,ਤਾਂ ਚੰਗੇ ਆਦਮੀ ਇਸ ਵਿੱਚ ਕਿਉਂ ਫਸ ਜਾਂਦੇ ਹਨ?
   ਜਵਾਬ:  ਤੁਹਾਨੂੰ ਕਿਸ ਨੇ ਕਿਹਾ ਕਿ ਉਹ ਚੰਗੇ ਆਦਮੀ ਹੁੰਦੇ ਹਨ?
3-ਸਵਾਲ:  ਮੈਂ ਮੱਝ ਦੇ ਅੱਗੇ ਬੀਨ ਵਜਾਉਣਾ ਚਾਹੁੰਦਾ ਹਾਂ, ਮੈਨੂੰ ਕਿਸੇ ‘ਵਾਜਬ’ ਮੱਝ ਦਾ ਪਤਾ ਦੱਸੋ?
   ਜਵਾਬ:  ਕਿਸੇ ਵੀ ਸਿਆਸੀ ਨੇਤਾ ਕੋਲ ਜਾਣ ਦੀ ਕੋਸ਼ਿਸ਼ ਕਰੋ, ਉਹ ਤੁਹਾਡੀ (ਵੋਟਰ ਦੀ) ਧੁਨ ਅੱਗੇ ਨੱਚੇਗਾ।
4-ਸਵਾਲ: ਇੱਕ ਨੇਤਾ ਜਦੋਂ ਸਟੇਜ ‘ਤੇ ਬੋਲ ਰਿਹਾ ਹੁੰਦਾ ਹੈ ਤਾਂ ਉਹ ਕੀ ਸੋਚਦਾ ਹੈ?
   ਜਵਾਬ:  ਚੰਗਾ ਲੀਡਰ ਬਿਨਾਂ ਸੋਚੇ ਹੀ ਬੋਲਦਾ ਹੈ।
5-ਸਵਾਲ:  “ਉਹ ਕਿਹੜੇ ਪਤਵੰਤੇ ਹਨ, ਜੋ ਭਾਰਤ ਅਤੇ ਪਾਕਿਸਤਾਨ ਨੂੰ ਇੱਕ ਅੱਖ ਨਾਲ ਦੇਖਦੇ ਹਨ?”
ਜਵਾਬ,  ਚੰਗੇ ਨੇਤਾ ਦੇ ਪਾਲੇ ਹੋਏ -ਤਸਕਰ!
6-ਸਵਾਲ:  ਮੇਰੇ ਦਾਦਾ ਜੀ ਜੂਏਬਾਜ਼ ਸਨ। ਪਿਤਾ ਜੀ ਜੇਬ ਕਤਰਾ ਸਨ। ਮੈਂ ਤਸਕਰੀ ਦਾ ਕੰਮ ਕਰਦਾ ਹਾਂ। ਮੇਰਾ ਪੁੱਤਰ ਕੀ ਬਣੇਗਾ?
ਜਵਾਬ:  ਇਹ ਵੀ ਕੋਈ ਪੁੱਛਣ ਵਾਲਾ ਸਵਾਲ ਹੈ? ਸਿੱਧਾ ਰਾਹ ਮਰੱਬਿਆਂ ਨੂੰ ਜਾਂਦਾ–ਨੇਤਾ!
7-ਸਵਾਲ:  ਸੁਣਿਆ ਤੁਹਾਡੇ ਹਲਕੇ ਵਿੱਚ ਨਾਜਾਇਜ਼ ਵੋਟਾਂ ਬਹੁਤ ਬਣੀਆਂ ਹੋਈਆ ਹਨ। ਉਹ ਲੋਕ ਕੋਣ ਨੇ?
   ਜਵਾਬ:  ਉਹ ਰੱਬ ਦੇ ਬੰਦੇ ਹਨ। ਕੀ ਕਦੇ ‘ਰੱਬ’ ਦਿਖਾਈ ਦਿੱਤਾ?
ਜਾਂਦੇ ਜਾਂਦੇ
8-ਇਸ਼ਤਿਹਾਰ-ਬਾਜ਼ੀ
ਚੋਣਾਂ ਦੇ ਪਰਚਾਰ ਸਮੇਂ, ਦੋ ਵਿਰੋਧੀ ਗੁੱਟ ਇੱਕ ਦੂਜੇ ਦੇ ਆਹਮੋ-ਸਾਹਮਣੇ ਆ ਗਏ ਅਤੇ ਸ਼ਬਦੀ-ਗਰਮਾਹਿਟ ਤੋਂ ਅੱਗੇ ਹੱਥੋਪਾਈ ਸ਼ੁਰੂ ਹੋ ਗਈ। ਇੱਕ ਉਮੀਦਵਾਰ ਦੀ ਪੱਗ ਉਤਰ ਗਈ ਅਤੇ ਦੂਜੇ ਦੇ ਦੋ-ਚਾਰ ਘੁੱਸਣ-ਮੁੱਕੇ ਵੱਜ ਗਏ। ਸ਼ਹਿਰ ਦੇ ਪਤਵੰਤੇ ਸੱਜਣਾਂ ਨੇ ਵਿੱਚ-ਬਚਾE ਕਰਵਾ ਦਿੱਤਾ।
ਹਸਪਤਾਲ ਜਾਣ ਤੋਂ ਪਹਿਲਾਂ,ਦੋਵੇਂ ਹੀ ਉੱਚੀ-ਉੱਚੀ ਸੁਰ ‘ਚ ਅਲਾਪ ਰਹੇ ਸੀ ਕਿ ਪਹਿਲਾਂ ਅਖ਼ਬਾਰਾਂ ਦੇ ਫੋਟੋਗ੍ਰਾਫਰ ਤੇ ਯੂ ਟਿਊਬਰਾਂ ਨੂੰ ਫ਼ੋਟੋ ਤਾਂ ਖਿੱਚ ਲੈਣ ਦਿਓ।
ਹੇ ਮੇਰੇ ਪਿਆਰੇ ਵੋਟਰੋ! ਧੰਨ ਨੇ–  ਸਾਡੇ ਅਜਿਹੇ ਸਿਆਸਤਦਾਨ!!
ਸੁਰਜੀਤ ਸਿੰਘ ਭੁੱਲਰ

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਦੁੱਧ ਦਾ ਦੁੱਧ ਪਾਣੀ ਦਾ ਪਾਣੀ 
Next articleਵੈਦ ਦੀ ਕਲਮ ਤੋਂ / ਗਰਭ ਅਵਸਥਾ ਵਿਚਲੇ ਬੱਚੇ ਤੇ ਆਲੇ ਦੁਆਲੇ ਦਾ ਅਸਰ।