(ਸਮਾਜ ਵੀਕਲੀ)
ਚੌਕ-ਚੁਰਾਹੇ ਹੁੰਦੈ ਪੱਕਾ, ਹਰਦਮ ਇੱਟ-ਖੜੱਕਾ।
ਦੇਖਣ ਵਾਲੈ ਹੱਕਾ-ਬੱਕਾ, ਹਰਦਮ ਇੱਟ-ਖੜੱਕਾ।
ਹੋਵੇ ਤਕੜੇ ਦੀ ਸਰਦਾਰੀ, ਚਰਨੀਂ ਦੁਨੀਆ ਸਾਰੀ,
ਮਾੜੇ ਨਾਲ ਸਦਾ ਹੀ ਧੱਕਾ, ਹਰਦਮ ਇੱਟ-ਖੜੱਕਾ।
ਕਿਰਤੀ-ਕਾਮੇ ਭੁੱਖੇ ਮਰਦੇ, ਵਿਹਲੜ ਮੌਜਾਂ ਕਰਦੇ,
ਦੂਹਰਾ ਕਰਨ ਕਦੇ ਨਾ ਡੱਕਾ, ਹਰਦਮ ਇੱਟ-ਖੜੱਕਾ।
ਦੇਖ ਗੁਆਂਢੀ ਰੱਜ ਕੇ ਖਾਂਦਾ, ਵੈਰੀ ਹੀ ਬਣ ਜਾਂਦਾ,
ਬੰਦੇ ਵਿੱਚ ਰਹੇ ਨਾ ਫੱਕਾ, ਹਰਦਮ ਇੱਟ-ਖੜੱਕਾ।
ਬਣ ਜਾਂਦੇ ਨੇ ਨਰਕ ਸ਼ਰੀਕੇ, ਭੁੱਲੇ ਸ਼ਰਮ-ਸਲੀਕੇ,
ਅੱਖ ਬਚਾ ਕੇ ਤੋੜਨ ਨੱਕਾ, ਹਰਦਮ ਇੱਟ-ਖੜੱਕਾ।
ਜਿੱਦਾਂ ਮਰਜ਼ੀ ਕਰੋ ਪੁਕਾਰਾਂ, ਮੰਨਣ ਤਦ ਸਰਕਾਰਾਂ,
ਕੀਤਾ ਜਾਮ ਜਦੋਂ ਵੀ ਚੱਕਾ, ਹਰਦਮ ਇੱਟ-ਖੜੱਕਾ।
ਅਣਖੀ ਬੰਦੇ ਅੜਦੇ ਰਹਿੰਦੇ, ‘ਜ਼ਖ਼ਮੀ’ ਪਿੰਡੇ ਸਹਿੰਦੇ,
ਤਪਦੀ ਲੂਅ ਜਾਂ ਹੋਵੇ ਠੱਕਾ, ਹਰਦਮ ਇੱਟ-ਖੜੱਕਾ।
ਕਰਮ ਸਿੰਘ ਜ਼ਖ਼ਮੀ
ਮਾਲਵਾ ਲਿਖਾਰੀ ਸਭਾ ਸੰਗਰੂਰ (ਰਜਿ:)
ਸੰਪਰਕ: 98146-28027



