ਭਵਾਨੀਗੜ੍ਹ (ਸਮਾਜ ਵੀਕਲੀ) (ਰਮੇਸ਼ਵਰ ਸਿੰਘ)ਸਾਹਿਤ ਸਿਰਜਣਾ ਮੰਚ ਭਵਾਨੀਗੜ੍ਹ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ (ਕੁ) ਵਿਖੇ ਪੰਜਾਬੀ ਦੀ ਮਸ਼ਹੂਰ ਸ਼ਾਇਰਾ ਜਗਜੀਤ ਕੌਰ ਢਿੱਲਵਾਂ ਜੀ ਨਾਲ ਰੂਬਰੂ ਪ੍ਰੋਗਰਾਮ ਰਚਾਇਆ ਗਿਆ। ਇਸ ਪ੍ਰੋਗਰਾਮ ਦੀ ਪ੍ਰਧਾਨਗੀ ਮੂਲ ਚੰਦ ਸ਼ਰਮਾ, ਪ੍ਰਧਾਨ ਪੰਜਾਬੀ ਸਾਹਿਤ ਸਭਾ ਧੂਰੀ ਅਤੇ ਕਰਮ ਸਿੰਘ ਜ਼ਖ਼ਮੀ, ਪ੍ਰਧਾਨ ਮਾਲਵਾ ਲਿਖਾਰੀ ਸਭਾ ਸੰਗਰੂਰ ਵੱਲੋਂ ਕੀਤੀ ਗਈ। ‘ਸਿਰ ਸੋਂਹਦੀ ਫੁਲਕਾਰੀ’ ਦੀ ਲੇਖਿਕਾ ਜਗਜੀਤ ਕੌਰ ਢਿੱਲਵਾਂ ਨੇ ਆਪਣੇ ਜੀਵਨ ਅਤੇ ਲੇਖਣੀ ਬਾਰੇ ਖੁੱਲ੍ਹ ਕੇ ਗੱਲਬਾਤ ਕੀਤੀ ਅਤੇ ਆਪਣੀਆਂ ਚੋਣਵੀਆਂ ਰਚਨਾਵਾਂ ਵੀ ਸਾਂਝੀਆਂ ਕੀਤੀਆਂ। ਉਹਨਾਂ ਨੇ ਦੱਸਿਆ ਕਿ ਬੱਚਿਆਂ ਨੂੰ ਮਾਂ ਬੋਲੀ ਪੰਜਾਬੀ ਨਾਲ਼ ਜੋੜਨ ਵਿੱਚ ਬੱਚਿਆਂ ਦੀਆਂ ਮਾਵਾਂ ਦਾ ਬਹੁਤ ਵੱਡਾ ਰੋਲ ਹੁੰਦਾ ਹੈ। ਉਹਨਾਂ ਨੇ ਕਿਹਾ ਕਿ ਬੱਚਿਆਂ ਦੇ ਮਾਪਿਆਂ ਤੇ ਅਧਿਆਪਕਾਂ ਨੂੰ ਬੱਚਿਆਂ ਨਾਲ ਠੇਠ ਪੰਜਾਬੀ ਵਿੱਚ ਗੱਲ ਕਰਨੀ ਚਾਹੀਦੀ ਹੈ ਜਿਸ ਤੇ ਕਿਸੇ ਵੀ ਹੋਰ ਭਾਸ਼ਾ ਦਾ ਬੇਲੋੜਾ ਪ੍ਰਭਾਵ ਨਾ ਪਿਆ ਹੋਇਆ ਹੋਵੇ। ਉਹਨਾਂ ਦੇ ਨਾਲ਼ ਪਹੁੰਚੇ ਉਹਨਾਂ ਦੇ ਜੀਵਨ ਸਾਥੀ, ਸੁਖਵਿੰਦਰ ਸਿੰਘ ਢਿੱਲਵਾਂ, ਪ੍ਰਧਾਨ ਬੇਰੁਜ਼ਗਾਰ ਅਧਿਆਪਕ ਫਰੰਟ ਪੰਜਾਬ, ਨੇ ਦੱਸਿਆ ਕਿ ਸ਼ੁਰੂਆਤੀ ਦੌਰ ਵਿੱਚ ਢਿੱਲਵਾਂ ਨੇ ਧਾਰਮਿਕ ਰਚਨਾਵਾਂ ਲਿਖੀਆਂ ਪਰ ਬਾਅਦ ਵਿੱਚ ਹੌਲੀ ਹੌਲੀ ਵਿਸ਼ੇ ਅਤੇ ਰੂਪਕ ਪੱਖ ਤੋਂ ਉਹਨਾਂ ਦੀ ਲੇਖਣੀ ਵਿੱਚ ਬਦਲਾਅ ਅਤੇ ਪ੍ਰਪੱਕਤਾ ਆਉਂਦੀ ਗਈ। ਉਹਨਾਂ ਵੱਲੋਂ ਲੇਖ ਲਿਖਣ ਦੇ ਨਾਲ਼ ਨਾਲ਼ ਕਵਿਤਾ ਅਤੇ ਗ਼ਜ਼ਲ ਤੇ ਕਲਮ ਅਜ਼ਮਾਈ ਕੀਤੀ ਗਈ। ਇਸ ਮੌਕੇ ਹਾਜ਼ਰ ਸਰੋਤਿਆਂ ਵੱਲੋਂ ਉਹਨਾਂ ਨੂੰ ਉਹਨਾਂ ਦੀ ਲੇਖਣੀ ਅਤੇ ਜੀਵਨ ਸਬੰਧੀ ਸਵਾਲ ਵੀ ਕੀਤੇ ਗਏ ਜਿਸ ਦੇ ਢਿੱਲਵਾਂ ਜੀ ਵੱਲੋਂ ਬੜੇ ਢੁਕਵੇਂ ਉੱਤਰ ਦਿੱਤੇ ਗਏ। ਰੂਬਰੂ ਉਪਰੰਤ ਸ਼ਹੀਦ ਊਧਮ ਸਿੰਘ ਨੂੰ ਸਮਰਪਿਤ ਕਵੀ ਦਰਬਾਰ ਵੀ ਕਰਵਾਇਆ ਗਿਆ ਜਿਸ ਵਿੱਚ ਰਜਿੰਦਰ ਸਿੰਘ ਰਾਜਨ, ਰਣਜੀਤ ਆਜ਼ਾਦ ਕਾਂਝਲਾ, ਬਲਜੀਤ ਸਿੰਘ ਬਾਂਸਲ ਜੀ ਨੇ ਸ਼ਹੀਦ ਊਧਮ ਸਿੰਘ ਬਾਰੇ ਜੋਸ਼ੀਲੀਆਂ ਰਚਨਾਵਾਂ ਸੁਣਾ ਕੇ ਹਾਜ਼ਰ ਸਰੋਤਿਆਂ ਵਿੱਚ ਜੋਸ਼ ਭਰ ਦਿੱਤਾ। ਉਹਨਾਂ ਤੋਂ ਬਿਨਾਂ ਜੰਟੀ ਬੇਤਾਬ,ਅਭਿਜੀਤ ਭਵਾਨੀਗੜ੍ਹ, ਕਰਨੈਲ ਸਿੰਘ ਬੀਂਬੜ, ਗੁਰਦੀਪ ਸਿੰਘ, ਜਗਤਾਰ ਨਿਮਾਣਾ, ਪੰਮੀ ਫੱਗੂਵਾਲੀਆ, ਹਰਵੀਰ ਸਿੰਘ ਬਾਗੀ, ਗੁਰੀ ਚੰਦੜ, ਪਵਨ ਕੁਮਾਰ ਹੋਸੀ, ਬਹਾਦਰ ਸਿੰਘ ਧੌਲਾ, ਕੇਸਰ ਤੇਜਾ, ਜਗਜੀਤ ਸਿੰਘ ਲੱਡਾ, ਜਰਨੈਲ ਸਿੰਘ ਸੱਗੂ, ਸੰਦੀਪ ਸਿੰਘ ਬਖੋਪੀਰ ਅਤੇ ਪ੍ਰਕਾਸ਼ਦੀਪ ਸਿੰਘ ਬਖੌਪੀਰ ਨੇ ਆਪੋ ਆਪਣੀਆਂ ਰਚਨਾਵਾਂ ਨਾਲ ਹਾਜ਼ਰੀ ਲਵਾਈ। ਡਾਕਟਰ ਇਕਬਾਲ ਸਿੰਘ ਸਕਰੌਦੀ ਅਤੇ ਅਨੋਖ ਸਿੰਘ ਵਿਰਕ ਵੱਲੋਂ ਮੌਜੂਦਾ ਹਲਾਤਾਂ ਬਾਰੇ ਲਿਖੀਆਂ ਆਪਣੀਆਂ ਚੋਣਵੀਆਂ ਕਹਾਣੀਆਂ ਸੁਣਾਈਆਂ ਗਈਆਂ। ਮੰਚ ਸੰਚਾਲਨ ਗੁਰਜੰਟ ਬੀਂਬੜ ਜੀ ਵੱਲੋਂ ਕੀਤਾ ਗਿਆ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly