ਰਮੇਸ਼ ਸੇਠੀ ਬਾਦਲ
(ਸਮਾਜ ਵੀਕਲੀ) ਕਹਿੰਦੇ ਇੱਕ ਵਾਰੀ ਇੱਕ ਰਾਜਾ ਸ਼ਿਕਾਰ ਖੇਡਣ ਗਿਆ ਤੇ ਰਾਹ ਭੁੱਲ ਗਿਆ। ਉਸਨੂੰ ਪਾਣੀ ਦੀ ਤ੍ਰੇਹ ਲੱਗੀ। ਉਸ ਕੋਲ੍ਹ ਪਾਣੀ ਨਹੀਂ ਸੀ ਤੇ ਉਸਨੂੰ ਕਿਤੋਂ ਵੀ ਪਾਣੀ ਨਾ ਮਿਲਿਆ। ਉਹ ਪ੍ਰੇਸ਼ਾਨ ਹੋ ਗਿਆ। ਕਾਫੀ ਦੇਰ ਬਾਅਦ ਉਸ ਨੂੰ ਇੱਕ ਝੋਪੜੀ ਨਜ਼ਰ ਆਈ ਓਥੇ ਇੱਕ ਸਾਧੂ ਬੈਠਾ ਸੀ। ਰਾਜੇ ਨੇ ਸਾਧੂ ਤੋਂ ਪਾਣੀ ਮੰਗਿਆ ਤੇ ਸਾਧੂ ਨੇ ਕੋਲ੍ਹ ਪਈ ਸੁਰਾਹੀ ਚੋ ਬਾਟੀ ਭਰਕੇ ਪਾਣੀ ਦਿੱਤਾ। ਪਰ ਬਾਟੀ ਪਕੜਾਉਣ ਤੋਂ ਪਹਿਲਾਂ ਸਾਧੂ ਮਹਾਰਾਜ ਨੇ ਕੋਲ੍ਹ ਪਏ ਸੁੱਕੇ ਘਾਹ ਦੇ ਕੁਝ ਤੀਲੇ ਪਾਣੀ ਵਿੱਚ ਮਿਲਾ ਦਿੱਤੇ। ਜਿਆਦਾ ਤਿਹਾਇਆ ਹੋਣ ਕਰਕੇ ਰਾਜਾ ਹੋਲੀ ਹੋਲੀ ਨਿਤਾਰਕੇ ਪਾਣੀ ਪੀ ਗਿਆ। ਫਿਰ ਰਾਜੇ ਨੂੰ ਗੁੱਸਾ ਆਇਆ ਤੇ ਉਸਨੇ ਸਾਧੂ ਤੋਂ ਪਾਣੀ ਵਿੱਚ ਸੁੱਕਾ ਘਾਹ ਫੂਸ ਪਾਉਣ ਬਾਰੇ ਪੁੱਛਿਆ।
“ਰਾਜਨ ਗੁੱਸੇ ਨਾ ਹੋਵੋ। ਤੁਸੀਂ ਬਹੁਤ ਤਿਹਾਏ ਸੀ। ਇੱਕ ਦਮ ਪਾਣੀ ਪੀਣਾ ਗਲਤ ਹੁੰਦਾ ਹੈ। ਹਮੇਸ਼ਾ ਪਾਣੀ ਨੂੰ ਘੁੱਟ ਘੁੱਟ ਕਰਕੇ ਪੀਣਾ ਚਾਹੀਦਾ ਹੈ ” ਸਾਧੂ ਦੀ ਗੱਲ ਸੁਣ ਕੇ ਰਾਜਾ ਸ਼ਾਂਤ ਹੋ ਗਿਆ। ਅੱਜ ਡਾਕਟਰ ਵਿਗਿਆਨੀ ਵੈਦ ਲੋਕ ਦੱਸਦੇ ਹਨ ਕਿ ਪਾਣੀ ਖਾਣਾ ਚਾਹੀਦਾ ਹੈ ਤੇ ਰੋਟੀ ਪੀਣੀ ਚਾਹੀਦੀ ਹੈ। ਮਤਲਬ ਪਾਣੀ ਘੁੱਟ ਘੁੱਟ ਕਰਕੇ ਪੀਓ ਪਰ ਰੋਟੀ ਨੂੰ ਇੰਨਾ ਚਬਾਓ ਕਿ ਉਹ ਪਾਣੀ ਬਣ ਜਾਂਵੇ। ਹੁਣ ਉਸ ਸਾਧੂ ਦੀ ਗੱਲ ਸਭ ਨੂੰ ਸਮਝ ਆਉਂਦੀ ਹੈ। ਅਸੀਂ ਕਾਹਲੀ ਵਿੱਚ ਗਟਾਗਟ ਪਾਣੀ ਪੀਂਦੇ ਹਾਂ ਤੇ ਰੋਟੀ ਵੀ ਬਿਨ ਚਬਾਇਆ ਅੰਦਰ ਸੁੱਟਦੇ ਹਾਂ ਤੇ ਫਿਰ ਡਾਕਟਰਾਂ ਦੇ ਗੇੜੇ ਲਾਉਂਦੇ ਹਾਂ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly