(ਸਮਾਜ ਵੀਕਲੀ) ਸੜਕ ਹਾਦਸਾ, ਇਕ ਅਜਿਹਾ ਸ਼ਬਦ ਜੋ ਸਿਰਫ਼ ਦੋ ਲਫ਼ਜ਼ਾਂ ਵਿੱਚ ਬੇਅੰਤ ਦਰਦ, ਤਬਾਹੀ ਅਤੇ ਅਣਗਿਣਤ ਹੰਝੂ ਸਮੇਟ ਲੈਂਦਾ ਹੈ। ਇਹ ਹਾਦਸਾ ਕਦੇ ਵੀ, ਕਿਤੇ ਵੀ ਹੋ ਸਕਦਾ ਹੈ।ਬਿਨਾਂ ਕਿਸੇ ਚੇਤਾਵਨੀ ਦੇ। ਇਕ ਪਲ ਵਿੱਚ ਹੀ ਹੱਸਦਿਆਂ-ਖੇਡਦਿਆਂ ਪਰਿਵਾਰ ਵਿੱਚ ਸੂਨਾਪਣ ਵਸ ਜਾਂਦਾ ਹੈ। ਮਾਂ ਦੀਆਂ ਅੱਖਾਂ ਆਪਣੀ ਲਾਟੀ ਨੂੰ ਵੇਖਣ ਵਾਸਤੇ ਉਡੀਕਦੀਆਂ ਰਹਿ ਜਾਂਦੀਆਂ ਹਨ, ਪਰ ਉਹ ਮੁੜ ਕੇ ਨਹੀਂ ਆਉਂਦਾ। ਇਹ ਸਿਰਫ਼ ਅੰਕੜੇ ਨਹੀਂ, ਇਹ ਕਿਸੇ ਦੀ ਜਾਨ, ਕਿਸੇ ਦੀ ਦੁਨੀਆ ਹੁੰਦੀ ਹੈ।
ਸਾਡੀ ਜ਼ਿੰਦਗੀ ਦੀ ਰਾਹਦਾਰੀ ਉੱਤੇ ਦੌੜਦੀਆਂ ਵਾਹਨਾਂ ਦੀ ਤੇਜ਼ੀ ਕਈ ਵਾਰ ਸਾਡੇ ਸੰਘਰਸ਼ਾਂ ਨੂੰ, ਸਾਡੇ ਸੁਪਨਿਆਂ ਨੂੰ ਰੋਂਦ ਦਿੰਦੀ ਹੈ। ਜਦੋਂ ਕੋਈ ਨੌਜਵਾਨ ਆਪਣੀ ਮੋਟਰਸਾਈਕਲ ਨੂੰ ਉਡਾਉਂਦਾ ਹੋਇਆ ਟਰੱਕ ਨਾਲ ਟਕਰਾ ਜਾਂਦਾ ਹੈ, ਤਾਂ ਅੱਗੇ ਉਮੀਦਾਂ ਮਰ ਜਾਂਦੀਆਂ ਹਨ। ਨੌਜਵਾਨ ਲਹੂ, ਜੋ ਦੇਸ਼ ਦੀ ਅਗਲੀ ਲੀਡਰਸ਼ਿਪ ਬਣ ਸਕਦਾ ਸੀ, ਉਹ ਸੜਕ ਦੇ ਕਿਨਾਰੇ ਬੇਸਾਹਰਾ ਪੈ ਚੁੱਕਾ ਹੁੰਦਾ ਹੈ।
ਅਕਸਰ ਹਾਦਸਿਆਂ ਦੇ ਕਾਰਨ ਸਾਡੀ ਲਾਪਰਵਾਹੀ ਹੁੰਦੀ ਹੈ। ਨਸ਼ੇ ਦੀ ਹਾਲਤ ਵਿੱਚ ਗੱਡੀ ਚਲਾਉਣੀ, ਫੋਨ ‘ਤੇ ਗੱਲ ਕਰਦੇ ਹੋਏ ਡ੍ਰਾਈਵ ਕਰਨਾ, ਤੇਜ਼ ਰਫ਼ਤਾਰ ਅਤੇ ਟ੍ਰੈਫ਼ਿਕ ਨਿਯਮਾਂ ਦੀ ਉਲੰਘਣਾ – ਇਹ ਸਾਰੇ ਕਾਰਨ ਸਾਡੀ ਅਤੇ ਹੋਰਾਂ ਦੀ ਜ਼ਿੰਦਗੀ ਲਈ ਘਾਤਕ ਸਾਬਤ ਹੁੰਦੇ ਹਨ। ਇੱਕ ਛੋਟੀ ਜਿਹੀ ਗ਼ਲਤੀ ਕਦੇ ਕਦੇ ਕਿਸੇ ਦੀ ਆਖਰੀ ਸਾਹ ਬਣ ਜਾਂਦੀ ਹੈ। ਇਕ ਪਾਸੇ ਇਕ ਗੱਡੀ ਦੇ ਹਰਨ ਦੀ ਆਵਾਜ਼ ਹੁੰਦੀ ਹੈ, ਦੂਜੇ ਪਾਸੇ ਇੱਕ ਮਾਂ ਦੀ ਚੀਕ — “ਮੇਰਾ ਪੁੱਤ!”
ਸੜਕਾਂ ਉੱਤੇ ਲਹੂ ਲੱਥ ਪੈਂਦਾ ਹੈ, ਇਨਸਾਨੀਅਤ ਕਲਪ ਰਹੀ ਹੁੰਦੀ ਹੈ, ਪਰ ਦਿਲ ਕਦੇ ਸਬਕ ਨਹੀਂ ਸਿੱਖਦੇ। ਸਾਨੂੰ ਸੋਚਣਾ ਚਾਹੀਦਾ ਹੈ।ਕੀ ਇੱਕ ਮਿੰਟ ਜ਼ਿਆਦਾ ਦੇਰੀ ਕਰਨਾ ਜ਼ਿੰਦਾ ਰਹਿਣਾ ਵਧੀਕ ਮਹੱਤਵਪੂਰਨ ਨਹੀਂ? ਕੀ ਹਮੇਸ਼ਾ ਟਾਈਮ ‘ਤੇ ਪਹੁੰਚਣ ਦੀ ਜ਼ਿੱਦ ਸਾਨੂੰ ਅਜਿਹੇ ਰਸਤੇ ਤੇ ਲੈ ਜਾਂਦੀ ਹੈ ਜਿੱਥੋਂ ਵਾਪਸ ਆਉਣਾ ਮੁਸ਼ਕਲ ਜਾਂ ਨਾਮੁਮਕਿਨ ਹੋ ਜਾਂਦਾ ਹੈ?
ਸਾਡੀ ਨੌਜਵਾਨ ਪੀੜ੍ਹੀ ਨੂੰ ਸਿਰਫ਼ ਲਾਇਸੈਂਸ ਲੈਣਾ ਨਹੀਂ, ਬਲਕਿ ਟਰੈਫ਼ਿਕ ਨਿਯਮਾਂ ਦੀ ਪੂਰੀ ਜਾਣਕਾਰੀ ਲੈਣੀ ਚਾਹੀਦੀ ਹੈ। ਮਾਪੇ ਵੀ ਆਪਣੇ ਬੱਚਿਆਂ ਨੂੰ ਅਵਸਰ ਦੇਣ ਨਾਲ ਨਾਲ ਜ਼ਿੰਮੇਵਾਰੀ ਵੀ ਦੇਣ।ਰੋਡ ਸੈਫਟੀ ਸਿਰਫ਼ ਸਰਕਾਰ ਦੀ ਜ਼ਿੰਮੇਵਾਰੀ ਨਹੀਂ, ਇਹ ਸਾਡੇ ਹਰ ਇੱਕ ਦੀ ਨੈਤਿਕ ਡਿਊਟੀ ਹੈ।
ਆਓ ਅਸੀਂ ਇਹ ਵਚਨ ਲਵਾਂ ਕਿ ਨਾ ਸਿਰਫ਼ ਅਸੀਂ ਖੁਦ ਸੁਰੱਖਿਅਤ ਚੱਲਾਂਗੇ, ਸਗੋਂ ਹੋਰਾਂ ਨੂੰ ਵੀ ਚੇਤਾਵਨੀ ਦੇਵਾਂਗੇ। ਜੇਕਰ ਅਸੀਂ ਇੱਕ ਵੀ ਜਾਨ ਬਚਾ ਲਈ, ਤਾਂ ਇਹ ਸਭ ਤੋਂ ਵੱਡਾ ਯਤਨ ਹੋਵੇਗਾ। ਸੜਕ ਹਾਦਸਿਆਂ ਦੀ ਰੋਕਥਾਮ ਸਿਰਫ਼ ਕਾਨੂੰਨ ਨਾਲ ਨਹੀਂ, ਸੱਚੀ ਸੰਵੇਦਨਸ਼ੀਲਤਾ ਨਾਲ ਸੰਭਵ ਹੈ।ਜਿੰਦਗੀ ਇਕ ਵਾਰੀ ਮਿਲਦੀ ਹੈ। ਆਓ, ਇਸ ਦੀ ਕਦਰ ਕਰੀਏ। ਸਾਵਧਾਨੀ, ਸੁਰੱਖਿਆ ਅਤੇ ਸਮਝਦਾਰੀ ਨਾਲ ਹੀ ਅਸੀਂ ਆਪਣੇ ਰਾਹ ਨੂੰ ਹਾਦਸਿਆਂ ਤੋਂ ਬਚਾ ਸਕਦੇ ਹਾਂ।
ਮੰਜੂ ਰਾਇਕਾ
ਭਿੰਡਰਾਂ (ਸੰਗਰੂਰ)।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



