(ਸਮਾਜ ਵੀਕਲੀ) ਕਿਹੜੀ ਦੁਨੀਆਂ ਤੇ ਤੂੰ ਰਹਿੰਦਾ ਸੁਪਨੇ ਸਜਾਉਂਦਾ। ਮਾਂ ਨੂੰ ਭੁੱਲ ਗਿਆਂ ਲੱਗਦਾ, ਕਦੇ ਚੇਤਾ ਨਹੀਂ ਆਉਂਦਾ। ਦਿਨ ਗਿਣਦੀ, ਮਹੀਨੇ ਗਿਣ ਕੇ ਦੱਸਣ ਲੱਗ ਪੈਂਦੀ, ਇੱਧਰ ਉੱਧਰ ਦੇ ਬਹਾਨੇ ਲਾ ਕੇ ਮਾਂ ਨੂੰ ਮਨਾਉਂਦਾ। ਮਾਂ ਸੱਚ ਹੀ ਕਹਿੰਦੀ ਹੈ, ਇੰਜ ਹੀ ਹੁੰਦਾ ਮੇਰੇ ਕੋਲੋਂ, ਮਾਂ ਨੂੰ ਰਹਿੰਦਾ ਆਪਣੀਆਂ ਮਜ਼ਬੂਰੀਆਂ ਗਿਣਾਉਂਦਾ। ਘੁੱਟ ਕੇ ਕਲਾਵੇ ਵਿੱਚ ਲੈ ਲੈਂਦੀ ਹੈ ਕਿੰਨਾ ਕਿੰਨਾ ਚਿਰ, ਸਭ ਭੁੱਲ ਜਾਂਦਾ, ਜਦੋਂ ਮਾਂ ਦੀ ਗੋਦੀ ਦਾ ਨਿੱਘ ਆਉਂਦਾ। ਬਹੁਤਾ ਮਜ਼ਾਕ ਨਾ ਕਰ, ਐਨੀ ਭੋਲੀ ਵੀ ਨੀ ਮਾਂ, ਮੈਂ ਤੇਰੇ ਨਾਲ ਨਹੀਂ ਬੋਲਣਾ, ਉਹਦਾ ਪਿਆਰ ਜਤਾਉਂਦਾ। ਰਿਸ਼ਤਿਆਂ ਦੀ ਸਾਂਝ, ਮਮਤਾ ਦਾ ਸੋਮਾ ਫੁੱਟ ਪੈਂਦਾ, ਜਦੋਂ ਮਾਂ ਆਖਦੀ ਏ, ਪੁੱਤ ਕਾਂ ਸਵੇਰ ਦਾ ਕਰਲਾਉਂਦਾ। ਮਾਂ ਦੇ ਨਿਹੋਰਿਆਂ ਵਿੱਚ, ਅਜੀਬ ਪਿਆਰ ਝਲਕਦਾ, ਜੋ ਮੈਨੂੰ ਅਗਲੀ ਪੀੜ੍ਹੀ ਦਾ ਅਹਿਸਾਸ ਕਰਾਉਂਦਾ। ਮਾਂ ਦੀਆਂ ਭੋਲੀਆਂ ਤੇ ਡੂੰਘੀਆਂ ਗੱਲਾਂ ਸੱਚ ਲੱਗਦੀਆਂ, ਜਦੋਂ ਵਿਦੇਸ਼ ਗਿਆ ਪੁੱਤਰ, ਮਾਂ ਦਾ ਫ਼ੋਨ ਨਹੀਂ ਉਠਾਉਂਦਾ। ਮਾਂਵਾ ਹੀ ਉਡੀਕਦੀਆਂ ਨੇ, ਸਦਾ ਪੁੱਤਾਂ ਦੀਆਂ ਰਾਹਵਾਂ, ਮਾਂ ਦੇ ਹਿੱਸੇ ਦਾ ਟੁੱਕੜਾ, ਭਾਈ ਤੋਂ ਭਾਈ ਹਥਿਆਉਂਦਾ। ਮਾਂ ਦੀ ਪੇਟੀ ਦਾ ਸਮਾਂ, ਭਰਾਵਾਂ, ਭਰਜਾਈਆਂ ਨੇ ਵੰਡਿਆ, ਪੁੱਤ ਤੂੰ ਵੀ ਲੈ ਜਾਹ, ਜਿਉਂਦੇ ਜੀ ਜੋ ਤੇਰੇ ਹਿੱਸੇ ਆਉਂਦਾ। ਮਾਂ ਨੂੰ ਭੁੱਲ ਨਾ ਜਾਇਓ, ਭਾਵੇਂ ਲੱਖ ਤਰੱਕੀਆਂ ਪਾਇਓ, ਪੁੱਤਰ ਸਾਰੀ ਉਮਰ, ਮਾਂ ਦਾ ਕਰਜ਼ ਚੁਕਾ ਨੀ ਪਾਉਂਦਾ। “ਪੈਂਥਰ” ਜਦੋਂ ਤੁਰ ਜਾਣਾ ਮਾਂ ਨੇ, ਤੇਰੇ ਸਿਰ ਦੀ ਛਾਂ ਨੇ, ਨਾ ਕਾਂ ਕਰਲਾਉਣਾ, ਨਾ ਕਿਸੇ ਨੂੰ ਚੇਤਾ ਸਤਾਉਂਦਾ।
ਧਰਮ ਪਾਲ ਪੈਂਥਰ ਅਮਰੀਕਾ।



