ਦੁੱਧ ਦਾ ਦੁੱਧ ਪਾਣੀ ਦਾ ਪਾਣੀ 

ਅਮਰਜੀਤ ਸਿੰਘ ਫ਼ੌਜੀ
 (ਸਮਾਜ ਵੀਕਲੀ)-ਗੱਲ 1997/98 ਦੀ ਹੋਵੇਗੀ ਮੇਰੇ ਪਿੰਡ ਦਾ ਇੱਕ ਪ੍ਰਵਾਸੀ ਮਜ਼ਦੂਰ ਛੋਟੇ ਲਾਲ ਜੋ ਸ਼ਾਇਦ ਬਿਹਾਰ ਤੋਂ ਬਹੁਤ ਸਾਲਾਂ ਤੋਂ ਸਾਡੇ ਪਿੰਡ ਮਜਦੂਰੀ ਕਰਨ ਆਉਂਦਾ ਹੁੰਦਾ ਸੀ ਇੱਕ ਦਿਨ ਮੇਰੇ ਕੋਲ ਆਇਆ ਅਤੇ ਕਹਿਣ ਲੱਗਾ”ਮੈਂਬਰ ਸਾਹਿਬ (ਮੈਂ ਉਸ ਵੇਲੇ ਪੰਚਾਇਤ ਮੈਂਬਰ ਸੀ) ਤੁਸੀਂ ਮੇਰੀ ਮਦਦ ਕਰੋ ਮੈਂ ਪ੍ਰੇਸ਼ਾਨੀ ਵਿੱਚ ਹਾਂ”ਮੈਂ ਕਿਹਾ ਛੋਟੇ ਲਾਲ ਦੱਸ ਕੀ ਪ੍ਰੇਸ਼ਾਨੀ ਹੈ?”ਤਾਂ ਉਸ ਨੇ ਕਿਹਾ ਕਿ ਮੈਂ ਬਿਹਾਰ ਦੇ ਰਹਿਣ ਵਾਲਾ ਹਾਂ ਅਤੇ ਮੈਂ ਅਪਣੀ ਬੇਟੀ ਦੀ ਸ਼ਾਦੀ ਕਈ ਸਾਲ ਪਹਿਲਾਂ ਕੀਤੀ ਸੀ ਅਤੇ ਮੇਰੀ ਬੇਟੀ ਦੇ ਦੋ ਬੱਚੇ ਵੀ ਹੋ ਗਏ ਹੁਣ ਕਈ ਸਾਲ ਤੋਂ ਮੇਰਾ ਜਵਾਈ ਮੇਰੀ ਬੇਟੀ ਕੋਲ਼ ਪਿੰਡ ਨਹੀਂ ਜਾ ਰਿਹਾ ਅਤੇ ਨਾ ਹੀ ਕੋਈ ਖ਼ਰਚਾ ਵਗੈਰਾ ਭੇਜਦਾ ਹੈ ਮੇਰੀ ਬੇਟੀ ਅਤੇ ਬੱਚੇ ਪ੍ਰੇਸ਼ਾਨ ਹਨ ਅਤੇ ਉਨ੍ਹਾਂ ਦਾ ਖਰਚਾ ਵੀ ਮੈਨੂੰ ਚੁੱਕਣਾ ਪੈਂਦਾ ਹੈ, ਅਤੇ ਮੈਂ ਵੀ ਉਸ ਨੂੰ ਕਾਫ਼ੀ ਸਮੇਂ ਤੋਂ ਲੱਭ ਰਿਹਾ ਸੀ ਹੁਣ ਮੈਨੂੰ ਪਤਾ ਲੱਗਾ ਹੈ ਕਿ ਉਹ ਹੁਸ਼ਿਆਰਪੁਰ ਸ਼ਹਿਰ ਵਿੱਚ ਹੀ ਕੰਮ ਕਰਦਾ ਹੈ ਅਤੇ ਮੈਂ ਉਸ ਦਾ ਪੱਕਾ ਥਾਂ ਟਿਕਾਣਾ ਪਤਾ ਕਰ ਲਿਆ ਹੈ ਇਸ ਕਰਕੇ ਤੁਸੀਂ ਮੇਰੇ ਨਾਲ ਚਲੋ ਅਤੇ ਉਸ ਨੂੰ ਸਮਝਾ ਬੁਝਾ ਕੇ ਘਰ ਬੱਚਿਆਂ ਕੋਲ ਭੇਜੀਏ”ਮੈਂ ਉਸ ਨੂੰ ਕਿਹਾ ਕਿ ਛੋਟੇ ਲਾਲ ਬਿਲਕੁਲ ਤੇਰੀ ਸਮੱਸਿਆ ਗੰਭੀਰ ਹੈ ਪਰ ਘਬਰਾਉਣ ਦੀ ਲੋੜ ਨਹੀਂ ਅਸੀਂ ਤੇਰੇ ਨਾਲ ਹਾਂ ਅਸੀਂ ਤੇਰੇ ਨਾਲ ਵੀ ਚਲਾਂਗੇ ਅਤੇ ਜਿੰਨੇਂ ਜੋਗੇ ਹਾਂ ਤੇਰੀ ਮਦਦ ਵੀ ਕਰਾਂਗੇ” ਸੋ ਇੱਕ ਦੋ ਦਿਨ ਬਾਅਦ ਅਸੀਂ ਮੈਂ ਤੇ ਮੇਰਾ ਦੋਸਤ ਗੁਰਦੀਪ ਸਿੰਘ ਜਿਸ ਨੂੰ ਪਿੰਡ ਵਾਸੀ ਪਿਆਰ ਨਾਲ  ਮਿੱਠੂ ਮੈਂਬਰ ਕਹਿੰਦੇ ਸਨ ਟਾਟਾ ਸੂਮੋ ਗੱਡੀ ਕਰਵਾ ਕੇ ਛੋਟੇ ਲਾਲ ਨਾਲ਼ ਹੁਸ਼ਿਆਰਪੁਰ ਚਲੇ ਗਏ”ਜਦੋਂ ਅਸੀਂ ਉਸ ਦੇ ਜਵਾਈ ਦੇ ਟਿਕਾਣੇ ਤੇ ਪਹੁੰਚੇ ਤਾਂ ਉਸ ਦੇ ਨਾਲਦੇ ਮਜ਼ਦੂਰਾਂ ਤੋਂ ਪਤਾ ਲੱਗਾ ਕਿ ਉਹ ਕੰਮ ਤੇ ਚਲਾ ਗਿਆ ਹੈ ਤਾਂ ਛੋਟੇ ਲਾਲ ਨੇ ਉਸ ਦੇ ਸਾਥੀ ਮਜ਼ਦੂਰਾਂ ਨੂੰ ਕਿਹਾ ਕਿ ਤੁਹਾਨੂੰ ਪਤਾ ਹੈ ਕਿ ਕਿਥੇ ਕੰਮ ਕਰਦਾ ਹੈ ਇਸ ਲਈ ਤੁਹਾਡੇ ਵਿਚੋਂ ਇੱਕ ਜਾਣਾ ਮੇਰੇ ਨਾਲ ਚਲੋ ਆਪਾਂ ਉਸ ਨੂੰ ਲੈ ਆਈਏ ਇਸ ਤਰ੍ਹਾਂ ਜਲਦੀ ਜਲਦੀ ਵਿੱਚ ਛੋਟੇ ਲਾਲ ਗੱਡੀ ਲੈ ਕੇ ਉਸ ਨੂੰ ਲੈਣ ਚਲੇ ਗਿਆ ਅਤੇ ਮੈਂ ਅਤੇ ਮਿੱਠੂ ਮੈਂਬਰ ਬਾਹਰ ਗਲ਼ੀ ਵਿੱਚ ਖੜ੍ਹੇ ਰਹੇ” ਸਾਨੂੰ ਗਲ਼ੀ ਵਿੱਚ ਖੜ੍ਹੇ ਦੇਖ ਕੇ ਸਾਹਮਣੇ ਮਕਾਨ ਵਿੱਚੋਂ ਇੱਕ ਸੇਠ ਸਾਹਿਬ ਬਾਹਰ ਨਿਕਲੇ ਅਤੇ ਸਾਨੂੰ ਕਹਿਣ ਲੱਗੇ ਕਿ ਸਰਦਾਰ ਜੀ ਕੀ ਗੱਲ ਹੋ ਗਈ ਤੁਸੀਂ ਐਥੇ ਕਿਵੇਂ ਖੜ੍ਹੇ ਹੋ?”ਅਸੀਂ ਉਸ ਨੂੰ ਸਾਰੀ ਗੱਲ ਦੱਸੀ ਤਾਂ ਕਹਿਣ ਲੱਗੇ ਬਾਹਰ ਕਿਓਂ ਖੜ੍ਹੇ ਹੋ ਆਓ ਅੰਦਰ ਬੈਠ ਜਾਓ ਅਤੇ ਉਹ ਭਾਈ ਸਾਹਿਬ ਬੜੇ ਪਿਆਰ ਸਤਿਕਾਰ ਨਾਲ ਸਾਨੂੰ ਆਪਣੇ ਘਰ ਅੰਦਰ ਲੈ‌ ਗਏ
ਪਾਣੀ ਪੀਣ ਤੋਂ ਬਾਅਦ ਗੱਲਾਂ ਬਾਤਾਂ ਕਰਦੇ ਰਹੇ ਐਨੇ ਨੂੰ ਸਾਡੇ ਲਈ ਚਾਹ ਬਣ ਕੇ ਆ ਗਈ”ਚਾਹ ਦੀ ਇੱਕ ਘੁੱਟ ਭਰਨ ਤੋਂ ਬਾਅਦ ਹੀ ਮੇਰੇ ਨਾਲ ਦਾ ਮਿੱਠੂ ਮੈਂਬਰ ਹਾਸੇ ਮਜ਼ਾਕ ਵਿੱਚ ਬੋਲਿਆ”ਸੇਠ ਜੀ ਚਾਹ ਤਾਂ ਜਮਾਂ ਜੱਟਾਂ ਵਾਲੀ ਬਣਾਈ ਐ ਤੁਸੀਂ” ਸੁਆਦ ਆ ਗਿਆ ਘੁੱਟ ਭਰ ਕੇ” ਦੁੱਧ ਮੁੱਲ ਲੈਂਦੇ ਹੋ ਜੀ?”ਐਨਾ ਸੁਣਕੇ ਸੇਠ ਜੀ ਬੋਲੇ ਸਰਦਾਰ ਜੀ ਚਾਹ ਪੀ ਲਓ ਫੇਰ ਦੱਸਦਾ ਹਾਂ ਇਸ ਬਾਰੇ”ਚਾਹ ਖਤਮ ਹੋਈ ਤਾਂ ਉਹ ਕਹਿਣ ਲੱਗੇ ਸਰਦਾਰ ਜੀ ਆ ਜਾਓ ਮੈਂ ਤੁਹਾਨੂੰ ਕੁੱਝ ਦਿਖਾਵਾਂ”ਅਸੀਂ ਉੱਠ ਕੇ ਉਸ ਦੇ ਨਾਲ ਪਿੱਛੇ ਪਿੱਛੇ ਹੋ ਤੁਰੇ” ਉਸ ਨੇ ਘਰ ਦੇ ਪਿਛਵਾੜੇ ਦਾ ਦਰਵਾਜ਼ਾ ਖੋਲ੍ਹਿਆ ਤਾਂ ਅਸੀਂ ਦੇਖਿਆ ਕਿ ਪਿੱਛੇ ਮੱਝਾਂ ਗਾਵਾਂ ਦਾ ਤਬੇਲਾ ਹੈ ਬਹੁਤ ਸੋਹਣੀਆਂ ਸੋਹਣੀਆਂ ਅਤੇ ਨਿੱਗਰ ਮੱਝਾਂ ਗਾਵਾਂ ਖੁੱਲ੍ਹੀਆਂ ਫਿਰ ਰਹੀਆਂ ਸਨ ਸਾਨੂੰ ਸਭ ਕੁੱਝ ਦਿਖਾ ਕੇ ਕਹਿਣ ਲੱਗੇ ਆਓ ਸਰਦਾਰ ਜੀ ਅੰਦਰ ਬੈਠ ਕੇ ਤੁਹਾਨੂੰ ਇੰਨ੍ਹਾਂ ਦੀ ਕਹਾਣੀ ਦੱਸਦਾ ਹਾਂ”ਅਤੇ ਉਹ ਸਾਨੂੰ ਦੱਸਣ ਲੱਗਾ ਕਿ ਸਰਦਾਰ ਜੀ ਸਾਡੇ ਘਰ ਬਹੁਤ ਜ਼ਿਆਦਾ ਗਰੀਬੀ ਸੀ ਘਰ ਰੋਟੀ ਮਸਾਂ ਪੱਕਦੀ ਸੀ ਤਾਂ ਮੇਰੇ ਨਾਨਕਿਆਂ ਨੇ ਮੇਰੀ ਮਾਂ ਨੂੰ ਇੱਕ ਵਧੀਆ ਮੱਝ ਦੇ ਦਿੱਤੀ ਕਿ ਤੁਸੀਂ ਸ਼ਹਿਰ ਵਿੱਚ ਰਹਿੰਦੇ ਓ ਦੁੱਧ ਦਾ ਭਾਅ ਚੰਗਾ ਮਿਲੂ ਇਸ ਲਈ ਦੁੱਧ ਵੇਚ ਕੇ ਗੁਜ਼ਾਰਾ ਚਲਾਓ”ਅਤੇ ਮੇਰੇ ਮਾਂ ਬਾਪ ਨੇ ਦੁੱਧ ਵੇਚ ਕੇ ਗੁਜ਼ਾਰਾ ਕਰਨਾ ਸ਼ੁਰੂ ਕਰ ਦਿੱਤਾ ਅਤੇ ਲਾਲਚ ਵਿੱਚ ਆ ਕੇ ਦੁੱਧ ਵਿੱਚ ਪਾਣੀ ਪਾ ਕੇ ਵੇਚਣ ਲੱਗੇ ਅਤੇ ਇੱਕ ਮੱਝ ਹੋਰ ਲੈ ਲਈ ਫਿਰ ਦੋ ਮੱਝਾਂ ਦਾ ਦੁੱਧ ਪਾਣੀ ਪਾ ਕੇ ਵੇਚਣ ਲੱਗੇ ਤਾਂ ਤਿੰਨ ਹੋ ਗਈਆਂ ਆਮਦਨ ਹੋਰ ਵੱਧ ਗਈ” ਫ਼ਿਰ ਇੱਕ ਦਿਨ ਅਚਾਨਕ ਇੱਕ ਮੱਝ ਬੀਮਾਰ ਹੋ ਗਈ ਉਸ ਦੇ ਇਲਾਜ ਤੇ ਬਹੁਤ ਖ਼ਰਚ ਕੀਤਾ ਅਤੇ ਇੱਕ ਮੱਝ ਵੇਚ ਕੇ ਦੂਜੀ ਦਾ ਇਲਾਜ  ਕਰਵਾਇਆ ਪਰ ਬੀਮਾਰ ਮੱਝ ਵੀ ਮਰ ਗਈ” ਇੱਕ ਵੇਚ ਦਿੱਤੀ ਇੱਕ ਮਰ ਗਈ ਰਹਿ ਗਈ ਇੱਕ ਦੀ ਇੱਕ ਹੀ” ਅਤੇ ਉਹ ਵੀ ਜਿਨ੍ਹਾਂ ਨੂੰ ਦੁੱਧ ਵਿੱਚ ਪਾਣੀ ਪਾ ਕੇ ਵੇਚਿਆ ਸੀ ਉਨ੍ਹਾਂ ਦੀਆਂ ਬਦਦੁਆਵਾਂ ਨਾਲ਼ ਅਤੇ ਕੁੱਝ ਦੂਜੀਆਂ ਮੱਝਾਂ ਦਾ ਹੇਰਵਾ ਮੰਨ ਕੇ ਪਰਲੋਕ ਸਿਧਾਰ ਗਈ”ਉਸ ਤੋਂ ਬਾਅਦ ਸਾਡੇ ਮਾਂ ਬਾਪ ਦੀ ਤਰਸਯੋਗ ਹਾਲਤ ਦੇਖ ਕੇ ਮੇਰੇ ਨਾਨੇ ਨੇ ਔਖੇ ਸੌਖੇ ਹੋ ਕੇ ਇੱਕ ਹੋਰ ਮੱਝ ਮੇਰੀ ਮਾਂ ਨੂੰ ਲੈ ਕੇ ਦਿੱਤੀ ਅਤੇ ਨਾਲ਼ ਹਦਾਇਤ ਕੀਤੀ ਕਿ ਧੀਏ ਭਾਵੇਂ ਭੁੱਖ਼ੇ ਰਹਿ ਲਿਓ ਪਰ ਦੁੱਧ ਵਿੱਚ ਪਾਣੀ ਪਾ ਕੇ ਨਾ ਵੇਚਿਓ ਅਤੇ ਪਾਪਾਂ ਦੇ ਭਾਗੀ ਨਾ ਬਣਿਓਂ ਨਹੀਂ ਤਾਂ ਪਹਿਲਾਂ ਵਾਂਗ ਪਛਤਾਓਂਗੇ” ਕਹਿੰਦੇ ਸਰਦਾਰ ਜੀ ਉਸ ਤੋਂ ਬਾਅਦ ਮੇਰੇ ਮਾਂ ਬਾਪ ਨੇ ਕਦੇ ਵੀ ਦੁੱਧ ਵਿੱਚ ਪਾਣੀ ਪਾ ਕੇ ਨਹੀਂ ਵੇਚਿਆ ਅਤੇ ਮਿਹਨਤ ਕਰਨੀ ਵਧਾ ਦਿੱਤੀ ਅਤੇ ਗੁਜ਼ਾਰਾ ਸੌਖਾ ਹੋਣ ਲੱਗ ਪਿਆ” ਸਾਡਾ ਬਾਪੂ ਸਾਨੂੰ ਵੀ ਜਹਾਨੋਂ ਜਾਣ ਲੱਗਿਆ ਹਦਾਇਤ ਕਰ ਗਿਆ ਸੀ ਕਿ ਪੁੱਤਰੋ ਦੁੱਧ ਵਿੱਚ ਪਾਣੀ ਪਾ ਕੇ ਨਾ ਵੇਚਿਓ ਨਹੀਂ ਤਾਂ ਪਾਪਾਂ ਦੇ ਭਾਗੀ ਬਣੋਗੇ ਤੇ ਪਛਤਾਓਂਗੇ” ਅਤੇ ਕਹਿਣ ਲੱਗੇ ਸਰਦਾਰ ਜੀ ਅਸੀਂ ਮਿਹਨਤ ਕਰਦੇ ਹਾਂ ਹੱਕ ਦੀ ਕਮਾਈ ਕਰਦੇ ਹਾਂ ਸਾਡੇ ਵਾਰੇ ਨਿਆਰੇ ਹਨ ਰੱਬ ਦੀ ਕਿਰਪਾ ਹੈ ਅਸੀਂ ਸੈਂਕੜੇ ਲੀਟਰ ਦੁੱਧ ਹਰ ਰੋਜ਼ ਵੇਚਦੇ ਹਾਂ ਪਰ ਕਦੇ ਇੱਕ ਬੂੰਦ ਵੀ ਪਾਣੀ ਦੀ ਪਾ ਕੇ ਦੁੱਧ ਨਹੀਂ ਵੇਚਿਆ”ਏਨੇ ਨੂੰ ਛੋਟੇ ਲਾਲ ਅਪਣੇ ਜਵਾਈ ਨੂੰ ਲੈ ਕੇ ਆ ਗਿਆ ਅਤੇ ਅਸੀਂ ਇੱਕ ਪਾਰਕ ਵਿੱਚ ਬੈਠ ਕੇ ਉਸ ਨੂੰ ਪਿਆਰ ਨਾਲ ਸਮਝਾਇਆ ਕਿ ਉਹ ਆਪਣੀ ਪਤਨੀ ਅਤੇ ਬੱਚਿਆਂ ਕੋਲ ਆਪਣੇ ਜੱਦੀ ਪਿੰਡ ਜਾਵੇ ਅਤੇ ਉਨ੍ਹਾਂ ਦੀ ਦੇਖਭਾਲ ਕਰੇ ਅਤੇ ਬੱਚਿਆਂ ਨੂੰ ਬਾਪ ਦਾ ਪਿਆਰ ਦੇਵੇ”ਸਾਡੇ ਪਿਆਰ ਨਾਲ ਸਮਝਾਉਂਣ ਤੇ ਉਹ ਸਾਡੀ ਗੱਲ ਮੰਨ ਕੇ ਆਪਣੇ ਬੱਚਿਆਂ ਕੋਲ ਚਲਾ ਗਿਆ ਅਤੇ ਸਾਰਾ ਪਰਿਵਾਰ ਰਲ਼ ਮਿਲ਼ ਕੇ ਰਾਜ਼ੀ ਖੁਸ਼ੀ ਰਹਿਣ ਲੱਗਾ।
ਅਮਰਜੀਤ ਸਿੰਘ ਫ਼ੌਜੀ
ਪਿੰਡ ਦੀਨਾ ਸਾਹਿਬ
ਜ਼ਿਲ੍ਹਾ ਮੋਗਾ ਪੰਜਾਬ
95011-27033

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪਿੰਡ ਭਲੂਰ ਦੀ ਅਭੁੱਲ ਸ਼ਖ਼ਸੀਅਤ ਬਲਵਿੰਦਰ ਸਿੰਘ ਕਲੇਰ ਦੀ  ਯਾਦ ਨੂੰ ਸਮਰਪਿਤ 5 ਮਈ ਨੂੰ ਲੱਗ ਰਿਹਾ ਮੈਡੀਕਲ ਚੈੱਕਅਪ ਕੈਂਪ
Next articleਵਿਅੰਗ: /  ਸਿਆਸੀ ਚੋਗ਼ਾ –ਤੋਬਾ-ਤੋਬਾ!